You’re viewing a text-only version of this website that uses less data. View the main version of the website including all images and videos.
‘ਟੁੱਟੇ ਸ਼ੀਸ਼ਿਆਂ ਦਾ ਗੁੱਸਾ ਹਰਮਨਪ੍ਰੀਤ ਨੂੰ ਵੇਖ ਉਤਰ ਜਾਂਦਾ’
- ਲੇਖਕ, ਅਰਵਿੰਦ ਛਾਬੜਾ
- ਰੋਲ, ਬੀਬੀਸੀ ਪੱਤਰਕਾਰ
ਪੰਜਾਬ ਦੇ ਮੋਗਾ ਜ਼ਿਲ੍ਹੇ ਦੀ ਜੰਮਪਲ ਭਾਰਤੀ ਮਹਿਲਾ ਕ੍ਰਿਕਟ ਟੀਮ ਦੀ ਖਿਡਾਰਣ ਹਰਮਨਪ੍ਰੀਤ ਕੌਰ ਜਦੋਂ ਸ਼ਾਟਸ ਲਾਉਂਦੀ ਸੀ ਤਾਂ ਕਈ ਘਰਾਂ ਦੇ ਸ਼ੀਸ਼ੇ ਟੁੱਟ ਜਾਂਦੇ ਸੀ।
ਹਰਮਨਪ੍ਰੀਤ ਦੇ ਕੋਚ ਅਨੁਸਾਰ, "ਜਦੋਂ ਹਰਮਨਪ੍ਰੀਤ ਪਹਿਲੀ ਵਾਰ ਅਕੈਡਮੀ 'ਚ ਆਈ ਤਾਂ ਟੂਰਨਾਮੈਂਟ ਦੌਰਾਨ ਇਸ ਤਰ੍ਹਾਂ ਦੇ ਸ਼ਾਟ ਮਾਰੇ ਕਿ ਲੋਕਾਂ ਦੇ ਘਰਾਂ ਦੇ ਸ਼ੀਸ਼ੇ ਟੁੱਟ ਗਏ।''
ਉਨ੍ਹਾਂ ਕਿਹਾ ਕਿ ਪਹਿਲਾਂ ਤਾਂ ਲੋਕ ਗ਼ੁੱਸੇ ਹੋਏ ਪਰ ਬਾਅਦ ਵਿੱਚ ਜਦੋਂ ਉਨ੍ਹਾਂ ਨੂੰ ਪਤਾ ਲੱਗਾ ਕਿ ਇਹ ਸ਼ਾਟ ਇੱਕ ਕੁੜੀ ਨੇ ਮਾਰੇ ਹਨ ਤਾਂ ਉਹ ਕਾਫ਼ੀ ਖ਼ੁਸ਼ ਵੀ ਹੋਏ।
ਕ੍ਰਿਕਟ ਖਿਡਾਰਣ ਹਰਮਨਪ੍ਰੀਤ ਹੁਣ ਪੰਜਾਬ ਪੁਲਿਸ ਵਿੱਚ ਡੀਐੱਸਪੀ ਬਣ ਚੁੱਕੀ ਹੈ।
'ਹਾਰਨ ਵਾਲਿਆਂ ਨੂੰ ਕੋਈ ਨਹੀਂ ਪੁੱਛਦਾ'
ਬੀਬੀਸੀ ਨਾਲ ਗੱਲਬਾਤ ਦੌਰਾਨ ਹਰਮਨਪ੍ਰੀਤ ਨੇ ਕਿਹਾ, "ਮੇਰਾ ਇਹ ਸੁਪਨਾ ਸੀ ਕਿ ਮੈਂ ਪੰਜਾਬ ਪੁਲਿਸ 'ਚ ਭਰਤੀ ਹੋਵਾਂ। ਹੁਣ ਮੈਨੂੰ ਲੱਗ ਰਿਹਾ ਹੈ ਕਿ ਮੇਰਾ ਸੁਫ਼ਨਾ ਪੂਰਾ ਹੋ ਗਿਆ ਹੈ। ਮੈਨੂੰ ਬਹੁਤ ਵਧੀਆ ਲੱਗ ਰਿਹਾ ਹੈ।''
ਕ੍ਰਿਕਟ ਵਿੱਚ ਕੁੜੀਆਂ ਦੀ ਆਮਦ ਬਾਰੇ ਗੱਲ ਕਰਦੇ ਹੋਏ ਹਰਮਨਪ੍ਰੀਤ ਨੇ ਕਿਹਾ, "ਜਦੋਂ ਤੁਸੀਂ ਦੇਸ ਲਈ ਕੁਝ ਕਰਦੇ ਹੋ ਤਾਂ ਲੋਕ ਵੀ ਤੁਹਾਨੂੰ ਮੰਨਦੇ ਹਨ। ਅਸੀਂ ਲਗਾਤਾਰ ਟੂਰਨਾਮੈਂਟ ਜਿੱਤ ਰਹੇ ਹਾਂ।''
"ਹਾਰਨ ਵਾਲਿਆਂ ਨੂੰ ਕੋਈ ਨਹੀਂ ਪੁੱਛਦਾ। ਅਸੀਂ ਆਪਣੀ ਕਾਰਗੁਜ਼ਾਰੀ ਸਦਕਾ ਹੀ ਲੋਕਾਂ ਦੀਆਂ ਨਜ਼ਰਾਂ ਵਿੱਚ ਹਾਂ।"
'ਹੁਣ ਖੇਡ 'ਚ ਭਵਿੱਖ ਸੁਰੱਖਿਅਤ'
ਆਪਣੇ ਵਧੀਆ ਪ੍ਰਦਰਸ਼ਨ ਬਾਰੇ ਬੋਲਦੇ ਹੋਏ ਹਰਮਨਪ੍ਰੀਤ ਨੇ ਕਿਹਾ, "ਮੈਂ ਬਚਪਨ ਤੋਂ ਮੁੰਡਿਆਂ ਨਾਲ ਹੀ ਖੇਡਦੀ ਸੀ। ਮੁੰਡਿਆਂ ਨਾਲ ਖੇਡਣ ਕਾਰਨ ਹੀ ਉਨ੍ਹਾਂ ਦਾ ਸਟਾਈਲ ਵੀ ਆ ਗਿਆ।''
"ਮੈਂ ਬਚਪਨ ਤੋਂ ਤੇਜ਼ ਕ੍ਰਿਕਟ ਖੇਡਦੀ ਸੀ। ਹੁਣ ਤੱਕ ਕੋਚ ਦੇ ਦੇਖਰੇਖ ਵਿੱਚ ਹੀ ਮੈਂ ਹਰ ਮੈਚ ਦੀ ਤਿਆਰੀ ਕੀਤੀ ਹੈ।''
ਕੁੜੀਆਂ ਦੇ ਖੇਡਾਂ ਵਿੱਚ ਆਉਣ ਬਾਰੇ ਹਰਮਨਪ੍ਰੀਤ ਨੇ ਕਿਹਾ, "ਬਹੁਤ ਵਧੀਆ ਲੱਗਦਾ ਹੈ ਕਿ ਹੋਰ ਕੁੜੀਆਂ ਵੀ ਖੇਡਾਂ ਵਿੱਚ ਆ ਰਹੀਆਂ ਹਨ। ਹੁਣ ਮਾਪੇ ਵੀ ਇਸ ਵੱਲ ਧਿਆਨ ਦੇ ਰਹੇ ਹਨ।''
ਹਰਮਨਪ੍ਰੀਤ ਨੇ ਅੱਗੇ ਕਿਹਾ, "ਪਹਿਲਾਂ ਤਾਂ ਇਹ ਸੁਣਨ ਨੂੰ ਮਿਲਦਾ ਸੀ ਕਿ ਕੁੜੀਆਂ ਖੇਡਾਂ ਵਿੱਚ ਕਿਉਂ ਆਉਣ। ਪਹਿਲਾ ਨੌਕਰੀਆਂ ਦੇ ਮੌਕੇ ਵੀ ਘੱਟ ਸੀ ਪਰ ਹੁਣ ਨੌਕਰੀਆਂ ਦੇ ਮੌਕੇ ਵੀ ਹਨ। ਖੇਡਾਂ ਦੇ ਨਾਲ ਤੁਹਾਡਾ ਭਵਿੱਖ ਸੁਰੱਖਿਅਤ ਹੈ।"
'ਹਾਕੀ ਤੇ ਕ੍ਰਿਕਟ ਦੀ ਤੁਲਨਾ ਗਲਤ'
ਹਰਮਨਪ੍ਰੀਤ ਨੇ ਕਿਹਾ ਕਿ ਜਿੰਨੀ ਮਹੱਤਤਾ ਬੀਸੀਸੀਆਈ ਮਰਦਾਂ ਦੇ ਕ੍ਰਿਕਟ ਨੂੰ ਦੇ ਰਿਹਾ ਹੈ ਉੰਨੀ ਮਹੱਤਤਾ ਹੀ ਹੁਣ ਔਰਤਾਂ ਦੀ ਖੇਡ ਨੂੰ ਵੀ ਮਿਲ ਰਹੀ ਹੈ।
ਹਾਕੀ ਅਤੇ ਕ੍ਰਿਕਟ ਦੀ ਤੁਲਨਾ 'ਤੇ ਬੋਲਦੇ ਹੋਏ ਉਨ੍ਹਾਂ ਕਿਹਾ, "ਦੋਵੇਂ ਖੇਡ ਦੇਸ ਲਈ ਅਹਿਮ ਹਨ। ਇਹ ਤੁਹਾਡੇ 'ਤੇ ਹੈ ਕਿ ਤੁਸੀਂ ਕਿਸ ਖੇਡ ਨੂੰ ਤਰਜੀਹ ਦਿੰਦੇ ਹੋ। ਹਾਕੀ ਦੀ ਪੰਜਾਬ ਵਿੱਚ ਵੱਖਰੀ ਮਹੱਤਤਾ ਹੈ ਤੇ ਅਸੀਂ ਇਸ ਦੀ ਕਿਸੇ ਹੋਰ ਖੇਡ ਨਾਲ ਤੁਲਨਾ ਨਹੀਂ ਕਰ ਸਕਦੇ।"
ਬੀਬੀਸੀ ਨਾਲ ਗੱਲਬਾਤ ਦੌਰਾਨ ਉਨ੍ਹਾਂ ਦੇ ਪਿਤਾ ਹਰਮੰਦਰ ਸਿੰਘ ਭੁੱਲਰ ਨੇ ਕਿਹਾ, "ਛੋਟੀ ਹੁੰਦੀ ਹਰਮਨਪ੍ਰੀਤ ਮੇਰੇ ਨਾਲ ਖੇਡਦੀ ਹੁੰਦੀ ਸੀ। ਸਾਰੇ ਮੁੰਡੇ ਹੀ ਹੁੰਦੇ ਸਨ।"
ਉਨ੍ਹਾਂ ਕਿਹਾ, "ਇਕੱਲੀ ਮੇਰੀ ਬੇਟੀ ਨੇ ਹੀ ਨਹੀਂ ਬਲਕਿ ਸਾਰੀ ਟੀਮ ਨੇ ਚੰਗਾ ਪ੍ਰਦਰਸ਼ਨ ਕੀਤਾ ਹੈ। ਹੁਣ ਕਾਫ਼ੀ ਕੁੜੀਆਂ ਖੇਡਾਂ ਵੱਲ ਆਈਆਂ ਹਨ। ਸਾਨੂੰ ਬਹੁਤ ਚੰਗਾ ਲੱਗਦਾ ਹੈ।"
ਬੀਬੀਸੀ ਨਾਲ ਗੱਲ ਕਰਦੇ ਹੋਏ ਪੰਜਾਬ ਪੁਲਿਸ ਡੀਜੀਪੀ ਸੁਰੇਸ਼ ਅਰੋੜਾ ਨੇ ਕਿਹਾ, "ਇਹ ਸਾਡੇ ਲਈ ਇੱਕ ਮਾਣ ਵਾਲੀ ਗੱਲ ਹੈ। ਕ੍ਰਿਕਟ ਇੱਕ ਟੀਮ ਗੇਮ ਹੈ ਤੇ ਪੁਲਿਸ ਵੀ ਟੀਮ ਨਾਲ ਹੀ ਚੱਲਦੀ ਹੈ।"
"ਹਰਮਨਪ੍ਰੀਤ ਦੇ ਆਉਣ ਨਾਲ ਪੰਜਾਬ ਪੁਲਿਸ ਨੂੰ ਫ਼ਾਇਦਾ ਹੋਵੇਗਾ। ਇਸ ਨਾਲ ਨੌਜਵਾਨਾਂ 'ਚ ਵੀ ਚੰਗਾ ਸੰਦੇਸ਼ ਜਾਵੇਗਾ ਅਤੇ ਹੋਰ ਨੌਜਵਾਨ ਵੀ ਖੇਡ ਵੱਲ ਪ੍ਰੇਰਿਤ ਹੋਣਗੇ।"