ਯੂਕੇ 'ਚ ਸਿੱਖ ਵਿਦਿਆਰਥੀ ਨੂੰ ਕਲੱਬ 'ਚ ਪੱਗ ਲਾਹੁਣ ਨੂੰ ਕਿਹਾ

ਯੂਕੇ ਦੇ ਇੱਕ ਸਿੱਖ ਮੁੰਡੇ ਨੇ ਖੁਦ ਦੀ ਪੀੜਾ ਦੱਸੀ ਜਦ ਉਸਨੂੰ ਪੱਗ ਲਾਹੁਣ ਲਈ ਕਿਹਾ ਗਿਆ।
ਵਿਦਿਆਰਥੀ ਅਮਰੀਕ ਸਿੰਘ ਨੂੰ ਕਿਹਾ ਗਿਆ ਕਿ ਨੌਟਿੰਘਮਸ਼ਾਇਰ ਦੇ 'ਬਾਰ ਰੱਸ਼' ਵਿੱਚ ਸਿਰ 'ਤੇ ਕਿਸੇ ਵੀ ਤਰ੍ਹਾਂ ਦੇ ਕੱਪੜੇ ਨੂੰ ਬੰਨਣ ਦੀ ਇਜਾਜ਼ਤ ਨਹੀਂ ਹੈ।
ਅਮਰੀਕ ਨੇ ਜਦੋਂ ਜਵਾਬ ਵਿੱਚ ਕਿਹਾ ਕਿ ਇਹ ਕੋਈ ਆਮ ਕੱਪੜਾ ਨਹੀਂ ਬਲਕਿ ਇੱਕ ਧਾਰਮਿਕ ਜ਼ਰੂਰਤ ਹੈ ਤਾਂ ਉਸਨੂੰ ਪੁੱਛਿਆ ਗਿਆ, ''ਮੈਨੂੰ ਨਹੀਂ ਲੱਗਦਾ ਕਿ ਫਿਰ ਤੁਹਾਨੂੰ ਸ਼ਰਾਬ ਪੀਣ ਦੀ ਵੀ ਇਜਾਜ਼ਤ ਹੈ।''
ਬਾਰ ਦੇ ਪ੍ਰਬੰਧਕਾਂ ਨੇ ਹੁਣ ਮੁਆਫੀ ਮੰਗੀ ਹੈ। ਉਨ੍ਹਾਂ ਨੇ ਬਿਆਨ ਵਿੱਚ ਕਿਹਾ ਹੈ ਕਿ ਜਿਸ ਸਟਾਫ 'ਤੇ ਇਲਜ਼ਾਮ ਹਨ, ਉਨ੍ਹਾਂ ਨੂੰ ਮੁਅੱਤਲ ਕਰ ਦਿੱਤਾ ਹੈ ਅਤੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।
ਕਾਨੂੰਨ ਦੀ ਪੜ੍ਹਾਈ ਕਰ ਰਹੇ 22 ਸਾਲਾ ਅਮਰੀਕ ਸ਼ੁੱਕਰਵਾਰ ਦੀ ਰਾਤ ਨੂੰ ਦੋਸਤਾਂ ਨਾਲ ਰੱਸ਼ ਨਾਂ ਦੇ ਬਾਰ ਵਿੱਚ ਗਏ ਸਨ।
ਸ਼ੁਰੂਆਤ 'ਚ ਉਨ੍ਹਾਂ ਨੂੰ ਕਿਸੇ ਨੇ ਨਹੀਂ ਰੋਕਿਆ ਪਰ ਅੱਧੇ ਘੰਟੇ ਬਾਅਦ ਉਸਨੂੰ ਪੱਗ ਲਾਹੁਣ ਲਈ ਕਿਹਾ ਗਿਆ।

ਅਮਰੀਕ ਨੇ ਦੱਸਿਆ, ''ਮੈਂ ਉਨ੍ਹਾਂ ਨੂੰ ਸਮਝਾਇਆ ਕਿ ਪੱਗ ਸਿਰਫ ਸਿਰ ਢੱਕਣ ਵਾਲਾ ਆਮ ਕੱਪੜਾ ਨਹੀਂ ਹੈ ਪਰ ਮੇਰੇ ਧਰਮ ਦਾ ਹਿੱਸਾ ਹੈ। ਜਨਤਕ ਥਾਵਾਂ 'ਤੇ ਪੱਗ ਬੰਨਣ ਦੀ ਇਜਾਜ਼ਤ ਹੈ। ਬਾਉਂਸਰ ਨੇ ਮੇਰੀ ਗੱਲ ਨਹੀਂ ਸੁਣੀ ਅਤੇ ਕਿਹਾ ਕਿ ਮੈਨੂੰ ਪੱਗ ਲਾਹੁਣੀ ਪਵੇਗੀ।''
''ਮੇਰੇ ਇਨਕਾਰ ਕਰਨ 'ਤੇ ਉਹ ਮੈਨੂੰ ਮੇਰੇ ਦੋਸਤਾਂ ਤੋਂ ਖਿੱਚ ਕੇ ਦੂਰ ਲੈ ਗਏ।''
ਅਮਰੀਕ ਨੇ ਮੈਨੇਜਰ ਨਾਲ ਗੱਲ ਕਰਨ ਲਈ ਆਖਿਆ ਅਤੇ ਗੱਲਬਾਤ ਰਿਕਾਰਡ ਕੀਤੀ।
ਅਮਰੀਕ ਨੇ ਵਾਰ - ਵਾਰ ਪੱਗ ਦੀ ਅਹਿਮੀਅਤ ਸਮਝਾਉਣ ਦੀ ਕੋਸ਼ਿਸ਼ ਕੀਤੀ ਪਰ ਉਸ ਨੂੰ ਕਿਹਾ ਗਿਆ ਕਿ ਸਰ 'ਤੇ ਕੋਈ ਵੀ ਕੱਪੜਾ ਕਲੱਬ ਦੀ ਪਾਲਿਸੀ ਦੇ ਖਿਲਾਫ ਹੈ।
ਬਰਦਾਸ਼ਤ ਦੇ ਬਾਹਰ
ਅਮਰੀਕ ਨੇ ਦੱਸਿਆ ਕਿ ਉਸ ਨੂੰ ਕਲੱਬ ਵਿੱਚ ਵਾਪਸ ਆਉਣ ਦਿੱਤਾ ਗਿਆ ਪਰ ਭਵਿੱਖ ਲਈ ਚਿਤਾਵਨੀ ਦਿੱਤੀ ਗਈ।
ਉਸ ਨੇ ਕਿਹਾ, ''ਇਸ ਘਟਨਾ ਨੇ ਮੇਰੀ ਰਾਤ ਬਰਬਾਦ ਕਰ ਦਿੱਤੀ। ਮੇਰਾ ਦਿਲ ਤੋੜ ਦਿੱਤਾ।''
''ਮੈਂ ਖੁਸ਼ਕਿਸਮਤ ਹਾਂ ਕਿ ਮੈਂ ਪੜ੍ਹਿਆ ਲਿਖਿਆ ਅਤੇ ਖੁਦ ਲਈ ਬੋਲ ਸਕਦਾ ਹਾਂ। ਜੇ ਮੇਰੀ ਥਾਂ 'ਤੇ ਕੋਈ ਹੋਰ ਘੱਟ ਆਤਮ ਵਿਸ਼ਵਾਸ ਵਾਲਾ ਹੁੰਦਾ ਤਾਂ ਉਸ ਦੇ ਨਾਲ ਕੀ ਹੋਣਾ ਸੀ। ਇਹ ਬਰਦਾਸ਼ਤ ਤੋਂ ਬਾਹਰ ਹੈ।''
ਅਮਰੀਕ ਨੇ ਦੱਸਿਆ ਕਿ ਉਨ੍ਹਾਂ ਨੇ ਪੁਲਿਸ ਨੂੰ ਸ਼ਿਕਾਇਤ ਇਸ ਲਈ ਨਹੀਂ ਕੀਤੀ ਕਿਉਂਕਿ ਉਨ੍ਹਾਂ ਨੂੰ ਨਹੀਂ ਲੱਗਦਾ ਕਿ ਕੋਈ ਕਾਨੂੰਨ ਤੋੜਿਆ ਗਿਆ ਹੈ ਪਰ ਉਹ ਇਸ ਦੇ ਹੋਰ ਕਾਨੂੰਨੀ ਪੱਖਾਂ ਬਾਰੇ ਸੋਚ ਰਹੇ ਹਨ।
ਉਹ ਲੋਕਾਂ ਨੂੰ ਦੱਸਣਾ ਚਾਹੁੰਦੇ ਹਨ ਕਿ ਅਜਿਹੀਆਂ ਘਟਨਾਵਾਂ ਵਿੱਚ ਫਸਿਆ ਇਨਸਾਨ ਕਿਸ ਤਰ੍ਹਾਂ ਮਹਿਸੂਸ ਕਰਦਾ ਹੈ।
ਫਿਲਹਾਲ ਪ੍ਰਬੰਧਕਾਂ ਨੇ ਮੁਆਫੀ ਮੰਗ ਲਈ ਹੈ। ਉਨ੍ਹਾਂ ਕਿਹਾ ਹੈ ਕਿ ਇਹ ਬਿਲਕੁਲ ਗਲਤ ਹੈ ਅਤੇ ਹਰਕਤ ਕਰਨ ਵਾਲੇ ਸਟਾਫ ਨੂੰ ਮੁਅੱਤਲ ਕਰ ਦਿੱਤਾ ਗਿਆ ਹੈ।












