You’re viewing a text-only version of this website that uses less data. View the main version of the website including all images and videos.
ਪ੍ਰੈਸ ਰੀਵਿਊ: ਲੰਡਨ ਵਿੱਚ 1.3 ਕਰੋੜ ਲੋਕਾਂ ਨੂੰ ਪਾਣੀ ਬਚਾਉਣ ਦੀ ਅਪੀਲ
ਲੰਡਨ ਵਿੱਚ 1.3 ਕਰੋੜ ਲੋਕਾਂ ਨੂੰ ਪਾਣੀ ਬਚਾਉਣ ਦੀ ਹਦਾਇਤ ਦਿੱਤੀ ਗਈ ਹੈ। ਠੰਢੇ ਮੌਸਮ ਕਾਰਨ ਪੂਰੇ ਬ੍ਰਿਟੇਨ ਵਿੱਚ ਪਾਣੀ ਦੀ ਭਾਰੀ ਕਮੀ ਹੋ ਗਈ ਹੈ।
ਦਿ ਡੇਲੀ ਮੇਲ ਅਨੁਸਾਰ ਲੰਡਨ ਦੇ ਸਾਰੇ ਸਕੂਲਾਂ ਨੂੰ ਵੀ ਪਾਣੀ ਦੀ ਘਾਟ ਕਾਰਨ ਬੰਦ ਕਰ ਦਿੱਤਾ ਹੈ। ਪਾਣੀ ਸਪਲਾਈ ਕਰਨ ਦੇ ਅਦਾਰਿਆਂ ਨੇ ਪਾਣੀ ਦੀ ਸਹੀ ਵਰਤੋਂ ਕਰਨ ਦੀ ਅਪੀਲ ਕੀਤੀ ਹੈ।
ਲੋਕਾਂ ਨੂੰ ਨਹਾਉਣ, ਕੱਪੜੇ ਧੌਣ ਅਤੇ ਘਰ ਦੇ ਹੋਰ ਕੰਮਾਂ ਲਈ ਸੋਚ ਸਮਝ ਕੇ ਪਾਣੀ ਦੀ ਵਰਤੋਂ ਕਰਨ ਲਈ ਕਿਹਾ ਗਿਆ ਹੈ। ਪ੍ਰਸ਼ਾਸਨ ਅਨੁਸਾਰ 10 ਹਜ਼ਾਰ ਘਰਾਂ ਵਿੱਚ ਜਾਂ ਤਾਂ ਪਾਣੀ ਨਹੀਂ ਹੈ ਜਾਂ ਪਾਣੀ ਦਾ ਪ੍ਰੈਸ਼ਰ ਬਹੁਤ ਘੱਟ ਹੈ।
ਤਿੱਬਤ ਦੀ ਜਲਾਵਤਨੀ ਸਰਕਾਰ ਨੇ ਦਲਾਈ ਲਾਮਾ ਦੇ ਤਿੱਬਤ ਤੋਂ ਜਲਾਵਤਨ ਹੋਣ ਦੇ 60 ਸਾਲ ਪੂਰੇ ਹੋਣ ਮੌਕੇ ਕੀਤੇ ਜਾ ਰਹੇ ਸਮਾਗਮਾਂ ਨੂੰ ਰੱਦ ਕਰ ਦਿੱਤਾ ਹੈ। ਇਹ ਸਮਾਗਮ ਦਿੱਲੀ ਵਿੱਚ ਹੋਣੇ ਸਨ।
ਇੰਡੀਅਨ ਐਕਸਪ੍ਰੈਸ ਦੀ ਖ਼ਬਰ ਅਨੁਸਾਰ ਕੁਝ ਦਿਨਾਂ ਪਹਿਲਾਂ ਕੇਂਦਰ ਸਰਕਾਰ ਨੇ ਕੇਂਦਰੀ ਅਤੇ ਸੂਬਾ ਪੱਧਰੀ ਆਗੂਆਂ ਤੇ ਅਫ਼ਸਰਾਂ ਨੂੰ ਇਨ੍ਹਾਂ ਸਮਾਗਮਾਂ ਤੋਂ ਦੂਰ ਰਹਿਣ ਦੀ ਹਦਾਇਤ ਦਿੱਤੀ ਸੀ।
ਇਨ੍ਹਾਂ ਸਮਾਗਮਾਂ ਨੂੰ 'ਥੈਂਕ ਯੂ ਇੰਡੀਆ' ਦਾ ਨਾਂ ਦਿੱਤਾ ਗਿਆ ਸੀ ਅਤੇ ਖੁਦ ਦਲਾਈ ਲਾਮਾ ਨੇ ਇਨ੍ਹਾਂ ਸਮਾਗਮਾਂ ਵਿੱਚ ਸ਼ਿਰਕਤ ਕਰਨੀ ਸੀ।
ਸਰਕਾਰ ਦਾ ਕਹਿਣਾ ਹੈ ਕਿ ਇਸ ਵਕਤ ਚੀਨ ਨਾਲ ਭਾਰਤ ਦੇ ਸੰਬੰਧਾਂ ਲਈ ਕਾਫ਼ੀ ਨਾਜ਼ੁਕ ਵਕਤ ਚੱਲ ਰਿਹਾ ਹੈ ਇਸ ਲਈ ਅਜਿਹੇ ਸਮਾਗਮਾਂ ਤੋਂ ਦੂਰ ਰਹਿਣਾ ਚਾਹੀਦਾ ਹੈ।
ਪੰਜਾਬ ਵਿੱਚ ਕਥਿਤ ਤੌਰ 'ਤੇ ਲਗਜ਼ਰੀ ਬੱਸਾਂ ਦੇ ਵਪਾਰ ਤੇ ਏਕਾਅਧਿਕਾਰ ਰੱਖਣ ਵਾਲੇ ਬਾਦਲ ਪਰਿਵਾਰ ਹੁਣ ਹਿਮਾਚਲ ਪ੍ਰਦੇਸ਼ ਵਿੱਚ ਵੀ ਇਸੇ ਵਪਾਰ ਵਿੱਚ ਨਿਤਰ ਆਇਆ ਹੈ।
ਦਿ ਟ੍ਰਿਬਿਊਨ ਵਿੱਚ ਛਪੀ ਖ਼ਬਰ ਅਨੁਸਾਰ ਬਾਦਲ ਪਰਿਵਾਰ ਵੱਲੋਂ ਕਥਿਤ ਤੌਰ 'ਤੇ ਚਲਾਈ ਜਾ ਰਹੀ ਇੰਡੋ ਕੈਨੇਡੀਅਨ ਟ੍ਰਾਂਸਪੋਰਟ ਕੰਪਨੀ ਨੇ ਹਿਮਾਚਲ ਪ੍ਰਦੇਸ਼ ਦੀਆਂ ਕਈ ਕੰਪਨੀਆਂ ਵਿੱਚ ਹਿੱਸੇਦਾਰੀ ਪਾ ਲਈ ਹੈ। ਇਹ ਕੰਪਨੀਆਂ ਦਿੱਲੀ ਤੱਕ ਵੋਲਵੋ ਸਰਵਿਸ ਚਲਾਉਂਦੀਆਂ ਹਨ।
ਮੈਟਰੋ ਈਕੋ ਗ੍ਰੀਨ ਰਿਜ਼ੋਰਟ ਲਿਮਿਟਿਡ ਨੇ ਹਿਮਾਚਲ ਪ੍ਰਦੇਸ਼ ਦੀਆਂ ਕਈ ਕੰਪਨੀਆਂ ਨੂੰ ਖਰੀਦਿਆ ਹੈ।
ਚੋਣ ਕਮਿਸ਼ਨ ਨੂੰ ਦਾਇਰ ਐਫੀਡੇਵਿਟ ਅਨੁਸਾਰ ਇਸ ਕੰਪਨੀ ਵਿੱਚ ਅਕਾਲੀ ਦਲ ਪ੍ਰਧਾਨ ਸੁਖਬੀਰ ਬਾਦਲ ਤੇ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਹਿੱਸੇਦਾਰ ਹਨ।
ਅਖ਼ਬਾਰ ਅਨੁਸਾਰ ਬਾਦਲ ਪਰਿਵਾਰ ਵੱਲੋਂ ਟ੍ਰਾਂਸਪੋਰਟ ਵਪਾਰ ਵਧਣ 'ਤੇ ਹੈਰਾਨੀ ਜ਼ਾਹਿਰ ਕੀਤੀ ਹੈ। ਆਮ ਆਦਮੀ ਪਾਰਟੀ ਵੱਲੋਂ ਨੇ ਕਿਹਾ ਕਿ ਕਾਂਗਰਸ ਸਰਕਾਰ ਵੱਲੋਂ ਟ੍ਰਾਂਸਪੋਰਟ ਮਾਫੀਆ ਤੇ ਨੱਥ ਪਾਉਣ ਦਾ ਵਾਅਦਾ ਕੀਤਾ ਸੀ।
ਹਰਿਆਣਾ ਦੀ ਮਨੂ ਭਾਕਰ ਸ਼ੂਟਿੰਗ ਵਿਸ਼ਵ ਕੱਪ ਵਿੱਚ ਗੋਲਡ ਜਿੱਤਣ ਵਾਲੀ ਸਭ ਤੋਂ ਘੱਟ ਉਮਰ ਦੀ ਭਾਰਤੀ ਕੁੜੀ ਬਣ ਗਈ ਹੈ। ਮਨੂ ਨੇ ਇਹ ਕਾਰਨਾਮਾ ਸਿਰਫ਼ 16 ਸਾਲ ਦੀ ਉਮਰ ਵਿੱਚ ਕਰ ਕੇ ਦਿਖਾਇਆ।
ਦਿ ਟਾਈਮਜ਼ ਆਫ਼ ਇੰਡੀਆ ਵਿੱਚ ਛਪੀ ਖ਼ਬਰ ਅਨੁਸਾਰ ਮਨੂ ਨੇ 10 ਮੀਟਰ ਏਅਰ ਪਿਸਟਲ ਮੁਕਾਬਲੇ ਵਿੱਚ ਤਿੰਨ ਓਲੰਪਿਕ ਮੈਡਲ ਜੇਤੂਆਂ ਨੂੰ ਪਛਾੜ ਕੇ ਗੋਲਡ ਆਪਣੇ ਨਾਂ ਕੀਤਾ।
ਝੱਜਰ ਦੀ ਰਹਿਣ ਵਾਲੀ ਮਨੂ ਭਾਕੇਰ ਨੇ ਸ਼ੂਟਿੰਗ ਸਿਰਫ਼ ਦੋ ਸਾਲ ਪਹਿਲਾਂ ਹੀ ਸ਼ੁਰੂ ਕੀਤੀ ਸੀ। ਮਨੂ ਕਰਾਟੇ ਵਿੱਚ ਵੀ ਕੌਮੀ ਮੈਡਲ ਜਿੱਤ ਚੁੱਕੀ ਹੈ।