ਬੰਗਲਾਦੇਸ਼ 'ਚ ਰੋਹਿੰਗਿਆ ਸੰਕਟ 'ਕੁਦਰਤ' 'ਤੇ ਵੀ ਭਾਰੀ!

- ਲੇਖਕ, ਨਿਤਿਨ ਸ੍ਰੀਵਾਸਤਵ
- ਰੋਲ, ਬੀਬੀਸੀ ਪੱਤਰਕਾਰ ਬੰਗਲਾਦੇਸ਼ ਤੋਂ
ਬੰਗਲਾਦੇਸ਼ ਵਿੱਚ ਇਸ ਗੱਲ ਨੂੰ ਲੈ ਕੇ ਚਿੰਤਾ ਵੱਧ ਗਈ ਹੈ ਕਿ ਲੱਖਾਂ ਰੋਹਿੰਗਿਆ ਸ਼ਰਨਾਰਥੀਆਂ ਦੇ ਮਿਆਂਮਾਰ ਤੋਂ ਹਿਜ਼ਰਤ ਕਰਨ ਦਾ ਚੌਗਿਰਦੇ 'ਤੇ ਕੀ ਅਸਰ ਪਏਗਾ?
ਪਿਛਲੇ ਡੇਢ ਮਹੀਨੇ ਦੌਰਾਨ ਮਿਆਂਮਾਰ ਤੋਂ ਰੋਹਿੰਗਿਆ ਮੁਸਲਮਾਨਾਂ ਦੀ ਹੋਈ ਹਿਜ਼ਰਤ ਨੂੰ ਦੱਖਣੀ ਏਸ਼ੀਆ ਦੇ ਅਜੋਕੇ ਇਤਿਹਾਸ ਦੀ ਇੱਕ ਵੱਡੀ ਘਟਨਾ ਦੱਸਿਆ ਜਾ ਰਿਹਾ ਹੈ।
400,000 ਤੋਂ ਵੱਧ ਸ਼ਰਨਾਰਥੀਆਂ ਨੇ ਬੰਗਲਾਦੇਸ਼ ਦੇ ਸਰਹੱਦੀ ਇਲਾਕੇ ਕੋਕਸ ਬਾਜ਼ਾਰ ਵਿੱਚ ਸ਼ਰਨ ਲਈ ਹੈ।
ਚੌਗਿਰਦੇ 'ਤੇ ਮਾੜਾ ਅਸਰ
ਦੂਜੇ ਪਾਸੇ ਦੱਖਣੀ-ਪੂਰਬੀ ਬੰਗਲਾਦੇਸ਼ ਦੇ ਇਸ ਖੂਬਸੂਰਤ ਸੂਬੇ ਅਤੇ ਇਸਦੇ ਚੌਗਿਰਦੇ 'ਤੇ ਦਬਾਅ ਵੱਧ ਗਿਆ ਹੈ।
ਸ਼ਰਨਾਰਥੀ ਕੈਂਪਾਂ ਵਿੱਚ ਰਹਿਣ ਵਾਲੇ ਵੀ ਇਸ ਗੱਲ ਨੂੰ ਮੰਨਦੇ ਹਨ, ਪਰ ਉਨ੍ਹਾਂ ਕੋਲ ਕੋਈ ਦੂਜਾ ਬਦਲ ਨਹੀਂ ਸੀ।
ਕੁਤੁਪਾਲੋਂਗ ਦੇ ਇੱਕ ਕੈਂਪ ਵਿੱਚ ਰਹਿਣ ਵਾਲੇ ਅਮੀਰ ਅਹਿਮਦ ਮਿਆਂਮਾਰ ਦੇ ਰਖਾਈਨ ਸੂਬੇ ਤੋਂ ਜਾਨ ਬਚਾ ਕੇ ਆਏ ਹਨ।
ਉਨ੍ਹਾਂ ਕਿਹਾ, "ਨਾ ਤਾਂ ਇੱਥੇ ਸਾਫ਼ ਪੀਣ ਦਾ ਪਾਣੀ ਹੈ ਅਤੇ ਨਾ ਹੀ ਪਖਾਣੇ। ਸਾਰੇ ਲੋਕ ਬਿਮਾਰ ਹੋ ਰਹੇ ਹਨ। ਹੁਣ ਕਰ ਵੀ ਕੀ ਸਕਦੇ ਹਾਂ।''

ਉਹ ਅੱਗੇ ਕਹਿੰਦੇ ਹਨ, ''ਅਸੀਂ ਅਜੇ ਵੀ ਆਰਜ਼ੀ ਕੈਂਪ ਵਿੱਚ ਰਹਿ ਰਹੇ ਹਾਂ। ਪਰ ਅਫ਼ਸਰਾਂ ਨੇ ਦੂਜੀ ਥਾਂ ਲੱਭਣ ਦਾ ਅਲਟੀਮੇਟਮ ਦੇ ਦਿੱਤਾ ਹੈ। ਅਸੀਂ ਇੱਕ ਦਿਨ ਜਾਣਾ ਤਾਂ ਹੈ ਹੀ, ਪਰ ਰਹਿਣਾ ਤਾਂ ਇਨ੍ਹਾਂ ਜੰਗਲਾਂ ਵਿੱਚ ਹੀ ਪਏਗਾ।''
'ਜੰਗਲ ਕੱਟੇ ਜਾ ਰਹੇ ਹਨ'
ਖੁਦ ਨੂੰ ਫ਼ਿਰਕੂ ਹਿੰਸਾ ਦਾ ਸ਼ਿਕਾਰ ਦੱਸਦੇ ਹੋਏ ਲੱਖਾਂ ਰੋਹਿੰਗਿਆ ਮੁਸਲਮਾਨ ਪਨਾਹ ਦੀ ਆਸ ਲੈ ਕੇ ਬੰਗਲਾਦੇਸ਼ ਦੇ ਕੋਕਸ ਬਜ਼ਾਰ ਪਹੁੰਚੇ ਹਨ।
ਪਹਾੜੀਆਂ 'ਤੇ ਕੈਂਪ ਬਣ ਚੁੱਕੇ ਹਨ ਅਤੇ ਉਨ੍ਹਾਂ ਵਿੱਚ ਰਹਿਣ ਦੇ ਲਈ ਖੇਤਾਂ ਨੂੰ ਖਾਲੀ ਕਰਵਾਇਆ ਜਾ ਰਿਹਾ ਹੈ।

ਇਨ੍ਹਾਂ ਇਲਾਕਿਆਂ ਵਿੱਚ ਸਮੁੰਦਰੀ ਤੂਫ਼ਾਨ ਆਉਣਾ ਆਮ ਹੈ ਅਤੇ ਇਸੇ ਕਰਕੇ ਜ਼ਮੀਨ ਧਸ ਜਾਂਦੀ ਹੈ।
ਕੋਕਸ ਬਾਜ਼ਾਰ ਦੇ ਮਜਿਸਟ੍ਰੇਟ ਸੈਫ਼-ਉਲ-ਇਸਲਾਮ ਦਿਨ ਰਾਤ ਰਾਹਤ ਕਾਰਜ ਵਿੱਚ ਜੁਟੇ ਹਨ। ਉਹ ਵੀ ਸ਼ਰਨਾਰਥੀਆਂ ਕਰਕੇ ਚੌਗਿਰਦੇ 'ਤੇ ਪੈਣ ਵਾਲੇ ਬੁਰੇ ਅਸਰ ਤੋਂ ਮੁਨਕਰ ਨਹੀਂ ਹੋ ਸਕੇ।
ਉਨ੍ਹਾਂ ਨੇ ਕਿਹਾ, "ਇੰਨੇ ਜ਼ਿਆਦਾ ਰੋਹਿੰਗਿਆ ਸ਼ਰਨਾਰਥੀਆਂ ਦੇ ਇੱਥੇ ਰਹਿਣ ਕਰਕੇ ਹਾਲਾਤ ਮੁਸ਼ਕਲ ਹਨ।
ਉਨ੍ਹਾਂ ਨੇ ਰੁੱਖ ਵੱਢ ਦਿੱਤੇ ਹਨ ਅਤੇ ਵੱਧ ਸੁਰੱਖਿਅਤ ਜੰਗਲਾਂ ਵਿੱਚ ਰਹਿ ਰਹੇ ਹਨ।''

"ਸਰਕਾਰ ਨੇ ਉਨ੍ਹਾਂ ਦੇ ਰਹਿਣ ਦੇ ਲਈ 2 ਹਜ਼ਾਰ ਵਰਗ ਹੈਕਟੇਅਰ ਜ਼ਮੀਨ ਅਲਾਟ ਵੀ ਕਰ ਦਿੱਤੀ ਹੈ। ਜੰਗਲਾਂ ਨੂੰ ਵੱਢਣ ਕਰਕੇ ਚੌਗਿਰਦੇ ਲਈ ਖ਼ਤਰਾ ਵੱਧ ਗਿਆ ਹੈ।''
ਸਥਾਨਕ ਲੋਕ ਪਰੇਸ਼ਾਨ
ਰੋਹਿੰਗਿਆ ਸ਼ਰਨਾਰਥੀਆਂ ਦੇ ਸੈਂਕੜੇ ਕੈਂਪ ਬਣਾਉਣੇ ਪਏ ਹਨ।
ਘੁਮਡੁਮ, ਜਲਪੈਤਾਲੀ, ਬਾਲੂਖਲੀ, ਹਾਕਿਮਪਾੜਾ, ਪੁਤੀਬੁਨਿਆ, ਜਾਦੀਮੁਰਾਹ ਅਤੇ ਟੈਕਨਾਫ਼ ਦੇ ਬ੍ਰਿਟਿਸ਼ ਪਾੜਾ ਜਿਹੇ ਇਲਾਕੇ ਵਿੱਚ ਸਾਰੇ ਕੈਂਪ ਨਵੇਂ ਹਨ।
ਕੋਕਸ ਬਾਜ਼ਾਰ ਦੀ ਗਿਣਤੀ ਬਾਂਗਲਾਦੇਸ਼ ਦੇ ਸਭ ਤੋਂ ਮਸ਼ਹੂਰ ਸੈਲਾਨੀ ਕੇਂਦਰਾਂ ਵਿੱਚੋਂ ਹੁੰਦੀ ਹੈ।
ਰੋਹਿੰਗਿਆ ਮੁਸਲਮਾਨ ਪਹਿਲਾਂ ਵੀ ਇੱਥੇ ਆ ਕੇ ਵਸ ਚੁੱਕੇ ਹਨ। ਪਰ ਇਸ ਵਾਰ ਸਥਾਨਕ ਲੋਕਾਂ ਦਾ ਸਬਰ ਵੀ ਜਵਾਬ ਦੇ ਰਿਹਾ ਹੈ।

ਕਫੀਲਉੱਦੀਨ ਦਾ ਪਰਿਵਾਰ ਤਿੰਨ ਪੀੜ੍ਹੀਆਂ ਤੋਂ ਕੋਕਸ ਬਾਜ਼ਾਰ ਵਿੱਚ ਲਕੜੀ ਦਾ ਵਪਾਰ ਕਰਦਾ ਰਿਹਾ ਹੈ।
ਉਨ੍ਹਾਂ ਨੇ ਦੱਸਿਆ, "ਇਹ ਲੋਕ ਇਲਾਕੇ ਵਿੱਚ ਹਰ ਥਾਂ ਫੈਲ ਚੁੱਕੇ ਹਨ ਅਤੇ ਸਾਡੇ ਖੇਤਾਂ ਵਿੱਚ ਵੀ ਰਹੇ ਹਨ।''
"ਸਾਫ਼ ਸਫ਼ਾਈ ਦੀ ਘਾਟ ਕਰਕੇ ਪੂਰੇ ਇਲਾਕੇ ਵਿੱਚ ਬਦਬੂ ਫ਼ੈਲ ਰਹੀ ਹੈ। ਮੈਨੂੰ ਨਹੀਂ ਪਤਾ ਭਵਿੱਖ ਵਿੱਚ ਕੀ ਹੋਵੇਗਾ।''
ਬੰਗਲਾਦੇਸ਼ ਸਰਕਾਰ ਵੀ ਚਿੰਤਤ
ਇਸ ਜ਼ਿਲ੍ਹੇ ਵਿੱਚ ਹੁਣ ਟ੍ਰੈਫਿਕ ਜਾਮ ਲੱਗਣੇ ਆਮ ਗੱਲ ਹੋ ਗਈ ਹੈ।
ਵੱਡੀ-ਵੱਡੀ ਲਾਰੀਆਂ ਵਿੱਚ ਰਾਹਤ ਸਮੱਗਰੀ ਢਾਕਾ ਤੇ ਚਟਗਾਂਵ ਤੋਂ ਪਹੁੰਚਦੀ ਰਹਿੰਦੀ ਹੈ।

ਜ਼ਿਲ੍ਹੇ ਦੇ ਹਸਪਤਾਲ ਵਿੱਚ ਪਹਿਲਾਂ ਹੀ ਥਾਂ ਨਹੀਂ ਹੈ। ਅਤੇ ਰੋਹਿੰਗਿਆ ਸ਼ਰਨਾਰਥੀਆਂ ਦੇ ਲਈ ਇੱਕ ਦੂਜਾ ਹਿੱਸਾ ਅਲਾਟ ਕਰਨਾ ਪਿਆ ਹੈ।
ਬੰਗਲਾਦੇਸ਼ ਸਰਕਾਰ ਨੂੰ ਵੀ ਇਸ ਗੱਲ ਦਾ ਅਹਿਸਾਸ ਹੈ ਕਿ ਇਹ ਸਮੱਸਿਆ ਵੱਡਾ ਰੂਪ ਲੈ ਸਕਦੀ ਹੈ। ਰਾਜਧਾਨੀ ਢਾਕਾ ਵਿੱਚ ਦੇਸ ਦੇ ਕਨੂੰਨ ਮੰਤਰੀ ਅਨੀਸੁਲ ਹੱਕ ਨੇ ਬੀਬੀਸੀ ਨਾਲ ਮੁਲਾਕਾਤ 'ਤੇ ਅਫ਼ਸੋਸ ਜ਼ਾਹਿਰ ਕੀਤਾ ਹੈ।
ਉਨ੍ਹਾਂ ਨੇ ਕਿਹਾ, "ਇਹ ਸਮੱਸਿਆ ਪਹਿਲਾਂ ਵੀ ਰਹੀ ਹੈ, ਭਾਵੇਂ ਇੰਨੀ ਖ਼ਤਰਨਾਕ ਕਦੇ ਵੀ ਨਹੀਂ ਹੋਈ।''
(ਬੀਬੀਸੀ ਪੰਜਾਬੀ ਦੇ ਫੇਸਬੁੱਕ ਪੰਨੇ ਉੱਤੇ ਜਾਣ ਲਈ ਇੱਥੇ ਕਲਿੱਕ ਕਰੋ ਇਸੇ ਤਰ੍ਹਾਂ ਲਿੰਕ ਉੱਤੇ ਕਲਿੱਕ ਕਰਕੇ ਇੰਸਟਾਗਰਾਮ ਪੰਨਾ ਦੇਖੋ।)













