ਜਾਸੂਸ ਨੂੰ ਜ਼ਹਿਰ ਦੇਣ ਦਾ ਮਾਮਲਾ: ਅਮਰੀਕਾ, ਫਰਾਂਸ, ਬ੍ਰਿਟੇਨ ਤੇ ਜਰਮਨੀ ਹੋਏ ਰੂਸ ਖਿਲਾਫ਼ ਲਾਮਬੰਦ

ਤਸਵੀਰ ਸਰੋਤ, Getty Images
ਯੂਕੇ ਨੇ ਰੂਸ ਦੇ 23 ਰਾਜਦੂਤਾਂ ਨੂੰ ਬਾਹਰ ਦਾ ਰਾਹ ਦਿਖਾਉਣ ਦਾ ਫੈਸਲਾ ਕੀਤਾ ਹੈ। ਯੂਕੇ ਦੀ ਪ੍ਰਧਾਨ ਮੰਤਰੀ ਟੈਰੀਜ਼ਾ ਮੇਅ ਦੇ ਫੈਸਲੇ ਤੋਂ ਬਾਅਦ ਯੂਐੱਨ ਵਿੱਚ ਐਮਰਜੈਂਸੀ ਬੈਠਕ ਸੱਦੀ ਗਈ।
ਦਰਅਸਲ ਯੂਕੇ ਨੇ ਰੂਸ 'ਤੇ ਇਲਜ਼ਾਮ ਲਾਇਆ ਹੈ ਕਿ ਇੱਕ ਸਾਬਕਾ ਰੂਸੀ ਜਾਸੂਸ ਨੂੰ ਯੂਕੇ ਵਿੱਚ ਨਰਵ ਏਜੰਟ ਜ਼ਰੀਏ ਜ਼ਹਿਰ ਦੇ ਕੇ ਮਾਰਨ ਦੀ ਕੋਸ਼ਿਸ਼ ਕੀਤੀ ਸੀ।
ਸਾਬਕਾ ਰੂਸੀ ਨਰਵ ਏਜੰਟ ਉੱਤੇ ਕੈਮੀਕਲ ਹਮਲੇ ਲਈ ਰੂਸ ਜ਼ਿੰਮੇਵਾਰ ਹੈ। ਇਹ ਦਾਅਵਾ ਇੰਗਲੈਡ ਦਾ ਹੀ ਨਹੀਂ ਬਲਕਿ ਫਰਾਂਸ, ਜਰਮਨੀ ਅਤੇ ਅਮਰੀਕਾ ਨੇ ਵੀ ਕਰ ਦਿੱਤਾ ਹੈ। ਇਨ੍ਹਾਂ ਤਿੰਨਾਂ ਦੇਸਾਂ ਵੱਲੋਂ ਜਾਰੀ ਇੱਕ ਸਾਂਝੇ ਬਿਆਨ ਵਿੱਚ ਇਸ ਹਮਲੇ ਨੂੰ ਕੌਮਾਂਤਰੀ ਕਾਨੂੰਨਾਂ ਅਤੇ ਬਰਤਾਨੀਆਂ ਦੀ ਪ੍ਰਭੂਸੱਤਾ ਦੀ ਉਲੰਘਣਾ ਕਰਾਰ ਦਿੱਤਾ ਹੈ।
ਇਸੇ ਦੌਰਾਨ ਬੀਬੀਸੀ ਪੱਤਰਕਾਰ ਸਟੀਵ ਰੋਜ਼ਨਬਰਗ ਨੇ ਮਾਸਕੋ ਵਿੱਚ ਰੂਸ ਦੇ ਰਾਸ਼ਟਰਪਤੀ ਵਲਾਦਿਮੀਰ ਪੂਤਿਨ ਨੂੰ ਸਵਾਲ ਪੁੱਛਿਆ ਕਿ ਕੀ ਸਰਗੇਈ ਸਕ੍ਰਿਪਲ ਨੂੰ ਜ਼ਹਿਰ ਦੇਣ ਦੇ ਮਾਮਲੇ ਵਿੱਚ ਰੂਸ ਦੀ ਭੂਮਿਕਾ ਹੈ?

ਤਸਵੀਰ ਸਰੋਤ, AFP/Getty Images
ਖੇਤੀਬਾੜੀ ਨਾਲ ਸਬੰਧਤ ਸਮਾਗਮ ਵਿੱਚ ਸ਼ਾਮਲ ਹੋਣ ਆਏ ਪੂਤਿਨ ਨੇ ਸਿੱਧਾ ਜਵਾਬ ਦੇਣ ਦੀ ਥਾਂ ਕਿਹਾ,'ਅਸੀਂ ਇੱਥੇ ਖੇਤੀਬਾੜੀ ਬਾਰੇ ਗੱਲਬਾਤ ਕਰ ਰਹੇ ਹਾਂ , ਲੋਕਾਂ ਦੀ ਜ਼ਿੰਦਗੀ ਨੂੰ ਹੋਰ ਬਿਹਤਰ ਬਣਾਉਣ ਦੀਆਂ ਕੋਸ਼ਿਸ਼ਾਂ ਕਰ ਰਹੇ ਹਾਂ ਤੇ ਤੁਸੀਂ ਦੁਖਾਂਤ ਦੇ ਸਵਾਲ ਕਰੀ ਜਾਂਦੇ ਹੋ। ਪਹਿਲਾਂ ਪੂਰੀ ਜਾਂਚ ਕਰ ਲਵੋ ਫਿਰ ਗੱਲ ਕਰਾਂਗੇ।
ਪ੍ਰਧਾਨ ਮੰਤਰੀ ਟੇਰੀਜ਼ਾ ਮੇਅ ਨੇ ਕਿਹਾ ਕਿ ਇਨ੍ਹਾਂ ਰਾਜਦੂਤਾਂ ਕੋਲ ਸਿਰਫ਼ ਇੱਕ ਹੀ ਹਫ਼ਤਾ ਬਚਿਆ ਹੈ ਅਤੇ ਇਹ 'ਅਣਐਲਾਨੇ ਇੰਟੈਲੀਜੈਂਸ ਅਫ਼ਸਰ' ਸਨ।
'ਪਾਬੰਦੀਸ਼ੁਦਾ ਭਿਆਨਕ ਹਥਿਆਰ ਦੀ ਵਰਤੋਂ'
ਯੂਕੇ ਨੇ ਬਾਅਦ ਵਿੱਚ ਯੂਐੱਨ ਸੁਰੱਖਿਆ ਕੌਂਸਲ ਨੂੰ ਦੱਸਿਆ ਕਿ ਰੂਸ ਨੇ ਇੱਕ ਭਿਆਨਕ ਹਥਿਆਰ ਦਾ ਇਸਤੇਮਾਲ ਕੀਤਾ ਜੋ ਕਿ 'ਸ਼ਾਂਤ' ਬ੍ਰਿਟਿਸ਼ ਵਿੱਚ 'ਜੰਗ ਵਿੱਚ ਵੀ ਪਾਬੰਦੀਸ਼ੁਦਾ ਹੈ।'
ਰੂਸ ਨੇ ਕਥਿਤ ਕਤਲ ਤੋਂ ਇਨਕਾਰ ਕੀਤਾ ਹੈ ਅਤੇ ਕਿਹਾ ਹੈ ਕਿ ਉਹ ਵਾਜਿਬ ਪ੍ਰਤੀਕਰਮ ਦੇਣਗੇ।

ਤਸਵੀਰ ਸਰੋਤ, Getty Images
ਟੈਰੀਜ਼ਾ ਮੇਅ ਨੇ ਰੂਸ ਦੇ ਵਿਦੇਸ਼ ਮੰਤਰੀ ਦੇ ਸੱਦੇ ਨੂੰ ਵੀ ਮੋੜ ਦਿੱਤਾ ਹੈ ਅਤੇ ਕਿਹਾ ਹੈ ਕਿ ਇਸ ਸਾਲ ਦੇ ਅਖੀਰ ਵਿੱਚ ਹੋਣ ਵਾਲੇ ਫੀਫ਼ਾ ਵਰਲਡ ਕੱਪ ਵਿੱਚ ਰਾਇਲ ਪਰਿਵਾਰ ਸ਼ਾਮਿਲ ਨਹੀਂ ਹੋਵੇਗਾ।
ਯੂਐੱਨ ਸੁਰੱਖਿਆ ਕੌਂਸਲ ਵਿੱਚ ਬੋਲਦਿਆਂ ਯੂਕੇ ਦੇ ਡਿਪਟੀ ਯੂਐੱਨ ਅੰਬੈਸਡਰ ਜੋਨਾਥਨ ਐਲਨ ਨੇ ਇਲਜ਼ਾਮ ਲਾਇਆ ਕਿ ਰੂਸ ਨੇ ਰਸਾਇਣਕ ਹਥਿਆਰਾਂ ਦੀ ਰੋਕ 'ਤੇ ਹੋਏ ਸਮਝੌਤੇ ਦੀਆਂ ਸਾਰੀਆਂ ਸ਼ਰਤਾਂ ਨੂੰ ਤੋੜ ਦਿੱਤਾ ਹੈ।
"ਅਸੀਂ ਉਨ੍ਹਾਂ ਸਾਰੀਆਂ ਕਦਰਾਂ-ਕੀਮਤਾਂ ਨੂੰ ਮੰਨਦੇ ਹਾਂ ਜੋ ਯੂਐੱਨ ਕੌਂਸਲ ਦੇ ਜ਼ਿਆਦਾਤਰ ਲੋਕ ਸਾਂਝੀਆਂ ਕਰਦੇ ਹਨ ਅਤੇ ਅਸੀ ਤੁਹਾਨੂੰ ਵੀ ਅਪੀਲ ਕਰਦੇ ਹਾਂ ਕਿ ਸਾਡੇ ਨਾਲ ਖੜ੍ਹੇ ਹੋਵੋ।"
ਰੂਸ ਦਾ ਜਵਾਬ
ਯੂਐੱਨ ਵਿੱਚ ਰੂਸ ਦੇ ਅੰਬੇਸਡਰ ਵੇਸਲੀ ਨੇਬੇਨਜ਼ਿਆ ਨੇ ਪ੍ਰਤੀਕਰਮ ਦਿੰਦਿਆਂ ਹਮਲੇ ਵਿੱਚ ਮਾਸਕੋ ਦੀ ਸ਼ਮੂਲੀਅਤ ਤੋਂ ਇਨਕਾਰ ਕੀਤਾ ਅਤੇ ਇਲਜ਼ਾਮ ਸਾਬਿਤ ਕਰਨ ਲਈ ਯੂਕੇ ਤੋਂ 'ਠੋਸ ਸਬੂਤ' ਦੀ ਮੰਗ ਕੀਤੀ।
ਉਨ੍ਹਾਂ ਕਿਹਾ, "ਸਾਨੂੰ ਇੱਕ ਅਲਟੀਮੇਟਮ ਦੇ ਦਿੱਤਾ ਗਿਆ ਅਤੇ ਸਾਨੂੰ ਕਿਹਾ ਗਿਆ ਕਿ 24 ਘੰਟਿਆਂ ਵਿੱਚ ਕਬੂਲ ਕਰ ਲਿਆ ਜਾਵੇ ਕਿ ਅਸੀਂ ਅਪਰਾਧ ਕੀਤਾ ਹੈ।"

ਤਸਵੀਰ ਸਰੋਤ, Getty Images/AFP
"ਅਸੀਂ ਅਲਟੀਮੇਟਮ ਦੀ ਭਾਸ਼ਾ ਨਹੀਂ ਬੋਲਦੇ। ਅਸੀਂ ਅਜਿਹੀ ਭਾਸ਼ਾ ਦਾ ਇਸੇਤਾਲ ਕਿਸੇ ਨਾਲ ਵੀ ਨਹੀਂ ਕਰਦੇ ਅਤੇ ਅਸੀਂ ਕਿਸੇ ਨੂੰ ਵੀ ਇਸ ਭਾਸ਼ਾ ਵਿੱਚ ਗੱਲ ਕਰਨ ਦੀ ਇਜਾਜ਼ਤ ਨਹੀਂ ਦਿੰਦੇ।"
ਅਮਰੀਕੀ ਅੰਬੇਸਡਰ ਨਿੱਕੀ ਹੇਲੀ ਨੇ ਕਿਹਾ, "ਦੋਹਾਂ ਮੁਲਕਾਂ ਵਿਚਾਲੇ ਖਾਸ ਸਬੰਧ ਹੋਣ 'ਤੇ ਵਾਸ਼ਿੰਗਟਨ ਬ੍ਰਿਟੇਨ ਨਾਲ ਪੂਰੀ ਤਰ੍ਹਾਂ ਖੜ੍ਹਾ ਹੈ ਅਤੇ ਹਮੇਸ਼ਾਂ ਖੜ੍ਹਾ ਰਹੇਗਾ।"
ਟੈਰੀਜ਼ਾ ਮੇਅ ਨੇ ਰੂਸ ਨੂੰ ਸੁਨੇਹਾ ਦੇਣ ਲਈ ਇਹ ਕਾਰਵਾਈਆਂ ਕੀਤੀਆਂ ਹਨ:
- 23 ਰਾਜਦੂਤਾਂ ਨੂੰ ਕੱਢਣਾ
- ਪ੍ਰਾਈਵੇਟ ਉਡਾਨਾਂ ਅਤੇ ਕਸਟਮਜ਼ 'ਤੇ ਨਜ਼ਰ
- ਰੂਸ ਦੀਆਂ ਜਾਇਦਾਦਾਂ ਫ੍ਰੀਜ਼ ਕਰ ਦਿੱਤੀਆਂ ਜਿਨ੍ਹਾਂ ਤੋਂ ਕਿਸੇ ਤਰ੍ਹਾਂ ਦਾ ਯੂਕੇ ਵਿੱਚ ਜਾਨ-ਮਾਲ ਦਾ ਨੁਕਸਾਨ ਦਾ ਖਦਸ਼ਾ ਹੈ।
- ਬਾਅਦ ਵਿੱਚ ਮੰਤਰੀਆਂ ਅਤੇ ਰਾਇਲ ਪਰਿਵਾਰ ਨੇ ਸਾਲ ਦੇ ਅਖੀਰ ਵਿੱਚ ਹੋਣ ਵਾਲੇ ਫੀਫਾ ਵਰਲਡ ਕੱਪ ਵਿੱਚ ਸ਼ਾਮਿਲ ਹੋਣ ਤੋਂ ਇਨਕਾਰ ਕਰ ਦਿੱਤਾ।
- ਯੂਕੇ ਅਤੇ ਰੂਸ ਵਿਚਾਲੇ ਹੋਣ ਵਾਲੀਆਂ ਸਾਰੀਆਂ ਉੱਚ-ਪੱਧਰੀ ਮੁਲਾਕਾਤਾਂ ਨੂੰ ਰੱਦ ਕਰ ਦਿੱਤਾ।
ਕੀ ਹੈ ਮਾਮਲਾ?
ਦਰਅਸਲ ਕੁਝ ਦਿਨ ਪਹਿਲਾਂ ਦੱਖਣੀ ਇੰਗਲੈਂਡ ਵਿੱਚ ਰੂਸ ਦੇ ਇੱਕ ਸਾਬਕਾ ਜਾਸੂਸ ਸਰਗੇਈ ਸਕ੍ਰਿਪਲ ਅਤੇ ਉਨ੍ਹਾਂ ਦੀ ਧੀ ਯੂਲੀਆ ਨੂੰ ਜ਼ਹਿਰ ਦੇ ਕੇ ਮਾਰਨ ਦੀ ਕੋਸ਼ਿਸ਼ ਕੀਤੀ ਗਈ ਸੀ।

ਤਸਵੀਰ ਸਰੋਤ, EPA
66 ਸਾਲ ਦੇ ਰਿਟਾਇਰਡ ਫੌਜੀ ਖੁਫ਼ੀਆ ਅਧਿਕਾਰੀ ਸਕ੍ਰਿਪਲ ਅਤੇ ਉਨ੍ਹਾਂ ਦੀ 33 ਸਾਲਾ ਧੀ ਯੂਲੀਆ ਸੈਲਿਸਬਰੀ ਸਿਟੀ ਸੈਂਟਰ ਵਿੱਚ ਇੱਕ ਬੈਂਚ ਤੇ ਬੇਹੋਸ਼ੀ ਦੀ ਹਾਲਤ ਵਿੱਚ ਮਿਲੇ ਸਨ।
ਅਜਿਹੇ ਇਲਜ਼ਾਮ ਲਾਏ ਗਏ ਹਨ ਕਿ ਕਤਲ ਦੀਆਂ ਇਨ੍ਹਾਂ ਕੋਸ਼ਿਸ਼ਾਂ ਲਈ ਰੂਸ ਵਿੱਚ ਨਵੇਂ ਬਣੇ ਨਰਵ ਏਜੰਟ ਦਾ ਇਸਤੇਮਾਲ ਕੀਤਾ ਗਿਆ ਹੈ।












