ਕਿੰਨੀ ਸੁਰੱਖਿਅਤ ਹੈ ਤੁਹਾਡੀ ਬ੍ਰਾਂਡਿਡ ਪਾਣੀ ਦੀ ਬੋਤਲ?

ਤਸਵੀਰ ਸਰੋਤ, ELEFTHERIOS ELIS/AFP/Getty Images
- ਲੇਖਕ, ਡੇਵਿਡ ਸ਼ੁਕਮਨ
- ਰੋਲ, ਪੱਤਰਕਾਰ, ਬੀਬੀਸੀ
ਬ੍ਰਾਂਡਿਡ ਪਾਣੀ ਵਾਲੀਆਂ ਸਾਰੀਆਂ ਬੋਤਲਾਂ ਵਿੱਚ ਪਲਾਸਟਿਕ ਦੇ ਕੁਝ ਛੋਟੇ ਤੱਤ ਪਾਏ ਜਾਂਦੇ ਹਨ। ਇੱਕ ਸਰਵੇਖਣ ਜ਼ਰੀਏ ਇਹ ਖੁਲਾਸਾ ਹੋਇਆ ਹੈ।
9 ਵੱਖ-ਵੱਖ ਦੇਸਾਂ ਵਿੱਚ ਪਾਣੀ ਦੀਆਂ 250 ਬੋਤਲਾਂ ਦੀ ਜਾਂਚ ਕੀਤੀ ਗਈ।
ਓਰਬ ਮੀਡੀਆ (Orb Media) ਪੱਤਰਕਾਰੀ ਸੰਸਥਾ ਵੱਲੋਂ ਕੀਤੀ ਖੋਜ ਦੌਰਾਨ ਸਾਹਮਣੇ ਆਇਆ ਕਿ ਇੱਕ ਲੀਟਰ ਪਾਣੀ ਦੀ ਬੋਤਲ ਵਿੱਚ ਪਲਾਸਟਿਕ ਦੇ ਔਸਤ 10 ਕਣ ਮੌਜੂਦ ਹੁੰਦੇ ਹਨ ਜੋ ਕਿ ਮਨੁੱਖੀ ਵਾਲ ਨਾਲੋਂ ਚੌੜੇ ਹੁੰਦੇ ਹਨ।
ਜਿਨ੍ਹਾਂ ਕੰਪਨੀਆਂ ਦੀਆਂ ਬੋਤਲਾਂ ਦੀ ਜਾਂਚ ਕੀਤੀ ਗਈ ਉਨ੍ਹਾਂ ਨੇ ਬੀਬੀਸੀ ਨਾਲ ਗੱਲਬਾਤ ਦੌਰਾਨ ਦਾਅਵਾ ਕੀਤਾ ਕਿ ਬੋਤਲਾਂ ਦੇ ਪਲਾਂਟ ਸਭ ਤੋਂ ਵਧੀਆ ਮਾਪਦੰਡਾਂ ਨਾਲ ਤਿਆਰ ਕੀਤੇ ਜਾਂਦੇ ਹਨ।
ਇਹ ਟੈਸਟ ਫਰੇਡੋਨੀਆ ਸਥਿਤ ਸਟੇਟ ਯੂਨੀਵਰਸਿਟੀ ਆਫ਼ ਨਿਊਯਾਰਕ ਵਿੱਚ ਕੀਤੇ ਗਏ ਸਨ।

ਤਸਵੀਰ ਸਰੋਤ, Orb Media/BBC
11 ਵੱਖ-ਵੱਖ ਗਲੋਬਲ ਅਤੇ ਕੌਮੀ ਬ੍ਰਾਂਡ ਦੀਆਂ ਪਾਣੀ ਦੀਆਂ ਬੋਤਲਾਂ ਦੀ ਚੋਣ ਕੀਤੀ ਗਈ। ਇਹ ਚੋਣ ਕਿਸੇ ਦੇਸ ਦੀ ਆਬਾਦੀ ਜਾਂ ਪਾਣੀ ਦੀਆਂ ਬੋਤਲਾਂ ਦੀ ਖ਼ਪਤ ਦੇ ਆਧਾਰ 'ਤੇ ਕੀਤੀ ਗਈ ਸੀ।
ਹੇਠ ਲਿਖੇ ਬ੍ਰਾਂਡ ਦੀਆਂ ਬੋਤਲਾਂ ਜਾਂਚ ਲਈ ਲਈਆਂ ਗਈਆਂ।
- ਐਕੁਆਫਿਨਾ
- ਡਾਸਨੀ
- ਏਵੀਅਨ
- ਨੈਸਲੇ ਪਿਉਰ ਲਾਈਫ਼
- ਸੈਨ ਪੈਲੇਗ੍ਰੀਨੋ
- ਐਕੁਆ (ਇੰਡੋਨੇਸ਼ੀਆ)
- ਬਿਸਲੇਰੀ (ਭਾਰਤ)
- ਗੇਰੋਲਿਸਟਾਈਨਰ (ਜਰਮਨੀ)
- ਮਿਨਲਬਾ (ਬ੍ਰਾਜ਼ੀਲ)
- ਵਾਹਾਹਾ (ਚੀਨ)
ਯੂਨੀਵਰਸਿਟੀ ਵਿੱਚ ਕੈਮਿਸਟ੍ਰੀ ਦੇ ਪ੍ਰੋਫੈੱਸਰ ਸ਼ੈਰੀ ਮੈਸਨ ਨੇ ਸਰਵੇਖਣ ਕੀਤਾ ਅਤੇ ਬੀਬੀਸੀ ਨਿਊਜ਼ ਨੂੰ ਦੱਸਿਆ, "ਸਾਨੂੰ ਇੱਕ ਤੋਂ ਬਾਅਦ ਇੱਕ ਬੋਤਲ ਅਤੇ ਇੱਕ ਤੋਂ ਬਾਅਦ ਇੱਕ ਬ੍ਰਾਂਡ ਵਿੱਚ ਪਲਾਸਟਿਕ ਮਿਲਿਆ।"

"ਅਜਿਹਾ ਨਹੀਂ ਹੈ ਕਿ ਕਿਸੇ ਇੱਕ ਬ੍ਰਾਂਡ 'ਤੇ ਉੰਗਲ ਚੁੱਕੀ ਜਾ ਰਹੀ ਹੈ ਸਗੋਂ ਇਹ ਸਾਹਮਣੇ ਆਇਆ ਹੈ ਕਿ ਇਹ ਹਰ ਪਾਸੇ ਮੌਜੂਦ ਹੈ। ਪਲਾਸਟਿਕ ਸਾਡੇ ਸਮਾਜ ਵਿੱਚ ਇਨਾ ਫੈਲ ਚੁੱਕਿਆ ਹੈ ਕਿ ਇਹ ਪਾਣੀ ਵਿੱਚ ਵੀ ਪਹੁੰਚ ਚੁੱਕਿਆ ਹੈ-ਉਨ੍ਹਾਂ ਸਾਰੀਆਂ ਖਾਣ-ਪੀਣ ਦੀਆਂ ਚੀਜ਼ਾਂ ਵਿੱਚ ਜੋ ਕਿ ਅਸੀਂ ਹਰ ਰੋਜ਼ ਲੈਂਦੇ ਹਾਂ।"
ਹਾਲਾਂਕਿ ਅਜੇ ਇਸ ਦਾ ਕੋਈ ਸਬੂਤ ਨਹੀਂ ਹੈ ਕਿ ਛੋਟੇ-ਛੋਟੇ ਪਲਾਸਟਿਕ ਦੇ ਤੱਤ ਸਾਡੇ ਸਰੀਰ ਨੂੰ ਕੋਈ ਨੁਕਸਾਨ ਪਹੁੰਚਾ ਸਕਦੇ ਹਨ ਜਾਂ ਨਹੀਂ ਪਰ ਹੋਣ ਵਾਲੇ ਨੁਕਸਾਨ ਦਾ ਅੰਦਾਜ਼ਾ ਵਿਗਿਆਨਿਕ ਵਿਸ਼ਾ ਹੈ।
ਕੀ ਹਾਲੇ ਵੀ ਬੋਤਲਾਂ ਦਾ ਪਾਣੀ ਪੀਣਾ ਚਾਹੀਦਾ ਹੈ?
ਪ੍ਰੋਫੈੱਸਰ ਮੈਸਨ ਦਾ ਕਹਿਣਾ ਹੈ, "ਜੋ ਅੰਕੜੇ ਅਸੀਂ ਦੇਖ ਰਹੇ ਹਾਂ ਉਹ ਖਤਰਨਾਕ ਨਹੀਂ ਹਨ ਪਰ ਸਬੰਧਤ ਜ਼ਰੂਰ ਹਨ।"
ਕੁਝ ਮਾਹਿਰਾਂ ਨੇ ਬੀਬੀਸੀ ਨੂੰ ਦੱਸਿਆ ਕਿ ਵਿਕਾਸਸ਼ੀਲ ਦੇਸਾਂ ਵਿੱਚ ਜਿੱਥੇ ਟੂਟੀਆਂ ਦਾ ਪਾਣੀ ਪੀਣ ਦੇ ਲਾਇਕ ਨਹੀਂ ਹੈ ਉੱਥੇ ਲੋਕਾਂ ਨੂੰ ਬੋਤਲਾਂ ਦਾ ਪਾਣੀ ਪੀਣਾ ਜਾਰੀ ਰੱਖਣਾ ਚਾਹੀਦਾ ਹੈ।

ਬੀਬੀਸੀ ਨੇ ਜਦੋਂ ਕੰਪਨੀਆਂ ਨਾਲ ਇਸ ਬਾਰੇ ਗੱਲਬਾਤ ਕੀਤੀ ਤਾਂ ਉਨ੍ਹਾਂ ਦਾਅਵਾ ਕੀਤਾ ਕਿ ਉਹ ਸੁਰੱਖਿਆ ਅਤੇ ਗੁਣਾਂ ਦੇ ਸਾਰੇ ਮਾਪਦੰਡਾਂ ਦਾ ਧਿਆਨ ਰੱਖਦੇ ਹਨ।
ਉਨ੍ਹਾਂ ਇਹ ਵੀ ਕਿਹਾ ਕਿ ਛੋਟੇ-ਛੋਟੇ ਪਲਾਸਟਿਕ ਦੇ ਕਣਾ ਸਬੰਧੀ ਕੋਈ ਵੀ ਨਿਯਮ ਨਹੀਂ ਹੈ।
ਟੂਟੀ ਦੇ ਪਾਣੀ 'ਚ ਵੀ ਪਲਾਸਟਿਕ!
ਪਿਛਲੇ ਸਾਲ ਪ੍ਰੋ. ਮੈਸਨ ਨੇ ਟੂਟੀ ਦੇ ਪਾਣੀ ਦੇ ਸੈਂਪਲਾਂ ਵਿੱਚ ਵੀ ਪਲਾਸਟਿਕ ਦੇ ਤੱਤ ਪਾਏ ਸਨ। ਕੁਝ ਹੋਰ ਖੋਜਕਾਰਾਂ ਨੇ ਸੀਫੂਡ, ਬੀਅਰ, ਸਮੁੰਦਰੀ ਲੂਨ ਅਤੇ ਹਵਾ ਵਿੱਚ ਪਲਾਸਟਿਕ ਦੇ ਤੱਤ ਪਾਏ ਸਨ।
ਪਰ ਇਸ ਸਵਾਲ ਖੜ੍ਹਾ ਹੁੰਦਾ ਹੈ ਕਿ ਪਾਣੀ ਵਿੱਚ ਇਹ ਪਲਾਸਟਿਕ ਕਿੱਥੋਂ ਆਉਂਦਾ ਹੈ।
ਕੰਪਨੀਆਂ ਦਾ ਕੀ ਹੈ ਦਾਅਵਾ?
ਅਸੀਂ ਕੰਪਨੀਆਂ ਨਾਲ ਸੰਪਰਕ ਕੀਤਾ ਅਤੇ ਤਕਰੀਬਨ ਸਾਰੀਆਂ ਨੇ ਪ੍ਰਤੀਕਰਮ ਦਿੱਤਾ।
ਨੈਸਲੇ ਨੇ ਕਿਹਾ ਕਿ ਉਨ੍ਹਾਂ ਨੇ ਦੋ ਸਾਲ ਪਹਿਲਾਂ ਹੀ ਮਾਇਕਰੋਪਲਾਸਟਿਕ ਦਾ ਅੰਦਰੂਨੀ ਪੱਧਰ 'ਤੇ ਟੈਸਟ ਸ਼ੁਰੂ ਕਰ ਦਿੱਤਾ ਅਤੇ ਕੁਝ ਵੀ 'ਟਰੇਸ ਪੱਧਰ ਤੋਂ ਉੱਤੇ' ਨਹੀਂ ਆਇਆ।
ਗੇਰੋਲਿਸਟਾਈਨਰ ਨੇ ਕਿਹਾ ਕਿ ਉਹ ਕਈ ਸਾਲਾਂ ਤੋਂ ਮਾਈਕਰੋਪਸਾਲਟਿਕ ਲਈ ਪਾਣੀ ਦੀ ਜਾਂਚ ਕਰਦੇ ਰਹੇ ਹਨ ਅਤੇ ਨਤੀਜਿਆਂ ਵਿੱਚ ਹਮੇਸ਼ਾਂ ਹੀ ਸਾਹਮਣੇ ਆਇਆ ਕਿ ਇਹ ਤੈਅ ਹੱਦ ਨਾਲੋਂ ਵੀ ਘੱਟ ਹਨ। ਉਨ੍ਹਾਂ ਕਿਹਾ ਪਤਾ ਨਹੀਂ ਪ੍ਰੋਫੈੱਸਰ ਮੈਸਨ ਕਿਵੇਂ ਨਤੀਜਿਆਂ 'ਤੇ ਪਹੁੰਚੇ ਹਨ।
ਕੋਕਾ-ਕੋਲਾ ਨੇ ਕਿਹਾ ਕਿ ਉਨ੍ਹਾਂ ਦੇ ਸਨਅਤ ਵਿੱਚ ਕਈ ਸਖ਼ਤ ਮਾਪਦੰਡ ਹਨ ਅਤੇ ਕਈ ਪੱਧਰਾਂ 'ਤੇ ਫਿਲਟਰ ਕਰਨ ਦੀ ਪ੍ਰਕਿਰਿਆ ਹੈ।
ਡੈਨੋਨ ਨੇ ਕਿਹਾ ਕਿ ਉਹ ਸਰਵੇਖਣ 'ਤੇ ਕੁਝ ਨਹੀਂ ਬੋਲ ਸਕਦੇ ਕਿਉਂਕਿ ਇਸ ਲਈ ਵਰਤੋਂ ਕੀਤਾ ਗਿਆ ਤਰੀਕਾ ਸਪਸ਼ਟ ਨਹੀਂ ਹੈ ਪਰ ਕਿਹਾ ਕਿ ਉਨ੍ਹਾਂ ਦੀਆਂ ਬੋਤਲਾਂ ਫੂਡ ਗ੍ਰੇਡ ਪੈਕਿਜਿੰਗ ਵਾਲੀਆਂ ਹਨ।
ਪੈਪਸੀਕੋ ਨੇ ਕਿਹਾ, "ਐਕੁਆਫੀਨਾ ਨੂੰ ਮੈਨੂਫੈਕਚਰ ਅਤੇ ਫਿਲਟਰ ਕਰਨ ਦੇ ਸਖ਼ਤ ਨਿਯਮ ਹਨ।"












