ਹੁਣ ਵੱਟਸ ਐਪ 'ਤੇ ਮੈਸੇਜ ਹੀ ਨਹੀਂ ਪੈਸੇ ਵੀ ਭੇਜੋ

ਤਸਵੀਰ ਸਰੋਤ, Reuters
- ਲੇਖਕ, ਦੇਵਿਨ ਗੁਪਤਾ
- ਰੋਲ, ਬੀਬੀਸੀ ਪੱਤਰਕਾਰ
ਹੁਣ ਵੱਟਸ ਐਪ 'ਤੇ ਤੁਸੀਂ ਸਿਰਫ਼ ਮੈਸੇਜ ਤੇ ਕਾਲ ਹੀ ਨਹੀਂ ਬਲਕਿ ਪੈਸਿਆਂ ਦਾ ਲੈਣ-ਦੇਣ ਵੀ ਕਰ ਸਕੋਗੇ। ਵੱਟਸ ਐਪ ਅਗਲੇ ਮਹੀਨੇ ਭਾਰਤ ਵਿੱਚ ਆਪਣਾ ਪੇਮੈਂਟ ਫੀਚਰ ਲਾਂਚ ਕਰ ਰਿਹਾ ਹੈ।
ਉਹ ਪਹਿਲਾਂ ਤੋਂ ਹੀ ਇੱਕ ਲੱਖ ਗਾਹਕਾਂ ਨਾਲ ਇਸਦਾ ਬੀਟਾ ਵਰਜਨ ਅਜ਼ਮਾ ਰਿਹਾ ਹੈ।
ਇੱਕ ਵਾਰ ਰਿਲੀਜ਼ ਹੋਣ 'ਤੇ ਇਸ ਦੇ 20 ਕਰੋੜ ਯੂਜ਼ਰਸ ਆਪਣੇ ਵੱਟਸ ਐਪ ਅਕਾਊਂਟ ਤੋਂ ਪੈਸੇ ਭੇਜ ਅਤੇ ਪ੍ਰਾਪਤ ਕਰ ਸਕਣਗੇ।
ਪਰ, ਆਨਲਾਈਨ ਪੇਮੈਂਟ ਦੀ ਦੁਨੀਆਂ ਦੇ ਇੱਕ ਵੱਡੇ ਖਿਡਾਰੀ ਪੇਟੀਐੱਮ ਲਈ ਖ਼ਤਰੇ ਦੀ ਘੰਟੀ ਵੱਜ ਗਈ ਹੈ ਅਤੇ ਉਸ ਨੇ ਪਹਿਲਾਂ ਤੋਂ ਹੀ ਇਸ ਲਈ ਲੜਾਈ ਸ਼ੁਰੂ ਕਰ ਦਿੱਤੀ ਹੈ।

ਤਸਵੀਰ ਸਰੋਤ, Getty Images
ਪੇਟੀਐੱਮ ਦੇ ਸੰਸਥਾਪਕ ਵਿਜੇ ਸ਼ੇਖਰ ਨੇ ਪਹਿਲਾਂ ਦਾਅਵਾ ਕੀਤਾ ਸੀ ਕਿ ਵੱਟਸ ਐਪ ਇੱਕ ਮਹੱਤਵਪੂਰਨ ਪੇਮੈਂਟ ਨਿਯਮ ਤੋੜ ਰਿਹਾ ਹੈ ਜਿਸ ਤੋਂ ਹੁਣ ਸਰਕਾਰ ਨੇ ਇਨਕਾਰ ਕਰ ਦਿੱਤਾ ਹੈ।
ਫ੍ਰੀ ਬੇਸਿਕਸ
ਹੁਣ ਪੇਟੀਐੱਮ ਵੱਟਸ ਐਪ ਦੀ ਮੂਲ ਕੰਪਨੀ ਫੇਸਬੁੱਕ 'ਫ੍ਰੀ ਬੇਸਿਕਸ' ਨੂੰ ਦੁਹਰਾਉਣ ਦਾ ਇਲਜ਼ਾਮ ਲਗਾ ਰਿਹਾ ਹੈ।
2 ਸਾਲ ਪਹਿਲਾਂ ਫੇਸਬੁੱਕ ਨੇ 'ਫ੍ਰੀ ਬੇਸਿਕਸ' ਪਲੇਟਫਾਰਮ ਲਈ ਕੁਝ ਇੰਟਰਨੈੱਟ ਸੇਵਾਵਾਂ ਰੱਖਣ ਦਾ ਇੱਕ ਇਕੋਸਿਸਟਮ ਬਣਾਉਣ ਦੀ ਕੋਸ਼ਿਸ਼ ਕੀਤੀ ਸੀ।
ਪਰ, ਇਸ ਵਿਚਾਰ ਦਾ ਵੱਡੇ ਪੱਧਰ 'ਤੇ ਵਿਰੋਧ ਹੋਣ 'ਤੇ ਇਸ ਨੂੰ ਛੱਡ ਦਿੱਤਾ ਗਿਆ।
ਪੇਟੀਐੱਮ ਦੇ ਸੀਨੀਅਰ ਵਾਈਸ ਪ੍ਰੈਜ਼ੀਡੈਂਟ ਦੀਪ ਏਬੌਟ ਨੇ ਬੀਬੀਸੀ ਨਾਲ ਗੱਲਬਾਤ ਦੌਰਾਨ ਇਹ ਦਾਅਵਾ ਕੀਤਾ ਕਿ ਵੱਟਸ ਐਪ ਇੱਕ ਅਜਿਹਾ ਹੀ ਮੋਬਾਇਲ ਪੇਮੈਂਟ ਇਕੋਸਿਸਟਮ ਬਣਾਉਣ ਦੀ ਕੋਸ਼ਿਸ਼ ਕਰ ਰਿਹਾ ਹੈ।
ਉਨ੍ਹਾਂ ਨੇ ਕਿਹਾ,''ਫੇਸਬੁੱਕ ਬਾਜ਼ਾਰ 'ਤੇ ਭਾਰੂ ਪੈਣ ਦੀ ਕੋਸ਼ਿਸ਼ ਕਰਦਾ ਹੈ ਅਤੇ ਅਤੀਤ ਵਿੱਚ ਉਨ੍ਹਾਂ ਨੇ ਦੇਖਿਆ ਹੈ ਕਿ ਬਾਜ਼ਾਰ ਨਿਰਮਾਣ ਦਾ ਸਹੀ ਢੰਗ ਹੈ।''
''ਉਨ੍ਹਾਂ ਨੇ ਇਹ ਮਾਨਸਿਕਤਾ ਬਣਾ ਲਈ ਹੈ ਕਿ ਜੇਕਰ ਉਹ ਯੂਜ਼ਰਸ ਨੂੰ ਆਪਣੇ ਸਿਸਟਮ ਨਾਲ ਬੰਨਣ ਵਿੱਚ ਕਾਮਯਾਬ ਹੁੰਦੇ ਹਨ ਤਾਂ ਇਹ ਚੰਗਾ ਯਬੂਜ਼ਰ ਤਜ਼ਰਬਾ ਦਿੰਦਾ ਹੈ। ਫ੍ਰੀਬੇਸਿਕਸ ਵੀ ਇਸੇ ਤਰ੍ਹਾਂ ਸੀ।''

ਤਸਵੀਰ ਸਰੋਤ, FACEBOOK
''ਸਾਨੂੰ ਲਗਦਾ ਹੈ ਕਿ ਅਸਲ ਵਿੱਚ ਇਹ ਯੂਜ਼ਰ ਨੂੰ ਪੂਰਾ ਤਜ਼ਰਬਾ ਲੈਣ ਤੋਂ ਰੋਕਦਾ ਹੈ। ਪੇਟੀਐੱਮ ਵਿੱਚ ਇਹ ਆਪਸ਼ਨ ਹੈ ਕਿ ਤੁਸੀਂ ਕਿਸੇ ਨੂੰ ਵੀ ਪੈਸੇ ਭੇਜ ਸਕਦੇ ਹੋ ਚਾਹੇ ਉਸ ਕੋਲ ਪੇਟੀਐੱਮ ਦਾ ਐਪ ਹੋਵੇ ਜਾਂ ਨਹੀਂ। ਅਸੀਂ ਉਸ ਨੂੰ ਨਹੀਂ ਰੋਕਾਂਗੇ।''
ਪੇਟੀਐੱਮ ਲਈ ਖ਼ਤਰਾ ਕਿਉਂ?
ਪੇਟੀਐੱਮ ਨੇ ਸਾਲ 2010 ਵਿੱਚ ਭਾਰਤੀ ਬਾਜ਼ਾਰ ਵਿੱਚ ਪ੍ਰਵੇਸ਼ ਕੀਤਾ ਸੀ ਅਤੇ ਨੋਟਬੰਦੀ ਦੌਰਾਨ ਇਸਦੇ ਯੂਜ਼ਰਸ ਦੀ ਗਿਣਤੀ ਬਹੁਤ ਤੇਜ਼ੀ ਨਾਲ ਵਧੀ ਸੀ।
ਇਸ ਨੇ 30 ਕਰੋੜ ਯੂਜ਼ਰਸ ਦੇ ਨਾਲ ਘਰੇਲੂ ਖਿਡਾਰੀਆਂ ਜਿਵੇਂ ਮੋਬੀਕਿਵਕ, ਫ੍ਰੀਚਾਰਜ ਅਤੇ ਫੋਨਐਪ ਨੂੰ ਪਿੱਛੇ ਛੱਡ ਦਿੱਤਾ ਸੀ।
ਚੀਨੀ ਅਤੇ ਜਾਪਾਨੀ ਨਿਵੇਸ਼ਕਾਂ ਦੇ ਸਹਿਯੋਗ ਨਾਲ ਪੇਟੀਐੱਮ ਨੇ ਆਪਣਾ ਮਾਰਕਿਟ ਬਜਟ ਉੱਚਾ ਰੱਖਿਆ ਹੈ ਅਤੇ ਆਪਣੇ ਕਾਰੋਬਾਰੀ ਨੈੱਟਵਰਕ ਦਾ ਤੇਜ਼ੀ ਨਾਲ ਵਿਸਤਾਰ ਕੀਤਾ ਹੈ।
ਪੇਟੀਐੱਮ ਨੇ ਬੈਕਿੰਗ ਸੇਵਾ ਵੀ ਸ਼ੁਰੂ ਕੀਤੀ ਹੈ ਅਤੇ ਅੱਗੇ ਜਾ ਕੇ ਇੰਸ਼ੋਰੈਂਸ ਵਿੱਚ ਵੀ ਹੱਥ ਅਜਮਾ ਸਕਦਾ ਹੈ।
ਪਰ, ਹੁਣ ਖੇਡ ਦੇ ਨਿਯਮ ਬਦਲਣ ਵਾਲੇ ਹਨ।

ਤਸਵੀਰ ਸਰੋਤ, Getty Images
ਫੇਸਬੁੱਕ ਇੰਕ ਦੇ ਵਟਸ ਐਪ ਦੇ ਕੋਲ 2 ਵੱਡੀਆਂ ਤਾਕਤਾਂ ਹਨ। ਇਸ ਕੋਲ ਫੰਡ ਦੀ ਘਾਟ ਨਹੀਂ ਹੈ ਅਤੇ ਇਸਦੇ ਚੈਟ ਐਪ ਦੇ ਕੋਲ ਪਹਿਲਾਂ ਤੋਂ ਹੀ 23 ਕਰੋੜ ਯੂਜ਼ਰਸ ਹਨ।
ਇਸਦੇ ਬੀਟਾ ਵਰਜਨ ਦੀ ਜਾਂਚ ਦਿਖਾਉਂਦੀ ਹੈ ਕਿ ਯੂਜ਼ਰਸ ਲਈ ਇਸਦੀ ਵਰਤੋਂ ਹੋਰ ਸੌਖੀ ਹੋਣ ਵਾਲੀ ਹੈ।
ਵਟਸ ਐਪ ਨੂੰ ਆਪਣੇ ਗਾਹਕਾਂ ਨੂੰ ਪਹਿਲਾਂ ਤੋਂ ਹੀ ਬਣੇ ਸਿਸਟਮ ਪੇਮੈਂਟ ਦੀ ਸਹੂਲਤ ਦੇਣ ਨਾਲ ਫਾਇਦਾ ਹੋ ਸਕਦਾ ਹੈ।

ਤਸਵੀਰ ਸਰੋਤ, Reuters
ਮੋਬਾਇਲ ਪੇਮੈਂਟ ਪਲੇਟਫਾਰਮ ਫ੍ਰੀਰਿਚਾਰਜ ਦੇ ਸੰਸਥਾਪਕ ਕੁਨਾਲ ਸ਼ਾਹ ਨੇ ਟਵੀਟ ਕੀਤਾ,''ਜਿਨ੍ਹਾਂ ਕੰਪਨੀਆਂ ਨੂੰ ਵੱਟਸ ਐਪ ਪੈਮੇਂਟ ਤੋਂ ਖ਼ਤਰਾ ਹੈ ਉਹ ਇਸ ਨੂੰ ਦੇਸ਼ਧ੍ਰੋਹੀ ਕਾਰ ਦੇਣ ਅਤੇ ਉਸ ਨੂੰ ਡਿਗਾਉਣ ਦੀ ਕੋਸ਼ਿਸ਼ ਕਰਨ ਵਾਲੀ ਹੈ।''
''ਕਿਉਂਕਿ ਆਪਣੀਆਂ ਖੂਬੀਆਂ ਦੇ ਬਲ 'ਤੇ ਵੱਟਸ ਐਪ ਦੇ ਅਸਰ ਨਾਲ ਜਿੱਤਣਾ ਮੁਸ਼ਕਿਲ ਹੈ। ਇਹੀ ਰਣਨੀਤੀ ਪੰਤਜਲੀ ਦੇ ਮਾਮਲੇ ਵਿੱਚ ਕੰਮ ਆਈ ਸੀ ਅਤੇ ਇਹ ਪੇਮੈਂਟ ਕੰਪਨੀਆਂ ਲਈ ਵੀ ਕੰਮ ਕਰ ਸਕਦੀ ਹੈ।''
ਪੇਟੀਐੱਮ ਨੂੰ ਡਰਨਾ ਚਾਹੀਦਾ ਹੈ?
ਚੀਨ ਦੇ ਬਾਜ਼ਾਰ ਵਿੱਚ ਜੋ ਕੁਝ ਹੋਇਆ ਉਸ ਨੂੰ ਦੇਖੀਏ ਤਾਂ ਪੇਟੀਐੱਮ ਲਈ ਇਹ ਪ੍ਰੇਸ਼ਾਨ ਹੋਣ ਵਾਲੀ ਗੱਲ ਹੈ।
ਚੀਨ ਦੀ ਇੱਕ ਵੱਡੀ ਈਕਾਮਰਸ ਕੰਪਨੀ ਅਲੀ ਬਾਬਾ ਨੇ ਸਾਲ 2009 ਵਿੱਚ ਆਪਮੀ ਮੋਬਾਇਲ ਪੇਮੈਂਟ ਸੇਵਾ ਏਲੀਪੇ ਸ਼ੁਰੂ ਕੀਤੀ ਸੀ। ਉਸ ਨੂੰ ਛੇਤੀ ਹੀ 80 ਫ਼ੀਸਦ ਬਾਜ਼ਾਰ 'ਤੇ ਕਬਜ਼ਾ ਕਰ ਲਿਆ।

ਤਸਵੀਰ ਸਰੋਤ, Getty Images
ਪਰ ਫਿਰ ਇੱਕ ਗੇਮਿੰਗ ਕੰਪਨੀ ਟੇਸੈਂਟ ਨੂੰ ਆਪਣੀ ਚੈਟਿੰਗ ਐਪ ਨਾਲ ਮੋਬਾਇਲ ਪੇਮੈਂਟ ਨੂੰ ਜੋੜਨ ਵਿੱਚ ਲਾਭ ਨਜ਼ਰ ਆਇਆ।
ਇਸ ਲਈ ਕੰਪਨੀ ਨੇ ਸਾਲ 2013 ਵਿੱਚ ਸਰਵਿਸ 'ਟੇਨਪੇ' ਨੂੰ ਵੀ ਚੈਟ ਨਾਲ ਜੋੜ ਦਿੱਤਾ ਅਤੇ ਇਸ ਨੂੰ 'ਵੀਚੈਟ ਪੇਅ' ਦਾ ਨਾਂ ਦਿੱਤਾ।
ਜਦੋਂ ਅਲੀਬਾਬਾ ਦੇ ਸੰਸਥਾਪਕ ਜੈਕ ਮਾ ਨੇ ਇਸ ਨੂੰ ਏਲੀਪੇ 'ਤੇ 'ਪਰਲ ਹਾਰਬਰ ਅਟੈਕ' ਕਿਹਾ ਸੀ।
ਇੱਕ ਰਿਸਰਚ ਫਰਮ ਦੇ ਵਿਸ਼ਲੇਸ਼ਣ ਮੁਤਬਕ ਸਾਲ 2017 ਵਿੱਚ ਏਲੀਪੇ ਦਾ ਮਾਰਕਿਟ ਸ਼ੇਅਰ 54 ਫ਼ੀਸਦ ਤੱਕ ਡਿੱਗ ਗਿਆ ਸੀ ਅਤੇ ਵੀਚੈਟ ਦੂਜੇ ਨੰਬਰ 'ਤੇ ਆ ਗਿਆ ਸੀ।
ਦਿਲਚਸਪ ਗੱਲ ਇਹ ਹੈ ਕਿ ਚੀਨ ਦੇ ਅਲੀਬਾਬਾ ਨੇ ਪੇਟੀਐੱਮ ਵਿੱਚ ਵੀ ਨਿਵੇਸ਼ ਕੀਤਾ ਹੈ।
ਵਟਸ ਐਪ ਪੇਮੈਂਟ 'ਚ ਕੀ ਮਿਲੇਗਾ?
ਸਭ ਤੋਂ ਪਹਿਲਾਂ, ਤੁਹਾਨੂੰ ਆਪਣੇ ਵੋਲੈਟ 'ਚ ਪੈਸੇ ਰੱਖਣ ਦੀ ਲੋੜ ਨਹੀਂ ਹੈ।
ਅੱਗੇ ਜਾ ਕੇ ਯੂਨੀਫਾਈਡ ਪੇਮੈਂਟ ਇੰਟਰਫੇਸ ਜਾਂ ਯੂਪੀਆਈ ਵਜੋਂ ਵਰਤੋਂ ਹੋਣ ਵਾਲੇ ਵਟਸ ਐਪ ਬੀਟਾ ਵਰਜ਼ਨ ਮੁਤਾਬਕ ਭੇਜਣ ਵਾਲੇ ਬੈਂਕ ਖਾਤਿਆਂ 'ਚੋਂ ਪੈਸੇ ਸਿੱਧਾ ਪ੍ਰਾਪਤ ਕਰਨ ਵਾਲੇ ਦੇ ਬੈਂਕ ਵਿੱਚ ਜਾਣਗੇ।
ਦੂਜਾ, ਯੂਜਰਜ਼ ਨੂੰ ਆਪਣਾ ਬੈਂਕ ਖਾਤਾ ਸਿੱਧਾ ਐਪ ਨਾਲ ਜੋੜਨਾ ਹੋਵੇਗਾ। ਪਰ ਬੀਟਾ ਵਰਜ਼ਨ 'ਚ ਇਹ ਦੇਖਣ ਨੂੰ ਮਿਲਦਾ ਹੈ ਕਿ ਵਟਸ ਐਪ ਪੇਮੈਂਟ ਦੀ ਸੁਵਿਧਾ ਸਿਰਫ਼ ਉਨ੍ਹਾਂ ਯੂਜਰਜ਼ ਨੂੰ ਹੀ ਮਿਲ ਸਕੇਗੀ ਜੋ ਵੱਟਸ ਐਪ ਵਰਤਦੇ ਹਨ।
ਯਾਨਿ ਕਿ ਕੇਵਲ ਉਸ ਵਿਅਕਤੀ ਨੂੰ ਪੈਸੇ ਭੇਜੇ ਜਾ ਸਕਣਗੇ ਜੋ ਤੁਹਾਡੀ ਕੋਂਟੈਕਟ ਲਿਸਟ ਵਿੱਚ ਹੋਵੇਗਾ ਅਤੇ ਖ਼ੁਦ ਵਟਸ ਐਪ ਯੂਜ਼ਰ ਹੋਵੇਗਾ।

ਤਸਵੀਰ ਸਰੋਤ, CARL COURT/GETTY IMAGES
ਉੱਥੇ ਹੀ, ਵੱਟਸ ਐਪ ਪੇਮੈਂਟ ਲਈ ਮੂਵੀ, ਟ੍ਰੈਵਲ, ਖਾਣਾ-ਪੀਣਾ ਅਤੇ ਹੋਰ ਸੇਵਾਵਾਂ ਵੀ ਸ਼ਾਮਲ ਕਰਨਾ ਇੱਕ ਵੱਡੀ ਚੁਣੌਤੀ ਹੋਵੇਗੀ।
ਫੇਸਬੁੱਕ ਇੰਕ ਨੇ ਅਜੇ ਇਸ 'ਤੇ ਕੁਝ ਨਹੀਂ ਕਿਹਾ ਹੈ, ਪਰ ਪੇਟੀਐਮ ਦਾ ਕਹਿਣਾ ਹੈ ਕਿ ਉਹ ਇਸ ਲਈ ਤਿਆਰ ਨਹੀਂ ਹਨ।
ਦੀਪਕ ਏਬੋਟ ਕਹਿੰਦੇ ਹਨ, "ਅਸੀਂ ਵੱਟਸ ਐਪ ਨੂੰ ਇੱਕ ਹੋਰ ਪ੍ਰਤੀਭਾਗੀ ਵਜੋਂ ਮੰਨ ਲਵਾਂਗੇ। ਗੂਗਲ ਆਇਆ ਅਤੇ ਉਸ ਨੇ ਬਾਜ਼ਾਰ ਵਧਾ ਦਿੱਤਾ। ਅਜੇ ਲੰਬਾ ਰਾਹ ਤੈਅ ਕਰਨਾ ਬਾਕੀ ਹੈ। 90 ਫੀਸਦ ਯੂਜਰਜ਼ ਅਜਿਹੇ ਹਨ ਜੋ ਯੂਪੀਆਈ ਨਾਲ ਨਹੀਂ ਜੁੜੇ ਹਨ।''
''ਮੈਨੂੰ ਵਿਸ਼ਵਾਸ਼ ਹੈ ਕਿ ਵੱਟਸ ਐਪ ਦੇ ਲਾਂਚ ਹੋਣ ਤੋਂ ਬਅਦ ਉਹ ਬਾਜ਼ਾਰ 'ਤੇ ਕਬਜ਼ਾ ਕਰਨ ਬਾਰੇ ਸੋਚ ਰਹੇ ਹੋਣਗੇ। ਅਸੀਂ ਵੀ ਇਸ ਵਿੱਚ ਮੁਕਾਬਲਾ ਕਰ ਰਹੇ ਹਾਂ।''
''ਇਹੀ ਇੱਕ ਵੱਡਾ ਬਾਜ਼ਾਰ ਹੈ ਅਤੇ ਜੇਕਰ ਤੁਹਾਡੇ ਕੋਲ ਚੰਗਾ ਉਤਪਾਦ ਹੈ ਤਾਂ ਤੁਸੀਂ ਖਿਡਾਰੀ ਬਣ ਸਕਦੇ ਹੋ। ਅਸੀਂ ਇੱਥੇ ਦੋ-ਤਿੰਨ ਵੱਡੇ ਖਿਡਾਰੀਆਂ ਦੇ ਹੋਣ ਨਾਲ ਖੁਸ਼ ਹੋਵਾਂਗੇ।"












