ਕੀ ਹੈ ਔਸਕਰ ਦੀ ਸਰਬੋਤਮ ਫਿਲਮ 'ਦਿ ਸ਼ੇਪ ਆਫ ਵਾਟਰ' ਵਿੱਚ ਖਾਸ ?

ਤਸਵੀਰ ਸਰੋਤ, FOXSEARCHLIGHT/TRAILER GRAB
ਭਾਰਤ ਸਣੇ ਦੁਨੀਆਂ ਦੇ ਵਧੇਰੇ ਮੁਲਕਾਂ ਵਿੱਚ ਸ਼ਾਇਦ ਇਸ ਵਕਤ ਦੀ ਸਭ ਤੋਂ ਵੱਡੀ ਲੜਾਈ ਪਛਾਣ ਦੀ ਹੈ। ਆਪਣੀ ਪਛਾਣ ਨੂੰ ਦੂਜਿਆਂ 'ਤੇ ਥੋਪਣ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ।
ਮੈਕਸੀਕੋ ਤੋਂ ਲੈ ਕੇ ਭਾਰਤ ਦੇ ਉੱਤਰ ਪੂਰਬ ਵਿੱਚ ਗੋਰਖਾਲੈਂਡ ਦੀ ਮੰਗ ਕਰਨ ਵਾਲਿਆਂ ਦਾ ਵੀ ਇਹੀ ਪਛਾਣ ਦਾ ਮੁੱਦਾ ਹੈ ਅਤੇ ਵੱਖਰੇ ਸਿੱਖ ਹੋਮਲੈਂਡ ਦੀ ਮੰਗ ਕਰਨ ਵਾਲੇ ਸਿੱਖਾਂ ਦਾ ਵੀ।
ਅਜਿਹੇ ਵਿੱਚ ਮੈਕਸੀਕੋ ਦੇ ਡਾਇਰੈਕਟਰ ਗੀਏਮੋਰੋ ਡੇਲ ਟੋਰੋ ਦੀ ਫਿਲਮ 'ਦਿ ਸ਼ੇਪ ਆਫ ਵਾਟਰ' ਨੂੰ ਔਸਕਰ ਐਵਾਰਡਜ਼ ਵਿੱਚ 13 ਐਵਾਰਡਜ਼ ਲਈ ਨਾਮਜ਼ਦਗੀ ਹੋਣਾ ਅਤੇ ਬੈਸਟ ਫ਼ਿਲਮ ਸਣੇ ਚਾਰ ਔਸਕਰ ਜਿੱਤਣਾ ਸੁਭਾਵਿਕ ਹੈ।
ਜਿਨ੍ਹਾਂ ਲੋਕਾਂ ਨੇ ਇਹ ਫ਼ਿਲਮ ਨਹੀਂ ਦੇਖੀ ਹੈ, ਉਨ੍ਹਾਂ ਦੇ ਜ਼ਿਹਨ ਵਿੱਚ ਸਵਾਲ ਉੱਠ ਸਕਦਾ ਹੈ ਕਿ ਇਸ ਫਿਲਮ ਦੀ ਕਹਾਣੀ ਕੀ ਹੈ?
ਪਾਣੀ ਦੇ ਜੀਵ 'ਤੇ ਆਧਾਰਿਤ
ਫਿਲਮ ਦੀ ਕਹਾਣੀ 1960 ਦੇ ਦੌਰ ਦੀ ਹੈ ਜਦੋਂ ਸੋਵੀਅਤ ਸੰਘ ਅਤੇ ਅਮਰੀਕਾ ਦੇ ਵਿਚਾਲੇ ਠੰਢੀ ਜੰਗ ਚੱਲ ਰਹੀ ਸੀ।

ਤਸਵੀਰ ਸਰੋਤ, ThE ACADEMY/TWITTER
ਫਿਲਮ ਦੀ ਮੁੱਖ ਕਿਰਦਾਰ ਐਲਿਸਾ ( ਸੈਲੀ ਹੌਕਿੰਸ) ਗੂੰਗੀ ਹੈ, ਜੋ ਬਾਲਟੀਮੋਰ ਦੀ ਇੱਕ ਖੁਫ਼ੀਆ ਹਾਈ ਸਿਕਿਓਰਿਟੀ ਸਰਕਾਰੀ ਲੈਬ ਦੀ ਸਫ਼ਾਈ ਕਰਦੀ ਹੈ।
ਇਸ ਲੈਬ ਵਿੱਚ ਐਲਿਸਾ ਦੇ ਨਾਲ ਜੈਲਡਾ ( ਓਕਟੋਵਿਲਾ ਸਪੈਂਸਰ) ਵੀ ਕੰਮ ਕਰਦੀ ਹੈ। ਜੈਲਡਾ ਤੋਂ ਇਲਾਵਾ ਐਲਿਸਾ ਗੁਆਂਢ ਵਿੱਚ ਰਹਿਣ ਵਾਲੇ ਕਲਾਕਾਰ ਜਾਈਲਸ ( ਰਿਚਰਡ ਜੈਨਕਿੰਸ) ਨੂੰ ਜਾਣਦੀ ਹੈ। ਇਹੀ ਦੋ ਲੋਕ ਐਲਿਸਾ ਦੇ ਆਪਣੇ ਹਨ।
ਪਾਣੀ ਦੇ ਜੀਵ ਮਨੁੱਖੀ ਜਜ਼ਬਾਤ ਜਾਣਦੇ ਨੇ
ਇਨ੍ਹਾਂ ਲੋਕਾਂ ਦੇ ਪਿਛੋਕੜ ਦੀ ਕਹਾਣੀ ਦੀ ਝਲਕ ਵੀ ਫਿਲਮ ਵਿੱਚ ਮਿਲਦੀ ਹੈ। ਜਿਸ ਲੈਬ ਵਿੱਚ ਐਲਿਸਾ ਕੰਮ ਕਰਦੀ ਹੈ ਉੱਥੇ ਇੱਕ ਵਿਗਿਆਨੀ ਡਾਕਟਰ ਹੌਫਸਟੇਟਲਰ ( ਮਾਈਕਲ ਸਟੂਲਬਰਗ) ਵੀ ਹਨ। ਡਾਕਟਰ ਹੌਫਸੇਟਟਲਰ ਅਸਲ ਵਿੱਚ ਰੂਸੀ ਜਾਸੂਸ ਹੁੰਦਾ ਹੈ।

ਤਸਵੀਰ ਸਰੋਤ, FOXSEARCHLIGHT/TRAILER GRAB
ਫਿਲਮ ਦਾ ਪੰਜਵਾਂ ਤੇ ਸਭ ਤੋਂ ਅਹਿਮ ਕਿਰਦਾਰ ਬਾਕੀ ਸਾਰਿਆਂ ਤੋਂ ਬਿਲਕੁਲ ਵੱਖਰਾ ਹੈ। ਇਹ ਪੰਜਵਾਂ ਕਿਰਦਾਰ ਹੈ, ਜੋ ਲੈਬ ਦੇ ਇੱਕ ਟੈਂਕ ਵਿੱਚ ਰਹਿਣ ਵਾਲਾ ਜਲ ਪ੍ਰਾਣੀ। ਇਸ ਜੀਵ ਦਾ ਕਿਰਦਾਰ ਨਿਭਾਇਆ ਹੈ ਡਗ ਜੌਂਸ ਨੇ।
ਇਹ ਜਲ ਪ੍ਰਾਣੀ ਜ਼ਿੰਦਗੀ ਅਤੇ ਭਾਵਨਾਵਾਂ ਨੂੰ ਸਮਝਦਾ ਅਤੇ ਜਾਣਦਾ ਹੈ। ਫ਼ਿਲਮ ਵਿੱਚ ਇੱਕ ਸੰਵਾਦ ਹੈ, ਜਿਸ ਨੂੰ ਐਲਿਸਾ ਸੰਕੇਤਾਂ ਰਾਹੀਂ ਦੱਸਦੀ ਹੈ।
"ਜਦੋਂ ਉਹ ਮੈਨੂੰ ਦੇਖਦਾ ਹੈ ਉਸ ਵੇਲੇ ਉਹ ਨਹੀਂ ਜਾਣਦਾ ਕਿ ਮੇਰੇ ਵਿੱਚ ਕੀ ਘਾਟ ਹੈ, ਮੈਂ ਕਿਵੇਂ ਅਧੂਰੀ ਹਾਂ। ਉਹ ਮੈਨੂੰ ਉਸੇ ਤਰ੍ਹਾਂ ਦੇਖਦਾ ਹੈ, ਜਿਸ ਤਰ੍ਹਾਂ ਮੈਂ ਹਾਂ।''

ਤਸਵੀਰ ਸਰੋਤ, FOXSEARCHLIGHT/TRAILER GRAB
ਇਸ ਜਲ ਪ੍ਰਾਣੀ ਨੂੰ ਇੱਕ ਦਰਿਆ ਤੋਂ ਆਰਮੀ ਅਫ਼ਸਰ ( ਮਾਇਕਲ ਸ਼ੈਨਨ) ਫੜ ਕੇ ਬੰਦੀ ਬਣਾ ਲੈਂਦਾ ਹੈ। ਇਸ ਜੀਵ ਬਾਰੇ ਫਿਲਮ ਵਿੱਚ ਇਹ ਦਿਖਾਇਆ ਗਿਆ ਹੈ ਕਿ ਉਹ ਦਰਿਆ ਦੇ ਕਿਨਾਰੇ ਵਸੇ ਕਬੀਲਿਆਂ ਦਾ ਦੇਵਤਾ ਹੈ।
ਜ਼ਾਹਿਰ ਹੈ ਇਸ ਜੀਵ 'ਤੇ ਲੈਬ ਵਿੱਚ ਤਸ਼ੱਦਦ ਕੀਤਾ ਜਾਂਦਾ ਹੈ। ਇਸ ਜਲ ਪ੍ਰਾਣੀ ਨਾਲ ਐਲਿਸਾ ਦੀਆਂ ਨਜ਼ਦੀਕੀਆਂ ਵਧਦੀਆਂ ਹਨ ਅਤੇ ਫਿਲਮ ਦੀ ਕਹਾਣੀ ਅੱਗੇ ਵਧਦੀ ਹੈ।
ਐਲਿਸਾ ਫਿਲਮ ਵਿੱਚ ਇਸ ਜਲ ਪ੍ਰਾਣੀ ਨੂੰ ਬਚਾਉਣ ਦੀਆਂ ਕੋਸ਼ਿਸ਼ਾਂ ਕਰਦੀ ਨਜ਼ਰ ਆਉਂਦੀ ਹੈ। ਇਹ ਕੋਸ਼ਿਸ਼ਾਂ ਕਦੇ ਜਲ ਪ੍ਰਾਣੀ ਨੂੰ ਆਪਣੇ ਬਾਥਟੱਬ ਵਿੱਚ ਲੁਕਾਉਂਦੀ ਹੈ ਤਾਂ ਕਿਤੇ ਹੋਰ।












