ਕੀ ਅੰਗ੍ਰੇਜ਼ੀ ਨਾ ਆਉਣ ਕਾਰਨ ਹਵਾਈ ਜਹਾਜ਼ ਹਾਦਸੇ ਹੁੰਦੇ ਹਨ?

ਤਸਵੀਰ ਸਰੋਤ, AFP
- ਲੇਖਕ, ਅਨੰਤ ਪ੍ਰਕਾਸ਼
- ਰੋਲ, ਬੀਬੀਸੀ ਪੱਤਰਕਾਰ
ਨੇਪਾਲ ਦੀ ਰਾਜਧਾਨੀ ਕਾਠਮੰਡੂ ਵਿੱਚ ਸੋਮਵਾਰ ਨੂੰ ਹੋਏ ਹਵਾਈ ਜਹਾਜ਼ ਹਾਦਸੇ ਦੇ ਸਹੀ ਕਾਰਨਾਂ ਬਾਰੇ ਅਜੇ ਤੱਕ ਤਸਦੀਕ ਨਹੀਂ ਹੋ ਸਕੀ।
ਪਰ ਤ੍ਰਿਭੂਵਨ ਏਅਰਪੋਰਟ 'ਤੇ 'ਯੂਐਸ-ਬਾਂਗਲਾ' ਏਅਰਲਾਈਨਜ਼ ਦੀ ਫਲਾਈਟ BS211 ਦੇ ਕ੍ਰੈਸ਼ ਹੋਣ ਦਾ ਕਾਰਨ ਪਾਇਲਟ ਅਤੇ ਏਅਰ ਟ੍ਰੈਫਿਕ ਕੰਟਰੋਲਰ ਦੇ ਵਿਚਾਲੇ ਸੂਚਨਾ ਦਾ ਲੈਣ-ਦੇਣ ਸਹੀ ਢੰਗ ਨਾਲ ਨਾ ਹੋਣਾ ਦੱਸਿਆ ਜਾ ਰਿਹਾ ਹੈ।
'ਯੂਐਸ ਬਾਂਗਲਾ' ਦੇ ਸੀਈਓ ਆਸਿਫ਼ ਇਮਰਾਨ ਨੇ ਦਾਅਵਾ ਕੀਤਾ ਹੈ ਕਿ ਪਾਇਲਟ ਨੂੰ ਗ਼ਲਤ ਦਿਸ਼ਾ ਤੋਂ ਰਨਵੇ ਵੱਲ ਜਾਣ ਲਈ ਕਿਹਾ ਗਿਆ ਸੀ। ਹਾਲਾਂਕਿ, ਹੁਣ ਤੱਕ ਬਲੈਕ ਬਾਕਸ ਤੋਂ ਇਸੇ ਤਰ੍ਹਾਂ ਦੀ ਜਾਣਕਾਰੀ ਸਾਹਮਣੇ ਆਈ ਹੈ।
ਇਸ ਖੇਤਰ ਵਿੱਚ ਇਹ ਅਜਿਹਾ ਪਹਿਲਾ ਮਾਮਲਾ ਨਹੀਂ ਹੈ ਜਦੋਂ ਏਟੀਸੀ ਅਤੇ ਪਾਇਲਟ ਵਿਚਾਲੇ ਜਾਣਕਾਰੀ ਸਹੀ ਢੰਗ ਨਾਲ ਨਾ ਪਹੁੰਚਣ ਕਾਰਨ ਹਾਦਸਾ ਹੋਇਆ ਹੋਵੇ।

ਤਸਵੀਰ ਸਰੋਤ, AFP
ਅਜਿਹੀ ਹੀ ਇੱਕ ਘਟਨਾ ਦੇ ਗਵਾਹ ਰਹੇ ਏਅਰ ਇੰਡੀਆ ਦੇ ਕੈਪਟਨ ਮਹੇਸ਼ ਗੁਲਬਾਨੀ ਨੇ ਬੀਬੀਸੀ ਨੂੰ ਦੱਸਿਆ,''ਇੱਕ ਵਾਰ ਦੀ ਗੱਲ ਹੈ, ਅਸੀਂ ਚੀਨੀ ਏਅਰਸਪੇਸ ਵਿੱਚ ਕਰੀਬ 38 ਤੋਂ 40 ਫੁੱਟ ਦੀ ਉੱਚਾਈ 'ਤੇ ਉੱਡ ਰਹੇ ਸੀ ਅਤੇ ਅਸੀਂ ਥੱਲੇ ਜਾਣਾ ਸੀ ਕਿਉਂਕਿ ਜਹਾਜ਼ ਟਬਰਿਊਲੈਂਸ ਵਿੱਚ ਉੱਡ ਰਿਹਾ ਸੀ।
''ਅਸੀਂ ਏਅਰ ਟ੍ਰੈਫਿਕ ਕੰਟਰੋਲਰ ਨੂੰ ਬੇਨਤੀ ਕੀਤੀ ਕਿ ਸਾਨੂੰ ਬਹੁਤ ਝਟਕੇ ਲੱਗ ਰਹੇ ਹਨ ਇਸ ਲਈ ਥੋੜ੍ਹਾ ਥੱਲੇ ਆਉਣ ਦਿੱਤਾ ਜਾਵੇ।''
''ਇਸ 'ਤੇ ਕੰਟਰੋਲਰ ਨੇ ਕਿਹਾ ਕਿ 'ਲੈਵਲ ਮੈਂਟੇਨ' ਰੱਖੋ, ਉਸ ਨੇ ਸਾਨੂੰ ਥੱਲੇ ਨਹੀਂ ਆਉਣ ਦਿੱਤਾ। ਉਹ ਸਾਡੇ ਨਾਲ ਅੰਗ੍ਰੇਜ਼ੀ ਵਿੱਚ ਗੱਲ ਨਹੀਂ ਕਰ ਸਕਿਆ ਕਿ ਥੱਲੇ ਨਾ ਆਓ। ਅਸੀਂ ਉਸ ਨੂੰ ਸਵਾਲ ਪੁੱਛਿਆ ਕਿ ਕਿਉਂ ਥੱਲੇ ਨਹੀਂ ਆ ਸਕਦੇ। ਇਸ ਤੋਂ ਬਾਅਦ ਵੀ ਉਹ ਬੋਲਦਾ ਰਿਹਾ ਕਿ ''ਪਲੀਜ਼ ਮੈਂਟੇਨ ਲੈਵਲ''।

ਤਸਵੀਰ ਸਰੋਤ, Getty Images
''ਅਜਿਹਾ ਵਿੱਚ ਅਸੀਂ ਐਮਰਜੈਂਸੀ ਕਾਲ ਲਿਆ ਕਿਉਂਕਿ ਅਸੀਂ ਉੱਡ ਨਹੀਂ ਪਾ ਰਹੇ ਸੀ। ਇਸ ਤੋਂ ਬਾਅਦ ਉਸ ਨੂੰ ਸਾਡੀ ਗੱਲ ਸਮਝ ਵਿੱਚ ਆਈ। ਇਨ੍ਹਾਂ ਕੰਟਰੋਲਰਾਂ ਨੂੰ ਅੰਗ੍ਰੇਜ਼ੀ ਦੇ ਚਾਰ ਜਾਂ ਛੇ ਫ੍ਰੇਜ਼ ਆਉਂਦੇ ਹਨ...ਜਿਵੇਂ ਅਸੀਂ ਇਸ ਸਪੀਡ 'ਤੇ ਹਾਂ, ਹਾਈਟ 'ਤੇ ਹਾਂ, ਅਜਿਹੇ ਵਿੱਚ ਜੇਕਰ ਤੁਸੀਂ ਬਿਲਕੁਲ ਵੀ ਹਟ ਕੇ ਬੋਲਦੇ ਹੋ ਤਾਂ ਉਨ੍ਹਾਂ ਨੂੰ ਸਮਝ ਨਹੀਂ ਆਉਂਦਾ।''
ਗੁਲਬਾਨੀ ਦੱਸਦੇ ਹਨ,''ਇਹ ਅਕਸਰ ਦੇਖਣ ਨੂੰ ਮਿਲਦਾ ਹੈ। ਜਿਵੇਂ ਬੈਂਕੌਕ ਵਿੱਚ ਅੰਗ੍ਰੇਜ਼ੀ ਬੋਲਦੇ ਸਮੇਂ ਆਰ ਸ਼ਬਦ ਦੀ ਵਰਤੋਂ ਨਹੀਂ ਕਰਦੇ ਅਤੇ ਉਹ ਕਤਾਰ ਏਅਰਲਾਈਨਜ਼ ਨੂੰ ਕਤਾਲ ਏਅਰਲਾਈਨਜ਼ ਕਹਿੰਦੇ ਹਨ।''
ਜਦੋਂ ਭਾਰਤ ਵਿੱਚ ਹੋਇਆ ਅਜਿਹਾ ਹੀ ਹਾਦਸਾ
ਸਾਲ 1996 'ਚ ਦਿੱਲੀ ਵਿੱਚ ਇਸੇ ਕਾਰਨ 312 ਯਾਤਰੀਆਂ ਦੀ ਮੌਤ ਹੋਈ ਸੀ।
ਇਸ ਹਾਦਸੇ ਵਿੱਚ ਨਵੀਂ ਦਿੱਲੀ ਹਵਾਈ ਅੱਡੇ 'ਤੇ ਉਤਰਣ ਤੋਂ ਪਹਿਲਾਂ ਹੀ ਸੋਵੀਅਤ ਏਅਰਲਾਈਨਜ਼ ਅਤੇ ਸਾਊਦੀ ਅਰਬ ਦੇ ਜਹਾਜ਼ ਵਿਚਾਲੇ ਹਵਾ ਵਿੱਚ ਹਾਦਸਾ ਹੋ ਗਿਆ।

ਤਸਵੀਰ ਸਰੋਤ, Getty Images
ਇਸ ਮਾਮਲੇ ਦੀ ਜਾਂਚ ਵਿੱਚ ਸਾਹਮਣੇ ਆਇਆ ਕਿ ਸੋਵੀਅਤ ਜਹਾਜ਼ ਦਿੱਲੀ ਏਅਰਪੋਰਟ ਦੇ ਏਅਰ ਟ੍ਰੈਫਿਕ ਕੰਟਰੋਲਰ ਦੀ ਗੱਲ ਨਾ ਸਮਝ ਸਕਿਆ। ਇਹ ਇਸ ਹਾਦਸੇ ਦਾ ਮੁੱਖ ਕਾਰਨ ਰਿਹਾ।
ਜਾਂਚ ਕਮੇਟੀ ਨੇ ਆਪਣੀ ਰਿਪੋਰਟ ਵਿੱਚ ਇਹ ਵੀ ਸਲਾਹ ਦਿੱਤੀ ਸੀ ਕਿ ਏਅਰਪੋਰਟ ਅਥਾਰਿਟੀ ਨੂੰ ਇਹ ਪੱਕਾ ਕਰਨਾ ਚਾਹੀਦਾ ਹੈ ਕਿ ਸਿਰਫ਼ ਅੰਗ੍ਰੇਜ਼ੀ ਬੋਲਣ ਅਤੇ ਸਮਝਣ ਵਾਲੇ ਏਅਰਲਾਈਨਜ਼ ਕਰੂ ਨੂੰ ਹੀ ਲੈਂਡ ਕਰਨ ਦੀ ਇਜਾਜ਼ਤ ਮਿਲਣੀ ਚਾਹੀਦੀ ਹੈ।
ਕੀ ਕਹਿੰਦੀ ਹੈ ਨਾਸਾ ਦੀ ਰਿਪੋਰਟ?
ਅਮਰੀਕੀ ਸਪੇਸ ਏਜੰਸੀ ਨਾਸਾ ਦੇ ਇਸ ਮੁੱਦੇ 'ਤੇ ਸਾਲ 1981 ਵਿੱਚ ਇੱਕ ਰਿਪੋਰਟ ਪੇਸ਼ ਕੀਤੀ ਸੀ।
ਇਸ ਰਿਪੋਰਟ ਵਿੱਚ ਨਾਸਾ ਦੇ ਏਵੀਏਸ਼ਨ ਸੇਫਟੀ ਰਿਪੋਰਟ ਸਿਸਟਮ ਵਿੱਚ ਪੰਜ ਸਾਲ ਦੇ ਅੰਦਰ ਹਵਾਈ ਯਾਤਰਾਵਾਂ ਵਿੱਚ ਗੜਬੜੀਆਂ ਦੇ 28 ਹਜ਼ਾਰ ਮਾਮਲੇ ਦਰਜ ਕਰਵਾਏ ਗਏ।

ਤਸਵੀਰ ਸਰੋਤ, Getty Images
ਨਾਸਾ ਨੇ ਇਨ੍ਹਾਂ ਮਾਮਲਿਆਂ ਦਾ ਅਧਿਐਨ ਕਰਕੇ ਪਾਇਆ ਕਿ 28000 ਮਾਮਲਿਆਂ ਵਿੱਚੋਂ 70 ਫ਼ੀਸਦ ਮਾਮਲਿਆਂ ਵਿੱਚ ਗੜਬੜੀਆਂ ਲਈ ਜਾਣਕਾਰੀ ਪਹੰਚਾਉਣ ਵਿੱਚ ਕਮੀਆਂ ਜ਼ਿੰਮੇਦਾਰ ਸੀ।
ਜਹਾਜ਼ ਅਤੇ ਕੰਟਰੋਲਰ ਵਿਚਾਲੇ ਗੱਲਬਾਤ ਵਿੱਚ ਕਈ ਵਾਰ ਇਹ ਦੇਖਿਆ ਗਿਆ ਹੈ ਕਿ ਦੋਵਾਂ ਵਿੱਚੋਂ ਇੱਕ ਜਾਂ ਦੋਵੇਂ ਪੱਖ ਖੇਤਰੀ ਭਾਸ਼ਾ ਵਿੱਚ ਬੋਲਣਾ ਸ਼ੁਰੂ ਕਰ ਦਿੰਦੇ ਹਨ।
ਜਿਵੇਂ ਕਿ ਉਚਾਰਣ ਵਿੱਚ ਖ਼ਰਾਬੀ ਕਰਕੇ ਅੰਗ੍ਰੇਜ਼ੀ ਭਾਸ਼ਾ ਦੇ 'Two' ਸ਼ਬਦ ਨੂੰ 'To' ਸਮਝ ਲਿਆ ਜਾਂਦਾ ਹੈ।
ਅਜਿਹੇ ਵਿੱਚ ਅੰਗ੍ਰੇਜ਼ੀ ਬੋਲਣ ਵਾਲੇ ਪਾਇਲਟ ਜਾਂ ਕੰਟਰੋਲਰ ਨੂੰ ਆਪਣੀ ਗੱਲ ਪਹੁੰਚਾਉਣ ਵਿੱਚ ਦਿੱਕਤ ਹੁੰਦੀ ਹੈ
ਕੀ ਹੈ ਇਸ ਸਮੱਸਿਆ ਦਾ ਹੱਲ?
ਜਾਣਕਾਰੀ ਇੱਕ ਦੂਜੇ ਤੱਕ ਪਹੁੰਚਾਉਣ ਵਿੱਚ ਭਾਸ਼ਾ ਦੀ ਦਿੱਕਤ ਨੂੰ ਦੂਰ ਕਰਨ ਲਈ ਕਮਰਸ਼ੀਅਲ ਫਲਾਈਟ ਦੇ ਪਾਇਲਟਾਂ ਲਈ ਅੰਗ੍ਰੇਜ਼ੀ ਭਾਸ਼ਾ ਦੀ ਪ੍ਰੀਖਿਆ ਦੇਣੀ ਹੁੰਦੀ ਹੈ।

ਤਸਵੀਰ ਸਰੋਤ, Getty Images
ਕਮਰਸ਼ੀਅਲ ਫਲਾਈਟ ਉਡਾਉਣ ਵਾਲੇ ਇੱਕ ਪਾਇਲਟ ਨੇ ਨਾਮ ਨਾ ਦੱਸੇ ਜਾਣ ਦੀ ਸ਼ਰਤ 'ਤੇ ਦੱਸਿਆ, ''ਕਮਰਸ਼ੀਅਲ ਲਾਈਸੈਂਸ ਲਈ ਰੇਡੀਓ ਟੈਲੀਫੋਨੀਕ ਟੈਸਟ ਦੇਣਾ ਹੁੰਦਾ ਹੈ। ਇਸ ਵਿੱਚ ਏਵੀਏਸ਼ਨ ਖੇਤਰ ਦੇ ਮਾਨਕਾਂ ਦੇ ਆਧਾਰ 'ਤੇ ਅੰਗ੍ਰੇਜ਼ੀ ਦੀ ਪ੍ਰੀਖਿਆ ਹੁੰਦੀ ਹੈ।
''ਡੀਜੀਸੀਏ ਵੱਲੋਂ ਇਸ ਟੈਸਟ ਨੂੰ ਲਿਆ ਜਾਂਦਾ ਹੈ। ਭਾਰਤ ਦੀ ਗੱਲ ਕੀਤੀ ਜਾਵੇ ਤਾਂ ਇੱਥੇ ਇਹ ਟੈਸਟ ਸਭ ਤੋਂ ਔਖੇ ਤਰੀਕੇ ਨਾਲ ਹੁੰਦਾ ਹੈ।''












