ਕੀ ਸਾਊਦੀ ਅਰਬ ਵੀ ਬਣਾਏਗਾ ਪ੍ਰਮਾਣੂ ਹਥਿਆਰ?

ਤਸਵੀਰ ਸਰੋਤ, Reuters/EPA
ਸਾਊਦੀ ਅਰਬ ਨੇ ਚਿਤਾਵਨੀ ਦਿੱਤੀ ਹੈ ਕਿ ਜੇ ਇਰਾਨ ਨੇ ਪ੍ਰਮਾਣੂ ਬੰਬ ਬਣਾਇਆ ਤਾਂ ਉਹ ਵੀ ਅਜਿਹਾ ਕਰੇਗਾ।
ਇਹ ਗੱਲ ਸਊਦੀ ਅਰਬ ਦੇ ਕਰਾਊਨ ਪ੍ਰਿੰਸ ਮੁਹੰਮਦ ਬਿਨ ਸਲਮਾਨ ਨੇ ਕਹੀ ਹੈ।
ਕਰਾਊਨ ਪ੍ਰਿੰਸ ਨੇ ਅਮਰੀਕੀ ਚੈਨਲ ਸੀਬੀਐੱਸ ਨਿਊਜ਼ ਨੂੰ ਕਿਹਾ, "ਸਾਡਾ ਦੇਸ ਪ੍ਰਮਾਣੂ ਹਥਿਆਰ ਨਹੀਂ ਰੱਖਣਾ ਚਾਹੁੰਦਾ ਪਰ ਇਸ ਗੱਲ ਵਿੱਚ ਵੀ ਕੋਈ ਸ਼ੱਕ ਨਹੀਂ ਕਿ ਜੇ ਇਰਾਨ ਨੇ ਪ੍ਰਮਾਣੂ ਬੰਬ ਬਣਾਇਆ ਤਾਂ ਅਸੀਂ ਵੀ ਛੇਤੀ ਹੀ ਅਜਿਹਾ ਕਰ ਲਵਾਂਗੇ।
ਸਾਲ 2015 ਵਿੱਚ ਸੰਸਾਰ ਦੀ ਸਾਰੇ ਦੇਸਾਂ ਨਾਲ ਹੋਏ ਸਮਝੌਤੇ ਤੋਂ ਬਾਅਦ ਇਰਾਨ ਨੇ ਆਪਣੇ ਪ੍ਰਮਾਣੂ ਪ੍ਰੋਗਰਾਮ ਨੂੰ ਰੋਕ ਦਿੱਤਾ ਸੀ, ਭਾਵੇਂ ਬਾਅਦ ਵਿੱਚ ਅਮਰੀਕੀ ਰਾਸ਼ਟਰਪਤੀ ਡੌਨਲਡ ਟਰੰਪ ਨੇ ਧਮਕੀ ਦਿੱਤੀ ਸੀ ਕਿ ਉਹ ਇਸ ਸਮਝੌਤੇ ਤੋਂ ਵੱਖ ਹੋ ਸਕਦੇ ਹਨ।
ਮੱਧ ਪੂਰਬੀ ਖੇਤਰ ਵਿੱਚ ਸਾਊਦੀ ਅਰਬ ਅਤੇ ਈਰਾਨ ਦੀ ਦੁਸ਼ਮਣੀ ਬਹੁਤ ਪੁਰਾਣੀ ਹੈ। ਦੋਵਾਂ ਹੀ ਦੇਸਾਂ ਵਿੱਚ ਇਸਲਾਮ ਦੇ ਵੱਖ-ਵੱਖ ਫ਼ਿਰਕਿਆਂ ਦਾ ਦਬਦਬਾ ਹੈ। ਇੱਕ ਪਾਸੇ ਜਿੱਥੇ ਸਾਊਦੀ ਵਿੱਚ ਸੁੰਨੀ ਪ੍ਰਭਾਵ ਵਿੱਚ ਹਨ ਤਾਂ ਉੱਥੇ ਹੀ ਇਰਾਨ ਵਿੱਚ ਸ਼ੀਆ।
ਪਿਛਲੇ ਕੁਝ ਸਾਲਾਂ ਵਿੱਚ ਦੋਵਾਂ ਦੇਸਾਂ ਵਿੱਚ ਸੀਰੀਆ ਅਤੇ ਯਮਨ ਵਿੱਚ ਹੋਈ ਲੜਾਈ ਦੇ ਕਾਰਨ ਵੀ ਦੁਸ਼ਮਣੀ ਵਧੀ ਹੈ।
ਮੱਧ ਪੂਰਬ ਦਾ ਹਿਟਲਰ
ਪ੍ਰਿੰਸ ਮੁਹੰਮਦ ਬਿਨ ਸਲਮਾਨ ਸਾਊਦੀ ਅਰਬ ਦੀ ਸੱਤਾ ਦੇ ਵਾਰਿਸ ਹਨ ਅਤੇ ਮੌਜੂਦਾ ਸਮੇਂ ਵਿੱਚ ਉਹ ਸਾਊਦੀ ਦੇ ਰੱਖਿਆ ਮੰਤਰੀ ਹਨ। ਸੀਬੀਐੱਸ ਨਿਊਜ਼ ਨੂੰ ਉਨ੍ਹਾਂ 1 ਘੰਟੇ ਦਾ ਇੰਟਰਵਿਊ ਦਿੱਤਾ ਹੈ।
ਇਸ ਇੰਟਰਵਿਊ ਵਿੱਚ ਉਨ੍ਹਾਂ ਇਹ ਵੀ ਸਮਝਾਇਆ ਕਿ ਪਿਛਲੇ ਸਾਲ ਨਵੰਬਰ ਵਿੱਚ ਉਨ੍ਹਾਂ ਇਰਾਨ ਦੇ ਪ੍ਰਮੁੱਖ ਆਗੂ ਆਯਤੁਲ੍ਹਾ ਅਲੀ ਖਮੇਨਈ ਨੂੰ ਮੱਧ ਪੂਰਬ ਦਾ ਨਵਾਂ ਹਿਟਲਰ ਕਿਉਂ ਕਿਹਾ ਸੀ।

ਤਸਵੀਰ ਸਰੋਤ, Getty Images
ਪ੍ਰਿੰਸ ਨੇ ਕਿਹਾ, "ਉਹ (ਖਮੇਨਈ) ਮੱਧ ਪੂਰਬ ਵਿੱਚ ਆਪਣੀ ਵੱਖਰੀ ਹੀ ਨੀਤੀ ਉੱਤੇ ਕੰਮ ਕਰਨਾ ਚਾਹੁੰਦਾ ਹੈ, ਇਹ ਉਸੇ ਤਰ੍ਹਾਂ ਹੈ ਜਿਵੇਂ ਹਿਟਲਰ ਆਪਣੇ ਵੇਲੇ ਵਿੱਚ ਸੋਚਦਾ ਸੀ।"
ਉਨ੍ਹਾਂ ਕਿਹਾ, "ਜਦੋਂ ਤੱਕ ਹਿਟਲਰ ਨੇ ਤਬਾਹੀ ਨਹੀਂ ਮਚਾਈ, ਤਦ ਤੱਕ ਯੂਰਪ ਜਾਂ ਕਿਸੇ ਵੀ ਹੋਰ ਦੇਸ ਨੂੰ ਅੰਦਾਜ਼ਾ ਨਹੀਂ ਲੱਗਿਆ ਕਿ ਉਹ ਕਿੰਨੇ ਖ਼ਤਰਨਾਕ ਸਾਬਤ ਹੋਣਗੇ। ਮੈਂ ਨਹੀਂ ਚਾਹੁੰਦਾ ਕਿ ਅਜਿਹਾ ਹੀ ਨਜ਼ਾਰਾ ਅਸੀਂ ਮੱਧ ਪੂਰਬ ਵਿੱਚ ਵੀ ਵੇਖੀਏ।"
ਪਾਕਿਸਤਾਨ ਵਿੱਚ ਪ੍ਰਮਾਣੂ ਪ੍ਰੋਗਰਾਮ ਵਿੱਚ ਨਿਵੇਸ਼
ਸਾਊਦੀ ਅਰਬ ਅਮਰੀਕਾ ਦਾ ਇੱਕ ਪ੍ਰਮੁੱਖ ਸਾਥੀ ਹੈ ਅਤੇ ਉਸ ਨੇ ਸਾਲ 1988 ਵਿੱਚ ਪ੍ਰਮਾਣੂ ਹਥਿਆਰਾਂ ਦੀ ਅਪ੍ਰਸਾਰ ਸੰਧੀ 'ਤੇ ਹਸਤਾਖ਼ਰ ਵੀ ਕੀਤੇ ਹਨ।
ਇਹ ਤਾਂ ਕਿਸੇ ਨੂੰ ਨਹੀਂ ਪਤਾ ਕਿ ਸਾਊਦੀ ਅਰਬ ਨੇ ਕਦੇ ਆਪਣਾ ਪ੍ਰਮਾਣੂ ਪ੍ਰੋਗਰਾਮ ਸਥਾਪਤ ਕਰਨ ਦੀ ਕੋਸ਼ਿਸ਼ ਕੀਤੀ ਜਾਂ ਨਹੀਂ ਪਰ ਅਜਿਹੀਆਂ ਖ਼ਬਰਾਂ ਕਈ ਵਾਰ ਮਿਲੀਆਂ ਕਿ ਉਸ ਨੇ ਪਾਕਿਸਤਾਨ ਦੇ ਪ੍ਰਮਾਣੂ ਹਥਿਆਰਾਂ ਦੇ ਪ੍ਰੋਗਰਾਮ ਵਿੱਚ ਨਿਵੇਸ਼ ਕੀਤਾ ਹੈ।
ਸਾਲ 2013 ਵਿੱਚ ਇਸਰਾਈਲ ਦੀ ਖੁਫ਼ੀਆ ਫ਼ੌਜ ਦੇ ਸਾਬਕਾ ਮੁਖੀ ਅਮੋਸ ਯਾਦਲਿਨ ਨੇ ਸਵੀਡਨ ਵਿੱਚ ਇੱਕ ਸਮਾਗਮ ਵਿੱਚ ਕਿਹਾ ਸੀ, "ਜੇ ਇਰਾਨ ਪ੍ਰਮਾਣੂ ਬੰਬ ਬਣਾ ਲੈਂਦਾ ਹੈ ਤਾਂ ਸਾਊਦੀ ਅਰਬ ਨੂੰ ਪ੍ਰਮਾਣੂ ਬੰਬ ਪ੍ਰਾਪਤ ਕਰਨ ਵਿੱਚ ਇੱਕ ਮਹੀਨੇ ਦਾ ਵੀ ਸਮਾਂ ਨਹੀਂ ਲੱਗੇਗਾ, ਉਹ ਪਹਿਲਾਂ ਤੋਂ ਹੀ ਇਨ੍ਹਾਂ ਬੰਬਾਂ ਲਈ ਨਿਵੇਸ਼ ਕਰ ਰਹੇ ਹਨ, ਉਹ ਪਾਕਿਸਤਾਨ ਜਾਣਗੇ ਤੇ ਜੋ ਵੀ ਹਥਿਆਰ ਉਨ੍ਹਾਂ ਨੂੰ ਚਾਹੀਦਾ ਹੈ ਲੈ ਲੈਣਗੇ।"

ਤਸਵੀਰ ਸਰੋਤ, EPA
ਇਰਾਨ ਨੇ ਵੀ ਪ੍ਰਮਾਣੂ ਅਪ੍ਰਸਾਰ ਸੰਧੀ ਉੱਤੇ ਹਸਤਾਖ਼ਰ ਕੀਤੇ ਹੋਏ ਹਨ, ਅਤੇ ਉਹ ਲੰਬੇ ਸਮੇਂ ਤੋਂ ਕਹਿੰਦਾ ਰਿਹਾ ਹੈ ਕਿ ਉਸ ਦਾ ਪ੍ਰਮਾਣੂ ਪ੍ਰੋਗਰਾਮ ਸਿਰਫ਼ ਸ਼ਾਂਤੀਪੂਰਨ ਪਹਿਲ ਲਈ ਹੈ।
ਭਾਵੇਂ ਸਾਲ 2015 ਵਿੱਚ ਉਸ ਕੌਮਾਂਤਰੀ ਦਬਾਅ ਕਰ ਕੇ ਆਪਣੇ ਪ੍ਰਮਾਣੂ ਪ੍ਰੋਗਰਾਮ ਨੂੰ ਬੰਦ ਕਰਨਾ ਪਿਆ, ਉਸ ਸਮੇਂ ਸਾਰੇ ਦੇਸਾਂ ਨੇ ਸ਼ੱਕ ਜਤਾਇਆ ਸੀ ਕਿ ਇਰਾਨ ਪ੍ਰਮਾਣੂ ਪ੍ਰੋਗਰਾਮ ਤਹਿਤ ਪ੍ਰਮਾਣੂ ਹਥਿਆਰਾਂ ਦਾ ਉਸਾਰੀ ਕਰ ਰਿਹਾ ਹੈ।
ਉਸ ਸਮੇਂ ਇਸ ਸਮਝੌਤੇ ਨੂੰ ਤਤਕਾਲੀ ਅਮਰੀਕੀ ਰਾਸ਼ਟਰਪਤੀ ਬਰਾਕ ਓਬਾਮਾ ਦੀ ਇੱਕ ਵੱਡੀ ਜਿੱਤ ਦੱਸਿਆ ਗਿਆ ਸੀ ਪਰ ਬਾਅਦ ਵਿੱਚ ਡੌਨਲਡ ਟਰੰਪ ਨੇ ਕਿਹਾ ਸੀ ਕਿ ਇਹ ਹੁਣ ਤੱਕ ਦਾ ਸਭ ਤੋਂ ਬੇਕਾਰ ਸਮਝੌਤਾ ਹੈ।
ਅਮਰੀਕਾ ਦੇ ਸਾਬਕਾ ਗ੍ਰਹਿ ਮੰਤਰੀ ਰੈਕਸ ਟਿਲਰਸਨ ਇਸ ਸਮਝੌਤੇ ਦੇ ਸਮਰਥਨ ਵਿੱਚ ਸਨ ਜਦੋਂਕਿ ਉਨ੍ਹਾਂ ਦੀ ਜਗ੍ਹਾ ਲੈਣ ਵਾਲੇ ਮਾਇਕ ਪੋਂਪੋ ਦਾ ਮੰਨਣਾ ਹੈ ਕਿ ਇਸ ਸਮਝੌਤੇ ਨੂੰ ਖ਼ਤਮ ਕਰਨਾ ਚਾਹੀਦਾ ਹੈ।
ਜਨਵਰੀ ਵਿੱਚ ਅਮਰੀਕੀ ਰਾਸ਼ਟਰਪਤੀ ਟਰੰਪ ਨੇ ਇਰਾਨ ਉੱਤੇ ਲੱਗੇ ਪ੍ਰਤੀਬੰਧਾਂ ਵਿੱਚ ਕੁਝ ਕਮੀ ਕੀਤੀ ਸੀ ਹਾਲਾਂਕਿ ਉਨ੍ਹਾਂ ਦਾ ਕਹਿਣਾ ਸੀ ਕਿ ਉਹ ਅਜਿਹਾ ਆਖ਼ਰੀ ਵਾਰ ਕਰ ਰਹੇ ਹਨ।
ਉੱਥੇ ਹੀ ਯੂਰਪੀ ਦੇਸ਼ ਬਰਤਾਨੀਆ, ਫ਼ਰਾਂਸ ਅਤੇ ਜਰਮਨੀ ਮੰਨਦੇ ਹਨ ਕਿ ਟਰੰਪ ਨੂੰ ਅਪੀਲ ਕੀਤੀ ਹੈ ਕਿ ਉਹ ਇਰਾਨ ਦੇ ਨਾਲ ਹੋਏ ਸਮਝੌਤੇ ਨੂੰ ਜਾਰੀ ਰੱਖਣ।












