ਨਜ਼ਰੀਆ: ਕੀ ਟਰੰਪ ਕਰਕੇ ਭਾਰਤ ਤੇ ਚੀਨ ਦੀ ਅਹਿਮੀਅਤ ਵਧੀ?

ਤਸਵੀਰ ਸਰੋਤ, Getty Images
- ਲੇਖਕ, ਪ੍ਰੋਫੈਸਰ ਮੁਕਤਦਰ ਖ਼ਾਨ
- ਰੋਲ, ਡੇਲਾਵੇਅਰ ਯੂਨੀਵਰਸਟੀ, ਅਮਰੀਕਾ
ਇੱਕ ਸਾਲ ਪਹਿਲਾਂ ਅਮਰੀਕੀ ਰਾਸ਼ਟਰਪਤੀ ਡੌਨਲਡ ਟਰੰਪ ਨੇ ਚੋਣ ਜਿੱਤ ਕੇ ਸਾਰਿਆ ਨੂੰ ਹੈਰਾਨ ਕਰ ਦਿੱਤਾ ਸੀ। ਉਨ੍ਹਾਂ ਦੇ ਸਮਰਥਕਾਂ ਨੇ ਇਸ ਜਿੱਤ ਦਾ ਸਿਹਰਾ ਉਨ੍ਹਾਂ ਦੀ ਅਮਰੀਕਾ ਫਰਸਟ ਨੀਤੀ ਸਿਰ ਬੰਨ੍ਹਿਆ ਸੀ।
ਟਰੰਪ ਨੇ 'ਅਮਰੀਕਾ ਫਸਟ' ਨੀਤੀ ਨੂੰ ਨਾਅਰੇ ਦੀ ਤਰ੍ਹਾਂ ਇਸਤੇਮਾਲ ਕੀਤਾ ਹੈ। ਉਨ੍ਹਾਂ ਇਸ ਤਹਿਤ ਸੁਰੱਖਿਆ, ਅਮਰੀਕੀ ਹਿੱਤਾਂ ਅਤੇ ਅਮਰੀਕੀ ਨਾਗਰਿਕਾਂ ਦੀਆਂ ਚਿੰਤਾਵਾਂ ਨੂੰ ਪਹਿਲ ਦੇਣ ਦਾ ਵਾਅਦਾ ਕੀਤਾ ਹੈ।
ਇਸ ਨੀਤੀ ਤਹਿਤ ਕੌਮੀ ਸੁਰੱਖਿਆ, ਮਾਲੀ ਹਾਲਤ ਵਿੱਚ ਤੇਜ਼ੀ, ਫ਼ੌਜੀ ਤਾਕਤ ਵਿੱਚ ਵਾਧਾ, ਸੀਮਾ ਸੁਰੱਖਿਆ ਅਤੇ ਆਜ਼ਾਦੀ ਦੀ ਰੱਖਿਆ ਵਰਗੇ ਵਾਅਦੇ ਕੀਤੇ ਗਏ ਹਨ।

ਤਸਵੀਰ ਸਰੋਤ, Getty Images
ਰਾਸ਼ਟਰਪਤੀ ਟਰੰਪ ਦਾ ਜ਼ੋਰ ਰਿਹਾ ਹੈ ਕਿ ਅਮਰੀਕਾ ਅਤੇ ਅਮਰੀਕੀ ਨਾਗਰਿਕਾਂ ਦੇ ਹਿੱਤਾਂ ਨਾਲ ਕੋਈ ਸਮਝੌਤਾ ਨਾ ਕੀਤਾ ਜਾਵੇ। ਹਾਲਾਂਕਿ ਟਰੰਪ ਦੀ ਰਣਨੀਤੀ, ਬਿਆਨਾਂ ਅਤੇ ਧਾਰਨਾਵਾਂ ਵਿੱਚ ਵਿਰੋਧ ਸਾਫ਼ ਦਿੱਸਦਾ ਹੈ।
ਅਮਰੀਕੀ ਨੀਤੀ ਵਿੱਚ ਵਿਰੋਧ
ਦੂਜੀ ਵਿਸ਼ਵ ਜੰਗ ਖ਼ਤਮ ਹੋਣ ਤੋਂ ਬਾਅਦ ਤੋਂ ਹੀ ਅਮਰੀਕਾ ਨੇ ਦੁਨੀਆ ਨਾਲੋਂ ਅਲੱਗ ਰਹਿਣ ਦੀ ਨੀਤੀ ਨੂੰ ਤਿਆਗ ਦਿੱਤਾ ਸੀ। ਅਮਰੀਕਾ ਉਦੋਂ ਤੋਂ ਵਿਸ਼ਵ ਪੱਧਰੀ ਸੰਪਰਕ ਵਧਾਉਣ ਅਤੇ ਵਿਸ਼ਵ ਸ਼ਾਂਤੀ ਨੂੰ ਲੈ ਕੇ ਕਾਫ਼ੀ ਅੱਗੇ ਰਿਹਾ ਹੈ।
ਇਹ ਦੋਵੇਂ ਚੀਜ਼ਾਂ ਅਮਰੀਕੀ ਨੀਤੀ ਵਿੱਚ ਪਹਿਲ ਦੇ ਤੌਰ 'ਤੇ ਰਹੀਆਂ ਹਨ। ਦੂਜੇ ਵਿਸ਼ਵ ਜੰਗ ਤੋਂ ਬਾਅਦ ਕੌਮਾਂਤਰੀ ਸੰਸਥਾਵਾਂ ਦੀ ਉਸਾਰੀ ਹੋਈ ਅਤੇ ਉਨ੍ਹਾਂ ਵਿੱਚ ਭਰਪੂਰ ਨਿਵੇਸ਼ ਵੀ ਹੋਏ।
ਸੰਯੁਕਤ ਰਾਸ਼ਟਰ ਅਤੇ ਸੰਸਾਰ ਬੈਂਕ ਵਰਗੀਆਂ ਸੰਸਥਾਵਾਂ ਨੂੰ ਅਮਰੀਕੀ ਸੰਸਾਰਕ ਦ੍ਰਿਸ਼ਟੀਕੋਣ ਦੇ ਪ੍ਰਮਾਣ ਦੇ ਤੌਰ 'ਤੇ ਵੀ ਵੇਖ ਸਕਦੇ ਹਨ। ਅਮਰੀਕਾ ਦੁਨੀਆ ਦੀ ਅਗਵਾਈ ਦਾ ਵੀ ਦਾਅਵਾ ਕਰਦਾ ਹੈ ਅਤੇ ਦੂਜੇ ਪਾਸੇ ਅਮਰੀਕਾ ਫਰਸਟ ਨੀਤੀ ਦੀ ਵਕਾਲਤ ਵੀ ਕਰ ਰਿਹਾ ਹੈ।
ਦੋਵੇਂ ਗੱਲਾਂ ਇਕੱਠੇ ਸੰਭਵ ਨਹੀਂ ਹਨ। ਇਨ੍ਹਾਂ ਹਾਲਾਤ ਵਿੱਚ ਅਸੀਂ ਟਰੰਪ ਦੀ ਇਸ ਨੀਤੀ ਵਿੱਚ ਵਿਰੋਧ ਸਾਫ਼ ਤੌਰ 'ਤੇ ਮਹਿਸੂਸ ਕਰ ਸਕਦੇ ਹਾਂ।

ਤਸਵੀਰ ਸਰੋਤ, Getty Images
ਇਹ ਹੈਰਾਨ ਕਰਨ ਵਾਲੀ ਗੱਲ ਹੈ ਕਿ ਕੋਈ ਦੇਸ ਕੌਮਾਂਤਰੀ ਘਟਨਾਵਾਂ ਨੂੰ ਅਣਗੌਲਿਆ ਕਰ ਕੇ ਸੰਸਾਰ ਦਾ ਥਾਣੇਦਾਰ ਬਣਨ ਦਾ ਦਾਅਵਾ ਕਿਵੇਂ ਕਰ ਸਕਦਾ ਹੈ?
ਪਿਛਲੇ ਦਿਨਾਂ ਵਿੱਚ ਅਮਰੀਕਾ ਕਈ ਕੌਮਾਂਤਰੀ ਮਸਲਿਆਂ ਤੇ ਵੱਖਰਾ ਖੜ੍ਹਾ ਨਜ਼ਰ ਆਇਆ ਹੈ। ਟਰੰਪ ਨੇ ਅਚਾਨਕ ਯੇਰੋਸ਼ਲਮ ਨੂੰ ਇਜ਼ਰਾਇਲ ਦੀ ਰਾਜਧਾਨੀ ਦੇ ਰੂਪ ਵਿੱਚ ਮਾਨਤਾ ਦਿੱਤੀ।
ਸੰਯੁਕਤ ਰਾਸ਼ਟਰ ਦੀ ਆਮ ਸਭਾ ਵਿੱਚ ਇਸ ਮਸਲੇ ਉੱਤੇ ਹੋਏ ਮਤਦਾਨ ਵਿੱਚ ਅਮਰੀਕਾ ਬੁਰੀ ਤਰ੍ਹਾਂ ਨਾਲ ਇਕੱਲਾ ਪੈ ਗਿਆ।
ਲੰਮੀ ਮਿਆਦ ਵਿੱਚ ਅਮਰੀਕਾ ਨੂੰ ਨੁਕਸਾਨ
ਅਮਰੀਕਾ ਫਰਸਟ ਨੀਤੀ ਦੇ ਤਹਿਤ ਕੌਮਾਂਤਰੀ ਆਰਥਿਕ ਪਾਬੰਦੀਆਂ ਨਾਲ ਜੁੜੇ ਫੰਡਾਂ ਵਿੱਚ ਕਟੌਤੀ ਕਰ ਕੇ ਉਸ ਨੂੰ ਤਤਕਾਲੀ ਫ਼ਾਇਦਾ ਮਿਲ ਸਕਦਾ ਹੈ। ਪਰ ਲੰਮੀ ਮਿਆਦ ਲਈ ਉਸ ਨੂੰ ਨੁਕਸਾਨ ਚੁੱਕਣਾ ਪੈ ਸਕਦਾ ਹੈ।
ਅਮਰੀਕਾ ਇਸ ਨੀਤੀ ਨਾਲ ਦੁਨੀਆਂ ਦੀ ਅਗਵਾਈ ਨਹੀਂ ਕਰ ਸਕਦਾ। ਮਿਸਾਲ ਦੇ ਤੌਰ 'ਤੇ ਪੈਰਿਸ ਜਲਵਾਯੂ ਤਬਦੀਲੀ ਸਮਝੌਤੇ ਨੂੰ ਅਸੀਂ ਵੇਖ ਸਕਦੇ ਹਾਂ।

ਤਸਵੀਰ ਸਰੋਤ, Getty Images
ਅਮਰੀਕਾ ਇੱਥੇ ਵੀ ਟਰੰਪ ਦੇ ਕਾਰਨ ਇਕੱਲਾ ਹੋ ਗਿਆ ਹੈ। ਇਸ ਸਦੀ ਵਿੱਚ ਵਾਤਾਵਰਨ ਤਬਦੀਲੀ ਨੂੰ ਸਭ ਤੋਂ ਮਹੱਤਵਪੂਰਨ ਕੌਮਾਂਤਰੀ ਮਸਲੀਆਂ ਦੇ ਰੂਪ ਵਿੱਚ ਵੇਖਿਆ ਜਾ ਰਿਹਾ ਹੈ।
ਪੈਰਿਸ ਸਮਝੌਤੇ ਨਾਲ ਅਮਰੀਕਾ ਨੇ ਖ਼ੁਦ ਨੂੰ ਵੱਖ ਕਰ ਲਿਆ ਹੈ। ਅਮਰੀਕਾ ਦੇ ਵੱਖ ਹੋਣ ਤੋਂ ਬਾਅਦ ਫਰਾਂਸ ਅਤੇ ਚੀਨ ਇਸ ਮਾਮਲੇ ਵਿੱਚ ਦੁਨੀਆਂ ਦੀ ਅਗਵਾਈ ਕਰ ਰਹੇ ਹਨ।
ਅੱਧੀ ਸਦੀ ਤੋਂ ਜ਼ਿਆਦਾ ਸਮੇਂ ਤੋਂ ਦੁਨੀਆਂ ਅਮਰੀਕਾ ਦੀ ਅਗਵਾਈ ਅਤੇ ਦਿਸ਼ਾ ਉੱਤੇ ਭਰੋਸਾ ਕਰਦੀ ਆਈ ਹੈ। ਹੁਣ ਅਮਰੀਕਾ ਨੂੰ ਲੱਗ ਰਿਹਾ ਹੈ ਕਿ ਉਸ ਨੂੰ ਬਾਕੀ ਦੁਨੀਆਂ ਤੋਂ ਮੂੰਹ ਮੋੜ ਕੇ ਆਪਣੀ ਚਿੰਤਾ ਕਰਨੀ ਚਾਹੀਦੀ ਹੈ।
ਅਜਿਹੇ ਵਿੱਚ ਦੁਨੀਆ ਇੱਕ ਨਵੀਂ ਅਗਵਾਈ ਵੱਲ ਵੇਖ ਰਹੀ ਹੈ। ਯੂਰੋਪੀ ਦੇਸ ਪਹਿਲਾਂ ਤੋਂ ਹੀ ਜਰਮਨੀ ਦੀ ਚਾਂਸਲਰ ਏੰਜੇਲਾ ਮਰਕਲ ਦੀ ਅਗਵਾਈ ਵੱਲ ਵੇਖ ਰਹੇ ਹਨ।
ਜਰਮਨੀ ਆਜ਼ਾਦ ਦੁਨੀਆਂ ਦੇ ਆਗੂ ਦੇ ਤੌਰ 'ਤੇ ਉੱਭਰਿਆ ਜਿਸ ਉੱਤੇ ਅਮਰੀਕਾ ਦਾ ਅਜਾਰੇਦਾਰੀ ਕਰਦਾ ਸੀ।
ਅਮਰੀਕਾ ਤੋਂ ਬਾਅਦ ਦੁਨੀਆ ਦੀ ਅਗਵਾਈ ਕੌਣ ਕਰੇਗਾ?
ਅਕਤੂਬਰ 2017 ਵਿੱਚ ਮਸ਼ਹੂਰ ਮੈਗਜ਼ੀਨ 'ਦਿ ਇਕਨਾਮਿਸਟ' ਨੇ ਚੀਨੀ ਰਾਸ਼ਟਰਪਤੀ ਸ਼ੀ ਜਿਨਪਿੰਗ ਨੂੰ ਦੁਨੀਆਂ ਦਾ ਸਭ ਤੋਂ ਤਾਕਤਵਰ ਨੇਤਾ ਕਰਾਰ ਦਿੱਤਾ ਸੀ।
ਇਸ ਘਟਨਾ ਤੋਂ ਅਸੀਂ ਸਮਝ ਸਕਦੇ ਹਾਂ ਕਿ ਦੁਨੀਆਂ ਦੇ ਅਗਵਾਈ ਦੇ ਮਾਮਲੇ ਵਿੱਚ ਅਮਰੀਕਾ ਕਿੱਥੇ ਜਾ ਰਿਹਾ ਹੈ।

ਤਸਵੀਰ ਸਰੋਤ, Getty Images
ਹੁਣ ਦੁਨੀਆ ਦੀ ਅਗਵਾਈ ਜਰਮਨੀ ਕਰੇਗਾ ਜਾਂ ਚੀਨ ਜਾਂ ਹੁਣ ਵੀ ਅਮਰੀਕਾ ਹੀ ਹੈ?
ਇਸ ਨੂੰ ਮਿਆਂਮਾਰ ਵਿੱਚ ਇੱਕ ਕਤਲੇਆਮ ਦਾ ਸਾਹਮਣਾ ਝੱਲਣ ਵਾਲੇ ਰੋਹਿੰਗਿਆ ਤੋਂ ਪੁੱਛੋ। ਕੀ ਇਹ ਸਰਹੱਦ 'ਤੇ ਖ਼ੁਦ ਨੂੰ ਸੁਰੱਖਿਅਤ ਕੱਢੇ ਜਾਣ ਨੂੰ ਲੈ ਕੇ ਚੀਨੀ ਜਾਂ ਜਰਮਨੀ ਦੀ ਜਲ ਸੈਨਾ ਦੀ ਉਡੀਕ ਕਰ ਰਹੇ ਸਨ?
ਰਾਸ਼ਟਰਪਤੀ ਟਰੰਪ ਵੱਲੋਂ ਯੇਰੋਸ਼ਲਮ ਨੂੰ ਲੈ ਕੇ ਦਹਾਕਿਆਂ ਪੁਰਾਣੀ ਨੀਤੀ ਛੱਡੇ ਜਾਣ ਤੋਂ ਬਾਅਦ ਫ਼ਲਸਤੀਨੀ ਜਰਮਨੀ ਵੱਲ ਭੱਜਦੇ ਵਿਖੇ ਜਾਂ ਚੀਨ ਵੱਲ? ਇਨ੍ਹਾਂ ਸਵਾਲਾਂ ਦਾ ਜਵਾਬ ਸਿਰਫ਼ ਨਹੀਂ ਹੈ।
ਜਿਨ੍ਹਾਂ ਇਲਾਕਿਆਂ ਵਿੱਚ ਅਮਰੀਕਾ ਦਿਲਚਸਪੀ ਘੱਟ ਵਿਖਾ ਰਿਹਾ ਹੈ ਜਾਂ ਉਹ ਨਕਾਰਾਤਮਕ ਹੈ, ਉੱਥੇ ਜ਼ਿਆਦਾਤਰ ਨਿਰਦੇਸ਼ਕ ਅਤੇ ਆਗੂ ਦੂਜੇ ਦੇਸਾਂ ਵੱਲ ਵੇਖ ਰਹੇ ਹਨ।
ਲੋਕਾਂ ਨੂੰ ਲੱਗਦਾ ਹੈ ਕਿ ਅਮਰੀਕਾ ਫਰਸਟ ਨੀਤੀ ਦੇ ਕਾਰਨ ਇਨ੍ਹਾਂ ਇਲਾਕਿਆਂ ਵਿੱਚ ਇੱਕ ਕਿਸਮ ਦੀ ਨਾਉਮੀਦੀ ਆਈ ਹੈ।

ਤਸਵੀਰ ਸਰੋਤ, Getty Images
ਨਵੰਬਰ 2017 ਵਿੱਚ ਮਲੇਸ਼ੀਆ ਵਿੱਚ ਮੈਨੂੰ ਪੂਰਬੀ ਏਸ਼ੀਆਈ ਦੇਸ਼ਾਂ ਦੇ ਆਗੂਆਂ ਨਾਲ ਗੱਲਬਾਤ ਕਰਨ ਦਾ ਮੌਕਾ ਮਿਲਿਆ ਸੀ।
ਇੱਥੇ ਮੈਨੂੰ ਇਹ ਕਾਫ਼ੀ ਦਿਲਚਸਪ ਲੱਗਾ ਕਿ ਲੋਕ ਕਿਵੇਂ ਅਮਰੀਕਾ ਦੀ ਅਹਿਮੀਅਤ ਨੂੰ ਨਜ਼ਰਅੰਦਾਜ਼ ਕਰਦੇ ਹੋਏ ਚੀਨ ਜਾਂ ਆਸਿਆਨ ਸਮੇਤ ਖੇਤਰੀ ਕੌਮਾਂਤਰੀ ਸੰਗਠਨਾਂ ਵੱਲ ਉਮੀਦ ਭਰੀਆਂ ਨਿਗਾਹਾਂ ਨਾਲ ਵੇਖ ਰਹੇ ਸਨ।
ਮੈਨੂੰ ਇੱਕ ਸੰਸਾਰਕ ਪੈਟਰਨ ਬਣਨ ਨੂੰ ਲੈ ਕੇ ਸ਼ੱਕ ਹੈ। ਅਮਰੀਕਾ ਦੂਜੇ ਦੇਸਾਂ ਅਤੇ ਉਨ੍ਹਾਂ ਦੀਆਂ ਸਮੱਸਿਆਵਾਂ ਨੂੰ ਲੈ ਕੇ ਬਿਲਕੁਲ ਅਵੇਸਲਾ ਵਿਖ ਰਿਹਾ ਹੈ।

ਤਸਵੀਰ ਸਰੋਤ, Reuters
ਇਨ੍ਹਾਂ ਹਾਲਤ ਵਿੱਚ ਇਹ ਦੇਸ ਖੇਤਰੀ ਸੰਗਠਨਾਂ ਜਿਵੇਂ ਆਸਿਆਨ, ਅਫ਼ਰੀਕੀ ਯੂਨੀਅਨ ਅਤੇ ਯੂਰਪੀ ਯੂਨੀਅਨ ਜਾਂ ਖੇਤਰੀ ਆਗੂਆਂ ਜਿਵੇਂ ਚੀਨ, ਜਰਮਨੀ ਅਤੇ ਸ਼ਾਇਦ ਭਾਰਤ ਵੱਲ ਵੇਖ ਰਹੇ ਹਨ।
ਕਿਸੇ ਵੀ ਇੱਕ ਦੇਸ ਵਿੱਚ ਆਰਥਕ ਜਾਂ ਫ਼ੌਜੀ ਸਮਰੱਥਾ ਨਹੀਂ ਹੈ ਕਿ ਉਹ ਅਮਰੀਕਾ ਦੀ ਥਾਂ ਲੈ ਸਕੇ।
ਹਾਲਾਂਕਿ ਇਹ ਸੰਭਵ ਹੈ ਕਿ ਵਿਸ਼ਵ ਸਮਾਜ ਦੀ ਤਕਸੀਮ ਖੇਤਰੀ ਸਮੂਹਾਂ ਵਿੱਚ ਹੋ ਜਾਵੇ ਅਤੇ ਖੇਤਰੀ ਗੋਲ ਬੰਦੀਆਂ ਦੇ ਹਿਸਾਬ ਨਾਲ ਸੁਰੱਖਿਆ ਅਤੇ ਆਰਥਿਕ ਸਹਿਯੋਗ ਨੂੰ ਉਤਸ਼ਾਹ ਮਿਲੇ।
ਚੀਨ ਦੇ ਕੋਲ ਕਿੰਨੀ ਤਾਕਤ?
ਚੀਨ ਕੋਲ ਉਸ ਤਰ੍ਹਾਂ ਦੀ ਫ਼ੌਜੀ ਸ਼ਕਤੀ ਨਹੀਂ ਹੈ ਕਿ ਉਹ ਧਰਤੀ ਉੱਤੇ ਕਿਤੇ ਵੀ ਆਪਣੀ ਤਾਕਤ ਦੀ ਨੁਮਾਇਸ਼ ਕਰ ਸਕੇ। ਅਜਿਹੇ ਵਿੱਚ ਉਹ ਸੀਮਤ ਦਾਇਰੇ ਵਿੱਚ ਦੁਨੀਆਂ ਦੀ ਅਗਵਾਈ ਕਰ ਸਕਦਾ ਹੈ।

ਤਸਵੀਰ ਸਰੋਤ, Getty Images
ਚੀਨ ਦੀ ਮਾਲੀ ਹਾਲਤ ਕਾਫ਼ੀ ਮਜ਼ਬੂਤ ਹੈ ਕਿਉਂਕਿ ਉਹ ਵਿਸ਼ਵ ਪੱਧਰ 'ਤੇ ਅਮਰੀਕਾ ਵਾਂਗ ਦਹਾਕਿਆਂ ਤੋਂ ਸਰੋਤਾਂ ਨੂੰ ਖ਼ਰਚ ਨਹੀਂ ਕਰ ਰਿਹਾ ਹੈ।
ਕੀ ਚੀਨ ਦੀ ਮਾਲੀ ਹਾਲਤ ਦੁਨੀਆਂ ਦੀ ਹਾਲਤ ਅਤੇ ਦਿਸ਼ਾ ਨੂੰ ਸੰਤੁਲਿਤ ਕਰਨ ਦਾ ਭਾਰ ਚੁੱਕ ਸਕਦੀ ਹੈ?
ਸਭ ਤੋਂ ਮਹੱਤਵਪੂਰਨ ਗੱਲ ਇਹ ਹੈ ਕਿ ਜੇ ਚੀਨ ਦੁਨੀਆਂ ਦੀ ਅਗਵਾਈ ਵੱਲ ਜਾਂਦਾ ਹੈ ਤਾਂ ਕੀ ਅਮਰੀਕਾ ਨੂੰ ਉਸ ਦੇ ਹਿੱਤਾਂ ਦੇ ਨਾਲ ਕਾਬੂ ਕਰ ਸਕਦਾ ਹੈ? ਇੱਕ ਵਾਰ ਫਿਰ ਮੇਰਾ ਜਵਾਬ ਹੈ ਨਹੀਂ।
ਅਮਰੀਕਾ ਹੁਣ ਵੀ ਇੱਕ ਬਿਹਤਰ ਬਦਲ ਹੈ। ਅਮਰੀਕਾ ਨੂੰ ਖ਼ੁਦ ਨੂੰ ਸਮੇਟਣ ਅਤੇ ਇਕੱਲਾ ਹੋਣ ਦੀ ਬਜਾਏ ਦੁਨੀਆਂ ਨੂੰ ਨਾਲ ਲੈ ਕੇ ਚੱਲਣਾ ਚਾਹੀਦਾ ਹੈ।
ਅਮਰੀਕਾ ਫਰਸਟ ਇੱਕ ਚੋਣਾਂ ਦਾ ਨਾਅਰਾ ਸੀ ਨਾ ਕਿ ਕੋਈ ਇੱਕ ਸਦਾਬਹਾਰ ਰਣਨੀਤੀ ਹੈ।
ਮੈਂ ਇਸ ਗੱਲ ਨਾਲ ਪੂਰੀ ਤਰ੍ਹਾਂ ਸਹਿਮਤ ਹਾਂ ਕਿ ਅਮਰੀਕਾ ਨੇ ਜਿਸ ਜ਼ਿੰਮੇਵਾਰੀ ਨਾਲ ਇਸਲਾਮਿਕ ਸਟੇਟ ਅਤੇ ਉੱਤਰ ਕੋਰੀਆ ਦੀਆਂ ਚੁਣੌਤੀਆਂ ਦਾ ਸਾਹਮਣਾ ਕੀਤਾ ਹੈ ਉਸੇ ਤਰ੍ਹਾਂ ਉਹ ਹੋਰ ਵਿਸ਼ਵ ਪੱਧਰੀ ਮਾਮਲਿਆਂ ਵਿੱਚ ਆਪਣੀ ਭੂਮਿਕਾ ਅਦਾ ਕਰੇਗਾ।












