ਰੋਹਿੰਗਿਆ ਮੁੱਦਾ: ਔਂ ਸਾਂ ਸੂ ਚੀ ਦੀ ਤਸਵੀਰ ਨੂੰ ਔਕਸਫੋਰਡ ਕਾਲਜ ਤੋਂ ਹਟਾਇਆ ਗਿਆ

ਰੋਹਿੰਗਿਆ ਸੰਕਟ ਕਾਰਨ ਆਲੋਚਨਾ ਦਾ ਸ਼ਿਕਾਰ ਹੋ ਰਹੀ ਔਂ ਸਾਂ ਸੂ ਚੀ ਦੀ ਤਸਵੀਰ ਨੂੰ ਔਕਸਫਰਡ ਯੂਨੀਵਰਸਿਟੀ ਨੇ ਹਟਾ ਦਿੱਤਾ ਹੈ।

ਇਸ ਤੋਂ ਪਹਿਲਾਂ ਔਕਸਫਰਡ ਯੂਨੀਵਰਸਿਟੀ ਵੱਲੋਂ ਉਨ੍ਹਾਂ ਨੂੰ ਆਨਰੇਰੀ ਡਿਗਰੀ ਨਾਲ ਸਨਮਾਨਿਤ ਵੀ ਕੀਤਾ ਗਿਆ ਸੀ।

ਮਿਆਂਮਾਰ ਵਿੱਚ ਹਿੰਸਾ ਦੌਰਾਨ ਕਰੀਬ 4 ਲੱਖ ਰੋਹੰਗਿਆ ਮੁਸਲਮਾਨ ਗੁਆਂਢੀ ਮੁਲਕ ਬੰਗਲਾਦੇਸ਼ ਵੱਲ ਹਿਜ਼ਰਤ ਕਰ ਗਏ ਹਨ।

ਸੰਯੁਕਤ ਰਾਸ਼ਟਰ ਵੱਲੋਂ ਲਾਏ ਗਏ ਨਸਲਕੁਸ਼ੀ ਦੇ ਦੋਸ਼ਾਂ 'ਤੇ ਕਾਰਵਾਈ ਕਰਨ 'ਚ ਅਸਫ਼ਲ ਰਹਿਣ 'ਤੇ ਸੂ ਚੀ ਦੀ ਤਿੱਖੀ ਆਲੋਚਨਾ ਹੋ ਰਹੀ ਹੈ।

ਜਪਾਨੀ ਪੇਂਟਿੰਗ ਨਾਲ ਬਦਲੀ ਤਸਵੀਰ

ਸੇਂਟ ਹਿਓ ਕਾਲਜ ਨੇ ਕਿਹਾ ਕਿ ਉਸ ਦੀ ਤਸਵੀਰ ਨੂੰ ਇੱਕ ਜਪਾਨੀ ਕਲਾਕਾਰ ਯੋਸ਼ੀਹੀਰੋ ਟਕਾਦਾ ਦੀ ਪੇਂਟਿੰਗ ਨਾਲ ਬਦਲ ਦਿੱਤਾ ਗਿਆ ਹੈ।

ਹਾਲਾਂਕਿ ਅਧਿਕਾਰਤ ਤੌਰ 'ਤੇ ਤਸਵੀਰ ਹਟਾਉਣ ਦੇ ਕਾਰਨਾਂ ਨੂੰ ਸਪੱਸ਼ਟ ਨਹੀਂ ਕੀਤਾ ਗਿਆ।

ਸੰਚਾਰ ਮੈਨੇਜਰ ਬੈਂਜਾਮਿਨ ਜੋਨਜ਼ ਮੁਤਾਬਕ "ਇੱਕ ਨਿਸ਼ਚਿਤ ਸਮੇਂ ਦੌਰਾਨ" ਟਕਾਦਾ ਦੀ ਪੇਂਟਿੰਗ ਪ੍ਰਦਰਸ਼ਿਤ ਹੋਣੀ ਸੀ ਜਦ ਕਿ ਸੂ ਚੀ ਦੀ ਤਸਵੀਰ ਨੂੰ "ਸੁਰੱਖਿਅਤ ਥਾਂ" ਤੇ ਲਿਜਾਇਆ ਗਿਆ ਹੈ।

ਨਵੀਂ ਪੇਂਟਿੰਗ ਨੂੰ ਇਸ ਮਹੀਨੇ ਦੇ ਸ਼ੁਰੂ 'ਚ ਕਾਲਜ 'ਚ ਪੇਸ਼ ਕੀਤਾ ਗਿਆ ਸੀ ਅਤੇ ਹੁਣ ਇਹ ਕਾਲਜ ਦੀ ਮੁੱਖ ਇਮਾਰਤ 'ਚ ਪ੍ਰਵੇਸ਼ ਦੌਰਾਨ ਦਿਸਦੀ ਹੈ।

2015 ਦੀ ਚੋਣ ਜਿੱਤਣ ਤੋਂ ਬਾਅਦ ਮਿਆਂਮਾਰ ਦੇ ਡੀ ਫੈਕਟੋ ਲੀਡਰ, ਔਂ ਸਾਂ ਸੂ ਚੀ 'ਤੇ ਕੰਮ ਕਰਨ ਲਈ ਕੌਮਾਂਤਰੀ ਦਬਾਅ ਬਣਾਇਆ ਜਾ ਰਿਹਾ ਹੈ।

ਸੂ ਚੀ ਨੇ 1967 'ਚ ਸੇਂਟ ਹਿਓ ਕਾਲਜ ਤੋਂ ਗ੍ਰੈਜੂਏਸ਼ਨ ਕੀਤੀ ਅਤੇ ਜੂਨ 2012 'ਚ ਉਸ ਨੂੰ ਆਨਰੇਰੀ ਡਿਗਰੀ ਨਾਲ ਸਨਮਾਨਿਤ ਕੀਤਾ ਗਿਆ।

1886 ਵਿੱਚ ਸਥਾਪਤ ਸੇਂਟ ਹਿਓ ਕਾਲਜ ਯੂਨੀਵਰਸਿਟੀ ਦੇ ਸਭ ਤੋਂ ਵੱਡੇ ਕਾਲਜਾਂ ਵਿਚੋਂ ਇੱਕ ਹੈ। ਜਿਸ ਵਿੱਚ ਤਕਰੀਬਨ 800 ਵਿਦਿਆਰਥੀ ਪੜ੍ਹਦੇ ਹਨ।

(ਬੀਬੀਸੀ ਪੰਜਾਬੀ ਦੇ ਫੇਸਬੁੱਕ ਪੰਨੇ ਉੱਤੇ ਜਾਣ ਲਈ ਇੱਥੇ ਕਲਿੱਕ ਕਰੋ ਇਸੇ ਤਰ੍ਹਾਂ ਲਿੰਕ ਉੱਤੇ ਕਲਿੱਕ ਕਰਕੇ ਇੰਸਟਾਗਰਾਮ ਪੰਨਾ ਦੇਖੋ।)