International Women’s Day: 8 ਮਾਰਚ ਨੂੰ ਹੀ ਕਿਉਂ ਹੁੰਦਾ ਹੈ ਮਹਿਲਾ ਦਿਵਸ? ਪੜ੍ਹੋ ਇਤਿਹਾਸਕ ਪੱਖ

ਤਸਵੀਰ ਸਰੋਤ, Getty Images
ਅੱਜ ਤੁਸੀਂ ਵੀ ਮਹਿਲਾ ਦਿਵਸ ਮਨਾ ਰਹੇ ਹੋਵੋਗੇ। ਕਈਆਂ ਨੂੰ ਮੈਸੇਜ ਕਰ ਦਿੱਤੇ ਹੋਣਗੇ ਕਈਆਂ ਨੂੰ ਫੋਨ ਵੀ ਕੀਤੇ ਹੋਣਗੇ।
ਸਵਾਲ ਤਾਂ ਇਹ ਹੈ ਕਿ ਮਹਿਲਾ ਦਿਵਸ ਆਖ਼ਰ 8 ਮਾਰਚ ਨੂੰ ਹੀ ਕਿਉਂ ਮਨਾਇਆ ਜਾਂਦਾ ਹੈ ਤੇ ਇਹ ਕਦੋਂ ਤੋਂ ਮਨਾਇਆ ਜਾ ਰਿਹਾ ਹੈ?
ਸਾਲਾਂ ਤੋਂ ਦੁਨੀਆਂ ਭਰ ਵਿੱਚ ਅੱਜ ਦੇ ਦਿਨ ਮਹਿਲਾ ਦਿਵਸ ਮਨਾਇਆ ਜਾਂਦਾ ਹੈ ਪਰ ਇਹ ਸ਼ੁਰੂ ਕਿਵੇਂ ਹੋਇਆ? ਇਹ ਸਵਾਲ ਸ਼ਾਇਦ ਹੀ ਕਿਸੇ ਦੇ ਮਨ ਵਿੱਚ ਉਠਦਾ ਹੋਵੇ।
ਕਦੋਂ ਸ਼ੁਰੂ ਹੋਇਆ ਮਹਿਲਾ ਦਿਵਸ?
ਅਸਲ ਵਿੱਚ ਮਹਿਲਾ ਦਿਵਸ ਇੱਕ ਮਜ਼ਦੂਰ ਅੰਦੋਲਨ ਦੀ ਉਪਜ ਹੈ।
1908 ਵਿੱਚ 15 ਹਜ਼ਾਰ ਔਰਤਾਂ ਨੇ ਨਿਊਯਾਰਕ ਸ਼ਹਿਰ ਵਿੱਚ ਮਾਰਚ ਕੱਢਿਆ ਤੇ ਕੰਮ ਦੇ ਘੰਟੇ ਘਟਾਉਣ ਦੀ ਮੰਗ ਕੀਤੀ।

ਤਸਵੀਰ ਸਰੋਤ, EPA/ANDY RAIN
ਇਸ ਦੇ ਨਾਲ ਹੀ ਉਨ੍ਹਾਂ ਦੀ ਇੱਕ ਮੰਗ ਹੋਰ ਵੀ ਸੀ ਕਿ ਉਨ੍ਹਾਂ ਦੀ ਤਨਖਾਹ ਵਧਾਉਣ ਦੇ ਨਾਲ-ਨਾਲ ਵੋਟ ਪਾਉਣ ਦਾ ਹੱਕ ਵੀ ਦਿੱਤਾ ਜਾਵੇ।
ਇਸ ਤੋਂ ਠੀਕ ਇੱਕ ਸਾਲ ਬਾਅਦ ਅਮਰੀਕਾ ਦੀ ਸੋਸ਼ਲਿਸਟ ਪਾਰਟੀ ਨੇ ਇਸ ਦਿਨ ਨੂੰ ਕੌਮੀ ਮਹਿਲਾ ਦਿਵਸ ਐਲਾਨ ਦਿੱਤਾ।
ਫਿਰ ਕੌਮਾਂਤਰੀ ਕਿਵੇਂ ਬਣਿਆ?
ਇਹ ਵਿੱਚਾਰ ਵੀ ਇੱਕ ਔਰਤ ਦਾ ਹੀ ਸੀ। ਉਨ੍ਹਾਂ ਦਾ ਨਾਮ ਸੀ ਕਲਾਰਾ ਜੇਟਕਿਨ ।
ਉਨ੍ਹਾਂ ਨੇ 1910 ਵਿੱਚ ਕੋਪਨਹੇਗਨ ਵਿੱਚ ਕੰਮਕਾਜੀ ਔਰਤਾਂ ਦੀ ਇੱਕ ਕੌਮਾਂਤਰੀ ਕਾਨਫਰੰਸ ਦੌਰਾਨ ਇਸ ਦਿਨ ਨੂੰ ਵਿਸ਼ਵ ਪੱਧਰ 'ਤੇ ਮਨਾਉਣ ਦਾ ਸੁਝਾਅ ਦਿੱਤਾ।
ਉਸ ਸਮੇਂ ਉੱਥੇ 17 ਦੇਸਾਂ ਦੀਆਂ 100 ਔਰਤਾਂ ਹਾਜ਼ਰ ਸਨ। ਸਾਰੀਆਂ ਨੇ ਇਸ ਮਤੇ ਦੀ ਹਮਾਇਤ ਕੀਤੀ।

ਤਸਵੀਰ ਸਰੋਤ, TOPICAL PRESS AGENCY
ਸਭ ਤੋਂ ਪਹਿਲਾਂ 1911 ਵਿੱਚ ਆਸਟਰੀਆ, ਡੈਨਮਾਰਕ,ਜਰਮਨੀ ਅਤੇ ਸਵਿਟਜ਼ਰਲੈਂਡ ਵਿੱਚ ਕੌਮਾਂਤਰੀ ਮਹਿਲਾ ਦਿਵਸ ਮਨਾਇਆ ਗਿਆ।
ਤਕਨੀਕੀ ਰੂਪ ਵਿੱਚ ਅਸੀਂ 107ਵਾਂ ਕੌਮਾਂਤਰੀ ਮਹਿਲਾ ਦਿਵਸ ਮਨਾ ਰਹੇ ਹਾਂ।
1975 ਵਿੱਚ ਇਸਨੂੰ ਮਾਨਤਾ ਦਿੱਤੀ ਤੇ ਇੱਕ ਥੀਮ ਦੇ ਤੌਰ 'ਤੇ ਮਨਾਉਣਾ ਸ਼ੁਰੂ ਕੀਤਾ।
ਇਕ ਕੜੀ ਤਹਿਤ ਪਹਿਲਾ ਥੀਮ ਸੀ," ਸੈਲੀਬ੍ਰੇਟਿੰਗ ਦਿ ਪਾਸਟ, ਪਲੈਨਿੰਗ ਫ਼ਾਰ ਦਿ ਫਿਊਚਰ।"
ਆਖ਼ਰ 8 ਮਾਰਚ ਹੀ ਕਿਉਂ?
ਅਸਲ ਵਿੱਚ ਕਲਾਰਾ ਜੇਟਕਿਨ ਨੇ ਕੋਈ ਤਰੀਕ ਨਹੀਂ ਸੀ ਪੱਕੀ ਕੀਤੀ।
1917 ਵਿੱਚ ਵਿਸ਼ਵ ਜੰਗ ਦੌਰਾਨ ਰੂਸ ਦੀਆਂ ਔਰਤਾਂ ਨੇ "ਬ੍ਰੈਡ ਐਂਡ ਪੀਸ" (ਖਾਣਾ ਤੇ ਸ਼ਾਂਤੀ) ਦੀ ਮੰਗ ਕੀਤੀ।
ਔਰਤਾਂ ਦੀ ਹੜਤਾਲ ਕਰਕੇ ਸਮਰਾਟ ਨਿਕੋਲਸ ਨੂੰ ਗੱਦੀ ਛੱਡਣੀ ਪਈ ਤੇ ਅੰਤਰਿਮ ਸਰਕਾਰ ਨੇ ਔਰਤਾਂ ਨੂੰ ਮਤਦਾਨ ਦਾ ਹੱਕ ਦਿੱਤਾ।

ਤਸਵੀਰ ਸਰੋਤ, AFP
ਉਸ ਸਮੇਂ ਰੂਸ ਵਿੱਚ ਜੂਲੀਅਨ ਕੈਲੰਡਰ ਵਰਤਿਆ ਜਾਂਦਾ ਸੀ। ਹੜਤਾਲ ਵਾਲੇ ਦਿਨ 23 ਫਰਵਰੀ ਸੀ।
ਗ੍ਰੇਗੋਰੀਅਨ ਕੈਲੰਡਰ ਵਿੱਚ ਇਹ ਦਿਨ 8 ਮਾਰਚ ਸੀ। ਉਸ ਮਗਰੋਂ ਕੌਮਾਂਤਰੀ ਮਹਿਲਾ ਦਿਵਸ ਮਨਾਇਆ ਜਾਣ ਲੱਗਿਆ।
ਕੀ ਕੋਈ ਕੌਮਾਂਤਰੀ ਪੁਰਸ਼ ਦਿਵਸ ਵੀ ਹੈ?
ਬਿਲਕੁਲ ਹੈ, ਇਹ 19 ਨਵੰਬਰ ਨੂੰ ਹੁੰਦਾ ਹੈ। ਇਹ 1990 ਤੋਂ ਮਨਾਇਆ ਜਾ ਰਿਹਾ ਹੈ ਪਰ ਹਾਲੇ ਇਸ ਨੂੰ ਸੰਯੁਕਤ ਰਾਸ਼ਟਰ ਦੀ ਪ੍ਰਵਾਨਗੀ ਨਹੀਂ ਮਿਲੀ

ਤਸਵੀਰ ਸਰੋਤ, Getty Images
60 ਤੋਂ ਵੱਧ ਦੇਸ ਪੁਰਸ਼ ਦਿਵਸ ਮਨਾਉਂਦੇ ਹਨ। ਇਸ ਦਾ ਮਕਸਦ ਪੁਰਸ਼ਾਂ ਦੀ ਸਿਹਤ, ਜੈਂਡਰ ਰਿਲੇਸ਼ਨ ਵਧਾਉਣੇ, ਲਿੰਗਕ ਬਰਾਬਰੀ ਨੂੰ ਉਤਸ਼ਾਹਿਤ ਕਰਨਾ ਅਤੇ ਉਸ ਵਿੱਚ ਹਾਂਮੁਖਤਾ ਵਧਾਉਣਾ ਹੈ।
2017 ਵਿੱਚ ਇਸ ਦਾ ਥੀਮ "ਸੈਲੀਬ੍ਰੇਟ ਮੈਨ ਐਂਡ ਬੁਆਇਜ਼" ਸੀ।
ਦੁਨੀਆਂ ਮਹਿਲਾ ਦਿਵਸ ਕਿਵੇਂ ਮਨਾਉਂਦੀ ਹੈ?
ਕਈ ਦੇਸਾਂ ਵਿੱਚ ਇਸ ਦਿਨ ਕੌਮੀ ਛੁੱਟੀ ਦਾ ਐਲਾਨ ਕੀਤਾ ਜਾਂਦਾ ਹੈ।
ਰੂਸ ਅਤੇ ਕਈ ਹੋਰ ਦੇਸਾਂ ਵਿੱਚ ਇਸ ਦਿਨ ਫੁੱਲਾਂ ਦੀ ਕੀਮਤ ਵਧ ਜਾਂਦੀ ਹੈ ਕਿਉਂਕਿ ਔਰਤਾਂ ਤੇ ਪੁਰਸ਼ ਇੱਕ ਦੂਜੇ ਨੂੰ ਫੁੱਲ ਦਿੰਦੇ ਹਨ।
ਚੀਨ ਵਿੱਚ ਵਧੇਰੇ ਦਫ਼ਤਰਾਂ ਵਿੱਚ ਅੱਧੇ ਦਿਨ ਦੀ ਛੁੱਟੀ ਕੀਤੀ ਜਾਂਦੀ ਹੈ। ਅ
ਅਮਰੀਕਾ ਵਿੱਚ ਮਾਰਚ ਦਾ ਪੂਰਾ ਮਹੀਨਾ ਹੀ "ਵਿਮੇਨ ਹਿਸਟਰੀ ਮੰਥ" ਵਜੋਂ ਮਨਾਇਆ ਜਾਂਦਾ ਹੈ।
ਇਸ ਸਾਲ ਕੀ ਹੋ ਰਿਹਾ ਹੈ?
ਇਸ ਸਾਲ ਕੌਮਾਂਤਰੀ ਮਹਿਲਾ ਦਿਵਸ 'ਤੇ #EachForEqual ਮੁਹਿੰਮ ਚੁਣੀ ਗਈ ਹੈ। ਇਸ ਮੁਹਿੰਮ ਦੀ ਸੋਚ ਲੋਕਾਂ ਨੂੰ ਇਕੱਠਾ ਕਰਨ ਦੀ ਹੈ ਤਾਂ ਜੋ ਕੋਈ ਬਦਲਾਅ ਆ ਸਕੇ।
ਮੁਹਿੰਮ ਅਨੁਸਾਰ, "ਅਸੀਂ ਇੱਕ ਵੱਡੀ ਪ੍ਰਕਿਰਿਆ ਦਾ ਹਿੱਸਾ ਹਾਂ। ਪਰ ਸਾਡੇ ਕੀਤੇ ਨਿੱਜੀ ਕੰਮ, ਗੱਲਬਾਤ, ਵਤੀਰਾ ਤੇ ਸੋਚ ਸਮਾਜ 'ਤੇ ਡੂੰਘਾ ਅਸਰ ਪਾ ਸਕਦੀ ਹੈ।"
"ਅਸੀਂ ਸਾਂਝੇ ਤੌਰ 'ਤੇ ਕੰਮ ਕਰਕੇ ਬਦਲਾਅ ਲਿਆ ਸਕਦੇ ਹਾਂ ਤੇ ਇਸ ਨਾਲ ਲਿੰਗਕ ਬਰਾਬਰਤਾ ਦਾ ਮਾਹੌਲ ਪੈਦਾ ਕਰ ਸਕਦੇ ਹਾਂ।
ਬੀਤੇ ਕੁਝ ਸਾਲਾਂ ਵਿੱਚ ਔਰਤਾਂ ਲਈ ਮੁਹਿੰਮਾਂ ਵਿੱਚ ਕਾਫੀ ਵਾਧਾ ਹੋਇਆ ਹੈ। 2017 ਵਿੱਚ ਲੱਖਾਂ ਲੋਕਾਂ ਨੇ #MeToo ਦਾ ਸੋਸ਼ਲ ਮੀਡੀਆ 'ਤੇ ਇਸਤੇਮਾਲ ਕਰਨਾ ਸ਼ੁਰੂ ਕਰ ਦਿੱਤਾ ਸੀ। ਉਨ੍ਹਾਂ ਨੇ ਇਸ ਜ਼ਰੀਏ ਸਰੀਰਕ ਸ਼ੋਸ਼ਣ ਖਿਲਾਫ਼ ਆਵਾਜ਼ ਚੁੱਕੀ ਸੀ।
2018 ਵਿੱਚ #MeToo ਬਾਰੇ ਗੱਲਬਾਤ ਕੌਮਾਂਤਰੀ ਪੱਧਰ 'ਤੇ ਹੋਣ ਲੱਗੀ ਸੀ। ਇਸ ਬਦਲਾਅ ਦੀ ਗੱਲਬਾਤ ਵਿੱਚ ਭਾਰਤ, ਫਰਾਂਸ, ਚੀਨ ਅਤੇ ਦੱਖਣੀ ਕੋਰੀਆ ਵਿੱਚ ਹਿੱਸਾ ਲਿਆ ਸੀ। ਅਮਰੀਕਾ ਦੀਆਂ ਮੱਧਵਰਤੀ ਚੋਣਾਂ ਵਿੱਚ ਰਿਕਾਰਡ ਨੰਬਰ ਦੀਆਂ ਔਰਤਾਂ ਚੁਣ ਕੇ ਆਈਆਂ ਸਨ।
ਬੀਤੇ ਸਾਲ ਉੱਤਰੀ ਆਇਰਲੈਂਡ ਵਿੱਚ ਗਰਭਪਾਤ ਨੂੰ ਜੁਰਮ ਮੰਨਣ ਦੇ ਕਾਨੂੰਨ ਨੂੰ ਖ਼ਤਮ ਕਰ ਦਿੱਤਾ ਸੀ। ਸੂਡਾਨ ਵਿੱਚ ਵੀ ਔਰਤਾਂ ਦੇ ਵਤੀਰੇ ਤੇ ਕੱਪੜੇ ਪਾਉਣ ਨੂੰ ਰੈਗੁਲੇਟ ਕਰਨ ਵਾਲੇ ਕਾਨੂੰਨ ਵੀ ਖ਼ਤਮ ਕਰ ਦਿੱਤਾ ਗਿਆ ਸੀ।












