ਟਰੰਪ ਦੇ ਸਲਾਹਕਾਰ ਨੇ ਰੂਸੀ ਸਬੰਧਾਂ 'ਤੇ ਝੂਠ ਬੋਲਿਆ

ਤਸਵੀਰ ਸਰੋਤ, TWITTER/@GEORGEPAPA19
ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਇੱਕ ਚੋਣ ਪ੍ਰਚਾਰ ਸਲਾਹਕਾਰ ਨੇ ਇਹ ਕਬੂਲ ਕਰ ਲਿਆ ਹੈ ਕਿ ਉਨ੍ਹਾਂ ਨੇ ਐੱਫ਼ਬੀਆਈ ਤੋਂ ਕਥਿਤ ਰੂਸੀ ਵਿਚੋਲੇ ਨਾਲ ਮਿਲ ਕੇ ਮੁਲਾਕਾਤ ਦੇ ਸਮੇਂ ਬਾਰੇ ਝੂਠ ਬੋਲਿਆ ਸੀ।
ਜਾਰਜ ਪਾਪਾਡੋਪਲਸ ਨੇ ਇਸ ਗੱਲ ਨੂੰ ਮੰਨ ਲਿਆ ਹੈ ਕਿ ਉਨ੍ਹਾਂ ਦੀ ਮੁਲਾਕਾਤ ਚੋਣ ਮੁਹਿੰਮ ਦੌਰਾਨ ਹੋਈ ਸੀ, ਨਾ ਕਿ ਚੋਣ ਮੁਹਿੰਮ ਤੋਂ ਪਹਿਲਾਂ।
ਇਸ ਗੱਲ ਤੋਂ ਪਰਦਾ ਅਦਾਲਤ ਦੇ ਦਸਤਾਵੇਜਾਂ ਦੇ ਸਾਹਮਣੇ ਆਉਣ 'ਤੇ ਹਟਿਆ ਹੈ।
ਇੱਕ ਹੋਰ ਮਾਮਲਾ ਦਰਜ
ਉੱਧਰ ਟਰੰਪ ਦੇ ਸਾਬਕਾ ਮੁਹਿੰਮ ਮੈਨੇਜਰ ਪੌਲ ਮੈਨਫੋਰਟ 'ਤੇ ਟੈਕਸ ਧੋਖਾਧੜੀ ਮਾਮਲੇ ਵਿੱਚ ਮੁਕੱਦਮਾ ਦਰਜ ਕੀਤਾ ਗਿਆ ਹੈ।

ਤਸਵੀਰ ਸਰੋਤ, Reuters
ਮੈਨਫੋਰਟ ਤੇ ਉਨ੍ਹਾਂ ਦੇ ਇੱਕ ਸਹਿਯੋਗੀ ਰਿਕ ਗੇਟਸ ਖਿਲਾਫ਼ 12 ਮਾਮਲੇ ਦਰਜ ਕੀਤੇ ਗਏ ਹਨ। ਇਸ ਵਿੱਚ ਇੱਕ ਮਾਮਲਾ ਮਨੀ ਲੌਂਡਰਿੰਗ ਦੀ ਸਾਜਿਸ਼ ਰਚਨ ਦਾ ਵੀ ਹੈ।
ਹਾਲਾਂਕਿ ਇਸ ਦਾ ਟਰੰਪ ਦੀ ਚੋਣ ਮੁਹਿੰਮ ਨਾਲ ਸਬੰਧ ਨਹੀਂ ਹੈ, ਪਰ ਯੂਕ੍ਰੇਨ ਵਿੱਚ 2015 ਤੱਕ ਵਪਾਰਿਕ ਸੌਦਿਆਂ ਨਾਲ ਇਸ ਦਾ ਲੈਣਾ ਦੇਣਾ ਹੈ।
ਪਿਛਲੇ ਸਾਲ ਅਮਰੀਕਾ ਵਿੱਚ ਹੋਈਆਂ ਰਾਸ਼ਟਰਪਤੀ ਚੋਣਾਂ ਵਿੱਚ ਕਥਿਤ ਰੂਸੀ ਦਖ਼ਲ ਦੀ ਜਾਂਚ ਚੱਲ ਰਹੀ ਹੈ।
ਇਸ ਜਾਂਚ ਦੀ ਅਗੁਵਾਈ ਸਪੈਸ਼ਲ ਕਾਉਂਸਿਲ ਰਾਬਰਟ ਮਿਊਲਰ ਕਰ ਰਹੇ ਹਨ। ਹਾਲਾਂਕਿ ਦੋਹਾਂ ਧਿਰਾਂ ਇਸ ਤਰ੍ਹਾਂ ਦੇ ਸਮਝੌਤੇ ਤੋਂ ਇਨਕਾਰ ਕਰ ਰਹੀਆਂ ਹਨ।
ਟਰੰਪ 'ਤੇ ਕੀ ਅਸਰ ਪਏਗਾ?
ਇਸ ਮਾਮਲੇ ਵਿੱਚ ਟਰੰਪ ਨੂੰ ਨੁਕਸਾਨ ਪਹੁੰਚਾਉਣ ਦੀ ਸਮਰਥਾ ਹੈ, ਕਿਉਂਕਿ ਇਸ ਦਾ ਸਿੱਧਾ ਸਬੰਧ ਉਨ੍ਹਾਂ ਦੀ ਚੋਣ ਮੁਹਿੰਮ ਨਾਲ ਹੈ।

ਤਸਵੀਰ ਸਰੋਤ, Getty Images
ਅਦਾਲਤ ਦੇ ਦਸਤਾਵੇਜਾਂ ਮੁਤਾਬਕ ਟਰੰਪ ਦੇ ਸਾਬਕਾ ਵਿਦੇਸ਼ ਨੀਤੀ ਸਲਾਹਕਾਰ ਨੇ ਪੰਜ ਅਕਤੂਰ ਨੂੰ ਮੰਨਜ਼ੂਰ ਕੀਤਾ ਸੀ ਕਿ ਉਨ੍ਹਾਂ ਨੇ ਕਥਿਤ ਰੂਸੀ ਦਖ਼ਲ ਦੇ ਮਾਮਲੇ ਵਿੱਚ ਐੱਫ਼ਬੀਆਈ ਦੀ ਜਾਂਚ 'ਚ ਰੁਕਾਵਟ ਪਾਈ।
ਜਦੋਂ ਇਸ ਸਾਲ ਜਨਵਰੀ ਮਹੀਨੇ ਵਿੱਚ ਐੱਫ਼ਬੀਆਈ ਨੇ ਜਾਰਜ ਪਾਪਾਡੋਪਲਸ ਤੋਂ ਪੁਛਗਿੱਛ ਕੀਤੀ ਸੀ ਤਾਂ ਉਨ੍ਹਾਂ ਨੇ ਦਾਅਵਾ ਕੀਤਾ ਸੀ ਕਿ ਦੋ ਰੂਸੀਆਂ ਨਾਲ ਉਨ੍ਹਾਂ ਦੀ ਮੁਲਾਕਾਤ ਮਾਰਚ 2016 ਵਿੱਚ ਟਰੰਪ ਦੀ ਚੋਣ ਮੁਹਿੰਮ ਤੋਂ ਪਹਿਲਾਂ ਹੋਈ ਸੀ।
ਸੱਚ ਇਹ ਵੀ ਹੈ ਕਿ ਇਹ ਮੁਲਾਕਾਤ ਟਰੰਪ ਦੀ ਚੋਣ ਮੁਹਿੰਮ ਵਿੱਚ ਸ਼ਾਮਿਲ ਹੋਣ ਤੋਂ ਬਾਅਦ ਹੋਈ ਸੀ।
ਜਾਰਜ ਪਾਪਾਡੋਪਲਸ ਦੀਆਂ ਜਿੰਨ੍ਹਾਂ ਦੋ ਰੂਸੀਆਂ ਨਾਲ ਮੁਲਾਕਾਤ ਹੋਈ ਸੀ ਉਨ੍ਹਾਂ 'ਚੋਂ ਇੱਕ ਔਰਤ ਸੀ, ਜਿਸ ਦਾ ਸਬੰਧ ਰੂਸੀ ਸਰਕਾਰ ਦੇ ਅਧਿਕਾਰੀਆਂ ਨਾਲ ਸੀ।

ਤਸਵੀਰ ਸਰੋਤ, AFP
ਜਾਰਜ ਨੇ ਮੰਨਿਆ ਕਿ ਉਨ੍ਹਾਂ ਨੇ ਉਸ ਔਰਤ ਦੇ ਸੰਪਰਕਾਂ ਦਾ ਇਸਤੇਮਾਲ ਚੋਣ ਮੁਹਿੰਮ ਤੇ ਰੂਸੀ ਸਰਕਾਰ ਦੇ ਅਧਿਕਾਰੀਆਂ ਨਾਲ ਬੈਠਕ ਲਈ ਕੀਤਾ ਸੀ।
ਜਾਰਜ ਦੀ ਜਿਸ ਦੂਜੇ ਸ਼ਖ਼ਸ ਨਾਲ ਮੁਲਾਕਾਤ ਹੋਈ ਉਹ ਲੰਡਨ ਵਿੱਚ ਪ੍ਰੋਫੈਸਰ ਹੈ। ਉਸ ਸ਼ਖ਼ਸ ਦਾ ਕਹਿਣਾ ਹੈ ਕਿ ਉਸ ਦਾ ਰੂਸ ਦੀ ਸਰਕਾਰ ਦੇ ਅਧਿਕਾਰੀਆਂ ਨਾਲ ਮਜ਼ਬੂਤ ਸਬੰਧ ਹੈ।
ਇੱਕ ਬਿਆਨ ਵਿੱਚ ਕਿਹਾ ਗਿਆ ਹੈ ਕਿ ਜਾਰਜ ਪਾਪਾਡੋਪਲਸ ਨਾਲ ਮਿਲਣ ਵਿੱਚ ਦਿਲਚਸਪੀ ਇਸ ਲਈ ਦਿਖਾਈ ਸੀ ਕਿਉਂਕਿ ਟਰੰਪ ਦੀ ਚੋਣ ਮੁਹਿੰਮ ਵਿੱਚ ਉਨ੍ਹਾਂ ਦਾ ਵੱਡਾ ਕੱਦ ਸੀ।

ਤਸਵੀਰ ਸਰੋਤ, Getty Images
ਇਹ ਧਮਾਕੇਦਾਰ ਸਾਬਿਤ ਹੋ ਸਕਦਾ ਹੈ
ਬੀਬੀਸੀ ਨਿਊਜ਼ ਵਾਸ਼ਿੰਗਟਨ ਦੇ ਐਂਟਨੀ ਜ਼ਰਚਰ ਦਾ ਕਹਿਣਾ ਹੈ ਕਿ ਇਹ ਧਮਾਕੇਦਾਰ ਸਾਬਿਤ ਹੋ ਸਕਦਾ ਹੈ।
ਜਾਰਜ ਪਾਪਾਡੋਪਲਸ ਨੇ ਇਸ ਗੱਲ ਨੂੰ ਮੰਨ ਲਿਆ ਹੈ ਕਿ ਜਦੋਂ ਉਹ ਟਰੰਪ ਦੇ ਵਿਦੇਸ਼ ਨੀਤੀ ਸਲਾਹਕਾਰ ਸਨ, ਉਦੋਂ ਤੋਂ ਹੀ ਰੂਸੀਆਂ ਦੇ ਸੰਪਰਕ ਵਿੱਚ ਸਨ।












