ਕੀ ਅਮਰੀਕਾ 'ਚ ਭਾਰਤੀ ਔਰਤਾਂ 'ਤੇ ਭਾਰੀ ਪਵੇਗਾ ਟਰੰਪ ਪ੍ਰਸ਼ਾਸਨ ਦਾ 'ਫ਼ੈਸਲਾ'?

    • ਲੇਖਕ, ਯੋਗਿਤਾ ਲਿਮਾਏ
    • ਰੋਲ, ਬੀਬੀਸੀ ਪੱਤਰਕਾਰ

ਅਮਰੀਕਾ ਵਿੱਚ ਦੂਜੇ ਮੁਲਕਾਂ ਦੇ ਉਨ੍ਹਾਂ ਲੋਕਾਂ ਨੂੰ ਉੱਥੇ ਕੰਮ ਕਰਨ ਦਾ ਅਧਿਕਾਰ ਦਿੱਤਾ ਗਿਆ ਸੀ ਜਿਨ੍ਹਾਂ ਦੇ ਪਤੀ ਜਾਂ ਪਤਨੀ ਪ੍ਰਾਈਮਰੀ ਵੀਜ਼ਾ 'ਤੇ ਅਮਰੀਕਾ ਵਿੱਚ ਕੰਮ ਕਰ ਰਹੇ ਹਨ।

ਪਰ ਹੁਣ ਅਮਰੀਕਾ ਦੇ ਰਾਸ਼ਟਰਪਤੀ ਡੌਨਲਡ ਟਰੰਪ ਓਬਾਮਾ ਪ੍ਰਸ਼ਾਸਨ ਦੇ ਸਾਲ 2015 ਦੇ ਇਸ ਫ਼ੈਸਲੇ ਨੂੰ ਵਾਪਸ ਲੈਣਾ ਚਾਹੁੰਦੇ ਹਨ।

ਜੇਕਰ ਟਰੰਪ ਇਹ ਕਦਮ ਚੁੱਕਦੇ ਹਨ ਤਾਂ ਹਜ਼ਾਰਾਂ ਭਾਰਤੀ ਅਤੇ ਚੀਨੀ ਮਹਿਲਾਵਾਂ ਦੀਆਂ ਨੌਕਰੀਆਂ ਚਲੀਆਂ ਜਾਣਗੀਆਂ।

ਹਾਈਲੀ ਸਕਿੱਲਡ ਵਰਕਰ

ਨੇਹਾ ਮਹਾਜਨ ਦੇ ਬੱਚਿਆਂ ਲਈ ਅਮਰੀਕਾ ਹੀ ਇਨ੍ਹਾਂ ਦਾ ਇਕਲੌਤਾ ਘਰ ਹੈ।

ਤਕਰੀਬਨ ਇੱਕ ਦਹਾਕੇ ਪਹਿਲਾਂ ਨੇਹਾ ਭਾਰਤ ਤੋਂ ਅਮਰੀਕਾ ਆਈ ਸੀ।

ਉਨ੍ਹਾਂ ਦੇ ਪਤੀ ਨੂੰ ਇੱਥੇ ਹਾਈਲੀ ਸਕਿੱਲਡ ਵਰਕਰ ਮਤਲਬ ਹੁਨਰਮੰਦ ਕਾਰੀਗਰ ਦੇ ਤੌਰ 'ਤੇ ਵੀਜ਼ਾ ਮਿਲਿਆ ਹੋਇਆ ਹੈ।

ਪਤਨੀ ਹੋਣ ਕਾਰਨ ਨੇਹਾ ਨੂੰ ਦੋ ਸਾਲ ਪਹਿਲਾਂ ਹੀ ਇਸ ਮੁਲਕ ਵਿੱਚ ਕੰਮ ਕਰਨ ਦਾ ਅਧਿਕਾਰ ਮਿਲਿਆ ਸੀ। ਪਰ ਹੁਣ ਟਰੰਪ ਇਸ ਅਧਿਕਾਰ ਨੂੰ ਖ਼ਤਮ ਕਰਨਾ ਚਾਹੁੰਦੇ ਹਨ।

ਨੇਹਾ ਮਹਾਜਨ ਮੁਤਾਬਕ, "ਮੈਨੂੰ ਅਜਿਹਾ ਲਗਦਾ ਹੈ ਕਿ ਮੈਂ ਫ਼ਿਰ ਇੱਕ ਸੁਨਹਿਰੇ ਪਿੰਜਰੇ ਵਿੱਚ ਚਲੀ ਗਈ ਹਾਂ।"

"ਲਗਦਾ ਹੈ ਜਿਵੇਂ ਉਹ ਮੈਨੂੰ ਦੱਸਣਾ ਚਾਹੁੰਦੇ ਹਨ ਕਿ ਮੇਰੇ ਹੁਨਰ ਤੇ ਕਾਬਲੀਅਤ ਦੀ ਇਸ ਦੁਨੀਆਂ ਵਿੱਚ ਕੋਈ ਕਦਰ ਨਹੀਂ ਹੈ।"

"ਮੈਨੂੰ ਇੱਕ ਸੁਆਣੀ ਬਣ ਕੇ ਹੀ ਰਹਿਣਾ ਹੋਵੇਗਾ ਸਮਾਜ ਦਾ ਇੱਕ ਹਿੱਸਾ ਹੋਣ ਕਾਰਨ ਕੋਈ ਯੋਗਦਾਨ ਨਹੀਂ ਹੈ।"

ਵਿਰੋਧ ਪ੍ਰਦਰਸ਼ਨ ਹੋਏ

ਕੁਝ ਦਿਨ ਪਹਿਲਾਂ ਨੇਹਾ ਸਮੇਤ ਕਈ ਭਾਰਤੀਆਂ ਨੇ ਵਾਸ਼ਿੰਗਟਨ ਵਿੱਚ ਵਿਰੋਧ ਪ੍ਰਦਰਸ਼ਨ ਕੀਤਾ ਸੀ।

ਚੀਨ ਅਤੇ ਭਾਰਤ ਦੀਆਂ ਔਰਤਾਂ 'ਤੇ ਇਸ ਫ਼ੈਸਲੇ ਦਾ ਜ਼ਿਆਦਾ ਅਸਰ ਹੋਵੇਗਾ ਕਿਉਂਕਿ ਇਨ੍ਹਾਂ ਮੁਲਕਾਂ ਤੋਂ ਆਉਣ ਵਾਲੇ ਪਰਵਾਸੀਆਂ ਦੀ ਗਿਣਤੀ ਵੱਧ ਹੈ। ਵਧੇਰੇ ਮਰਦ ਹੀ ਪ੍ਰਾਈਮਰੀ ਵੀਜ਼ਾ ਹੋਲਡਰ ਹਨ।

ਨਿਊਯਾਰਕ ਤੋਂ ਕੁਝ ਦੂਰੀ 'ਤੇ ਵਸੇ ਨਿਊਜਰਸੀ ਵਿੱਚ ਇੱਕ ਛੋਟਾ ਜਿਹਾ ਇਲਾਕਾ ਮਿੰਨੀ ਭਾਰਤ ਵਾਂਗ ਹੈ।

ਇਸ ਸ਼ਹਿਰ ਵਿੱਚ ਪਿਛਲੇ ਕਈ ਦਹਾਕਿਆਂ ਤੋਂ ਤਕਨੀਕ ਦੀ ਮੁਹਾਰਤ ਰੱਖਣ ਵਾਸੇ ਭਾਰਤੀ ਰਹਿ ਰਹੇ ਹਨ।

ਇਨ੍ਹਾਂ ਦੀਆਂ ਕੰਪਨੀਆਂ ਨੂੰ ਵੀ ਇਨ੍ਹਾਂ ਤੋਂ ਲਾਭ ਹੋਇਆ ਹੈ ਕਿਉਂਕੀ ਭਾਰਤੀ ਘੱਟ ਤਨਖ਼ਾਹਾਂ ਉੱਤੇ ਕੰਮ ਕਰ ਲੈਂਦੇ ਹਨ।

ਓਬਾਮਾ ਵੱਲੋਂ ਮਿਲੀ ਸੀ ਇਜਾਜ਼ਤ

ਜਦੋਂ ਓਬਾਮਾ ਸਰਕਾਰ ਨੇ ਪ੍ਰਾਈਮਰੀ ਵੀਜ਼ਾ 'ਤੇ ਕੰਮ ਕਰ ਰਹੇ ਲੋਕਾਂ ਦੇ ਜੀਵਨ ਸਾਥੀ ਨੂੰ ਕੰਮ ਕਰਨ ਦੀ ਇਜਾਜ਼ਤ ਦਿੱਤੀ ਸੀ ਤਾਂ ਕਾਫ਼ੀ ਵਿਰੋਧ ਹੋਇਆ ਸੀ।

ਉਸ ਫ਼ੈਸਲੇ ਨੂੰ ਸੁਪਰੀਮ ਕੋਰਟ ਵਿੱਚ ਚੁਣੌਤੀ ਦਿੱਤੀ ਗਈ ਸੀ।

ਸੈਂਟਰ ਫਾਰ ਇਮੀਗਰੇਸ਼ਨ ਸਟੱਡੀਜ਼ ਦੀ ਸੰਚਾਰ ਨਿਦੇਸ਼ਕ ਮਾਰਗਰੇਟ ਟੇਲਫ਼ੋਰਡ ਕਹਿੰਦੀ ਹੈ, "ਉਹ ਅਮਰੀਕੀ ਲੋਕਾਂ ਨੂੰ ਰੁਜ਼ਗਾਰ ਦੇਣਾ ਚਾਹੁੰਦੇ ਹਨ। ਉਹ ਉਨ੍ਹਾਂ ਦੀਆਂ ਤਨਖ਼ਾਹਾਂ ਵਿੱਚ ਵਾਧਾ ਕਰਨਾ ਚਾਹੁੰਦੇ ਹਨ।

"ਤੁਸੀਂ ਦੂਜੇ ਮੁਲਕਾਂ ਤੋਂ ਕਾਰੀਗਰ ਲਿਆਉਂਦੇ ਰਹੋਗੇ ਤਾਂ ਇਸ ਨਾਲ ਕੰਪਨੀਆਂ ਨੂੰ ਫਾਇਦਾ ਹੋਵੇਗਾ ਪਰ ਅਮਰੀਕੀ ਕਾਰੀਗਰਾਂ ਨੂੰ ਨੁਕਸਾਨ ਹੋਵੇਗਾ।"

ਭਾਰਤ ਵਰਗੇ ਮੁਲਕਾਂ ਵਿੱਚ ਔਰਤਾਂ ਨੂੰ ਸਮਾਜਿਕ ਦਬਾਅ ਦੇ ਕਾਰਨ ਕਈ ਵਾਰ ਆਪਣੀ ਨੌਕਰੀ ਛੱਡਣੀ ਪੈਂਦੀ ਹੈ।

ਪਰ ਅਮਰੀਕਾ ਵਰਗਾ ਮੁਲਕ ਉਨ੍ਹਾਂ ਨੂੰ ਕੰਮ ਕਰਨ ਤੋਂ ਰੋਕ ਦੇਵੇਗਾ ਤਾਂ ਔਰਤਾਂ ਲਈ ਥੋੜ੍ਹ ਮੁਸ਼ਕਿਲ ਹੋਵੇਗਾ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)