ਬਲਾਗ: 'ਤੁਹਾਨੂੰ ਤੁਹਾਡੀ ਬਾਦਸ਼ਾਹਤ ਮੁਬਾਰਕ! ਸਾਨੂੰ ਸਾਡਾ ਲੋਕਤੰਤਰ!'

    • ਲੇਖਕ, ਜ਼ੁਬੈਰ ਅਹਿਮਦ
    • ਰੋਲ, ਬੀਬੀਸੀ ਪੱਤਰਕਾਰ, ਦੁਬਈ

ਹਾਲ ਹੀ ਵਿੱਚ ਮੈਂ ਪਹਿਲੀ ਵਾਰ ਸੰਯੁਕਤ ਅਰਬ ਅਮੀਰਾਤ ਗਿਆ ਅਤੇ ਦੁਬਈ ਵਿੱਚ ਆਪਣਾ ਜ਼ਿਆਦਾਤਰ ਸਮਾਂ ਬਿਤਾਇਆ। ਇੱਥੋਂ ਦੇ ਆਧੁਨਿਕ ਅਤੇ ਵਿਸ਼ਵ-ਪੱਧਰ ਦੇ ਬੁਨਿਆਦੀ ਢਾਂਚੇ ਤੋਂ ਪ੍ਰਭਾਵਿਤ ਹੋਇਆ।

ਇੱਥੋਂ ਦੀਆਂ ਉੱਚੀਆਂ ਇਮਾਰਤਾਂ, ਚੌੜੀਆਂ ਸੜਕਾਂ ਅਤੇ ਮਹਿੰਗੀਆਂ ਗੱਡੀਆਂ ਦੇਖ ਕੇ ਕੋਈ ਵੀ ਪ੍ਰਭਾਵਿਤ ਹੋ ਸਕਦਾ ਹੈ।

ਕਿਹੜੀ ਚੀਜ਼ ਦੀ ਘਾਟ ਹੈ ਯੂਏਈ ਵਿੱਚ?

ਇੱਕ ਚੀਜ਼ ਜੋ ਸਾਡੇ ਕੋਲ ਹੈ, ਪਰ ਇੰਨ੍ਹਾਂ ਕੋਲ ਨਹੀਂ, ਉਹ ਹੈ ਲੋਕਤੰਤਰ। ਇੱਥੇ ਬੋਲਣ ਦੀ ਆਜ਼ਾਦੀ ਨਹੀਂ ਹੈ।

ਹਰ ਕੋਈ ਖੁੱਲ੍ਹੇਆਮ ਆਪਣੇ ਵਿਚਾਰ ਪ੍ਰਗਟ ਕਰਨ ਤੋਂ ਡਰਦਾ ਹੈ। ਜਨਤਕ ਥਾਵਾਂ 'ਤੇ ਵਰਦੀ ਧਾਰੀ ਪੁਲਿਸ ਨਹੀਂ ਮਿਲਦੀ। ਇੱਥੇ ਰਹਿਣ ਵਾਲੇ ਭਾਰਤੀਆਂ ਮੁਤਾਬਕ, ਇੱਥੇ ਕੰਧਾਂ ਦੇ ਵੀ ਕੰਨ ਹੁੰਦੇ ਹਨ।

ਭਾਰਤ ਵਿੱਚ ਤੁਸੀਂ ਸਰਕਾਰ ਅਤੇ ਪ੍ਰਧਾਨ ਮੰਤਰੀ ਦੇ ਖਿਲਾਫ਼ ਖੁੱਲ੍ਹ ਕੇ ਬੋਲ ਸਕਦੇ ਹੋ। ਸੋਸ਼ਲ ਮੀਡੀਆ 'ਤੇ ਲੋਕ ਹਰ ਰੋਜ਼ ਉਨ੍ਹਾਂ ਦਾ ਮਖੌਲ ਉਡਾਉਂਦੇ ਹਨ।

ਅਲੋਚਨਾ ਕਰਨ 'ਤੇ ਹੋ ਸਕਦੀ ਹੈ ਜੇਲ੍ਹ

ਅਮੀਰਾਤ ਵਿੱਚ ਕੋਈ ਅਜਿਹਾ ਕਰਕੇ ਤਾਂ ਦੇਖੇ। ਜੇ ਤੁਸੀਂ ਇੱਥੋਂ ਦੇ ਖਲੀਫ਼ਾ ਬਾਰੇ ਕੁਝ ਕਿਹਾ ਜਾਂ ਇੱਥੋਂ ਦੀ ਸਰਕਾਰ ਜਾਂ ਇਸ ਦੇ ਸੋਸ਼ਲ ਮੀਡੀਆ ਬਾਰੇ ਕੋਈ ਸ਼ਿਕਾਇਤ ਜਾਂ ਉਨ੍ਹਾਂ ਦੀ ਸੋਸ਼ਲ ਮੀਡੀਆ ਉੱਤੇ ਅਲੋਚਨਾ ਕੀਤੀ,

ਤਾਂ ਤੁਸੀਂ ਸਲਾਖਾਂ ਪਿੱਛੇ ਹੋ ਸਕਦੇ ਹੋ ਜਾਂ ਤੁਹਾਨੂੰ ਦੇਸ ਛੱਡਣਾ ਪੈ ਸਕਦਾ ਹੈ।

ਉਦਾਹਰਣ ਵਜੋਂ, ਦੁਬਈ ਦੀਆਂ ਤਕਰੀਬਨ ਸਾਰੀਆਂ ਵੱਡੀਆਂ ਕੰਪਨੀਆਂ ਸੱਤਾ 'ਤੇ ਬੈਠੇ ਸ਼ੇਖਾਂ ਦੀਆਂ ਹਨ।

ਨਿੱਜੀ ਤੌਰ 'ਤੇ ਸਾਰੇ ਸ਼ਿਕਾਇਤ ਕਰਦੇ ਹਨ ਕਿ ਉਨ੍ਹਾਂ ਦੀ ਕਮਾਈ ਹੋਈ ਦੌਲਤ ਅਤੇ ਬਣਾਈਆਂ ਹੋਈਆਂ ਵੱਡੀਆਂ ਕੰਪਨੀਆਂ ਕਿੱਥੋਂ ਆਈਆਂ ਹਨ, ਇਹ ਕੋਈ ਨਹੀਂ ਜਾਣਦਾ ਕਿਉਂਕਿ ਕੋਈ ਪਾਰਦਰਸ਼ਿਤਾ ਨਹੀਂ ਹੈ।

ਜਨਤੱਕ ਤੌਰ 'ਤੇ ਇਹ ਸਵਾਲ ਚੁੱਕਣ ਵਾਲਾ ਸ਼ਖ਼ਸ ਜੇਲ੍ਹ ਜਾਵੇਗਾ।

'ਅਸੀਂ ਭਾਰਤ ਵਿਚ ਕਿੰਨੇ ਖੁਸ਼ਕਿਸਮਤ ਹਾਂ'

ਦੁਬਈ ਵਿੱਚ ਮੈਨੂੰ ਅਹਿਸਾਸ ਹੋਇਆ ਕਿ ਅਸੀਂ ਭਾਰਤ ਵਿਚ ਕਿੰਨੇ ਖੁਸ਼ਕਿਸਮਤ ਹਾਂ। ਅਸੀਂ ਆਪਣੇ ਆਗੂਆਂ ਦੀ ਅਲੋਚਨਾ ਕਰ ਸਕਦੇ ਹਾਂ, ਉਹਨਾਂ ਤੋਂ ਸਵਾਲ ਕਰ ਸਕਦੇ ਹਾਂ ਅਤੇ ਚੋਣਾਂ ਦੌਰਾਨ ਉਨ੍ਹਾਂ ਨੂੰ ਸੱਤਾ ਤੋਂ ਹਟਾ ਵੀ ਸਕਦੇ ਹਾਂ।

ਮੈਂ ਮੰਨਦਾ ਹਾਂ ਕਿ ਦਿੱਲੀ ਦੀ ਖੁੱਲ੍ਹੀ ਹਵਾ ਵਿੱਚ ਸਾਹ ਲੈਣ ਵਿੱਚ ਮੁਸ਼ਕਿਲ ਹੁੰਦੀ ਹੈ। ਅਮੀਰਾਤ ਦੀ ਹਵਾ ਪ੍ਰਦੂਸ਼ਣ ਤੋਂ ਮੁਕਤ ਹੈ। ਇਸ ਦੇ ਬਾਵਜੂਦ ਸਾਨੂੰ ਇੱਥੇ ਘੁਟਨ ਮਹਿਸੂਸ ਹੋ ਰਹੀ ਸੀ।

ਅਸੀਂ ਆਮ ਲੋਕਾਂ ਨਾਲ ਮੁੱਦਿਆਂ ਬਾਰੇ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ, ਪਰ ਉਹ ਕੈਮਰੇ ਅੱਗੇ ਬੋਲਣ ਤੋਂ ਕਤਰਾਏ।

ਅਸੀਂ ਅਧਿਕਾਰੀਆਂ ਨਾਲ ਗੱਲ ਕਰਨ ਦੀ ਕੋਸ਼ਿਸ਼ ਕੀਤੀ ਪਰ ਸਾਨੂੰ ਸਫਲਤਾ ਨਹੀਂ ਮਿਲੀ।

ਅਰਬੀਆਂ ਨੂੰ ਕੋਈ ਫ਼ਰਕ ਨਹੀਂ ਪੈਂਦਾ

ਇੰਜ ਲਗਦਾ ਹੈ ਕਿ ਸਥਾਨਕ ਅਰਬਾਂ ਨੂੰ ਕੋਈ ਫਰਕ ਨਹੀਂ ਪੈਂਦਾ। ਉਨ੍ਹਾਂ ਦੀ ਦਲੀਲ ਇਹ ਹੈ ਕਿ ਇੱਥੇ ਕਾਨੂਨ ਵਿਵਸਥਾ ਬਰਕਰਾਰ ਹੈ। ਕਾਨੂੰਨ ਦੀ ਪਾਲਣਾ ਕੀਤੀ ਜਾਂਦੀ ਹੈ।

ਇੱਥੇ ਔਰਤਾਂ ਬਿਲਕੁਲ ਸੁਰੱਖਿਅਤ ਹਨ ਉਨ੍ਹਾਂ ਦੇ ਖਿਲਾਫ਼ ਅਪਰਾਧ ਘੱਟ ਹੈ। ਬਲਾਤਕਾਰ ਨਾ ਦੇ ਬਰਾਬਰ ਹੈ।

ਉਹ ਕਹਿੰਦੇ ਹਨ ਕਿ ਇੱਥੇ ਲੋਕਾਂ ਦਾ ਜਾਨ ਤੇ ਮਾਲ ਸੁਰੱਖਿਅਤ ਹੈ। ਅਪਰਾਧ ਦੀ ਦਰ ਬਹੁਤ ਘੱਟ ਹੈ। ਲੋਕਤੰਤਰ ਨਹੀਂ ਹੈ, ਬੋਲਣ ਦੀ ਆਜ਼ਾਦੀ ਨਹੀਂ ਹੈ, ਇਸ ਲਈ ਕੀ ਹੋਇਆ?

ਉਨ੍ਹਾਂ ਮੁਤਾਬਕ ਇੱਥੇ ਚੈਨ ਹੈ, ਸੁੱਖ ਹੈ, ਰਾਤ ਨੂੰ ਨੀਂਦ ਚੰਗੀ ਆਉਂਦੀ ਹੈ।

ਐਮਰਜੰਸੀ ਦਾ ਹਵਾਲਾ ਦੇਣ ਵਾਲੇ ਇੱਥੇ ਆਉਣ

ਭਾਰਤ ਦੇ ਉਹ ਲੋਕ ਜਿਨ੍ਹਾਂ ਨੇ ਇੰਦਰਾ ਗਾਂਧੀ ਦੇ ਸਮੇਂ ਐਮਰਜੰਸੀ ਦੇ ਸਮੇਂ ਨੂੰ ਦੇਖਿਆ ਹੈ, ਉਹ ਕਹਿਣਗੇ ਕਿ ਉਹ ਲੋਕਤੰਤਰਿਕ ਨਿੱਜੀ ਅਧਿਕਾਰਾਂ ਲਈ ਕਿਸੇ ਵੀ ਤਰ੍ਹਾਂ ਦੀ ਕੁਰਬਾਨੀ ਦੇਣ ਲਈ ਤਿਆਰ ਹਨ।

ਉਹ 1975 ਤੋਂ 1977 ਤੱਕ ਦਾ ਉਹ ਦੌਰ ਯਾਦ ਕਰਦੇ ਹਨ, ਜਦੋਂ ਉਨ੍ਹਾਂ ਨੂੰ ਬੋਲਣ ਦੀ ਅਜ਼ਾਦੀ ਨਹੀਂ ਸੀ। ਜਦੋਂ ਤੁਹਾਨੂੰ ਬਿਨਾਂ ਵਾਰੰਟ ਹੀ ਗ੍ਰਿਫ਼ਤਾਰ ਕੀਤਾ ਜਾ ਸਕਦਾ ਸੀ। ਲੋਕਤੰਤਰ ਠੱਪ ਪੈ ਗਿਆ ਸੀ।

ਮੇਰੇ ਵਿਚਾਰ ਵਿੱਚ ਅਜਿਹੇ ਭਾਰਤੀ ਜੇ ਇੱਥੇ ਆਉਣ ਤਾਂ ਸਥਾਨਕ ਲੋਕਾਂ ਨੂੰ ਕਹਿਣਗੇ ਕਿ ਤੁਹਾਨੂੰ ਤੁਹਾਡੀ ਬਾਦਸ਼ਾਹਤ ਮੁਬਾਰਕ! ਸਾਨੂੰ ਸਾਡਾ ਲੋਕਤੰਤਰ!

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)