ਅਰਵਿੰਦ ਕੇਜਰੀਵਾਲ ਦੇ 'ਅੰਬੇਡਕਰਵਾਦੀ' ਮੰਤਰੀ ਰਾਜਿੰਦਪਾਲ ਗੌਤਮ ਨੇ ਅਸਤੀਫ਼ਾ ਕਿਉਂ ਦੇ ਦਿੱਤਾ

    • ਲੇਖਕ, ਅਵਤਾਰ ਸਿੰਘ
    • ਰੋਲ, ਬੀਬੀਸੀ ਪੱਤਰਕਾਰ

ਦਿੱਲੀ ਦੀ ਆਮ ਆਦਮੀ ਪਾਰਟੀ ਸਰਕਾਰ ਵਿੱਚ ਅਨੁਸੂਚਿਤ ਜਾਤੀ ਅਤੇ ਜਨਜਾਤੀ ਭਲਾਈ ਮੰਤਰੀ ਰਾਜਿੰਦਰ ਪਾਲ ਗੌਤਮ ਵੱਲੋਂ ਅਸਤੀਫ਼ਾ ਦਿੱਤੇ ਜਾਣ ਤੋਂ ਬਾਅਦ ਹੁਣ ਦਿੱਲੀ ਪੁਲਿਸ ਵੱਲੋਂ ਉਹਨਾਂ ਨੂੰ ਸਵਾਲ ਜਵਾਬ ਲਈ ਨੋਟਿਸ ਵੀ ਭੇਜਿਆ ਗਿਆ ਹੈ।

ਰਾਜਿੰਦਰਾ ਪਾਲ ਗੌਤਮ ਦੇ 5 ਅਕਤੂਬਰ ਨੂੰ ਬੁੱਧ ਧਰਮ ਦੇ ਇੱਕ ਪ੍ਰੋਗਰਾਮ ਵਿੱਚ ਸ਼ਾਮਲ ਹੋਣ ਨੂੰ ਲੈ ਕੇ ਕਾਫ਼ੀ ਵਿਵਾਦ ਹੋਇਆ ਸੀ।

ਭਾਰਤੀ ਜਨਤਾ ਪਾਰਟੀ ਦੇ ਆਗੂ ਇਲਜ਼ਾਮ ਲਾ ਰਹੇ ਹਨ ਕਿ ਬੋਧੀ ਦੀਕਸ਼ਾ ਸਮਾਗਮ ਦੌਰਾਨ ਹਿੰਦੂ ਦੇਵੀ-ਦੇਵਤਿਆਂ ਦਾ ਅਪਮਾਨ ਕੀਤਾ ਗਿਆ ਸੀ।

ਰਾਜਿੰਦਰ ਪਾਲ ਗੌਤਮ ਆਪਣੇ ਆਪ ਨੂੰ ਅੰਬੇਡਕਰਵਾਦੀ ਮੰਨਦੇ ਹਨ ਅਤੇ ਕਹਿੰਦੇ ਹਨ ਕਿ ਉਹਨਾਂ ਨੇ ਉਹੀ 22 ਪ੍ਰਤਿਗਿਆਵਾਂ ਦਾ ਉਚਾਰਨ ਕੀਤਾ ਜੋ ਡਾਕਟਰ ਭੀਮ ਰਾਓ ਅੰਬੇਡਕਰ ਨੇ ਪੜ੍ਹੀਆਂ ਸਨ।

ਉਹਨਾਂ ਨੇ ਭਾਜਪਾ ਦੇ ਇਲਜ਼ਾਮਾਂ ਨੂੰ ਸਿਰੇ ਤੋਂ ਖਾਰਜ ਕਰਦਿਆਂ ਕਿਹਾ ਕਿ ਜਿਨ੍ਹਾਂ 22 ਪ੍ਰਤਿਗਿਆਵਾਂ ਉੱਤੇ ਇਤਰਾਜ਼ ਕੀਤਾ ਗਿਆ ਹੈ, ਉਨ੍ਹਾਂ ਨੂੰ ਸਰਕਾਰ ਨੇ ਆਪ ਸ਼ਿਲਾਲੇਖ ਉੱਤੇ ਲਿਖਵਾ ਕੇ ਲਗਵਾਇਆ ਹੈ।

ਕੁਝ ਰਾਜਨੀਤਿਕ ਮਾਹਿਰਾਂ ਦਾ ਕਹਿਣਾ ਹੈ ਕਿ ਆਮ ਆਦਮੀ ਪਾਰਟੀ ਅਤੇ ਭਾਜਪਾ ਦੀ 'ਹਿੰਦੂਤਵਾ' ਦੇ ਏਜੰਡੇ ਉਪਰ ਕਈ ਵਾਰ ਇੱਕੋ ਜਿਹੀ ਸੋਚ ਨਜ਼ਰ ਆਉਂਦੀ ਹੈ।

ਇਸ ਮਾਮਲੇ ਵਿੱਚ 'ਆਪ' ਮੁਖੀ ਅਵਰਿੰਦ ਕੇਜਰੀਵਾਲ ਦੇ ਆਪਣੇ ਮੰਤਰੀ ਦੇ ਪੱਖ ਵਿੱਚ ਨਾ ਬੋਲਣ ਨੂੰ ਗੁਜਰਾਤ ਅਤੇ ਹਿਮਾਚਲ ਚੋਣਾਂ ਨਾਲ ਜੋੜ ਕੇ ਵੀ ਦੇਖਿਆ ਜਾ ਰਿਹਾ ਹੈ।

ਆਮ ਆਦਮੀ ਪਾਰਟੀ ਡਾਕਟਰ ਅੰਬੇਡਕਰ ਨੂੰ ਆਪਣਾ ਆਦਰਸ਼ ਮੰਨਦੀ ਹੈ। ਦਿੱਲੀ ਅਤੇ ਪੰਜਾਬ ਜਿੱਥੇ ਇਸ ਪਾਰਟੀ ਦੀ ਸਰਕਾਰ ਹੈ, ਉੱਥੇ ਹਰ ਸਰਕਾਰੀ ਦਫ਼ਤਰ ਵਿੱਚ ਭਗਤ ਸਿੰਘ ਅਤੇ ਡਾਕਟਰ ਅੰਬੇਡਕਰ ਦੀ ਤਸਵੀਰ ਲਗਾਈ ਗਈ ਹੈ।

ਭਾਰਤੀ ਜਨਤਾ ਪਾਰਟੀ ਦੀ ਸਿਆਸੀ ਪੈਂਠ ਨੂੰ ਟੱਕਰ ਦੇਣ ਲਈ ਕੇਜਰੀਵਾਲ ਤੇ ਭਗਵੰਤ ਮਾਨ ਵਾਰ ਵਾਰ ਡਾਕਟਰ ਅੰਬੇਡਕਰ ਦੀ ਤਸਵੀਰ ਤੇ ਵਿਚਾਰਾਂ ਦਾ ਸਹਾਰਾ ਲੈਂਦੇ ਹਨ।

ਖੁਦ ਨੂੰ ਡਾਕਟਰ ਅੰਬੇਡਕਰ ਦੇ ਪੈਰੋਕਾਰ ਕਹਾਉਣ ਵਾਲੇ ਕੇਜਰੀਵਾਲ ਦੇ ਮੰਤਰੀ ਰਾਜਿੰਦਰ ਪਾਲ ਗੌਤਮ ਨੂੰ ਮੰਤਰੀ ਦੇ ਅਹੁਦੇ ਤੋਂ ਕਿਉਂ ਅਸਤੀਫਾ ਦੇਣਾ ਪਿਆ, ਇਹ ਵੱਡਾ ਸਵਾਲ ਸਿਆਸੀ ਤੇ ਮੀਡੀਆ ਹਲਕਿਆਂ ਦੀ ਚਰਚਾ ਦਾ ਮੁੱਦਾ ਬਣਿਆ ਹੋਇਆ ਹੈ।

ਰਾਜਿੰਦਰ ਗੌਤਮ ਨੇ ਕਿਸ ਸਮਾਗਮ 'ਚ ਹਿੱਸਾ ਲਿਆ ਸੀ?

ਰਾਜਿੰਦਰ ਪਾਲ ਗੌਤਮ ਨੇ ਦਿੱਲੀ ਦੇ ਕਰੋਲ ਬਾਗ ਵਿੱਚ ਬੁੱਧ ਧਰਮ ਦੇ ਇੱਕ ਬੋਧੀ ਦੀਕਸ਼ਾ ਪ੍ਰੋਗਰਾਮ ਵਿੱਚ ਹਿੱਸਾ ਲਿਆ ਸੀ।

ਇਸ ਸਮਾਗਮ ਵਿੱਚ ਕਰੀਬ 10 ਹਜ਼ਾਰ ਲੋਕ ਸ਼ਾਮਲ ਹੋਏ ਸਨ ਅਤੇ ਉਨ੍ਹਾਂ ਬੁੱਧ ਧਰਮ ਦੀਆਂ 22 ਪ੍ਰਤਿਗਿਆਵਾਂ ਲਈਆਂ ਸਨ। ਮੰਤਰੀ ਗੌਤਮ ਨੇ ਵੀ ਹੋਰ ਲੋਕਾਂ ਨਾਲ ਉੱਥੇ ਕੁਝ ਕਸਮਾਂ ਦੁਹਰਾਈਆਂ ਸਨ।

ਇਨ੍ਹਾਂ ਵਿੱਚ ਕਥਿਤ ਤੌਰ 'ਤੇ 'ਹਿੰਦੂ ਦੇਵੀ-ਦੇਵਤਿਆਂ ਦੀ ਪੂਜਾ ਨਾ ਕਰਨ' ਦੀ ਸਹੁੰ ਵੀ ਸ਼ਾਮਲ ਸੀ ਜਿਸ 'ਤੇ ਭਾਰਤੀ ਜਨਤਾ ਪਾਰਟੀ ਦੇ ਕੁਝ ਆਗੂਆਂ ਨੇ ਇਤਰਾਜ਼ ਜਤਾਇਆ।

ਗੌਤਮ ਕਹਿੰਦੇ ਹਨ ਕਿ ਦੀਕਸ਼ਾ ਦਿਵਸ ਉਪਰ ਦੇਸ਼ ਵਿੱਚ ਹਜ਼ਾਰਾਂ ਥਾਵਾਂ 'ਤੇ ਅਜਿਹੇ ਸਮਾਗਮ ਹੁੰਦੇ ਹਨ ਅਤੇ ਕਰੋੜਾਂ ਲੋਕ ਇਸ ਵਿੱਚ ਸ਼ਾਮਿਲ ਹੁੰਦੇ ਹਨ।

"14 ਅਕਤੂਬਰ 1956 ਨੂੰ ਬਾਬਾ ਸਾਹਿਬ ਅੰਬੇਡਕਰ ਜੀ ਨੇ ਜਾਤੀ ਦੇ ਦੁੱਖ ਪੀੜਨ ਅਤੇ ਛੂਆ-ਛੂਤ ਦੇ ਖਿਲਾਫ਼ ਦੀਕਸ਼ਾ ਲਈ ਸੀ, ਉੱਥੇ 22 ਪ੍ਰਤਿਗਿਆਵਾਂ ਆਪਣੇ ਮੰਨਣ ਵਾਲਿਆਂ ਨੂੰ ਦਿੱਤੀਆਂ ਸਨ।"

ਜਾਣਕਾਰੀ ਮੁਤਾਬਕ ਇਹਨਾਂ ਪ੍ਰਤਿਗਿਆਵਾਂ ਵਿੱਚ ਬ੍ਰਹਮਾ, ਵਿਸ਼ਨੂੰ ਅਤੇ ਮਹੇਸ਼ ਵਿੱਚ ਵਿਸ਼ਵਾਸ਼ ਨਾ ਕਰਨਾ ਅਤੇ ਪੂਜਾ ਨਾ ਕਰਨੀ ਵੀ ਸ਼ਾਮਿਲ ਹੈ।

  • ਅੰਬੇਡਕਰ ਦੀਆਂ 22 ਪ੍ਰਤਿਗਿਆਵਾਂ ਦੇ ਉਚਾਰਨ ਤੋਂ ਬਾਅਦ ਦਿੱਲੀ ਵਿੱਚ 'ਆਪ' ਦੇ ਮੰਤਰੀ ਦਾ ਅਸਤੀਫ਼ਾ।
  • ਭਾਜਪਾ ਨੇ ਹਿੰਦੂ ਦੇਵੀ-ਦੇਵਤਿਆਂ ਦੇ ਅਪਮਾਨ ਦਾ ਇਲਜ਼ਾਮ ਲਗਾਇਆ ਹੈ।
  • ਮੰਤਰੀ ਰਾਜਿੰਦਰ ਪਾਲ ਗੌਤਮ 5 ਅਕਤੂਬਰ ਨੂੰ ਬੁੱਧ ਧਰਮ ਦੇ ਇੱਕ ਪ੍ਰੋਗਰਾਮ ਵਿੱਚ ਸ਼ਾਮਲ ਹੋਏ ਸਨ
  • ਰਾਜਿੰਦਰ ਗੌਤਮ ਆਪਣੇ ਆਪ ਨੂੰ ਅੰਬੇਡਕਰਵਾਦੀ ਮੰਨਦੇ ਹਨ।

ਰਾਜਿੰਦਰ ਪਾਲ ਗੌਤਮ ਨੇ ਕਿਹਾ ਕਿ ਉਹਨਾਂ ਦੀ ਪਾਰਟੀ ਦਾ ਇਸ ਸਮਾਗਮ ਨਾਲ ਕੋਈ ਲੈਣੀ ਦੇਣਾ ਨਹੀਂ ਸੀ।

"ਮੈਂ ਬਾਬਾ ਸਾਹਿਬ ਦਾ ਸਿਪਾਹੀ ਹੋਣ ਦੇ ਨਾਂ 'ਤੇ ਵਿਅਕਤੀਗਤ ਤੌਰ ਉਪਰ ਸ਼ਾਮਿਲ ਹੋਇਆ ਸੀ। ਉਥੇ ਰਾਜਰਤਨ ਜੀ ਨੇ ਉਹ ਪ੍ਰਤਿਗਿਆਵਾਂ ਦਵਾਈਆਂ ਹਨ ਅਤੇ ਸਭ ਨੇ ਦੁਹਰਾਈਆਂ ਹਨ।"

ਇਸ ਮਾਮਲੇ ਉਪਰ ਆਮ ਆਦਮੀ ਪਾਰਟੀ ਨੇ ਕੋਈ ਪ੍ਰਤੀਕਿਰਿਆਂ ਹਾਲੇ ਤੱਕ ਨਹੀਂ ਦਿੱਤੀ ਹੈ।

ਪਰ ਰਾਜਿੰਦਰ ਪਾਲ ਗੌਤਮ ਆਪਣਾ ਅਸਤੀਫ਼ਾ ਦੇ ਚੁੱਕੇ ਹਨ ਅਤੇ ਸਮਝਿਆ ਜਾ ਰਿਹਾ ਹੈ ਕਿ ਇਹ 'ਆਪ' 'ਤੇ ਚੋਣਾਂ ਦੇ ਦਬਾਅ ਕਾਰਨ ਹੋਇਆ ਹੈ।

ਭਾਜਪਾ ਦਾ ਵਿਰੋਧ

ਦਿੱਲੀ ਭਾਜਪਾ ਦੇ ਪ੍ਰਧਾਨ ਆਦੇਸ਼ ਗੁਪਤਾ ਕਹਿੰਦੇ ਹਨ, "ਅਵਰਿੰਦ ਕੇਜਰੀਵਾਲ ਦਾ ਹਿੰਦੂ ਵਿਰੋਧੀ ਚਿਹਰਾ ਬੇਨਕਾਬ ਹੋ ਗਿਆ ਹੈ। ਉਹਨਾਂ ਦੇ ਮੰਤਰੀ ਨੇ ਹਿੰਦੂ ਦੇਵੀ ਦੇਵਤਿਆਂ ਖ਼ਿਲਾਫ਼ ਜੋ ਗੱਲਾਂ ਕਹੀਆਂ ਸਨ, ਉਹਨਾਂ ਨੇ ਅਸਤੀਫ਼ਾ ਦੇ ਦਿੱਤਾ ਤਾਂ ਇਹ ਹਿੰਦੂਆਂ ਦੀ ਬਹੁਤ ਵੱਡੀ ਜਿੱਤ ਹੈ।"

ਆਦੇਸ਼ ਗੁਪਤਾ ਦਾ ਕਹਿਣਾ ਹੈ ਕਿ ਅਰਵਿੰਦ ਕੇਜਰੀਵਾਲ ਜਦੋਂ ਗੁਜਰਾਤ ਵਿੱਚ ਜਾ ਕੇ ਮੰਦਰਾਂ ਦੇ ਦਰਸ਼ਨ ਕਰਦੇ ਹਨ, ਚੋਣਾਂ ਸਮੇਂ ਆਪਣੀ ਰਾਮ ਭਗਤੀ ਅਤੇ ਹਨੂਮਾਨ ਭਗਤੀ ਦਿਖਾਉਂਦੇ ਹਨ ਪਰ ਲੁਕਿਆਂ ਹੋਇਆਂ ਏਜੰਡਾ ਨਫ਼ਰਤ ਫੈਲਾਉਣ ਦਾ ਹੈ, ਜੋਂ ਉਹਨਾਂ ਦੇ ਮੰਤਰੀ ਨੇ ਕੀਤਾ ਹੈ।

ਗੁਜਰਾਤ ਅਤੇ ਹਿਮਾਚਲ ਪ੍ਰਦੇਸ ਵਿੱਚ ਇਸ ਸਾਲ ਦੇ ਅਖੀਰ ਵਿੱਚ ਵਿਧਾਨ ਸਭਾ ਚੋਣਾਂ ਹੋਣੀਆਂ ਹਨ ਜਿਨ੍ਹਾਂ ਦਾ ਪ੍ਰਚਾਰ ਜ਼ੋਰ-ਸ਼ੋਰ ਨਾਲ ਕੀਤਾ ਜਾ ਰਿਹਾ ਹੈ।

ਇਹੀ ਕਾਰਨ ਹੈ ਕਿ ਸਿਆਸੀ ਜਾਣਕਾਰ ਇਸ ਅਸਤੀਫ਼ੇ ਨੂੰ ਕੇਜਰੀਵਾਲ ਦੀ ਭਾਜਪਾ ਨਾਲ ਟਾਕਰੇ ਲਈ ਅਪਣਾਈ ਜਾਂਦੀ 'ਸੌਫ਼ਟ ਹਿੰਦੂਤਵੀ' ਸਿਆਸਤ ਨਾਲ ਜੋੜ ਰਹੇ ਹਨ।

ਇਹ ਵੀ ਪੜ੍ਹੋ-

"ਦੋਵੇਂ ਪਾਰਟੀਆਂ ਵਿਚਾਰਧਾਰਾਂ ਪੱਖੋਂ ਆਸ-ਪਾਸ"

ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿੱਚ ਰਾਜਨੀਤੀ ਵਿਭਾਗ ਦੇ ਅਸਿਸਟੈਂਟ ਪ੍ਰੋਫੈਸਰ ਜਤਿੰਦਰ ਸਿੰਘ ਕਹਿਦੇ ਹਨ ਕਿ ਰਾਜਿੰਦਰ ਪਾਲ ਗੌਤਮ ਨੂੰ ਨਿਸ਼ਾਨਾ ਬਣਾਏ ਜਾਣ ਪਿੱਛੇ ਚੋਣਾਂ ਦੀ ਰਾਜਨੀਤੀ ਜੁੜੀ ਹੈ।

ਉਨ੍ਹਾਂ ਨੇ ਕਿਹਾ, "ਮੈਨੂੰ ਲੱਗਦਾ ਹੈ ਕਿ ਕੇਜਰੀਵਾਲ ਇੱਕ ਸਮੇਂ ਰਾਖਵਾਂਕਰਨ ਦੇ ਵਿਰੋਧ ਵਿੱਚ ਵੀ ਰਹੇ ਹਨ। ਇਹ ਵਿਚਾਰਧਾਰਕ ਤੌਰ 'ਤੇ ਵੀ ਭਾਜਪਾ ਵਰਗੇ ਹੀ ਹਨ।"

"ਜਦੋਂ ਵੀ ਇਹਨਾਂ ਦੀ ਪਾਰਟੀ ਦਾ ਕੋਈ ਲੀਡਰ ਅਜਿਹਾ ਬਿਆਨ ਦਿੰਦਾ ਹੈ ਜਾਂ ਕੁਝ ਇਹੋ ਜਿਹਾ ਕੰਮ ਕਰਦਾ ਹੈ ਤਾਂ ਨਾਲ ਦੀ ਨਾਲ ਇੱਕ ਜਵਾਬ ਆਉਂਦਾ ਹੈ। ਇਸ ਦਾ ਕਾਰਨ ਹੈ ਕਿ ਇਹਨਾਂ ਦੀ ਵਿਚਾਰਧਾਰਾਂ ਵੀ ਨੇੜੇ ਤੇੜੇ ਹੀ ਖੜਦੀ ਹੈ।"

ਉਹ ਕਹਿੰਦੇ ਹਨ, "ਹਿੰਦੂ ਧਰਮ ਨੂੰ ਬਿਨਾ ਜਾਤ-ਪਾਤ ਤੋਂ ਨਹੀਂ ਦੇਖਿਆ ਜਾ ਸਕਦਾ। ਅਜਿਹੀ ਕੋਈ ਕਾਰਵਾਈ ਜੋ ਇਸ ਸਿਸਟਮ ਨੂੰ ਸਵਾਲ ਕਰਦੀ ਹੈ ਤਾਂ ਉਹ ਵਿਵਾਦਾਂ ਵਿੱਚ ਆ ਜਾਂਦੀ ਹੈ। ਮੈਨੂੰ ਲੱਗਦਾ ਹੈ ਕਿ ਪਾਰਟੀ ਵੱਲੋਂ ਪ੍ਰਤੀਕਿਰਿਆ ਕਿਸੇ ਦਬਾਅ ਵਿੱਚੋਂ ਦਿੱਤੀ ਜਾਂਦੀ ਬਲਕਿ ਇਹ ਉਹਨਾਂ ਦੀ ਆਪਣੀ ਵੀ ਵਿਚਾਰਧਾਰਾ ਦਾ ਮਸਲਾ ਹੁੰਦਾ ਹੈ।"

ਲਾਲ ਫਿਲੋਰੀਆਂ ਪੰਜਾਬੀ ਦੇ ਜਾਣੇ ਪਛਾਣੇ ਦਲਿਤ ਸਾਹਿਤਕਾਰ ਅਤੇ ਪੇਸ਼ੇਵਰ ਵਕੀਲ ਹਨ।

ਬੀਬੀਸੀ ਪੰਜਾਬੀ ਨਾਲ ਗੱਲਬਾਤ ਵਿੱਚ ਉਹ ਕਹਿੰਦੇ ਹਨ, "ਇਹ 22 ਪੰਕਤੀਆਂ ਉਸ ਸਮੇਂ 1956 ਵਿੱਚ ਪੜ੍ਹੀਆਂ ਗਈਆਂ ਸਨ, ਜਦੋਂ ਬੀਆਰ ਅੰਬੇਡਕਰ ਨੇ ਬੁੱਧ ਧਰਮ ਅਪਣਾਇਆ ਸੀ। ਉਸ ਤੋਂ ਬਾਅਦ ਇਹ ਹਰ ਸਾਲ ਪੜ੍ਹੀਆਂ ਜਾਂਦੀਆਂ ਹਨ।"

ਮੋਹਨ ਲਾਲ ਫਿਲੋਰੀਆਂ ਦੱਸਦੇ ਹਨ, "ਪਹਿਲੀਆਂ ਦੋ ਪੰਕਤੀਆਂ ਹੀ ਕਹਿੰਦੀਆਂ ਹਨ ਕਿ ਮੈਂ ਹਿੰਦੂ ਦੇਵੀ ਦੇਵਤਿਆਂ ਨੂੰ ਭਗਵਾਨ ਨਹੀਂ ਮੰਨਦਾ।"

"ਰਾਜਿੰਦਰ ਪਾਲ ਨੇ ਕੁੱਝ ਵੀ ਗਲਤ ਨਹੀਂ ਕੀਤਾ"

ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਵਿੱਚ ਰਾਜਨੀਤੀ ਸ਼ਾਸ਼ਤਰ ਦੇ ਪ੍ਰੋਫੈਸਰ ਰੌਣਕੀ ਰਾਮ ਕਹਿੰਦੇ ਹਨ, "ਸਮਾਜ ਵਿੱਚ ਸਭ ਦੀ ਇੱਕ ਵੱਖਰੀ ਪਛਾਣ ਹੁੰਦੀ ਹੈ। ਜੋ ਮਨੁੱਖ ਨੂੰ ਠੀਕ ਲੱਗਦਾ ਹੈ ਉਹ ਨਿੱਜੀ ਤੌਰ ਉਪਰ ਉਸੇ ਤਰ੍ਹਾਂ ਹੀ ਕਰਦਾ ਹੈ ਪਰ ਕਈ ਵਾਰ ਰਾਜਨੀਤਿਕ ਬੰਦਿਆਂ ਉਪਰ ਸਵਾਲ ਉੱਠ ਜਾਂਦੇ ਹਨ।"

"ਇੱਕ ਨੇਤਾ ਦਾ ਸਮਾਜ ਉਪਰ ਵੀ ਅਸਰ ਪੈਂਦਾ ਹੈ। ਜਦੋਂ ਵੀ ਮੌਕਾ ਲੱਗਦਾ ਹੈ ਤਾਂ ਵਿਰੋਧੀ ਪਾਰਟੀਆਂ ਇੱਕ-ਦੂਜੇ ਦੀ ਅਲੋਚਨਾ ਕਰਦੀਆਂ ਹਨ। ਪਰ ਇਹ ਤੁਸੀਂ ਦੇਖਣਾ ਹੁੰਦਾ ਹੈ ਕਿ ਇਸ ਸਭ ਨੂੰ ਕਿਵੇਂ ਲੈ ਕੇ ਚੱਲਣਾ ਹੈ।"

ਅੰਬੇਡਕਰ ਅਤੇ ਭਗਤ ਸਿੰਘ ਦੀ ਵਿਚਾਰਧਾਰਾ ਮੁਕਾਬਲੇ ਕਿੱਥੇ ਖੜਦੀ ਹੈ 'ਆਪ'?

ਆਮ ਆਦਮੀ ਪਾਰਟੀ ਵੱਲੋਂ ਡਾ. ਬੀਆਰ ਅੰਬੇਡਕਰ ਅਤੇ ਭਗਤ ਸਿੰਘ ਦੀਆਂ ਇਕੱਠੀਆਂ ਤਸਵੀਰਾਂ ਲਗਾਈਆਂ ਜਾਂਦੀਆਂ ਹਨ। ਯਾਨੀ ਪਾਰਟੀ ਦੋਵਾਂ ਵਿਚਾਰਧਾਰਾਵਾਂ ਨੂੰ ਨਾਲ-ਨਾਲ ਲੈ ਕੇ ਚੱਲਣ ਦੀ ਗੱਲ ਕਰਦੀ ਹੈ।

ਲੇਖਕ ਮੋਹਨ ਲਾਲ ਫਿਲੋਰੀਆਂ ਕਹਿੰਦੇ ਹਨ, "ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਦਫ਼ਤਰਾਂ ਵਿੱਚ ਅੰਬੇਡਕਰ ਅਤੇ ਭਗਤ ਸਿੰਘ ਦੀਆਂ ਤਸਵੀਰਾਂ ਲਗਾ ਦਿੱਤੀਆਂ ਹਨ। ਹੁਣ ਜੇਕਰ ਉਹਨਾਂ ਦੀਆਂ ਤਸਵੀਰਾਂ ਲਗਾਈਆਂ ਹਨ ਤਾਂ ਉਹਨਾਂ ਦੇ ਫ਼ਲਸਫੇ ਨੂੰ ਵੀ ਅੱਗੇ ਤੋਰਾਂਗੇ। ਇਸ ਲਈ ਰਾਜਿੰਦਰ ਪਾਲ ਗੌਤਮ ਨੇ ਕੋਈ ਗਲਤ ਕੰਮ ਨਹੀਂ ਕੀਤਾ।"

ਜਤਿੰਦਰ ਸਿੰਘ ਕਹਿੰਦੇ ਹਨ, "ਅੰਬੇਡਕਰ ਅਤੇ ਭਗਤ ਸਿੰਘ ਦੀਆਂ ਧਾਰਾਵਾਂ ਰੈਡੀਕਲ ਹਨ। ਇਹ ਤਸਵੀਰਾਂ ਇਸ ਲਈ ਲਗਾਈਆਂ ਹਨ ਕਿ ਇਹ ਲੋਕਾਂ ਦੇ ਹੀਰੋ ਹਨ। ਪਾਰਟੀ ਨੇ ਆਪਣੀ ਜਨਤਕ ਦਿੱਖ ਲਈ ਇਹ ਤਸਵੀਰਾਂ ਲਗਾਈਆਂ ਗਈਆਂ ਹਨ ਪਰ ਕਾਰਵਾਈ ਦੇ ਤੌਰ 'ਤੇ ਤਾਂ ਕੁਝ ਵੀ ਨਹੀਂ ਹੋ ਰਿਹਾ ਹੈ।"

"ਅਸਲ ਵਿੱਚ ਕੁਝ ਨਹੀਂ ਹੋ ਰਿਹਾ ਪਰ ਪ੍ਰਚਾਰ ਦੇ ਲਈ ਬਹੁਤ ਕੁਝ ਹੋ ਰਿਹਾ ਹੈ।"

ਇਹ ਵੀ ਪੜ੍ਹੋ-

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)