ਨੇਪਾਲ : ਪ੍ਰੱਤਖਦਰਸ਼ੀਆਂ ਦੀ ਜ਼ਬਾਨੀ ਹਵਾਈ ਹਾਦਸੇ ਦੀ ਕਹਾਣੀ

ਤਸਵੀਰ ਸਰੋਤ, BISHNU SAPKOTA/BBC
ਨੇਪਾਲ 'ਚ ਹੋਏ ਹਵਾਈ ਹਾਦਸੇ ਤੇ ਪੀੜਤਾਂ ਤੇ ਚਸ਼ਮਦੀਦਾਂ ਨੇ ਇਸ ਘਟਨਾ ਦੀ ਕਹਾਣੀ ਬਿਆਨ ਕੀਤੀ ਹੈ।
ਕਾਠਮੰਡੂ ਦੇ ਤ੍ਰਿਭੁਵਨ ਕੌਮਾਂਤਰੀ ਹਵਾਈ ਅੱਡੇ 'ਤੇ ਬੰਗਲਾਦੇਸ਼ ਦੀ ਏਅਰਲਾਈਨਜ਼ ਦਾ ਜਹਾਜ਼ 71 ਮੁਸਾਫ਼ਰਾਂ ਅਤੇ ਜਹਾਜ਼ ਦੇ ਮੈਂਬਰਾਂ ਨੂੰ ਲੈ ਕੇ ਜਾ ਰਿਹਾ ਸੀ।
ਗਵਾਹਾਂ ਨੇ ਕਿਹਾ ਕਿ ਇੱਕ ਉੱਚੀ ਆਵਾਜ਼ ਆਈ ਅਤੇ ਜਹਾਜ਼ ਹਿੱਲ ਗਿਆ। ਅੰਦਰ ਬੈਠੇ ਲੋਕ ਰੋਏ ਅਤੇ ਉਨ੍ਹਾਂ ਨੇ ਰੌਲਾ ਪਾਇਆ।
ਜਹਾਜ਼ ਦੇ ਹਾਦਸਾਗ੍ਰਸਤ ਹੋਣ ਦਾ ਕਾਰਨ ਹਾਲੇ ਪਤਾ ਨਹੀਂ ਚੱਲਿਆ ਅਤੇ ਇਸ ਬਾਬਤ ਪੜਤਾਲ ਜਾਰੀ ਹੈ।
'ਬਾਹਰ ਆਉਣ ਦੀ ਕੋਸ਼ਿਸ਼ ਕੀਤੀ ਪਰ...'
ਇੱਕ ਪੀੜਤ ਨੇ ਜਹਾਜ਼ ਨੂੰ ਲੱਗੀ ਅੱਗ ਨੂੰ ਯਾਦ ਕੀਤਾ, ਪਰ ਉਸ ਨੂੰ ਇਹ ਨਹੀਂ ਯਾਦ ਕਿ ਉਹ ਜਹਾਜ਼ ਤੋਂ ਬਾਹਰ ਕਿਵੇਂ ਨਿਕਲਿਆ।
ਕੇਸ਼ਵ ਪਾਂਡੇ ਨੇ ਬੀਬੀਸੀ ਦੀ ਨੇਪਾਲੀ ਸੇਵਾ ਨੂੰ ਦੱਸਿਆ, ''ਮੈਂ ਜਹਾਜ਼ ਦੇ ਹਾਦਸੇ ਦਾ ਸ਼ਿਕਾਰ ਹੋਣ ਤੋਂ ਬਾਅਦ ਉਸ ਨੂੰ ਲੱਗੀ ਅੱਗ ਨੂੰ ਦੇਖ ਕੇ ਉਸ 'ਚੋਂ ਬਾਹਰ ਆਉਣ ਦੀ ਕੋਸ਼ਿਸ਼ ਕੀਤੀ, ਪਰ ਮੈਂ ਆ ਨਹੀਂ ਸਕਿਆ ਅਤੇ ਮੇਰੇ ਹੱਥ ਤੇ ਪੈਰ ਦੋਵੇਂ ਫਸੇ ਹੋਏ ਸਨ।''
''ਮੈਂ ਐਮਰਜੈਂਸੀ ਦਰਵਾਜੇ ਦੇ ਕੋਲ ਵਾਲੀ ਸੀਟ 'ਤੇ ਬੈਠਾ ਸੀ, ਹੋ ਸਕਦਾ ਹੈ ਕਿ ਸੁਰੱਖਿਆ ਦਸਤੇ ਦੇ ਆਉਣ 'ਤੇ ਬਾਹਰ ਡਿੱਗ ਗਿਆ ਹੋਵਾਂ ਤੇ ਉਨ੍ਹਾਂ ਦਰਵਾਜ਼ਾ ਖੋਲ੍ਹ ਦਿੱਤਾ। ਉਸ ਤੋਂ ਬਾਅਦ ਮੈਨੂੰ ਕੁਝ ਯਾਦ ਨਹੀਂ''
'ਬਹੁਤ ਅੱਗ ਸੀ ਅਤੇ ਧੂਆਂ ਜਹਾਜ਼ ਦੇ ਅੰਦਰ'
29 ਸਾਲ ਦੀ ਇੱਕ ਸਕੂਲੀ ਅਧਿਆਪਕ ਸ਼ਰੀਨ ਅਹਿਮਦ ਨੇ ਬੀਬੀਸੀ ਦੀ ਨੇਪਾਲੀ ਸੇਵਾ ਨਾਲ ਗੱਲ ਕਰਦਿਆਂ ਕਿਹਾ, ''ਬਾਹਰ ਬਹੁਤ ਅੱਗ ਸੀ ਅਤੇ ਧੂਆਂ ਜਹਾਜ਼ ਦੇ ਅੰਦਰ ਸੀ, ਤੇ ਫਿਰ ਇੱਕ ਧਮਾਕਾ ਹੋਇਆ।''
''ਅੱਗ ਬੁਝਾ ਦਿੱਤੀ ਗਈ ਸੀ ਅਤੇ ਸਾਨੂੰ ਬਚਾ ਲਿਆ ਗਿਆ।''

ਤਸਵੀਰ ਸਰੋਤ, EPA
ਹਸਪਤਾਲ ਵਿੱਚ ਜ਼ੇਰੇ ਇਲਾਜ ਬਸੰਤਾ ਬੋਹਰਾ ਨੇ ਪੱਤਰਕਾਰਾਂ ਨੂੰ ਦੱਸਿਆ, ''ਅਚਾਨਕ ਜਹਾਜ਼ ਹਿੱਲਣ ਲੱਗਿਆ ਤੇ ਉੱਚੀ ਜਿਹੀ ਆਵਾਜ਼ ਆਈ। ਮੈਂ ਖਿੜਕੀ ਵਾਲੀ ਸੀਟ 'ਤੇ ਬੈਠਾ ਸੀ ਅਤੇ ਬਾਹਰ ਨਿਕਲਣ 'ਚ ਸਫਲ ਹੋਇਆ।''
22 ਸਾਲ ਦੇ ਸਨਮ ਸ਼ਾਕਿਆ ਨੇ ਖ਼ਬਰ ਏਜੰਸੀ ਏਐਫਪੀ ਨੂੰ ਦੱਸਿਆ, ''ਜਹਾਜ਼ ਉੱਤੇ ਥੱਲੇ ਅਤੇ ਸੱਜੇ ਖੱਬੇ ਜਾ ਰਿਹਾ ਸੀ, ਮੈਨੂੰ ਲੱਗਿਆ ਸ਼ਾਇਦ ਇਹ ਏਅਰ ਟ੍ਰੈਫਿਕ ਹੈ।''
''ਪਰ ਜਦੋਂ ਜ਼ੋਰਦਾਰ ਤਰੀਕੇ ਨਾਲ ਜਹਾਜ਼ ਉੱਤਰਿਆ ਤਾਂ ਮੈਨੂੰ ਪਤਾ ਲੱਗਿਆ ਕਿ ਇਸ ਵਿੱਚ ਕੋਈ ਖ਼ਰਾਬੀ ਹੈ।''
ਸ਼ਰਧਾ ਗਿਰੀ ਆਪਣੀ ਧੀ ਦੇ ਨਾਲ ਦੂਜੇ ਰਨ ਵੇਅ ਤੋਂ ਜਹਾਜ਼ ਵਿੱਚ ਬੈਠੀ ਸੀ ਅਤੇ ਉਨ੍ਹਾਂ ਬੀਬੀਸੀ ਨੂੰ ਦੱਸਿਆ, ''ਉੱਥੇ ਬਹੁਤ ਸ਼ੋਰ ਸ਼ਰਾਬਾ ਸੀ, ਬਹੁਤ ਸਾਰੇ ਸੁਰੱਖਿਆ ਗਾਰਡ ਉਸ ਪਾਸੇ ਜਾ ਰਹੇ ਸਨ, ਕਈ ਐਂਬੂਲੈਂਸ ਗੱਡੀਆਂ ਅਤੇ ਅੱਗ ਬੁਝਾਓ ਦਸਤੇ ਉਸ ਥਾਂ ਵੱਲ ਜਾ ਰਹੇ ਸਨ ਜਿੱਥੇ ਜਹਾਜ਼ ਹਾਦਸਾਗ੍ਰਸਤ ਹੋਇਆ।''

ਤਸਵੀਰ ਸਰੋਤ, Getty Images
''ਇਹ ਸਭ ਸਾਡੀਆਂ ਅੱਖਾਂ ਦੇ ਸਾਹਮਣੇ ਹੋਇਆ। ਮੈਂ ਆਪਣੀ ਧੀ ਨਾਲ ਡਰੀ ਹੋਈ ਸੀ, ਹਰ ਕੋਈ ਹੈਰਾਨ ਸੀ।''
ਫੋਟੋ ਪੱਤਰਕਾਰ ਸਰੋਜ ਬਾਸਨੇਟ ਨੇ ਬੀਬੀਸੀ ਨੂੰ ਦੱਸਿਆ, ''ਜਹਾਜ਼ ਧੂ-ਧੂ ਕਰਕੇ ਸੜ ਰਿਹਾ ਸੀ, ਮੈਂ ਹਾਦਸੇ ਦੇ ਤਕਰੀਬਨ 15 ਮਿੰਟ ਤਕ ਉੱਥੇ ਰਿਹਾ ਅਤੇ ਲੋਕ ਜਹਾਜ਼ ਦੇ ਅੰਦਰ ਰੋ ਰਹੇ ਸਨ।''
ਤ੍ਰਿਭੁਵਨ ਏਅਰਪੋਰਟ ਦੇ ਜਨਰਲ ਮੈਨੇਜਰ ਰਾਜ ਕੁਮਾਰ ਛੇਤਰੀ ਨੇ ਬੀਬੀਸੀ ਨੇਪਾਲੀ ਸੇਵਾ ਨਾਲ ਗੱਲ ਕਰਦਿਆਂ ਕਿਹਾ, ''ਪੀੜਤਾਂ ਦੇ ਰਿਸ਼ਤੇਦਾਰ ਮੰਗਲਵਾਰ ਤੋਂ ਨੇਪਾਲ ਆਉਣਗੇ।''












