ਸਪੇਨ ਨੂੰ ਝਟਕਾ: ਕੈਟਲਨ ਲੋਕਾਂ ਨੇ ਮੁੜ ਦਿੱਤਾ ਵੱਖਵਾਦੀਆਂ ਨੂੰ ਬਹੁਮਤ

ਤਸਵੀਰ ਸਰੋਤ, Getty Images
ਕੈਟੇਲੋਨੀਆ ਵਿੱਚ ਹੋਇਆਂ ਮੱਧਕਾਲੀ ਚੋਣਾਂ ਵਿੱਚ ਵੱਖਵਾਦੀਆਂ ਨੇ ਬਹੁਮਤ ਹਾਸਲ ਕਰ ਲਿਆ ਹੈ। ਵੀਰਵਾਰ ਨੂੰ ਹੋਇਆਂ ਵੋਟਾਂ ਵਿੱਚ ਵੋਟਰ ਵੱਡੀ ਗਿਣਤੀ ਵਿੱਚ ਸ਼ਾਮਿਲ ਹੋਏ।
ਲਗਭਗ ਸਾਰੀਆਂ ਵੋਟਾਂ ਦੀ ਗਿਣਤੀ ਤੋਂ ਬਾਅਦ ਵੱਖਵਾਦੀ ਸਪੱਸ਼ਟ ਬਹੁਮਤ ਹਾਸਲ ਕਰਦੇ ਹੋਏ ਦਿਖ ਰਹੇ ਸਨ।
ਇਹ ਸਪੇਨ ਦੇ ਪ੍ਰਧਾਨ ਮੰਤਰੀ ਮੈਰਿਆਨੋ ਰਖਾਏ ਲਈ ਬਹੁਤ ਝਟਕਾ ਹੈ। ਬੈਲਜੀਅਮ ਤੋਂ ਬੋਲਦੇ ਹੋਏ ਕੈਟਲਨ ਵੱਖਵਾਦੀ ਆਗੂ ਕਾਰਲਸ ਪਿਆਇਦੇਮੋਂਟ ਨੇ ਕਿਹਾ ਹੈ ਕਿ ਹੁਣ ਕੋਈ ਵੀ ਚੋਣ ਨਤੀਜਿਆਂ ਉੱਤੇ ਸਵਾਲ ਖੜੇ ਨਹੀਂ ਕਰ ਸਕਦਾ।
ਉਨ੍ਹਾਂ ਕਿਹਾ ਕਿ ਕੈਟਲਨ ਰਿਪਬਲਿਕ ਨੇ ਚੋਣਾਂ ਜਿੱਤ ਲਈਆਂ ਹਨ।
ਚੋਣ ਨਤੀਜਿਆਂ ਤੋਂ ਬਾਅਦ ਸਪੇਨ ਦੀ ਕੇਂਦਰੀ ਸਰਕਾਰ ਅਤੇ ਕੈਟੇਲਨ ਵੱਖਵਾਦੀ ਪਾਰਟੀਆਂ ਦੇ ਵਿੱਚ ਤਣਾਅ ਹੋਰ ਵੱਧ ਸਕਦਾ ਹੈ।
ਚੋਣਾਂ ਵਿੱਚ ਸਪੇਨ ਤੋਂ ਵੱਖ ਹੋਣ ਦਾ ਸਮਰਥਨ ਕਰਨ ਅਤੇ ਸਪੇਨ ਦੇ ਨਾਲ ਰਹਿਣ ਦਾ ਸਮਰਥਨ ਕਰਨ ਵਾਲੀਆਂ ਪਾਰਟੀਆਂ ਆਹਮੋ-ਸਾਹਮਣੇ ਸਨ।

ਤਸਵੀਰ ਸਰੋਤ, AFP
ਹਾਲਾਂਕਿ ਸਪੇਨ ਨਾਲ ਰਹਿਣ ਦੀ ਸਮਰਥਕ ਸਿਟੀਜੈਂਸ ਪਾਰਟੀ ਨੇ ਸੰਸਦ ਵਿੱਚ ਸਭ ਤੋਂ ਜ਼ਿਆਦਾ ਸੀਟਾਂ ਹਾਸਲ ਕੀਤੀਆਂ ਹਨ ਅਤੇ ਨਿਯਮਾਂ ਮੁਤਾਬਕ ਉਸ ਨੂੰ ਹੀ ਸਰਕਾਰ ਬਣਾਉਣ ਦਾ ਪਹਿਲਾ ਮੌਕਾ ਮਿਲ ਸਕਦਾ ਹੈ।
ਬੀਬੀਸੀ ਪੱਤਰਕਾਰ ਮੁਤਾਬਕ ਚੋਣਾਂ ਨਾਲ ਕੈਟੇਲੋਨੀਆ ਸੰਕਟ ਦੇ ਹੱਲ ਲੱਛਣ ਪ੍ਰਤੱਖ ਨਹੀਂ ਹਨ।
ਸਪੇਨ ਨੇ ਕੈਟੇਲੋਨੀਆ ਵਿੱਚ ਆਜ਼ਾਦੀ ਲਈ ਹੋਏ ਰਾਏ-ਸ਼ੁਮਾਰੀ ਨੂੰ ਗ਼ੈਰ-ਕਾਨੂੰਨੀ ਕਹਿੰਦੇ ਹੋਏ ਅਕਤੂਬਰ ਵਿੱਚ ਵੱਖਵਾਦੀ ਪਾਰਟੀਆਂ ਦੀ ਸਰਕਾਰ ਨੂੰ ਮੁਅੱਤਲ ਕਰ ਦਿੱਤਾ ਸੀ।
ਵੀਰਵਾਰ ਨੂੰ ਹੋਈਆਂ ਵੋਟਾਂ ਵਿੱਚ ਵੱਡੀ ਗਿਣਤੀ ਵਿੱਚ ਲੋਕਾਂ ਨੇ ਹਿੱਸਾ ਲਿਆ ਅਤੇ ਪੋਲਿੰਗ ਬੂਥਾਂ 'ਤੇ ਲੰਮੀਆਂ ਕਤਾਰਾਂ 'ਚ ਖੜੇ ਰਹੇ।
ਸਪੇਨ ਕੋਈ ਮਹਾਸੰਘ ਨਹੀਂ ਹੈ। ਸਪੇਨ ਦੇ ਕੋਲ ਕੁਲ 17 ਨਿੱਜੀ ਖੇਤਰ ਹਨ ਜਿਨ੍ਹਾਂ ਦੇ ਵੱਖ-ਵੱਖ ਝੰਡੇ ਹਨ।
ਇਨ੍ਹਾਂ ਵਿੱਚੋਂ ਇੱਕ ਹੈ ਕੈਟੇਲੋਨੀਆ, ਜੋ ਸਪੇਨ ਦੇ ਉੱਤਰੀ-ਪੂਰਬੀ ਸਿਰੇ 'ਤੇ ਲਗਭਗ ਇੱਕ ਤਿਕੋਣ ਦੀ ਸ਼ਕਲ ਵਿੱਚ ਸਥਿਤ ਇੱਕ ਖ਼ੁਦਮੁਖਤਿਆਰ ਖੇਤਰ ਹੈ। ਕੈਟੇਲੋਨੀਆ ਦੀ ਗਿਣਤੀ ਸਪੇਨ ਦੇ ਸਭ ਤੋਂ ਖ਼ੁਸ਼ਹਾਲ ਅਤੇ ਉਦਯੋਗਿਕ ਖੇਤਰਾਂ ਵਿੱਚ ਹੁੰਦੀ ਹੈ।

ਤਸਵੀਰ ਸਰੋਤ, Getty Images
ਕੈਟੇਲੋਨੀਆ ਦੀ ਮਾਲੀ ਹਾਲਤ ਸਪੇਨ ਦੀ ਕੁੱਲ ਮਾਲੀ ਹਾਲਤ ਦੀ 22 ਫ਼ੀਸਦੀ ਦੇ ਆਸਪਾਸ ਹੈ। ਇਹ ਸਪੇਨ ਦੀ ਕਰੀਬ ਚਾਰ ਕਰੋੜ ਆਬਾਦੀ ਦਾ ਸਿਰਫ਼ 16 ਫ਼ੀਸਦੀ ਹਿੱਸਾ ਹੈ, ਪਰ ਸਪੇਨ ਦੀ ਜੀਡੀਪੀ ਵਿੱਚ 19 ਫ਼ੀਸਦੀ ਅਤੇ ਨਿਰਿਆਤ ਵਿੱਚ 25 ਫ਼ੀਸਦੀ ਦਾ ਤਰਜਮਾਨੀ ਕਰਦਾ ਹੈ।

ਤਸਵੀਰ ਸਰੋਤ, Reuters
ਕੈਟੇਲੋਨੀਆ ਵਿੱਚ ਸਪੇਨ ਤੋਂ ਵੱਖ ਹੋਣ ਦੀਆਂ ਗੱਲਾਂ ਪੁਰਾਣੀਆਂ ਹਨ, ਪਰ ਇਸ ਦਾ ਹਾਲੀਆ ਉਭਾਰ ਇੱਕ ਅਕਤੂਬਰ ਨੂੰ ਹੋਈ ਵਿਵਾਦਿਤ ਰਾਏ-ਸ਼ੁਮਾਰੀ ਤੋਂ ਹੋਇਆ, ਜਿਸ ਤੋਂ ਬਾਅਦ ਉੱਥੇ ਦੀ ਸੰਸਦਾਂ ਨੇ ਆਜ਼ਾਦੀ ਦਾ ਇੱਕਤਰਫ਼ਾ ਐਲਾਨ ਕਰ ਦਿੱਤਾ।
ਕੈਟੇਲੋਨੀਆ ਵਿੱਚ ਬਹੁਤ ਲੋਕਾਂ ਲਈ ਇਹ ਜਸ਼ਨ ਦੀ ਘੜੀ ਸੀ।
ਪਰ ਸਪੇਨ ਇੰਨਾ ਸੌਖਾ ਆਪਣੀ ਜ਼ਮੀਨ ਦੇ ਇਸ ਅਹਿਮ ਹਿੱਸੇ ਨੂੰ ਨਹੀਂ ਛੱਡ ਸਕਦਾ। ਸਪੇਨ ਦੀ ਸੰਸਦ ਨੇ ਇੱਕ ਪ੍ਰਸਤਾਵ ਪਾਸ ਕਰ ਕੇ ਕੈਟੇਲਨ ਸਰਕਾਰ ਨੂੰ ਬਰਖ਼ਾਸਤ ਕਰ ਦਿੱਤਾ ਅਤੇ ਕੈਟੇਲੋਨੀਆ ਉੱਤੇ ਸਿੱਧਾ ਕਬਜ਼ਾ ਸਥਾਪਤ ਕਰ ਲਿਆ।
ਕੈਟੇਲੋਨੀਆ ਦੇ ਖ਼ੁਦ ਨੂੰ ਸਪੇਨ ਤੋਂ ਵੱਖ ਸਮਝਣ ਦੀਆਂ ਜੜਾਂ ਉਸ ਦੇ ਇਤਿਹਾਸ, ਸਭਿਆਚਾਰ ਅਤੇ ਭਾਸ਼ਾ ਵਿੱਚ ਹੈ, ਜੋ ਉਸ ਨੂੰ ਸਪੇਨ ਤੋਂ ਵੱਖ ਕਰਦੇ ਹਨ।
ਖ਼ਾਸ ਤੌਰ ਤੇ ਸਪੈਨਿਸ਼ ਭਾਸ਼ਾ ਦੇ ਬਰਾਬਰ ਕੈਟੇਲਨ ਭਾਸ਼ਾ ਉੱਥੇ ਇੱਜ਼ਤ ਦਾ ਸਵਾਲ ਰਿਹਾ ਹੈ। ਇਹ ਭਾਸ਼ਾ ਸਪੈਨਿਸ਼ ਦੇ ਜਿੰਨੀ ਲਾਗੇ ਹੈ, ਓਨੀ ਹੀ ਦੱਖਣੀ ਫ਼ਰਾਂਸ ਦੀ ਆਕਿਟਨ ਵਰਗੀਆਂ ਖੇਤਰੀ ਬੋਲੀਆਂ ਦੇ ਨੇੜੇ ਹੈ।












