ਕੈਟੇਲੋਨੀਆ ਰਾਏਸ਼ੁਮਾਰੀ: ਵੋਟਿੰਗ ਦੌਰਾਨ ਝੱੜਪਾਂ 'ਚ 300 ਤੋਂ ਵੱਧ ਲੋਕ ਜਖ਼ਮੀ

Catalonia referendum

ਤਸਵੀਰ ਸਰੋਤ, Dan Kitwood/Getty Images

ਕੈਟੇਲੋਨ ਦੇ ਅਫ਼ਸਰਾਂ ਨੇ ਦੱਸਿਆ ਹੈ ਕਿ ਕੈਟੇਲੋਨੀਆ ਰਾਏਸ਼ੁਮਾਰੀ ਦੀ ਚੋਣ ਦੌਰਾਨ ਹੋਈਆਂ ਝੱੜਪਾਂ ਵਿੱਚ ਘੱਟ ਤੋਂ ਘੱਟ 337 ਲੋਕ ਜਖ਼ਮੀ ਹੋਏ ਹਨ।

ਸਪੇਨ ਸਰਕਾਰ ਕੈਟੇਲੋਨੀਆਂ ਦੀ ਰਾਏਸ਼ੁਮਾਰੀ ਨੂੰ ਗੈਰਕਾਨੂੰਨੀ ਠਹਿਰਾ ਕੇ ਇਸ ਪ੍ਰਕਿਰਿਆ ਨੂੰ ਰੋਕਣ ਦੀ ਕੋਸ਼ਿਸ਼ ਕਰ ਰਹੀ ਹੈ।

ਪੁਲਿਸ ਨੇ ਲੋਕਾਂ ਤੇ ਡੰਡੇ ਅਤੇ ਰਬੜ ਦੀਆਂ ਗੋਲੀਆਂ ਚਲਾਈਆਂ।

ਇੱਕ ਪ੍ਰੈਸ ਵਾਰਤਾ ਦੌਰਾਨ ਸਪੇਨ ਦੇ ਉਪ ਪ੍ਰਧਾਨ ਮੰਤਗੀ ਸੋਰਾਇਆ ਸਾਰੰਥ ਦ ਸੈਨਟਾਮਾਰੀਆ ਨੇ ਕਿਹਾ ਕਿ ਪੁਲਿਸ ਨੇ "ਪੇਸ਼ਾਵਰੀ ਅਤੇ ਅਨੁਰੂਪ ਢੰਗ ਨਾਲ ਕੰਮ ਕੀਤਾ"।

ਸਪੇਨ ਦੇ ਗ੍ਰਹਿ ਮੰਤਰਾਲੇ ਨੇ ਦੱਸਿਆ ਕਿ 11 ਪੁਲਿਸ ਅਫ਼ਸਰ ਵੀ ਜਖ਼ਨੀ ਹੋਏ ਹਨ।

ਕੈਟਾਲਨ ਆਗੂ ਨੂੰ ਵੋਟ ਪਾਉਣ ਤੋਂ ਰੋਕਣ ਦੀ ਕੋਸ਼ਿਸ਼

ਸਪੈਨਿਸ਼ ਪੁਲਿਸ ਨੇ ਕੈਟਾਲਨ ਆਗੂ ਕਾਰਲਸ ਪੁਆਇਦੇਮੋਂਟ ਨੂੰ ਵੋਟ ਪਾਉਣ ਤੋਂ ਰੋਕਣ ਲਈ ਪੋਲਿੰਗ ਸਟੇਸ਼ਨ ਵਿੱਚ ਭੰਨਤੋੜ ਕੀਤੀ।

ਕੈਟੇਲੋਨੀਆਂ ਦੇ ਸੂਬੇ ਗਿਰੋਨਾ ਦੇ ਪੋਲਿੰਗ ਸਟੇਸ਼ਨ ਉੱਤੇ ਪੁਆਇਦੇਮੋਂਟ ਨੂੰ ਰੋਕਣ ਲਈ ਪੁਲਿਸ ਜ਼ਬਰੀ ਦਾਖਲ ਹੋਈ ਅਤੇ ਦਰਵਾਜ਼ੇ ਖਿੜਕੀਆਂ ਦੀ ਭੰਨਤੋੜ ਕੀਤੀ।

ਪੁਆਇਦੇਮੋਂਟ ਨੇ ਪੁਲਿਸ ਦੀ ਕਾਰਵਾਈ ਦੀ ਨਿੰਦਾ ਕਰਦੇ ਕਿਹਾ ਕਿ ਸਪੇਨ ਵੱਲੋਂ ਹਿੰਸਾ ਦਾ ਨਜਾਇਜ਼ ਇਸਤਮਾਲ ਕੈਟਲਨ ਲੋਕਾਂ ਦੀ ਇੱਛਾ ਨੂੰ ਰੋਕ ਨਹੀਂ ਸਕਦਾ।

Catalonia refredum

ਤਸਵੀਰ ਸਰੋਤ, Getty Images

ਪੁਆਇਦੇਮੋਂਟ ਨੇ ਸਾਢੇ ਨੌ ਵਜੇ ਵੋਟ ਪਾਉਣੀ ਸੀ ਪਰ ਉਸ ਤੋਂ ਪਹਿਲਾਂ ਹੀ ਪੁਲਿਸ ਨੇ ਬੂਥ ਉੱਤੇ ਕਬਜ਼ਾ ਕਰ ਲਿਆ।

ਹੋਰ ਕਈ ਥਾਵਾਂ ਉੱਤੇ ਵੀ ਪੁਲਿਸ ਤੇ ਲੋਕਾਂ ਵਿਚਾਲੇ ਝੜਪਾਂ ਹੋਣ ਦੀਆਂ ਖ਼ਬਰਾਂ ਮਿਲੀਆਂ ਹਨ। ਸਥਾਨਕ ਪੁਲਿਸ ਕੇਂਦਰੀ ਪੁਲਿਸ ਦਾ ਸਹਿਯੋਗ ਨਹੀਂ ਕਰ ਰਹੀ।

ਲੋਕਾਂ ਨੂੰ ਵੋਟਿੰਗ ਬੂਥਾਂ ਤੋਂ ਖਦੇੜਣ ਲਈ ਪੁਲਿਸ ਵਲੋਂ ਰਬੜ ਦੀਆਂ ਗੋਲੀਆਂ ਚਲਾਉਣ ਦੀਆਂ ਰਿਪੋਰਟਾਂ ਵੀ ਮਿਲ ਰਹੀਆਂ ਹਨ।

ਸਕੂਲਾਂ ਉੱਤੇ ਕਬਜ਼ਾ

ਕੈਟੇਲੋਨੀਆ ਵਿੱਚ ਰਾਏ ਸ਼ੁਮਾਰੀ ਦੇ ਸਮਰਥਕਾਂ ਨੇ 160 ਤੋਂ ਵਧ ਸਕੂਲਾਂ ਉੱਤੇ ਕਬਜ਼ਾ ਕਰ ਲਿਆ ਸੀ।

ਰਾਏਸ਼ੁਮਾਰੀ ਸਮਰਥਕਾਂ ਦੀ ਕੋਸ਼ਿਸ਼ ਸੀ ਕਿ ਸਕੂਲਾਂ ਨੂੰ ਖੁੱਲ੍ਹੇ ਰੱਖ ਕੇ ਪਾਬੰਦੀਸ਼ੁਦਾ ਰਾਏਸ਼ੁਮਾਰੀ ਲਈ ਵੋਟਿੰਗ ਕਰਵਾਈ ਜਾ ਸਕੇ।

Catalonia refredum

ਤਸਵੀਰ ਸਰੋਤ, Getty Images

ਕੈਟੇਲੋਨੀਆ ਦੇ 2315 ਸਕੂਲਾਂ ਵਿੱਚੋਂ 1300 ਦਾ ਪੁਲਿਸ ਨੇ ਦੌਰਾ ਕੀਤਾ ਅਤੇ ਦੇਖਿਆ ਕਿ 163 ਸਕੂਲਾਂ ਉੱਤੇ ਰਾਏਸ਼ੁਮਾਰੀ ਦੇ ਸਮਰਥਕਾਂ ਨੇ ਕਬਜ਼ਾ ਜਮਾਇਆ ਹੋਇਆ ਹੈ।

ਰਾਏਸ਼ੁਮਾਰੀ ਦਾ ਵਿਰੋਧ ਜਾਰੀ

ਰਾਏਸ਼ੁਮਾਰੀ ਲਈ ਐਤਵਾਰ ਨੂੰ ਹਜ਼ਾਰਾਂ ਲੋਕਾਂ ਵੱਲੋਂ ਵੋਟ ਪਾਏ ਜਾਣ ਦੀ ਸੰਭਾਵਨਾ ਸੀ।

Catalonia refredum

ਤਸਵੀਰ ਸਰੋਤ, Getty Images

ਇਸ ਤੋਂ ਪਹਿਲਾਂ ਸ਼ਨੀਵਾਰ ਨੂੰ ਇਸ ਰਾਏਸ਼ੁਮਾਰੀ ਦੇ ਵਿਰੋਧ ਵਿੱਚ ਲੋਕਾਂ ਨੇ ਰੈਲੀ ਕੀਤੀ ਅਤੇ ਸਪੇਨ ਦੀ ਏਕਤਾ ਲਈ ਲਾਮਬੰਦੀ ਕੀਤੀ।

'ਕੈਟੇਲੋਨੀਆ ਸਪੇਨ ਹੈ' ਦੇ ਨਾਅਰਿਆਂ ਵਾਲੇ ਬੈਨਰ ਫੜ੍ਹ ਕੇ ਲੋਕਾਂ ਨੇ ਸਪੇਨ ਦੇ ਰਾਸ਼ਟਰੀ ਝੰਡੇ ਇਸ ਰੈਲੀ ਦੌਰਾਨ ਸੜਕਾਂ 'ਤੇ ਲਹਿਰਾਏ।

ਇਸੇ ਦੌਰਾਨ ਸਪੇਨ ਦੀ ਸਰਕਾਰ ਨੇ ਰਾਏਸ਼ੁਮਾਰੀ ਦੀ ਵੋਟਿੰਗ ਰੋਕਣ ਲਈ ਅੱਡੀ ਚੋਟੀ ਦਾ ਜ਼ੋਰ ਲਗਾ ਦਿੱਤਾ ਹੈ।

ਅਣ-ਅਧਿਕਾਰਤ ਵੋਟਿੰਗ

2014 ਵਿੱਚ ਕੈਟੇਲੋਨੀਆਈ ਲੋਕਾਂ ਨੇ ਇੱਕ ਅਣ-ਅਧਿਕਾਰਤ ਵੋਟਿੰਗ ਕਰਵਾਈ ਸੀ ਜਿਸ ਵਿੱਚ 80 ਫ਼ੀਸਦ ਲੋਕਾਂ ਵਲੋਂ ਸਪੇਨ ਤੋਂ ਅਜ਼ਾਦੀ ਦੇ ਪ੍ਰਸਤਾਵ ਦਾ ਸਮਰਥਨ ਕੀਤਾ ਸੀ।

Catalonia refredum

ਤਸਵੀਰ ਸਰੋਤ, Getty Images

54 ਲੱਖ ਯੋਗ ਵੋਟਰਾਂ ਵਿੱਚੋਂ 20 ਲੱਖ ਤੋਂ ਵਧ ਨੇ ਵੋਟਿੰਗ 'ਚ ਹਿੱਸਾ ਲਿਆ ਸੀ ।

2015 ਦੀਆਂ ਚੋਣਾਂ ਦੌਰਾਨ ਵੱਖਵਾਦੀਆਂ ਨੂੰ ਜਿੱਤ ਮਿਲੀ ਤੇ ਉਨ੍ਹਾਂ ਚੋਣਾਂ ਦੌਰਾਨ ਹੀ ਰਾਏਸ਼ੁਮਾਰੀ ਕਰਵਾਉਣ ਦਾ ਵਾਅਦਾ ਕੀਤਾ ਸੀ।

ਸਰਕਾਰ ਰਾਏਸ਼ੁਮਾਰੀ ਵਿਰੋਧੀ ਕਿਉਂ

  • 2014 ਵਿੱਚ ਅਹੁਦਾ ਛੱਡਣ ਸਮੇਂ ਤੱਤਕਾਲੀ ਪ੍ਰਧਾਨ ਮੰਤਰੀ ਮਾਰੀਆਨੋ ਰਾਜੋਏ ਨੇ ਕੈਟੇਲੋਨੀਆ ਲਈ ਰਾਏਸ਼ੁਮਾਰੀ ਦਾ ਐਲਾਨ ਕੀਤਾ ਸੀ ਪਰ ਇਸ ਨੂੰ ਕਾਨੂੰਨੀ ਮਾਨਤਾ ਦੇਣ ਲਈ ਮੁਲਕ ਵਿੱਚ ਸਹਿਮਤੀ ਨਹੀਂ ਬਣ ਸਕੀ।
  • ਸਪੇਨ ਦੀ ਕੇਂਦਰ ਸਰਕਾਰ ਇਸ ਨੂੰ ਇੱਕ ਪਾਸੜ ਰਾਏਸ਼ੁਮਾਰੀ ਮੰਨ ਰਹੀ ਹੈ।
  • ਲੋਕਾਂ ਵਿੱਚ ਸਹਿਮਤੀ ਨਾ ਹੋਣ ਕਾਰਨ ਰਾਏਸ਼ੁਮਾਰੀ ਕਾਰਨ ਦੇਸ਼ ਵਿੱਚ ਅਮਨ-ਕਾਨੂੰਨ ਦੀ ਸਥਿਤੀ ਖ਼ਰਾਬ ਹੋ ਰਹੀ ਹੈ।
  • ਕੈਟੇਲੋਨੀਆ ਸਪੇਨ ਦੀ ਵਿਕਾਸ ਦਰ ਦਾ 19 ਫ਼ੀਸਦੀ ਅਤੇ ਵਿਦੇਸ਼ੀ ਨਿਵੇਸ਼ ਦਾ 20 ਫ਼ੀਸਦੀ ਤੋਂ ਵਧ ਹਿੱਸਾ ਰੱਖਦਾ ਹੈ।
  • ਕੈਟੇਲੋਨੀਆ ਦੇ ਵੱਖ ਹੋਣ ਨਾਲ ਸਪੇਨ ਦੀ ਆਰਥਿਕਤਾ ਨੂੰ ਵੱਡਾ ਝਟਕਾ ਲੱਗਣਾ ਹੈ।

(ਬੀਬੀਸੀ ਪੰਜਾਬੀ ਦੇ ਫੇਸਬੁੱਕ ਪੰਨੇ ਉੱਤੇ ਜਾਣ ਲਈ ਇੱਥੇ ਕਲਿੱਕ ਕਰੋ ਇਸੇ ਤਰ੍ਹਾਂ ਲਿੰਕ ਉੱਤੇ ਕਲਿੱਕ ਕਰਕੇ ਇੰਸਟਾਗ੍ਰਾਮ ਪੰਨਾ ਦੇਖੋ।)