ਕਿਹੜੀਆਂ ਸ਼ਰਤਾਂ ਪੂਰੀਆਂ ਹੋਣ 'ਤੇ ਵਾਪਿਸ ਪਰਤਣਗੇ ਰੋਹਿੰਗਿਆ?

- ਲੇਖਕ, ਨਿਤਿਨ ਸ਼੍ਰੀਵਾਸਤਵ
- ਰੋਲ, ਬੀਬੀਸੀ ਪੱਤਰਕਾਰ, ਕੌਕਸ ਬਾਜ਼ਾਰ, ਬੰਗਲਾਦੇਸ਼
ਕੌਕਸ ਬਾਜ਼ਾਰ ਵਿੱਚ ਡੇਢ ਘੰਟੇ ਦਾ ਹੀ ਸਫ਼ਰ ਹੋਇਆ ਸੀ ਕਿ ਇੱਕ ਸ਼ਰਨਾਰਥੀ ਕੈਂਪ ਦਾ ਬੋਰਡ ਦਿਖ ਗਿਆ।
ਸਾਫ਼-ਸਾਫ਼ ਲਿਖਿਆ ਸੀ ''ਮਿਆਂਮਾਰ ਤੋਂ ਆਏ ਹਿੰਦੂ ਸ਼ਰਨਾਰਥੀਆਂ ਦਾ ਆਰਜ਼ੀ ਕੈਂਪ। ਕੌਕਸ ਬਾਜ਼ਾਰ, ਬੰਗਲਾਦੇਸ਼"।
ਅੰਦਰ ਦਾਖ਼ਲ ਹੁੰਦੇ ਹੀ ਦੇਖਦਾ ਹਾਂ, ਇੱਕ ਔਰਤ ਕੁਹਾੜੀ ਨਾਲ ਲੱਕੜੀਆਂ ਕੱਟ ਰਹੀ ਹੈ।
ਇਹ ਰੂਪਾ ਬਾਲਾ ਦੀ ਜ਼ਿੰਦਗੀ ਦਾ ਇੱਕ ਹੋਰ ਦਿਨ ਹੈ।
2 ਵਕਤ ਦਾ ਖਾਣਾ ਪਕਾਉਣ ਦੀ ਜੱਦੋਜਹਿਦ ਅਤੇ ਅਗਲੇ ਦਿਨ ਮੁੜ ਤੋਂ ਮੁਫ਼ਤ ਮਿਲਣ ਵਾਲੇ ਰਾਸ਼ਨ ਲਈ ਲਾਈਨ ਵਿੱਚ ਖੜ੍ਹੇ ਹੋਣ ਦੀ ਜਲਦੀ।
ਸਹੁਰਾ, ਪਤੀ ਅਤੇ ਤਿੰਨ ਬੱਚਿਆਂ ਦੇ ਨਾਲ ਬਰਮਾ ਦੇ ਰਖਾਇਨ ਸੂਬੇ ਤੋਂ ਭੱਜੀ ਰੂਪਾ ਨਾ ਵਾਪਿਸ ਜਾ ਸਕਦੀ ਹੈ ਤੇ ਨਾ ਹੀ ਇੱਥੇ ਖੁਸ਼ ਹੈ।
'ਅਸੀਂ ਪਿੰਡ ਵਾਪਿਸ ਨਹੀਂ ਜਾਣਾ ਚਾਹੁੰਦੇ'
ਉਨ੍ਹਾਂ ਨੇ ਕਿਹਾ, ''ਉੱਥੇ ਸਾਡਾ ਕੁਝ ਨਹੀਂ ਬਚਿਆ ਹੈ। ਆਪਣੇ ਪਿੰਡ ਵਾਪਿਸ ਨਹੀਂ ਜਾਣਾ ਚਾਹੁੰਦੇ ਕਿਉਂਕਿ ਉੱਥੇ ਸੁਰੱਖਿਆ ਨਹੀਂ ਹੋਵੇਗੀ।''

''ਦੋਵਾਂ ਦੇਸਾਂ ਦੀਆਂ ਸਰਕਾਰਾਂ ਨੂੰ 2 ਸਾਲ ਦੇ ਰਾਸ਼ਨ ਅਤੇ ਮੁਆਂਗਡੋ ਸ਼ਹਿਰ ਵਿੱਚ ਛੱਤ ਦੇਣ ਦਾ ਵਾਅਦਾ ਕਰਨਾ ਹੋਵੇਗਾ, ਤਾਂ ਹੀ ਅਸੀਂ ਵਾਪਸ ਜਾਵਾਂਗੇ।''
ਬੰਗਲਾਦੇਸ਼ ਅਤੇ ਮਿਆਂਮਾਰ ਦੀਆਂ ਸਰਕਾਰਾਂ ਲਗਾਤਾਰ ਰੋਹਿੰਗਿਆ ਸ਼ਰਨਾਰਥੀਆਂ ਨੂੰ ਵਾਪਿਸ ਰਖਾਇਨ ਭੇਜਣ ਦੀ ਰੂਪ-ਰੇਖਾ ਦੀ ਗੱਲ ਕਰਦੀ ਰਹੀ ਹੈ ਪਰ ਮਾਮਲਾ ਅਜੇ ਤੱਕ ਸੁਲਝਿਆ ਨਹੀਂ।
ਲੱਖਾਂ ਰੋਹਿੰਗਿਆ ਲੋਕ ਅਜੇ ਵੀ ਰਫ਼ਿਊਜੀ ਕੈਂਪਾਂ ਵਿੱਚ ਰਹਿ ਰਹੇ ਹਨ ਅਤੇ ਆਪਣੇ ਭਵਿੱਖ ਨੂੰ ਲੈ ਕੇ ਚਿੰਤਤ ਹਨ।
ਇੱਧਰ ਰੂਪ ਬਾਲਾ ਦੇ ਮੁੰਡੇ ਦਾ ਖੱਬਾ ਹੱਥ ਹਮੇਸ਼ਾ ਲਈ ਟੇਢਾ ਹੋ ਚੁੱਕਿਆ ਹੈ।
ਉਹ ਦੱਸਦੀ ਹੈ, ''ਇੱਥੇ ਵੀ ਮੁਸ਼ਕਿਲਾਂ ਘੱਟ ਨਹੀਂ ਹਨ। 2 ਮਹੀਨੇ ਪਹਿਲਾਂ ਮੁੰਡੇ ਦੇ ਹੱਥ ਦੀ ਹੱਡੀ ਟੁੱਟ ਗਈ ਸੀ, ਚੰਗੇ ਡਾਕਟਰ ਨਾ ਹੋਣ ਕਰਕੇ ਹੱਡੀ ਗ਼ਲਤ ਜੋੜ ਦਿੱਤੀ ਗਈ।''
ਕਈ ਮਹੀਨਿਆਂ ਤੋਂ ਲੋਕ ਕੈਂਪ ਵਿੱਚ ਰਹਿ ਰਹੇ ਹਨ
ਰੂਪਾ ਵਾਂਗ ਹੀ ਘੱਟੋ-ਘੱਟ 400 ਲੋਕ ਇਸ ਕੈਂਪ ਵਿੱਚ ਪਿਛਲੇ 4 ਮਹੀਨਿਆਂ ਤੋਂ ਰਹਿ ਰਹੇ ਹਨ।

ਇਸ ਤੋਂ ਪਹਿਲਾਂ ਸਾਰੇ ਲੋਕਾਂ ਨੂੰ ਨੇੜੇ ਦੇ ਹੀ ਇੱਕ ਦੂਜੇ ਫ਼ਾਰਮ ਵਿੱਚ ਰਹਿਣ ਨੂੰ ਥਾਂ ਮਿਲੀ ਸੀ।
ਉਨ੍ਹਾਂ ਵਿੱਚੋਂ ਇੱਕ ਅਨਿਕਾ ਧਰ ਸੀ ਜੋ ਗਰਭਵਤੀ ਸੀ। ਬੀਬੀਸੀ ਵਿੱਚ ਖ਼ਬਰ ਆਉਣ ਤੋਂ ਬਾਅਦ ਕੁਝ ਦੂਜੇ ਲੋਕਾਂ ਨਾਲ ਇਨ੍ਹਾਂ ਨੂੰ ਬਰਮਾ ਭੇਜ ਦਿੱਤਾ ਗਿਆ ਸੀ।
ਉਨ੍ਹਾਂ ਨੂੰ ਮੈਡੀਕਲ ਸੁਵਿਧਾਵਾਂ ਦੀ ਸਖ਼ਤ ਲੋੜ ਸੀ।
ਪਰ ਜ਼ਿਆਦਾਤਰ ਅਜੇ ਇੱਥੇ ਹੀ ਹਨ। ਸੰਕਟ ਸ਼ੁਰੂ ਹੋਣ ਤੋਂ ਠੀਕ ਪਹਿਲਾਂ ਕੁਝ ਲੋਕ ਰੋਜ਼ੀ ਲਈ ਬਰਮਾ ਤੋਂ ਭੱਜ ਕੇ ਆਏ ਸੀ ਪਰ ਹੁਣ ਫਸ ਗਏ ਹਨ।
ਕਹਿੰਦੇ ਹਨ, ਉੱਥੇ ਵੀ ਇੱਥੇ ਵਰਗਾ ਹੀ ਹਾਲ ਹੈ।
ਲੋਕ ਸੁਰੱਖਿਅਤ ਮਹਿਸੂਸ ਨਹੀਂ ਕਰਦੇ
ਸ਼ਿਸ਼ੂ ਸ਼ੀਲ, ਬਰਮਾ ਦੇ ਬੋਲੀ ਬਾਜ਼ਾਰ ਇਲਾਕੇ ਦੇ ਰਹਿਣ ਵਾਲੇ ਹਨ ਅਤੇ ਉਸ ਦਿਨ ਨੂੰ ਕੋਸ ਰਹੇ ਹਨ ਜਿਸ ਦਿਨ ਗ਼ੈਰ-ਕਾਨੂੰਨੀ ਢੰਗ ਨਾਲ ਸਰਹੱਦ ਪਾਰ ਕੀਤੀ ਸੀ।

ਉਨ੍ਹਾਂ ਨੇ ਕਿਹਾ, ''ਇੱਥੇ ਵੀ ਅਸੀਂ ਸੁਰੱਖਿਅਤ ਨਹੀਂ ਹਾਂ। ਅਸੀਂ ਕਿਸੇ ਥਾਂ 'ਤੇ ਨਹੀਂ ਜਾ ਸਕਦੇ, ਖਾਣਾ ਨਹੀਂ ਹੈ ਤਾਂ ਠੀਕ ਤਰ੍ਹਾਂ ਖਾ ਨਹੀਂ ਸਕਦੇ।''
''ਕੁਝ ਵੀ ਨਹੀਂ ਹੈ ਸਾਡੇ ਕੋਲ। ਕਿਸੇ ਥਾਂ 'ਤੇ ਖਾਣਾ ਮਿਲਦਾ ਹੈ ਤੇ ਕਿਸੇ ਥਾਂ 'ਤੇ ਉਹ ਵੀ ਨਹੀਂ।''
ਦਰਅਸਲ ਇਹ ਬੇਘਰ ਲੋਕ ਆਪਣੇ ਆਪ ਨੂੰ ਉਮੀਦ ਅਤੇ ਨਾਉਮੀਦੀ ਦੇ ਇੱਕ ਪੈਂਡੂਲਮ ਨਾਲ ਬੰਨ੍ਹਿਆ ਹੋਇਆ ਮਹਿਸੂਸ ਕਰ ਰਹੇ ਹਨ।
ਮਿਆਂਮਾਰ ਵਾਪਿਸ ਜਾਣ ਵਿੱਚ ਮੁਸ਼ਕਿਲਾਂ ਆਉਣ ਤੋਂ ਇਲਾਵਾ, ਉੱਥੇ ਜਾਨ-ਮਾਲ ਦੀ ਸੁਰੱਖਿਆ ਦੀ ਗਾਰੰਟੀ ਮਿਲੇ ਬਿਨਾਂ ਇਹ ਲੋਕ ਇੱਥੋਂ ਹਿੱਲਣ ਲਈ ਵੀ ਤਿਆਰ ਨਹੀਂ।
7 ਲੱਖ ਤੋਂ ਵੱਧ ਰੋਹਿੰਗਿਆ ਮੁਸਲਮਾਨ ਵੀ ਇਸੇ ਜੱਦੋਜਹਿਦ ਵਿੱਚ ਹਨ।

ਕੱਚੇ ਕੈਂਪ ਹੁਣ ਪੱਕੇ ਹੋ ਰਹੇ ਹਨ ਪਰ ਨਾ ਇਸ ਤੋਂ ਬਾਹਰ ਜਾ ਸਕਦੇ ਹਨ ਤੇ ਨਾ ਹੀ ਖ਼ੁਦ ਕਮਾ ਸਕਦੇ ਹਨ।
ਵਾਪਿਸ ਪਰਤਣ ਲਈ ਕਈ ਮੰਗਾਂ
ਮੁਸ਼ਕਿਲਾਂ ਘੱਟ ਹੋਈਆਂ ਹਨ ਪਰ ਮੰਗਾਂ ਉਹੀ ਹਨ। ਕੁਤੁਪਾਲੋਂਗ ਕੈਂਪ ਇਸ ਵੇਲੇ ਦੁਨੀਆਂ ਦਾ ਸਭ ਤੋਂ ਵੱਡਾ ਸ਼ਰਨਾਰਥੀ ਕੈਂਪ ਹੈ।
ਅੰਦਰ ਦਾ ਮਾਹੌਲ ਥੋੜ੍ਹਾ ਚੰਗਾ ਹੋ ਚੁੱਕਿਆ ਹੈ ਪਰ ਲੋਕਾਂ ਦੇ ਚਿਹਰਿਆਂ 'ਤੇ ਮਾਯੂਸੀ ਪਹਿਲਾਂ ਨਾਲੋਂ ਵੀ ਵੱਧ ਹੈ।
ਸਾਡੀ ਮੁਲਾਕਾਤ ਮੁਹੰਮਦ ਯੂਨੁਸ ਨਾਂ ਦੇ ਇੱਕ ਸ਼ਖ਼ਸ ਨਾਲ ਹੋਈ ਜੋ ਪਿਛਲੀ ਜੂਨ, ਤਿੰਨ ਸਾਲਾਂ ਤੱਕ ਮਲੇਸ਼ੀਆ ਵਿੱਚ ਬਤੌਰ ਇਲੈਕਟ੍ਰੀਸ਼ੀਅਨ ਕੰਮ ਕਰਕੇ ਬਰਮਾ ਵਾਪਿਸ ਆਏ ਸੀ।
ਰਖਾਇਨ ਸੂਬੇ ਵਿੱਚ ਜਦੋਂ ਇਸ ਤੋਂ ਪਹਿਲਾਂ ਦੇ 2 ਪਿੰਡ ਵਿੱਚ ਅੱਗ ਲੱਗਦੀ ਵਿਖਾਈ ਦਿੱਤੀ ਤਾਂ ਇਹ ਆਪਣੀ ਪਤਨੀ ਅਤੇ ਬੱਚਿਆਂ ਨਾਲ ਬੰਗਲਾਦੇਸ਼ ਵੱਲ ਭੱਜੇ।
ਮੁਹੰਮਦ ਯੂਨੁਸ ਨੇ ਕਿਹਾ,''ਜਦੋਂ ਤੱਕ ਰਖਾਇਨ ਦੀਆਂ ਮਸਜਿਦਾਂ ਵਿੱਚ ਨਮਾਜ਼ ਪੜ੍ਹਨ ਦੀ ਇਜਾਜ਼ਤ ਨਹੀਂ ਮਿਲੇਗੀ, ਜਦੋਂ ਤੱਕ ਸਾਨੂੰ ਬਿਨਾਂ ਰੋਕ-ਟੋਕ ਦੁਕਾਨ ਚਲਾਉਣ ਦੀ ਇਜਾਜ਼ਤ ਨਹੀਂ ਮਿਲੇਗੀ, ਅਸੀਂ ਵਾਪਿਸ ਨਹੀਂ ਜਾਵਾਂਗੇ।''
''ਖ਼ੁਦ ਬਰਮਾ ਦੇ ਰਾਸ਼ਟਰਪਤੀ ਨੂੰ ਲਿਖਿਤ ਵਿੱਚ ਇਹ ਦੇਣਾ ਪਵੇਗਾ। ਜੇਕਰ ਨਹੀਂ ਦੇਣਗੇ ਤਾਂ ਅਸੀਂ ਇੱਥੇ ਹੀ ਰਹਾਂਗੇ।''

ਸ਼ਰਨਾਰਥੀਆਂ ਨੂੰ ਵਾਪਿਸ ਭੇਜਣ 'ਤੇ ਰਾਏ ਵੀ ਵੱਖੋ-ਵੱਖ ਹੈ।
ਲੱਖਾਂ ਲੋਕਾਂ ਦੇ ਭਵਿੱਖ ਦਾ ਸਵਾਲ
ਕੌਮਾਂਤਰੀ ਸੰਸਥਾਵਾਂ ਅਤੇ ਕੁਝ ਦੇਸਾਂ ਨੇ ਬਰਮਾ ਵਾਪਿਸ ਜਾਣ 'ਤੇ ਉਨ੍ਹਾਂ ਦੀ ਸੁਰੱਖਿਆ 'ਤੇ ਸਵਾਲ ਚੁੱਕੇ ਹਨ।
ਸ਼ਰਨਾਰਥੀਆਂ ਲਈ ਸੰਯੁਕਤ ਰਾਸ਼ਟਰ ਹਾਈ ਕਮਿਸ਼ਨਰ ਦੀ ਕੈਰੋਲਾਈਨ ਗਲਕ ਦਾ ਮੰਨਣਾ ਹੈ ਕਿ 2 ਦੇਸਾਂ ਤੋਂ ਇਲਾਵਾ ਇਹ ਲੱਖਾਂ ਲੋਕਾਂ ਦੇ ਭਵਿੱਖ ਦਾ ਸਵਾਲ ਹੈ।
ਉਨ੍ਹਾਂ ਨੇ ਕਿਹਾ,''ਬਰਮਾ ਵਿੱਚ ਹਾਲਾਤ ਅਜੇ ਵੀ ਠੀਕ ਨਹੀਂ ਹਨ। ਰਖਾਇਨ ਵਿੱਚ ਆਵਾਜਾਈ ਦੀ ਇਜਾਜ਼ਤ ਨਹੀਂ ਹੈ।''
''ਮਨੁੱਖੀ ਅਧਿਕਾਰਾਂ ਲਈ ਸੁਰੱਖਿਆ ਮੁਹੱਈਆ ਕਰਵਾਏ ਬਿਨਾਂ ਇਨ੍ਹਾਂ ਦਾ ਉੱਥੇ ਜਾਣਾ ਠੀਕ ਨਹੀਂ ਹੋਵੇਗਾ।''
ਇੱਧਰ ਵਾਪਿਸ ਜਾਣ ਅਤੇ ਨਾ ਜਾਣ ਦੇ ਵਿੱਚ ਜੋ ਲੋਕ ਦੋਵਾਂ ਦੇਸਾਂ ਵਿਚਕਾਰ ਫਸੇ ਹੋਏ ਹਨ, ਉਨ੍ਹਾਂ ਲਈ ਹਰ ਦਿਨ ਇੱਕ ਨਵੀਂ ਚੁਣੌਤੀ ਹੈ।













