ਯੇਰੋਸ਼ਲਮ: ਫੌਜ ਨਾਲ ਤਿੱਖੀਆਂ ਝੜਪਾਂ, ਕਈ ਜ਼ਖ਼ਮੀ

ਟਰੰਪ ਦੀ ਵਿਰੋਧ

ਤਸਵੀਰ ਸਰੋਤ, Getty Images

ਯੇਰੋਸ਼ਲਮ ਨੂੰ ਇਜ਼ਰਾਇਲ ਦੀ ਰਾਜਧਾਨੀ ਮੰਨਣ ਦੇ ਅਮਰੀਕੀ ਰਾਸ਼ਟਰਪਤੀ ਡੌਨਲਡ ਟਰੰਪ ਦੇ ਫ਼ੈਸਲੇ ਤੋਂ ਬਾਅਦ ਗਾਜ਼ਾ ਪੱਟੀ ਅਤੇ ਇਜ਼ਰਾਈਲੀ ਕਬਜ਼ੇ ਵਾਲੇ ਵੈਸਟ ਬੈਂਕ 'ਚ ਰੋਸ ਮੁਜ਼ਾਹਰੇ ਜਾਰੀ ਹਨ।

ਤਾਜ਼ਾ ਰਿਪੋਰਟਾਂ ਵਿੱਚ ਇਜ਼ਰਾਈਲੀ ਕਬਜ਼ੇ ਵਾਲੇ ਵੈਸਟ ਬੈਂਕ ਇਲਾਕੇ ਮੁਜ਼ਹਰਾਕਾਰੀਆਂ ਤੇ ਫ਼ੌਜ ਵਿਚਾਲੇ ਝੜਪਾਂ ਹੋਈਆਂ ਹਨ। ਭੜ੍ਹਕੇ ਲੋਕਾਂ ਨੇ ਫੌ਼ਜ ਉੱਤੇ ਪੱਥਰਬਾਜ਼ੀ ਕੀਤੀ ਅਤੇ ਫ਼ੌਜ ਵਲੋਂ ਹੰਝੂ ਗੈਸ ਦੇ ਗੋਲੇ ਸੁੱਟੇ ਗਏ।

ਫ਼ਲਸਤੀਨੀ ਆਗੂਆਂ ਦੇ ਸੱਦੇ 'ਤੇ ਹੋ ਰਹੇ ਮੁਜ਼ਾਹਰਿਆਂ ਕਾਰਨ ਗਾਜ਼ਾ ਪੱਟੀ ਤੇ ਵੈਸਟ ਬੈਂਕ ਇਲਾਕੇ 'ਚ ਤਣਾਅ ਦਾ ਮਾਹੌਲ ਬਣਿਆ ਹੋਇਆ ਹੈ।

1948 ਵਿੱਚ ਇਜ਼ਰਾਇਲ ਦੇ ਹੋਂਦ ਵਿੱਚ ਆਉਣ ਮਗਰੋਂ ਯੇਰੋਸ਼ਲਮ ਨੂੰ ਇਸ ਦੀ ਰਾਜਧਾਨੀ ਮੰਨਣ ਵਾਲਾ ਅਮਰੀਕਾ ਪਹਿਲਾ ਦੇਸ ਬਣ ਗਿਆ ਹੈ।

ਇਜ਼ਰਾਈਲ ਨੇ ਹਮੇਸ਼ਾ ਹੀ ਯੇਰੋਸ਼ਲਮ ਨੂੰ ਆਪਣੀ ਰਾਜਧਾਨੀ ਦੱਸਿਆ ਹੈ ਜਦ ਕਿ ਫ਼ਲਸਤੀਨੀਆਂ ਦਾ ਦਾਅਵਾ ਰਿਹਾ ਹੈ ਕਿ ਪੱਛਮੀਂ ਯੇਰੋਸ਼ਲਮ ਜਿਸ ਉੱਪਰ ਕਿ ਇਜ਼ਰਾਈਲ ਨੇ 1967 ਦੀ ਲੜਾਈ ਤੋਂ ਬਾਅਦ ਕਬਜ਼ਾ ਕਰ ਲਿਆ ਸੀ, ਭਵਿੱਖ ਦੇ ਫ਼ਲਸਤੀਨ ਦੀ ਰਾਜਧਾਨੀ ਹੋਵੇਗਾ।

ਪ੍ਰਦਰਸ਼ਨ ਦੌਰਾਨ ਹੋਈ ਹਿੰਸਾ 'ਚ ਕਰੀਬ 31 ਫ਼ਿਲਿਸਤੀਨੀ ਨਾਗਰਿਕ ਜਖ਼ਮੀ ਹੋ ਗਏ ਹਨ ਅਤੇ ਇੱਕ ਦੀ ਹਾਲਤ ਗੰਭੀਰ ਹੈ।

ਦੁਨੀਆਂ ਦੇ ਕਈ ਨੇਤਾਵਾਂ ਨੇ ਟਰੰਪ ਦੇ ਐਲਾਨ ਦੀ ਅਲੋਚਨਾ ਕੀਤੀ ਹੈ। ਉਨ੍ਹਾਂ ਦਾ ਕਹਿਣਾ ਸੀ ਕਿ ਅਮਰੀਕਾ ਨੇ ਇਸ ਸੰਵੇਦਨਸ਼ੀਲ ਮੁੱਦੇ 'ਤੇ ਆਪਣੀ ਨੀਤੀ ਬਦਲ ਦਿੱਤੀ ਹੈ। ਇਸ ਮਸਲੇ 'ਤੇ ਅਮਰੀਕਾ ਦੇ ਪੱਛਮੀਂ ਸਾਥੀ ਵੀ ਉਸ ਦਾ ਸਾਥ ਨਹੀਂ ਦੇ ਰਹੇ ਹਨ।

ਵੈਸਟ ਬੈਂਕ 'ਚ ਹਜ਼ਾਰਾਂ ਦੀ ਸੰਖਿਆ 'ਚ ਫ਼ਿਲਿਸਤੀਨੀ ਪੱਖੀਆਂ ਨੇ ਸੜਕਾਂ 'ਤੇ ਰੋਸ ਵਿਖਾਵੇ ਕੀਤੇ ਹਨ।

ਇਜ਼ਰਾਈਲ ਨੇ ਹਾਲਾਤ 'ਤੇ ਕਾਬੂ ਪਾਉਣ ਲਈ ਸੈਂਕੜੇ ਸੁਰੱਖਿਆ ਬਲ ਤੈਨਾਤ ਕੀਤੇ ਗਏ ਹਨ।

ਵਿਰੋਧ ਪ੍ਰਦਰਸ਼ਨ

ਤਸਵੀਰ ਸਰੋਤ, EPA/AMEL PAIN

ਪ੍ਰਦਰਸ਼ਨਕਾਰੀਆਂ ਨੇ ਗੱਡੀਆਂ ਦੇ ਟਾਇਰਾਂ ਨੂੰ ਅੱਗ ਲਗਾ ਦਿੱਤੀ ਅਤੇ ਸੁਰੱਖਿਆ ਬਲਾਂ 'ਤੇ ਵੀ ਪੱਥਰ ਸੁੱਟੇ।

ਜਵਾਬੀ ਕਾਰਵਾਈ ਦੌਰਾਨ ਇਜ਼ਰਾਈਲੀ ਸੁਰੱਖਿਆ ਬਲਾਂ ਨੇ ਹੰਝੂ ਗੈਸ ਦੇ ਗੋਲੇ ਛੱਡੇ ਅਤੇ ਰਬੜ ਦੀਆਂ ਗੋਲੀਆਂ ਚਲਾਈਆਂ।

ਸੁਰੱਖਿਆ ਬਲਾਂ ਤੇ ਸੁੱਟੇ ਗਏ ਪੱਥਰ

ਸਮਾਚਾਰ ਏਜੰਸੀ ਰਾਇਟਰਸ ਮੁਤਾਬਕ ਗਜ਼ਾ ਪੱਟੀ 'ਚ ਫ਼ਿਲਿਸਤੀਨੀ ਨਾਗਰਿਕਾਂ ਨੇ ਸਰਹੱਦ 'ਤੇ ਤੈਨਾਤ ਇਜ਼ਰਾਈਲੀ ਸੈਨਿਕਾਂ 'ਤੇ ਪੱਥਰ ਸੁੱਟੇ ਅਤੇ ਉਨ੍ਹਾਂ ਜਵਾਬ ਵਜੋਂ ਗੋਲੀਆਂ ਚਲਾਈਆਂ।

ਅਮਰੀਕਾ ਦੇ ਕਈ ਕਰੀਬੀ ਸਹਿਯੋਗੀਆਂ ਨੇ ਕਿਹਾ ਹੈ ਕਿ ਉਹ ਰਾਸ਼ਟਰਪਤੀ ਦੇ ਇਸ ਫ਼ੈਸਲੇ ਨਾਲ ਸਹਿਮਤ ਨਹੀਂ ਹਨ।

ਛੇਤੀ ਹੀ ਇਨ੍ਹਾਂ ਦੇਸਾਂ ਦੀ ਸੰਯੁਕਤ ਰਾਸ਼ਟਰ ਸੁਰੱਖਿਆ ਪ੍ਰੀਸ਼ਦ ਅਤੇ ਅਰਬ ਦੇਸਾਂ ਦੇ ਨਾਲ ਮੁਲਾਕਾਤ ਹੋਣ ਵਾਲੀ ਹੈ। ਇਸ ਬੈਠਕ 'ਚ ਅਗਲੀ ਰਣਨੀਤੀ ਬਾਰੇ ਵਿਚਾਰ ਹੋਵੇਗਾ।

ਵਿਰੋਧ ਪ੍ਰਦਰਸ਼ਨ

ਤਸਵੀਰ ਸਰੋਤ, REUTERS/Mohammed Salem

ਖਦਸ਼ਾ ਇਹ ਵੀ ਜਤਾਇਆ ਜਾ ਰਿਹਾ ਹੈ ਕਿ ਟਰੰਪ ਦੇ ਐਲਾਨ ਤੋਂ ਬਾਅਦ ਇਲਾਕੇ ਵਿੱਚ ਕਾਫੀ ਹਿੰਸਾ ਵਧੀ ਹੈ।

ਫ਼ਿਲਸਤੀਨੀ ਇਸਲਾਮੀ ਸਮੂਹ ਹਮਾਸ ਪਹਿਲਾਂ ਹੀ ਇੰਤੀਫਾਦਾ (ਜਨ ਅੰਦੋਲਨ) ਲਈ ਅਪੀਲ ਕਰ ਚੁੱਕਿਆ ਹੈ।

ਹਿੰਸਾ ਦੇ ਹੋਰ ਕੇਂਦਰ

ਦੁਨੀਆਂ ਦੇ ਕਈ ਇਸਲਾਮਿਕ ਮੁਲਕਾਂ ਵਿੱਚ ਅਮਰੀਕਾ ਦੇ ਇਸ ਫੈਸਲੇ ਖਿਲਾਫ਼ ਲੋਕ ਵਿਖਾਵੇ ਕਰ ਰਹੇ ਹਨ। ਇਹ ਲੋਕ ਇਜ਼ਰਾਈਲ ਦੇ ਪੱਖ ਵਿੱਚ ਹਨ।

ਹੋਰ ਦੇਸ ਜਿੱਥੋਂ ਹਿੰਸਾ ਜਾਂ ਵਿਖਾਵਿਆਂ ਦੀਆਂ ਖਬਰਾਂ ਹਨ ਉਨ੍ਹਾਂ ਵਿੱਚ ਮਲੇਸ਼ੀਆ, ਬੰਗਲਾਦੇਸ਼ ਅਤੇ ਇੰਡੋਨੇਸ਼ੀਆ ਸ਼ਾਮਲ ਹਨ। ਇਨ੍ਹਾਂ ਮੁਲਕਾਂ ਵਿੱਚ ਦੁਨੀਆਂ ਦੀ ਸਭ ਤੋਂ ਸੰਘਣੀ ਮੁਸਲਿਮ ਵਸੋਂ ਹੈ। ਟੰਰਪ ਦੇ ਐਲਾਨ ਦਾ ਸੰਸਾਰ ਵਿੱਚ ਤਿੱਖਾ ਵਿਰੋਧ ਹੋ ਰਿਹਾ ਹੈ ਖ਼ਾਸ ਕਰਕੇ ਮੁਸਲਿਮ ਖੇਮਿਆਂ ਵਿੱਚ।

ਕਿਉਂ ਕੀਤਾ ਟਰੰਪ ਨੇ ਵਿਦੇਸ਼ ਨੀਤੀ 'ਚ ਬਦਲਾਅ?

ਬੁੱਧਵਾਰ ਨੂੰ ਅਮਰੀਕਾ ਦੇ ਰਾਸ਼ਟਰਪਤੀ ਡੌਨਲਡ ਟਰੰਪ ਨੇ ਕਿਹਾ ਸੀ ਕਿ ਉਨ੍ਹਾਂ ਨੂੰ ਲੱਗਦਾ ਹੈ ਕਿ "ਵੇਲਾ ਆ ਗਿਆ ਹੈ ਜਦੋਂ ਯੇਰੋਸ਼ਲਮ ਨੂੰ ਇਜ਼ਰਾਈਲ ਦੀ ਰਾਜਧਾਨੀ ਵਜੋਂ ਕਨੂੰਨੀ ਤੌਰ 'ਤੇ ਮਾਨਤਾ ਦੇ ਦਿੱਤੀ ਜਾਵੇ"।

ਉਨ੍ਹਾਂ ਨੇ ਕਿਹਾ, "ਮੈਨੂੰ ਲੱਗਦਾ ਹੈ ਕਿ ਅਮਰੀਕੀ ਹਿੱਤਾਂ, ਇਜ਼ਰਾਈਲ ਅਤੇ ਫ਼ਿਲਿਸਤੀਨ ਵਿਚਾਲੇ ਸ਼ਾਂਤੀ ਕਾਇਮ ਕਰਨ ਲਈ ਅਜਿਹਾ ਕਰਨਾ ਬਿਹਤਰ ਹੋਵੇਗਾ।"

ਟਰੰਪ ਦਾ ਕਹਿਣਾ ਸੀ ਕਿ ਉਹ ਅਮਰੀਕੀ ਵਿਦੇਸ਼ ਮੰਤਰਾਲੇ ਨੂੰ ਕਹਿਣਗੇ ਕਿ ਉਹ ਤੇਲ ਅਵੀਵ ਤੋਂ ਅਮਰੀਕੀ ਦੂਤਾਵਾਸ ਹਟਾ ਕੇ ਉਸ ਨੂੰ ਯੇਰੋਸ਼ਲਮ 'ਚ ਲਿਜਾਣ ਦੀ ਪ੍ਰਕਿਰਿਆ ਸ਼ੁਰੂ ਕਰਨ।

ਵਿਰੋਧ ਪ੍ਰਦਰਸ਼ਨ

ਤਸਵੀਰ ਸਰੋਤ, OZAN KOSE/AFP/Getty Images

ਦੱਸਿਆ ਜਾ ਰਿਹਾ ਹੈ ਕਿ ਇਸ ਤਰ੍ਹਾਂ ਕਿਸੇ ਵੀ ਫ਼ੈਸਲੇ ਨਾਲ ਇਲਾਕੇ 'ਚ ਅਸ਼ਾਂਤੀ ਫੈਲਾਉਣ ਦੀ ਚਿਤਾਵਨੀ ਦੇ ਬਾਵਜੂਦ ਟਰੰਪ ਦੇ ਅਤਿਵਾਦੀ ਸਮਰਥਕ ਉਨ੍ਹਾਂ ਦੇ ਇਸ ਫ਼ੈਸਲੇ ਦਾ ਸਵਾਗਤ ਕਰਦੇ ਹਨ।

ਟਰੰਪ ਨੇ ਕਿਹਾ ਸੀ ਕਿ ਸੱਤਾ ਵਿੱਚ ਆਉਣ ਤੋਂ ਬਾਅਦ ਉਹ ਅਮਰੀਕੀ ਦੂਤਾਵਾਸ ਨੂੰ ਯੇਰੋਸ਼ਲਮ ਵਿੱਚ ਲਿਆਉਣਗੇ।

ਉਸ ਹਫ਼ਤੇ ਟਰੰਪ ਨੇ ਕਿਹਾ ਸੀ, "ਯੇਰੋਸ਼ਲਮ ਨੂੰ ਇਜ਼ਰਾਇਲ ਦੀ ਰਾਜਧਾਨੀ ਮੰਨਣਾ ਸੱਚ ਨੂੰ ਸਵੀਕਾਰਨ ਵਰਗਾ ਹੈ।" ਅਤੇ "ਅਜਿਹਾ ਕਰਨਾ ਸਹੀ ਹੈ।"

ਵਿਰੋਧ ਪ੍ਰਦਰਸ਼ਨ

ਤਸਵੀਰ ਸਰੋਤ, REUTERS/ Peter Nicholls

ਤਸਵੀਰ ਕੈਪਸ਼ਨ, ਲੰਡਨ ਵਿੱਚ ਅਜ਼ਾਦ ਫ਼ਿਲਸਤੀਨ ਦੇ ਹੱਕ ਵਿੱਚ ਪ੍ਰਦਰਸ਼ਨ ਕੀਤੇ ਗਏ

ਉਨ੍ਹਾਂ ਦਾ ਕਹਿਣਾ ਸੀ, "ਜੇਕਰ ਦੋਵੇਂ ਦੇਸ ਇਸ ਗੱਲ ਨੂੰ ਮੰਨ ਲੈਣ" ਤਾਂ ਇਸ ਦੇ ਨਾਲ 1967 ਦੀ ਜੰਗਬੰਦੀ ਵੇਲੇ ਵੈਸਟ ਬੈਂਕ, ਗਜ਼ਾ ਪੱਟੀ ਅਤੇ ਪੂਰਬੀ ਯੇਰੋਸ਼ਲਮ ਲਈ ਬਣਾਈਆਂ ਗਈਆਂ ਇਨ੍ਹਾਂ ਸੀਮਾਵਾਂ ਮੁਤਾਬਕ ਇੱਕ ਨਵੇਂ ਅਤੇ ਗੁਆਂਢੀ ਫ਼ਿਲਸਤੀਨ ਦਾ ਜਨਮ ਹੋਵੇਗਾ ਜੋ ਇਜ਼ਰਾਇਲ ਨਾਲ ਸ਼ਾਂਤੀ ਨਾਲ ਇੱਕ ਗੁਆਂਢੀ ਵਾਂਗ ਰਹੇਗਾ।"

ਟਰੰਪ ਨੇ ਆਪਣੇ ਐਲਾਨ 'ਚ ਯੇਰੋਸ਼ਲਮ ਦੀ ਵਿਆਖਿਆ "ਅਖੰਡ ਅਤੇ ਸਾਂਝੀ ਰਾਜਧਾਨੀ" ਵਜੋਂ ਨਹੀਂ ਕੀਤੀ।

ਫ਼ਿਲਿਸਤੀਨੀ ਦਾਅਵਾ ਕਰਦੇ ਹਨ ਕਿ ਪੂਰਬੀ ਯੇਰੋਸ਼ਲਮ ਭਵਿੱਖ ਵਿੱਚ ਫ਼ਿਲਿਸਤੀਨ ਦੀ ਰਾਜਧਾਨੀ ਬਣੇਗਾ।

ਕੌਮਾਂਤਰੀ ਭਾਈਚਾਰੇ ਦੀ ਕੀ ਰਹੀ ਹੈ ਪ੍ਰਤੀਕਿਰਿਆ

ਦੁਨੀਆਂ ਦੇ ਕਈ ਨੇਤਾਵਾਂ ਨੇ ਟਰੰਪ ਦੇ ਐਲਾਨ ਦੀ ਖ਼ਾਸ ਕਰਕੇ ਮੁਸਲਿਮ ਖੇਮਿਆਂ ਨੇ ਅਲੋਚਨਾ ਕੀਤੀ ਹੈ।

ਉਨ੍ਹਾਂ ਦਾ ਕਹਿਣਾ ਸੀ ਕਿ ਅਮਰੀਕਾ ਨੇ ਇਸ ਸੰਵੇਦਨਸ਼ੀਲ ਮੁੱਦੇ 'ਤੇ ਆਪਣੀ ਨੀਤੀ ਬਦਲ ਦਿੱਤੀ ਹੈ। ਇਸ ਮਸਲੇ 'ਤੇ ਅਮਰੀਕਾ ਦੇ ਪੱਛਮੀਂ ਸਾਥੀ ਵੀ ਉਸ ਦਾ ਸਾਥ ਨਹੀਂ ਦੇ ਰਹੇ ਹਨ।

ਅਮਰੀਕਾ ਦੇ ਨਜ਼ਦੀਕੀ ਅਰਬ ਸਾਥੀਆਂ ਸਾਉਦੀ ਅਰਬ, ਮਿਸਰ ਤੇ ਜੋਰਡਨ ਨੇ ਆਪਣਾ ਵਿਰੋਧ ਦਰਜ ਕਰਵਾਇਆ ਹੈ।

ਜਦ ਕਿ ਬਰਤਾਨੀਆ, ਮਿਸਰ, ਬੋਲੀਵੀਆ, ਫਰਾਂਸ, ਇਟਲੀ, ਸੈਨੇਗਲ, ਸਵੀਡਨ ਯੂਰੂਗੇ ਨੇ ਸ਼ੁੱਕਰਨਵਾਰ ਨੂੰ ਸੰਯੁਕਤ ਰਾਸ਼ਟਰ ਦੀ ਹੰਗਾਮੀ ਬੈਠਕ ਸੱਦੀ ਹੈ।

ਯੇਰੋਸ਼ਲਮ ਕਿਉਂ ਹੈ ਮਹੱਤਵਪੂਰਨ ?

ਇਜ਼ਰਾਈਲ ਅਤੇ ਫ਼ਿਲਿਸਤੀਨੀਆਂ ਲਈ ਯੇਰੋਸ਼ਲਮ ਬੇਹੱਦ ਅਹਿਮ ਥਾਂ ਹੈ। ਇਸ ਥਾਂ 'ਤੇ ਤਿੰਨ ਧਰਮਾਂ ਯਹੂਦੀ, ਇਸਲਾਮ ਅਤੇ ਈਸਾਈ ਨਾਲ ਜੁੜੇ ਅਹਿਮ ਥਾਂ ਹਨ।

ਵਿਰੋਧ ਪ੍ਰਦਰਸ਼ਨ

ਤਸਵੀਰ ਸਰੋਤ, EPA/ALAA BADARNEH

ਤਸਵੀਰ ਕੈਪਸ਼ਨ, ਵੈਸਟ ਬੈਂਕ ਦੇ ਸ਼ਹਿਰ ਨਾਬਲੁਸ ਵਿੱਚ ਇਜ਼ਰਾਇਲੀ ਫੌਜ ਦੇ ਵਾਟਰ ਕੈਨਨ ਵਾਹਨ ਉੱਤੇ ਫ਼ਿਲਸਤੀਨੀ ਨਾਗਰਿਕ ਨੇ ਸੁੱਟੇ ਪੱਥਰ

ਯੇਰੋਸ਼ਲਮ 'ਚ ਇਜ਼ਰਾਈਲ ਦੇ ਹੱਕ ਨੂੰ ਕੌਮਾਂਤਰੀ ਪੱਧਰ 'ਤੇ ਕਦੀ ਸਵੀਕਾਰ ਨਹੀਂ ਕੀਤਾ ਗਿਆ ਅਤੇ ਸਾਰੇ ਦੇਸਾਂ ਨੇ ਆਪਣੇ ਦੂਤਾਵਾਸ ਤੇਲ ਅਵੀਵ ਵਿੱਚ ਹੀ ਬਣਾਏ ਹਨ।

1967 ਦੀ ਜੰਗ ਦੇ ਛੇਵੇਂ ਦਿਨ ਦੀ ਲੜਾਈ ਇਜ਼ਰਾਈਲ ਨੇ ਪੂਰਬੀ ਯੇਰੋਸ਼ਲਮ (ਜਿਸ 'ਚ ਪੁਰਾਣਾ ਸ਼ਹਿਰ ਸ਼ਾਮਲ ਹੈ) ਨੂੰ ਆਪਣੇ ਕਬਜ਼ੇ ਹੇਠ ਲੈ ਲਿਆ ਸੀ।

ਇਜ਼ਰਾਈਲ ਨੇ ਸ਼ਹਿਰ ਨੂੰ ਆਪਣੀ ਸਾਂਝੀ ਰਾਜਧਾਨੀ ਐਲਾਨ ਦਿੱਤਾ ਸੀ।

1993 'ਚ ਹੋਏ ਇਜ਼ਰਾਈਲ-ਫ਼ਿਲਿਸਤੀਨ ਸ਼ਾਂਤੀ ਸਮਝੌਤੇ ਮੁਤਾਬਕ ਸ਼ਾਂਤੀ ਗੱਲਬਾਤ ਨੂੰ ਅੱਗੇ ਵਧਾਉਣ ਤੋਂ ਬਾਅਦ ਹੀ ਯੇਰੋਸ਼ਲਮ ਦੇ ਹਾਲਾਤ ਦਾ ਫ਼ੈਸਲਾ ਲਿਆ ਜਾਣਾ ਹੈ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)