ਸਿੱਧੂ ਮੂਸੇਵਾਲਾ ਕਤਲ ਕੇਸ ਦੇ ਮੁਲਜ਼ਮ ਦੀਪਕ ਟੀਨੂੰ ਦੀ ਫਰਾਰੀ ਦਾ ਮਾਮਲਾ : 5 ਸਵਾਲ ਜਿਨ੍ਹਾਂ ਦੇ ਪੰਜਾਬ ਪੁਲਿਸ ਕੋਲ ਅਜੇ ਵੀ ਨਹੀਂ ਹੈ ਜਵਾਬ

    • ਲੇਖਕ, ਸਰਬਜੀਤ ਸਿੰਘ ਧਾਲੀਵਾਲ
    • ਰੋਲ, ਬੀਬੀਸੀ ਪੰਜਾਬੀ

ਪੰਜਾਬ ਪੁਲਿਸ ਦੇ ਡੀਜੀਪੀ ਗੌਰਵ ਯਾਦਵ ਨੇ ਗੈਂਗਸਟਰ ਦੀਪਕ ਟੀਨੂੰ ਦੇ ਪੁਲਿਸ ਹਿਰਾਸਤ ਵਿਚੋਂ ਫਰਾਰ ਹੋਣ ਦੇ ਮਾਮਲੇ ਦੀ ਜਾਂਚ ਲਈ 4 ਮੈਂਬਰੀ ਉੱਚ ਪੱਧਰੀ ਕਮੇਟੀ ਗਠਿਤ ਕੀਤੀ ਹੈ।

ਪੰਜਾਬ ਪੁਲਿਸ ਵਲੋਂ ਜਾਰੀ ਇੱਕ ਬਿਆਨ ਮੁਤਾਬਕ ਪਟਿਆਲਾ ਰੇਜ਼ ਦੇ ਆਈਜੀ ਐੱਮਐੱਸ ਛੀਨਾ ਵਿਸ਼ੇਸ਼ ਜਾਂਚ ਟੀਮ ਦੀ ਅਗਵਾਈ ਕਰਨਗੇ।

ਐਂਟੀ ਗੈਂਗਸਟਰ ਟਾਸਕ ਫੋਰਸ ਦੇ ਏਆਈਜੀ ਓਪਿੰਦਰਜੀਤ ਸਿੰਘ, ਐੱਸਐੱਸਪੀ ਮਾਨਸਾ ਗੌਰਵ ਤੂਰਾ ਅਤੇ ਐਂਟੀ ਗੈਂਗਸਟਰ ਟਾਸਕ ਫੋਰਸ ਦੇ ਡੀਐੱਸਪੀ ਬਿਕਰਮਜੀਤ ਸਿੰਘ ਨੂੰ ਵੀ ਇਸ ਟੀਮ ਵਿਚ ਸ਼ਾਮਲ ਕੀਤਾ ਗਿਆ ਹੈ।

2 ਅਕਤੂਬਰ ਤੋਂ ਪਹਿਲਾਂ ਪੰਜਾਬ ਵਿੱਚ ਦੀਪਕ ਟੀਨੂੰ ਨਾਮਕ ਗੈਂਗਸਟਰ ਦਾ ਕੋਈ ਜ਼ਿਆਦਾ ਨਾਮ ਨਹੀਂ ਸੀ।

ਪਰ ਜਿਸ ਤਰੀਕੇ ਨਾਲ ਉਹ ਮਾਨਸਾ ਪੁਲਿਸ ਦੀ ਹਿਰਾਸਤ ਵਿਚੋਂ ਫ਼ਰਾਰ ਹੋਇਆ ਉਸ ਤੋਂ ਬਾਅਦ ਨਾ ਸਿਰਫ਼ ਪੰਜਾਬ ਵਿਚ ਹੀ ਨਹੀਂ ਬਲਕਿ ਦੂਜੇ ਸੂਬਿਆਂ ਵਿੱਚ ਦੀਪਕ ਟੀਨੂੰ ਦਾ ਨਾਮ ਲੋਕਾਂ ਦੀ ਜ਼ੁਬਾਨ ਉੱਤੇ ਹੈ।

ਦੀਪਕ ਟੀਨੂੰ ਸਿੱਧੂ ਮੂਸੇਵਾਲ ਕਤਲ ਦੇ ਸਬੰਧ ਵਿੱਚ ਮਾਨਸਾ ਪੁਲਿਸ ਦੀ ਹਿਰਾਸਤ ਵਿੱਚ ਸੀ ਅਤੇ 2 ਅਕਤੂਬਰ ਨੂੰ ਉਹ ਭੱਜਣ ਵਿੱਚ ਕਾਮਯਾਬ ਹੋ ਗਿਆ।

ਇਸ ਸਬੰਧ ਵਿੱਚ ਮਾਨਸਾ ਪੁਲਿਸ ਨੇ ਸੀਆਈਏ ਸਟਾਫ਼ ਮਾਨਸਾ ਦੇ ਸਬ ਇੰਸਪੈਕਟਰ ਪ੍ਰਿਤਪਾਲ ਸਿੰਘ ਨੂੰ ਗ੍ਰਿਫਤਾਰ ਕਰ ਕੇ ਟੀਨੂੰ ਦੀ ਭਾਲ ਸ਼ੁਰੂ ਕਰ ਦਿੱਤੀ ਹੈ।

ਦੀਪਕ ਟੀਨੂੰ ਜਿਸ ਸਮੇਂ ਫ਼ਰਾਰ ਹੋਇਆ ਉਸ ਵਕਤ ਐੱਸਆਈ ਪ੍ਰਿਤਪਾਲ ਸਿੰਘ ਹੀ ਉਸ ਦੇ ਨਾਲ ਸੀ।

ਦੀਪਕ ਟੀਨੂੰ ਦੇ ਫਰਾਰ ਹੋਣ ਦੇ ਮਾਮਲੇ ਵਿਚ ਭਾਵੇਂ ਪੁਲਿਸ ਕਥਿਤ ਮੁੱਖ ਮੁਲਜ਼ਮ ਪ੍ਰਿਤਪਾਲ ਸਿੰਘ ਨੂੰ ਗ੍ਰਿਫ਼ਤਾਰ ਕਰ ਲੈਣ ਦਾ ਦਾਅਵਾ ਕਰ ਰਹੀ ਹੈ, ਪਰ ਅਜੇ ਵੀ ਕੁਝ ਅਜਿਹੇ ਸਵਾਲ ਹਨ, ਜਿਸ ਦੇ ਜਵਾਬ ਨਹੀਂ ਮਿਲ ਰਹੇ।

  • ਟੀਨੂੰ ਮਾਨਸਾ ਦੀ ਪੁਲਿਸ ਹਿਰਾਸਤ ਵਿੱਚੋਂ ਸ਼ਨੀਵਾਰ ਰਾਤ ਨੂੰ ਫ਼ਰਾਰ ਹੋ ਗਿਆ ਹੈ।
  • ਟੀਨੂੰ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਕੇਸ ਵਿੱਚ ਕਥਿਤ ਮੁਲਜ਼ਮ ਸੀ।
  • ਮਾਨਸਾ ਪੁਲਿਸ ਨੇ ਸੀਆਈਏ ਸਟਾਫ਼ ਮਾਨਸਾ ਦੇ ਸਬ ਇੰਸਪੈਕਟਰ ਪ੍ਰਿਤਪਾਲ ਸਿੰਘ ਨੂੰ ਗ੍ਰਿਫਤਾਰ ਕਰ ਕੇ ਟੀਨੂੰ ਦੀ ਭਾਲ ਸ਼ੁਰੂ ਕਰ ਦਿੱਤੀ ਹੈ।
  • ਦੀਪਕ ਟੀਨੂੰ ਜਿਸ ਸਮੇਂ ਫ਼ਰਾਰ ਹੋਇਆ ਉਸ ਵਕਤ ਐੱਸਆਈ ਪ੍ਰਿਤਪਾਲ ਸਿੰਘ ਹੀ ਉਸ ਦੇ ਨਾਲ ਸੀ।
  • ਪੁਲਿਸ ਮੁਤਾਬਕ ਇਸ ਮੁੱਦੇ ਦੀ ਜਾਂਚ ਕੀਤੀ ਜਾ ਰਹੀ ਹੈ। ਇਸ ਤੋਂ ਇਲਾਵਾ ਮਾਨਸਾ ਪੁਲਿਸ ਫਿਲਹਾਲ ਕੁਝ ਵੀ ਨਹੀਂ ਬੋਲ ਰਹੀ।

ਸਵਾਲ 1: ਦੀਪਕ ਟੀਨੂੰ ਨੂੰ ਪ੍ਰਿਤਪਾਲ ਸਿੰਘ ਕਿਉਂ ਆਪਣੇ ਨਾਲ ਲੈ ਕੇ ਗਿਆ ?

ਪੁਲਿਸ ਮੁਤਾਬਕ ਇਸ ਮੁੱਦੇ ਦੀ ਜਾਂਚ ਕੀਤੀ ਜਾ ਰਹੀ ਹੈ। ਇਸ ਤੋਂ ਇਲਾਵਾ ਮਾਨਸਾ ਪੁਲਿਸ ਫਿਲਹਾਲ ਕੁਝ ਵੀ ਨਹੀਂ ਬੋਲ ਰਹੀ।

ਟੀਨੂੰ ਦੇ ਫ਼ਰਾਰ ਹੋਣ ਤੋਂ ਬਾਅਦ ਮਾਨਸਾ ਪੁਲਿਸ ਨੇ ਜੋ ਐਫਆਈਆਰ ਦਰਜ ਕੀਤੀ ਹੈ, ਇਸ ਵਿੱਚ ਇਸ ਗੱਲ ਦਾ ਜ਼ਿਕਰ ਕੀਤਾ ਗਿਆ ਹੈ ਕਿ ਪ੍ਰਿਤਪਾਲ ਸਿੰਘ ਦੀਪਕ ਟੀਨੂੰ ਕਿਉਂ ਲੈ ਗਿਆ।

ਐਫਆਈਆਰ ਦੀ ਕਾਪੀ ਦੇ ਦਾਅਵੇ ਮੁਤਾਬਕ ਪ੍ਰਿਤਪਾਲ ਸਿੰਘ ਹਥਿਆਰਾਂ ਦੀ ਬਰਾਮਦਗੀ ਲਈ ਟੀਨੂੰ ਨੂੰ ਸੀਆਈਏ ਸਟਾਫ਼ ਤੋਂ ਬਾਹਰ ਲੈ ਕੇ ਗਿਆ, ਜਿੱਥੋਂ ਉਹ ਭੱਜ ਗਿਆ।

ਸਵਾਲ 2 : ਪ੍ਰਿਤਪਾਲ ਸਿੰਘ ਆਪਣੀ ਨਿੱਜੀ ਕਾਰ ਵਿੱਚ ਦੀਪਕ ਟੀਨੂੰ ਨੂੰ ਕਿਉਂ ਲੈ ਕੇ ਗਿਆ ?

ਆਮ ਤੌਰ ਉਤੇ ਪੁਲਿਸ ਜਦੋਂ ਕੋਈ ਵਿਅਕਤੀ ਪੁਲਿਸ ਰਿਮਾਂਡ ਉਤੇ ਹੁੰਦਾ ਹੈ ਤਾਂ ਪੁਲਿਸ ਉਸ ਨੂੰ ਬਰਾਮਦਗੀ ਕਰਵਾਉਣ ਲਈ ਥਾਣੇ ਤੋਂ ਬਾਹਰ ਲੈ ਕੇ ਜਾ ਸਕਦੀ ਹੈ।

ਇਸ ਦੇ ਲਈ ਸੀਨੀਅਰ ਅਧਿਕਾਰੀਆਂ ਨੂੰ ਸੂਚਿਤ ਨੂੰ ਪਹਿਲਾਂ ਸੂਚਿਤ ਕਰਨਾ ਬਣਦਾ ਹੈ ਅਤੇ ਪੂਰੀ ਸੁਰਖਿਆ ਦੇ ਨਾਲ ਥਾਣੇ ਤੋਂ ਬਾਹਰ ਮੁਲਜ਼ਮ ਨੂੰ ਲਿਜਾਇਆ ਜਾਂਦਾ ਹੈ। ਪਰ ਟੀਨੂੰ ਦੇ ਮਾਮਲੇ ਵਿੱਚ ਅਜਿਹਾ ਨਹੀਂ ਹੈ।

ਮਾਨਸਾ ਦੇ ਐਸ ਐਸ ਪੀ ਗੌਰਵ ਤੂਰਾ ਮੁਤਾਬਕ ਪ੍ਰਿਤਪਾਲ ਸਿੰਘ ਨੇ ਕਿਸੇ ਵੀ ਸੀਨੀਅਰ ਅਫ਼ਸਰ ਨੂੰ ਸੂਚਿਤ ਨਹੀਂ ਕੀਤਾ ਕਿ ਉਹ ਟੀਨੂੰ ਸੀਆਈਏ ਸਟਾਫ਼ ਤੋਂ ਆਪਣੀ ਨਿੱਜੀ ਕਾਰ ਵਿੱਚ ਬਾਹਰ ਲੈ ਕੇ ਜਾ ਰਿਹਾ ਹੈ ਜਿਥੋਂ ਉਹ ਫਰਾਰ ਹੋ ਗਿਆ।

ਪੰਜਾਬ ਪੁਲਿਸ ਇਸ ਨੂੰ ਪ੍ਰਿਤਪਾਲ ਸਿੰਘ ਦੀ ਸਾਜ਼ਿਸ ਦੱਸ ਰਹੀ ਹੈ ਅਤੇ ਇਸੇ ਕਰਕੇ ਉਸ ਦੇ ਖਿਲਾਫ ਐਫਆਈਆਰ ਦਰਜ ਕਰਕੇ ਉਸ ਨੂੰ ਗਿਫਤਾਰ ਕਰ ਲਿਆ ਗਿਆ ਹੈ।

ਇਹ ਵੀ ਪੜ੍ਹੋ-

ਸਵਾਲ 3: ਦੀਪਕ ਟੀਨੂੰ ਕਿਥੋਂ ਫਰਾਰ ਹੋਇਆ ?

ਦੀਪਕ ਟੀਨੂੰ ਦੇ ਫਰਾਰ ਹੋਣ ਨੂੰ ਲੈ ਕੇ ਸੋਸਲ ਮੀਡੀਆ ਉਤੇ ਵੱਖ ਵੱਖ ਗੱਲਾਂ ਆਖੀਆਂ ਜਾ ਰਹੀਆਂ ਹਨ।

ਮੀਡੀਆ ਦਾ ਇੱਕ ਹਿੱਸਾ ਦਾਅਵਾ ਕਰ ਰਿਹਾ ਹੈ ਕਿ ਦੀਪਕ ਟੀਨੂੰ ਨੂੰ ਉਸਦੀ ਮਹਿਲਾ ਮਿੱਤਰ ਨੂੰ ਮਿਲਾਉਣ ਲਈ ਹੋਟਲ ਵਿੱਚ ਲਿਜਾਇਆ ਗਿਆ ਸੀ, ਜਿਥੋਂ ਉਹ ਉਸ ਨਾਲ ਫਰਾਰ ਹੋ ਗਿਆ।

ਐਫਆਈਆਰ ਵਿੱਚ ਵੀ ਇਸ ਗੱਲ ਦਾ ਜਿਕਰ ਨਹੀਂ ਕਿ ਦੀਪਕ ਟੀਨੂੰ ਕਿਸ ਥਾਂ ਤੋਂ ਫਰਾਰ ਹੋਇਆ।

ਮਾਨਸਾ ਦੇ ਐੱਸਐੱਸਪੀ ਗੌਰਵ ਤੂਰਾ ਨੇ ਆਖਿਆ ਕਿ ਵੱਖ ਵੱਖ ਥਾਵਾਂ ਤੋਂ ਸੀਸੀਟੀਵੀ ਦੀ ਫੁਟੇਜ ਇਕੱਠੀ ਕਰ ਲਈ ਗਈ ਹੈ ਅਤੇ ਜਾਂਚ ਕੀਤੀ ਜਾ ਰਹੀ ਹੈ ਆਖਰਕਾਰ ਟੀਨੂੰ ਕਿਸ ਥਾਂ ਤੋਂ ਫਰਾਰ ਹੋਇਆ।

ਉਹਨਾਂ ਆਖਿਆ ਕਿ ਐੱਫਆਈਆਰ ਵਿੱਚ ਵੀ ਇਸੇ ਕਰਕੇ ਟੀਨੂੰ ਦੇ ਫਰਾਰ ਹੋਣ ਵਾਲੀ ਥਾਂ ਦਾ ਜਿਕਰ ਨਹੀਂ ਹੈ।

ਬੀਬੀਸੀ ਪੰਜਾਬੀ ਨੂੰ ਆਪਣੇ ਮੋਬਾਈਲ ਦੀ ਹੋਮ ਸਕਰੀਨ ਉੱਤੇ ਇੰਝ ਲੈ ਕੇ ਆਓ

ਸਵਾਲ 4: ਸੀਆਈਏ ਸਟਾਫ ਤੋਂ ਟੀਨੂੰ ਨੂੰ ਬਾਹਰ ਲੈ ਕੇ ਜਾਣ ਦੀ ਹੋਰ ਕਿਸ ਨੂੰ ਜਾਣਕਾਰੀ ਸੀ?

ਮਾਨਸਾ ਪੁਲਿਸ ਮੁਤਾਬਕ ਪ੍ਰਿਤਪਾਲ ਸਿੰਘ ਰਾਤ ਸਮੇਂ ਆਪਣੀ ਨਿੱਜੀ ਕਾਰ ਵਿੱਚ ਦੀਪਕ ਟੀਨੂੰ ਨੂੰ ਲੈ ਕੇ ਗਿਆ।

ਇਸ ਬਾਰੇ ਐੱਸਐੱਸਪੀ ਮਾਨਸਾ ਗੌਰਵ ਤੂਰਾ ਦਾ ਕਹਿਣਾ ਹੈ ਕਿ ਪ੍ਰਿਤਪਾਲ ਸਿੰਘ ਨੇ ਇਸ ਸਬੰਧ ਵਿੱਚ ਕਿਸੇ ਨੂੰ ਵੀ ਸੂਚਿਤ ਨਹੀਂ ਕੀਤਾ ਸੀ।

ਮਾਨਸਾ ਪੁਲਿਸ ਇਸ ਨੂੰ ਪ੍ਰਿਤਪਾਲ ਸਿੰਘ ਦੀ ਸਾਜ਼ਿਸ ਮੰਨ ਰਹੀ ਹੈ ਅਤੇ ਗੱਲ ਐੱਫਆਈਆਰ ਵਿੱਚ ਵੀ ਦਰਜ ਹੈ।

ਪਰ ਇਸ ਸਵਾਲ ਦਾ ਪੁਲਿਸ ਕੋਲ ਕੋਈ ਜਵਾਬ ਨਹੀ ਹੈ ਕਿ ਜਦੋਂ ਟੀਨੂੰ ਨੂੰ ਬਾਹਰ ਲਿਜਾਇਆ ਗਿਆ ਤਾਂ ਥਾਣੇ ਤੈਨਾਤ ਮੁਲਾਜ਼ਮ ਕਿੱਥੇ ਸਨ, ਉਨ੍ਹਾਂ ਨੂੰ ਜਾਣਕਾਰੀ ਕਿਉਂ ਨਹੀਂ ਸੀ।

ਸਵਾਲ 5: ਦੀਪਕ ਟੀਨੂੰ ਨੇ ਭੱਜਣ ਲਈ ਇਸ ਵਾਰ ਕਿਹੜਾ ਤਰੀਕਾ ਅਪਣਾਇਆ

ਦੀਪਕ ਟੀਨੂੰ ਪਹਿਲੀ ਵਾਰ ਪੁਲਿਸ ਦੀ ਗ੍ਰਿਫਤ ਤੋਂ ਬਾਹਰ ਨਹੀਂ ਹੋਇਆ।

29 ਸਾਲਾ ਦੀਪਕ ਇਸ ਤੋਂ ਪਹਿਲਾਂ ਹਰਿਆਣਾ ਪੁਲਿਸ ਦੀ ਗ੍ਰਿਫਤ ਵਿਚੋਂ 2017 ਵਿਚੋਂ ਉਸ ਸਮੇਂ ਫ਼ਰਾਰ ਹੋ ਗਿਆ ਸੀ ਜਦੋਂ ਉਸ ਨੂੰ ਅੰਬਾਲਾ ਦੀ ਜੇਲ੍ਹ ਵਿਚੋਂ ਪੰਚਕੂਲਾ ਦੇ ਹਸਪਤਾਲ ਵਿੱਚ ਮੈਡੀਕਲ ਚੈੱਕਅਪ ਲਈ ਲਿਆਂਦਾ ਗਿਆ ਸੀ।

ਬਾਅਦ ਵਿੱਚ ਹਰਿਆਣਾ ਪੁਲਿਸ ਨੇ ਉਸ ਨੂੰ ਫਿਰ ਤੋਂ ਬੰਗਲੌਰ ਤੋਂ ਗ੍ਰਿਫਤ ਕਰ ਲਿਆ ਸੀ।

ਉਦੋਂ ਟੀਨੂੰ ਪੁਲਿਸ ਵਾਲਿਆਂ ਦੀ ਅੱਖਾਂ ਵਿਚ ਮਿਰਚਾਂ ਪਾ ਕੇ ਭੱਜ ਗਿਆ ਸੀ, ਪਰ ਇਸ ਵਾਰ ਭੱਜਣ ਵੇਲ਼ੇ ਉਸ ਨੇ ਕੀ ਕੀਤਾ।

ਭਾਵੇਂ ਕਿ ਕੁਝ ਰਿਪੋਰਟਾਂ ਵਿਚ ਇਹ ਵੀ ਕਿਹਾ ਜਾ ਰਿਹਾ ਹੈ ਕਿ ਉਹ ਪ੍ਰਿਤਪਾਲ ਤੋਂ ਉਸਦਾ ਹਥਿਆਰ ਖੋਹ ਕੇ ਭੱਜ ਗਿਆ, ਪਰ ਇਸ ਦੀ ਅਧਿਕਾਰਤ ਤੌਰ ਉੱਤੇ ਪੁਸ਼ਟੀ ਨਹੀਂ ਹੋਈ ਹੈ।

ਦੀਪਕ ਟੀਨੂੰ ਦਾ ਕੀ ਹੈ, ਸਿੱਧੂ ਮੂਸੇਵਾਲ ਕਤਲ ਕੇਸ ਨਾਲ ਸਬੰਧ

ਦੀਪਕ ਟੀਨੂੰ ਦਾ ਸਬੰਧ ਨਾਮੀ ਗੈਂਗਸਟਰ ਲਾਰੈਂਸ ਬਿਸੋਨਈ ਨਾਲ ਹੈ।

ਦੀਪਕ ਟੀਨੂੰ ਹੱਤਿਆ ਅਤੇ ਹੋਰ ਕਈ ਮਾਮਲਿਆਂ ਵਿੱਚ ਪੰਜਾਬ ਪੁਲਿਸ ਨੂੰ ਲੋੜੀਂਦਾ ਸੀ ਅਤੇ ਮਾਨਸਾ ਤੋਂ ਪਹਿਲਾਂ ਉਹ ਗੋਇੰਦਵਾਲ ਦੀ ਜੇਲ੍ਹ ਵਿੱਚ ਬੰਦ ਸੀ।

ਦੀਪਕ ਟੀਨੂੰ ਨੂੰ ਸਿੱਧੂ ਮੂਸੇਵਾਲ ਕਤਲ ਦੇ ਸਬੰਧ ਵਿੱਚ ਗੋਇੰਦਵਾਲ ਸਾਹਿਬ ਦੀ ਜੇਲ੍ਹ ਤੋਂ ਪੁੱਛਗਿੱਛ ਲਈ ਪ੍ਰੋਡਕਸ਼ਨ ਵਾਰੰਟ ਉੱਪਰ ਮਾਨਸਾ ਲਿਆਂਦਾ ਗਿਆ ਸੀ।

ਮਾਨਸਾ ਪੁਲਿਸ ਮੁਤਾਬਕ ਉਸ ਨੇ ਸਿੱਧੂ ਦੇ ਕਾਤਲਾਂ ਦੀ ਮਦਦ ਕੀਤੀ ਸੀ ਅਤੇ ਇਸੇ ਮਾਮਲੇ ਵਿੱਚ ਉਸ ਨੂੰ ਪੁਛਗਿੱਛ ਲਈ ਮਾਨਸਾ ਸੀਆਈਏ ਸਟਾਫ ਲਿਆਂਦਾ ਗਿਆ ਸੀ।

ਦੀਪਕ ਟੀਨੂੰ ਦਾ ਕੀ ਹੈ ਪਿਛੋਕੜ

ਪੰਜਾਬ ਪੁਲਿਸ ਦੇ ਰਿਕਾਰਡ ਦੇ ਮੁਤਾਬਕ ਦੀਪਕ ਟੀਨੂੰ ਹਰਿਆਣਾ ਦੇ ਭਿਵਾਨੀ ਦਾ ਰਹਿਣ ਵਾਲਾ ਹੈ।

ਉਸ ਉੱਪਰ ਪੰਜਾਬ, ਹਰਿਆਣਾ, ਰਾਜਸਥਾਨ ਅਤੇ ਦਿੱਲੀ ਵਿੱਚ ਕਈ ਦਰਜਨ ਅਪਰਾਧਿਕ ਮਾਮਲੇ ਦਰਜ ਹਨ।

ਟੀਨੂੰ ਖ਼ਿਲਾਫ਼ ਹੁਣ ਤੱਕ ਕੁੱਲ 34 ਮਾਮਲੇ ਦਰਜ ਹਨ, ਜਿਨ ਹਾਂ ਵਿੱਚ ਆਈਪੀਸੀ ਦੀ ਧਾਰਾ 302 (ਕਤਲ) ਅਧੀਨ 10 ਅਤੇ ਇਰਾਦਾ ਕਤਲ ਦੀ ਧਾਰਾ 307 ਅਧੀਨ 14 ਮਾਮਲਿਆਂ ਤੋਂ ਇਲਾਵਾ 10 ਹੋਰ ਮਾਮਲੇ ਵੀ ਵੱਖ-ਵੱਖ ਥਾਣਿਆਂ ਵਿੱਚ ਦਰਜ ਹਨ।

ਦੀਪਕ ਟੀਨੂੰ ਖ਼ਿਲਾਫ਼ ਪਹਿਲਾ ਮਾਮਲਾ ਦਿੱਲੀ ਵਿੱਚ ਦਰਜ ਕੀਤਾ ਗਿਆ ਸੀ, ਜਦੋਂ ਉਸ ਦਾ ਨਾਂ ਉੱਥੇ ਹੋਈ ਇੱਕ ਗੋਲੀਬਾਰੀ ਵਿੱਚ ਸਾਹਮਣੇ ਆਇਆ ਸੀ।

15 ਜੁਲਾਈ 2017 ਦੌਰਾਨ ਕੋਟਕਪੂਰਾ ਵਿੱਚ ਹੋਏ ਲਵੀ ਦਿਓਰਾ ਕਤਲ ਮਾਮਲੇ ਦੇ ਪੰਜ ਮੁਲਜ਼ਮਾਂ ਵਿੱਚ ਇੱਕ ਟੀਨੂੰ ਵੀ ਨਾਮਜ਼ਦ ਕੀਤਾ ਗਿਆ ਸੀ।

ਮਾਨਸਾ ਦੇ ਐੱਸਐੱਸਪੀ ਗੌਰਵ ਤੂਰਾ ਨੇ ਦੱਸਿਆ ਕਿ ਦੀਪਕ ਟੀਨੂੰ ਨੇ ਸਿੱਧੂ ਮੂਸੇਵਾਲ ਕਤਲ ਕੇਸ ਵਿੱਚ ਸ਼ਾਮਲ ਸ਼ੂਟਰਾਂ ਦੀ ਮਦਦ ਕੀਤੀ ਸੀ।

ਜੋ ਚਾਰਜਸ਼ੀਟ ਮੂਸੇਵਾਲ ਦੇ ਕਤਲ ਦੇ ਸਬੰਧ ਵਿੱਚ ਦਾਇਰ ਕੀਤੀ ਗਈ ਹੈ, ਉਸ ਵਿੱਚ ਟੀਨੂੰ ਨੂੰ ਨਾਮਜ਼ਦ ਕੀਤਾ ਹੋਇਆ ਹੈ।

ਇਹ ਵੀ ਪੜ੍ਹੋ-

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)