ਸ੍ਰੀ ਲੰਕਾ ’ਚ ਕਿਉਂ ਲੱਗੀ ਐਮਰਜੈਂਸੀ ਤੇ ਕੀ ਹੈ ਫ਼ਿਰਕਾਪ੍ਰਸਤੀ ਦਾ ਇਤਿਹਾਸ?

ਮੁਸਲਮਾਨ ਵਿਰੋਧੀ ਦੰਗਿਆਂ ਤੋਂ ਬਾਅਦ ਸ੍ਰੀ ਲੰਕਾ ਵਿੱਚ ਅੱਜ ਐਮਰਜੈਂਸੀ ਲੱਗ ਗਈ ਹੈ।

ਨਿਊਜ਼ ਏਜੰਸੀ ਏਐੱਫਪੀ ਮੁਤਾਬਕ ਇਨ੍ਹਾਂ ਦੰਗਿਆਂ ਵਿੱਚ ਦੋ ਲੋਕਾਂ ਦੀ ਮੌਤ ਹੋ ਗਈ ਸੀ ਅਤੇ ਕਈ ਮਸਜਿਦਾਂ ਬਰਬਾਦ ਕਰ ਦਿੱਤੀਆਂ ਗਈਆਂ ਸਨ। ਇਹ ਐਮਰਜੈਂਸੀ ਇਨ੍ਹਾਂ ਦੰਗਿਆਂ ਨੂੰ ਦਬਾਉਣ ਲਈ ਲਗਾਈ ਗਈ ਹੈ।

ਕੈਂਡੀ ਸ਼ਹਿਰ ਦੇ ਕੁੱਝ ਇਲਾਕਿਆਂ ਵਿੱਚ ਕਰਫ਼ਿਊ ਲਗਾ ਦਿੱਤਾ ਗਿਆ ਹੈ।

ਕੈਂਡੀ ਤੋਂ ਆ ਰਹੀਆਂ ਰਿਪੋਰਟਾਂ ਮੁਤਾਬਕ ਬੋਧ ਧਰਮ ਨੂੰ ਮੰਨਣ ਵਾਲੇ ਸਿੰਹਾਲਾ ਲੋਕਾਂ ਨੇ ਮੁਸਲਮਾਨਾਂ ਦੀਆਂ ਦੁਕਾਨਾਂ ਉੱਤੇ ਹਮਲੇ ਕੀਤੇ ਅਤੇ ਉਨ੍ਹਾਂ ਨੂੰ ਅੱਗ ਲਾ ਦਿੱਤੀ।

ਇੱਕ ਸੜੀ ਹੋਈ ਇਮਾਰਤ ਵਿੱਚੋਂ ਇੱਕ ਮੁਸਲਮਾਨ ਵਿਅਕਤੀ ਦੀ ਲਾਸ਼ ਬਰਾਮਦ ਹੋਣ ਤੋਂ ਬਾਅਦ ਸ੍ਰੀ ਲੰਕਾ ਵਿੱਚ ਪੁਲਿਸ ਨੂੰ ਬਦਲੇ ਦੀ ਕਾਰਵਾਈ ਦਾ ਸ਼ੱਕ ਹੈ।

ਕੁਝ ਹਫ਼ਤੇ ਪਹਿਲਾਂ ਟਰੈਫ਼ਿਕ ਲਾਈਟਾਂ ਉੱਤੇ ਹੋਏ ਝਗੜੇ ਤੋਂ ਬਾਅਦ ਕੁਝ ਮੁਸਲਮਾਨਾਂ ਨੇ ਇੱਕ ਬੋਧੀ ਨੌਜਵਾਨ ਦੀ ਕੁੱਟ ਮਾਰ ਕੀਤੀ ਸੀ ਅਤੇ ਉਸੇ ਦਿਨ ਤੋਂ ਉੱਥੇ ਤਣਾਅ ਬਣਿਆ ਹੋਇਆ ਹੈ।

ਪਿਛਲੇ ਹਫ਼ਤੇ ਹੀ ਸ੍ਰੀ ਲੰਕਾ ਦੇ ਪੂਰਬੀ ਸ਼ਹਿਰ ਅੰਪਾਰਾ ਵਿੱਚ ਮੁਸਲਮਾਨ ਵਿਰੋਧੀ ਹਿੰਸਾ ਹੋਈ ਸੀ।

ਫ਼ਿਰਕਾਪ੍ਰਸਤੀ ਦਾ ਇਤਿਹਾਸ

ਸ੍ਰੀ ਲੰਕਾ ਵਿੱਚ ਸਾਲ 2012 ਤੋਂ ਹੀ ਫ਼ਿਰਕਾਪ੍ਰਸਤੀ ਵਾਲੇ ਤਣਾਅ ਦੀ ਹਾਲਤ ਬਣੀ ਹੋਈ ਹੈ। ਕਿਹਾ ਜਾਂਦਾ ਹੈ ਕਿ ਇੱਕ ਕੱਟੜਪੰਥੀ ਬੋਧੀ ਸੰਗਠਨ (ਬੀਬੀਐੱਸ) ਇਸ ਤਣਾਅ ਨੂੰ ਹਵਾ ਦਿੰਦਾ ਰਹਿੰਦਾ ਹੈ।

ਕੁਝ ਕੱਟੜਪੰਥੀ ਬੋਧੀ ਸਮੂਹਾਂ ਨੇ ਮੁਸਲਮਾਨਾਂ ਉੱਤੇ ਜਬਰਨ ਧਰਮ ਤਬਦੀਲੀ ਕਰਾਉਣ ਅਤੇ ਬੋਧੀ ਮਠਾਂ ਨੂੰ ਨੁਕਸਾਨ ਪਹੁੰਚਾਉਣ ਦਾ ਇਲਜ਼ਾਮ ਲਗਾਇਆ ਹੈ।

ਪਿਛਲੇ ਦੋ ਮਹੀਨਿਆਂ ਦੇ ਅੰਦਰ ਗਾਲ ਵਿੱਚ ਮੁਸਲਮਾਨਾਂ ਦੀ ਮਲਕੀਅਤ ਵਾਲੀਆਂ ਕੰਪਨੀਆਂ ਅਤੇ ਮਸਜਿਦਾਂ ਉੱਤੇ ਹਮਲੇ ਦੀਆਂ 20 ਤੋਂ ਵੱਧ ਘਟਨਾਵਾਂ ਹੋ ਚੁੱਕੀਆਂ ਹਨ।

ਸਾਲ 2014 ਵਿੱਚ ਕੱਟੜਪੰਥੀ ਬੋਧੀ ਗੁੱਟਾਂ ਨੇ ਤਿੰਨ ਮੁਸਲਮਾਨਾਂ ਨੂੰ ਮਾਰ ਦਿੱਤਾ ਸੀ ਜਿਸ ਤੋਂ ਬਾਅਦ ਗਾਲ ਵਿੱਚ ਦੰਗੇ ਭੜਕ ਗਏ।

ਸਾਲ 2013 ਵਿੱਚ ਕੋਲੰਬੋ ਵਿੱਚ ਬੋਧੀ ਆਗੂਆਂ ਦੀ ਅਗਵਾਈ ਹੇਠ ਇੱਕ ਭੀੜ ਨੇ ਕੱਪੜਿਆਂ ਦੇ ਇੱਕ ਸਟੋਰ ਉੱਤੇ ਹਮਲਾ ਕਰ ਦਿੱਤਾ ਸੀ।

ਕੱਪੜੇ ਦੀ ਇਹ ਦੁਕਾਨ ਇੱਕ ਮੁਸਲਮਾਨ ਦੀ ਸੀ ਅਤੇ ਹਮਲੇ ਵਿੱਚ ਘੱਟ ਤੋਂ ਘੱਟ ਸੱਤ ਲੋਕ ਜ਼ਖ਼ਮੀ ਹੋ ਗਏ ਸਨ।

ਸ੍ਰੀ ਲੰਕਾ ਦੀ ਆਬਾਦੀ ਦੋ ਕਰੋੜ ਦਸ ਲੱਖ ਦੇ ਕਰੀਬ ਹੈ ਅਤੇ ਇਸ ਵਿੱਚ 70 ਫ਼ੀਸਦੀ ਬੋਧੀ ਹਨ ਅਤੇ 9 ਫ਼ੀਸਦੀ ਮੁਸਲਮਾਨ।

ਸਾਲ 2009 ਵਿੱਚ ਫ਼ੌਜ ਦੇ ਹੱਥੋਂ ਤਾਮਿਲ ਵਿਦਰੋਹੀਆਂ ਦੀ ਹਾਰ ਤੋਂ ਬਾਅਦ ਸ੍ਰੀ ਲੰਕਾ ਦਾ ਮੁਸਲਮਾਨ ਭਾਈਚਾਰਾ ਇੱਕ ਤਰ੍ਹਾਂ ਨਾਲ ਸਿਆਸੀ ਗਲਿਆਰਿਆਂ ਤੋਂ ਦੂਰ ਰਿਹਾ ਹੈ।

ਪਿਛਲੇ ਸਾਲਾਂ ਵਿੱਚ ਮੁਸਲਮਾਨ ਭਾਈਚਾਰੇ ਦੇ ਖ਼ਿਲਾਫ਼ ਧਰਮ ਦੇ ਨਾਮ ਉੱਤੇ ਹਿੰਸਾ ਦੀਆਂ ਘਟਨਾਵਾਂ ਵਧੀਆਂ ਹਨ। ਇਸ ਹਿੰਸਾ ਲਈ ਬੋਧੀ ਗੁਰੂਆਂ ਨੂੰ ਜ਼ਿੰਮੇਵਾਰ ਠਹਿਰਾਇਆ ਜਾਂਦਾ ਹੈ।

ਬੋਧੀਆਂ ਦੇ ਨਿਸ਼ਾਨੇ ਉੱਤੇ ਮੁਸਲਮਾਨ ਕਿਉਂ?

ਬੋਧੀ ਧਰਮ ਨੂੰ ਦੁਨੀਆ ਵਿੱਚ ਸ਼ਾਂਤੀ ਅਤੇ ਅਹਿੰਸਾ ਦੇ ਪ੍ਰਤੀਕ ਦੇ ਤੌਰ ਉੱਤੇ ਵੇਖਿਆ ਜਾਂਦਾ ਹੈ। ਅਹਿੰਸਾ ਦੇ ਪ੍ਰਤੀ ਬੋਧੀ ਮਾਨਤਾ ਉਸ ਨੂੰ ਹੋਰ ਧਰਮਾਂ ਤੋਂ ਵੱਖ ਕਰਦੀ ਹੈ।

ਫਿਰ ਸਵਾਲ ਉੱਠਦਾ ਹੈ ਕਿ ਮੁਸਲਮਾਨਾਂ ਦੇ ਖ਼ਿਲਾਫ਼ ਬੋਧੀ ਹਿੰਸਾ ਦਾ ਸਹਾਰਾ ਕਿਉਂ ਲੈ ਰਹੇ ਹਨ।

ਸ੍ਰੀ ਲੰਕਾ ਵਿੱਚ ਮੁਸਲਮਾਨਾਂ ਦਾ ਇਸਲਾਮ ਪਰੰਪਰਾ ਦੇ ਤਹਿਤ ਮਾਸ ਖਾਣਾ ਜਾਂ ਪਾਲਤੂ ਪਸ਼ੂਆਂ ਨੂੰ ਮਾਰਨਾ ਬੋਧੀ ਭਾਈਚਾਰੇ ਲਈ ਇੱਕ ਵਿਵਾਦ ਦਾ ਮੁੱਦਾ ਰਿਹਾ ਹੈ।

ਸ੍ਰੀ ਲੰਕਾ ਵਿੱਚ ਕੱਟੜਪੰਥੀ ਬੋਧੀਆਂ ਨੇ ਇੱਕ ਬੋਡੁ ਬਲਾ ਸੈਨਾ ਵੀ ਬਣਾਈ ਹੈ ਜੋ ਸਿੰਹਲੀ ਬੋਧੀਆਂ ਦਾ ਰਾਸ਼ਟਰਵਾਦੀ ਸੰਗਠਨ ਹੈ। ਇਹ ਸੰਗਠਨ ਮੁਸਲਮਾਨਾਂ ਖ਼ਿਲਾਫ਼ ਮਾਰਚ ਕੱਢਦਾ ਹੈ।

ਉਨ੍ਹਾਂ ਖ਼ਿਲਾਫ਼ ਸਿੱਧੀ ਕਾਰਵਾਈ ਦੀ ਗੱਲ ਕਰਦਾ ਹੈ ਅਤੇ ਮੁਸਲਮਾਨਾਂ ਵੱਲੋਂ ਚਲਾਏ ਜਾ ਰਹੇ ਕੰਮਾਂ-ਕਾਜਾਂ ਦੇ ਬਾਈਕਾਟ ਦੀ ਵਕਾਲਤ ਕਰਦਾ ਹੈ।

ਇਸ ਸੰਗਠਨ ਨੂੰ ਮੁਸਲਮਾਨਾਂ ਦੀ ਵਧਦੀ ਆਬਾਦੀ ਤੋਂ ਵੀ ਸ਼ਿਕਾਇਤ ਹੈ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)