You’re viewing a text-only version of this website that uses less data. View the main version of the website including all images and videos.
ਸਾਡੇ ਬੱਚੇ ਯੂਟਿਊਬ ਉੱਤੇ ਡਰਾਉਣੀ ਫਿਲਮ ਦੀ ਮਸ਼ਹੂਰੀ ਦੇਖ ਕੇ ਡਰ ਗਏ-ਮਾਪਿਆਂ ਦੀ ਸ਼ਿਕਾਇਤ
ਬਰਤਾਨੀਆ ਦੀ ਇਸ਼ਤਿਹਾਰਾਂ ਦੇ ਪੱਧਰਾਂ ਬਾਰੇ ਅਥਾਰਟੀ ਕੋਲ ਮਾਪਿਆਂ ਨੇ ਸ਼ਿਕਾਇਤ ਕੀਤੀ ਹੈ ਕਿ ਯੂਟਿਊਬ ਉੱਤੇ ਇੱਕ ਡਰਾਉਣੀ ਫ਼ਿਲਮ ਦਾ ਇਸ਼ਤਿਹਾਰ ਦੇਖਣ ਮਗਰੋਂ ਉਨ੍ਹਾਂ ਦੇ ਬੱਚੇ ਡਰੇ ਹੋਏ ਹਨ।
ਅਥਾਰਟੀ ਕੋਲ ਤਿੰਨ ਮਾਪਿਆਂ ਨੇ ਸ਼ਿਕਾਇਤ ਦਰਜ ਕਰਵਾਈ ਹੈ ਕਿ ਉਨ੍ਹਾਂ ਦੇ ਬੱਚੇ ਇੱਕ ਡਰਾਉਣੀ ਫਿਲਮ 'ਇਨਸਾਈਡਸ꞉ ਦਿ ਲਾਸਟ ਕੀ' ਜੋ ਕਿ 15 ਸਾਲ ਤੋਂ ਉੱਪਰ ਦੇ ਲੋਕਾਂ ਲਈ ਹੈ ਦਾ ਇਸ਼ਤਿਹਾਰ ਦੇਖ ਕੇ ਡਰੇ ਹੋਏ ਹਨ।
ਇਸ ਫ਼ਿਲਮ ਦੀਆਂ ਮਸ਼ਹੂਰੀਆਂ ਇੱਕ ਗਾਣੇ, ਲੀਗੋ ਖਿਡਾਉਣਿਆਂ ਨਾਲ ਜੁੜੀ ਵੀਡੀਓ ਅਤੇ ਇੱਕ ਪੀਜੇ ਮਾਸਕਸ ਕਾਰਟੂਨ ਦੌਰਾਨ ਦਿਖਾਈਆਂ ਗਈਆਂ।
ਅਥਾਰਟੀ ਨੇ ਦੱਸਿਆ ਕਿ ਇੱਕ ਦੂਸਰੀ ਮਸ਼ਹੂਰੀ ਵਿੱਚ ਇੱਕ ਔਰਤ ਅਹਿਲ ਅਵਸਥਾ ਵਿੱਚ ਪਈ ਹੈ ਅਤੇ ਇੱਕ ਇਨਸਾਨ ਵਰਗਾ ਜੀਵ ਉਸ ਨੂੰ ਨਹੁੰ ਨਾਲ ਵਿੰਨ ਰਿਹਾ ਹੈ।
ਚੀਕਾਂ ਮਾਰਦੀ ਔਰਤ
ਇਸ ਮਗਰੋਂ ਚੀਕਾਂ ਮਾਰਦੀਆਂ ਔਰਤਾਂ ਦਿਖਾਈਆਂ ਗਈਆਂ। ਇਹ ਮਸ਼ਹੂਰੀ ਬੱਚਿਆਂ ਵਿੱਚ ਕਾਫ਼ੀ ਪਸੰਦ ਕੀਤੀ ਜਾਂਦੀ ਗੇਮ ਮਿਨੀਕਰਾਫਟ ਤੋਂ ਪਹਿਲਾਂ ਦਿਖਾਈ ਗਈ।
ਸੋਨੀ ਪਿਕਚਰਜ਼ ਅਤੇ ਉਸਦੀ ਕੰਪਨੀ ਕੋਲੰਬੀਆ ਇਸ ਫਿਲਮ ਦੀ ਪ੍ਰਮੋਸ਼ਨ ਕਰ ਰਹੇ ਹਨ। ਉਨ੍ਹਾਂ ਅਥਾਰਟੀ ਨੂੰ ਦੱਸਿਆ ਕਿ ਉਨ੍ਹਾਂ ਨੇ ਟਾਰਗੇਟਿੰਗ ਵਿੱਚੋਂ ਅਨਜਾਣ ਦਰਸ਼ਕਾਂ ਅਤੇ ਬੱਚਿਆਂ ਨੂੰ ਬਾਹਰ ਰੱਖਿਆ ਸੀ।
ਬੀਬੀਸੀ ਨੇ ਸਮਝਿਆ ਹੈ ਕਿ ਸੋਨੀ ਨੇ ਇਸ ਗੱਲ ਵੱਲ ਇਸ਼ਾਰਾ ਕੀਤਾ ਹੈ ਕਿ ਯੂਟਿਊਬ ਦੇ ਆਲਾਗਰਿਦਮਾਂ ਵਿੱਚ ਗੜਬੜੀ ਚੱਲ ਰਹੀ ਹੈ।
ਹਾਲਾਂਕਿ ਯੂਟਿਊਬ ਨੇ ਕਿਹਾ ਹੈ ਕਿ ਇਸ਼ਤਿਹਾਰਬਾਜ਼ੀ ਕਰਨ ਵਾਲੀਆਂ ਕੰਪਨੀਆਂ ਹੀ ਇਸ ਲਈ ਜਿੰਮੇਵਾਰ ਹਨ।
ਯੂਟਿਊਬ ਨੇ ਇਹ ਵੀ ਕਿਹਾ ਕਿ ਮਸ਼ਹੂਰੀਆਂ ਬੱਚਿਆਂ ਲਈ ਵਿਸ਼ੇਸ਼ ਤੌਰ 'ਤੇ ਚਲਦੀ 'ਯੂਟਿਊਬ ਕਿਡਜ਼' ਉੱਪਰ ਨਹੀਂ ਦਿਖਾਈਆਂ ਗਈਆਂ ਸਨ।
ਅਥਾਰਟੀ ਨੇ ਕਿਹਾ, "ਸਾਡਾ ਮੰਨਣਾ ਹੈ ਕਿ ਮਸ਼ਹੂਰੀਆਂ ਬੱਚਿਆਂ ਲਈ ਢੁਕਵੀਆਂ ਨਹੀਂ ਸਨ ਕਿਉਂਕਿ ਇਹ ਬਹੁਤ ਜ਼ਿਆਦਾ ਡਰਾਉਣੀਆਂ ਅਤੇ ਸਦਮਾ ਦੇਣ ਵਾਲੀਆਂ ਸਨ ਜਿਨ੍ਹਾਂ ਕਰਕੇ ਡਰ ਅਤੇ ਵਿਸ਼ਾਦ ਪੈਦਾ ਹੋ ਸਕਦਾ ਸੀ।"
ਅਥਾਰਟੀ ਨੂੰ ਇਸ ਸਬੰਧ ਵਿੱਚ ਤਿੰਨ ਬਾਲਗਾਂ ਵੱਲੋਂ ਵੀ ਸ਼ਿਕਾਇਤਾਂ ਮਿਲੀਆਂ ਹਨ। ਉਨ੍ਹਾਂ ਨੇ ਵੀ ਕਿਹਾ ਹੈ ਕਿ ਇਹ ਬਹੁਤ ਜ਼ਿਆਦਾ ਡਰਾਉਣੀਆਂ ਸਨ। ਉਨ੍ਹਾਂ ਕਿਹਾ ਕਿ ਇਹ ਬਿਨਾਂ ਕਿਸੇ ਚਿਤਾਵਨੀ ਦੇ ਦਿਖਾਈਆਂ ਗਈਆਂ ਅਤੇ ਪੰਜ ਸਕਿੰਟ ਤੋਂ ਪਹਿਲਾਂ ਲੰਘਾਈਆਂ ਵੀ ਨਹੀਂ ਸਨ ਜਾ ਸਕਦੀਆਂ ਸਨ।
ਅਥਾਰਟੀ ਨੇ ਸੋਨੀ ਪਿਕਚਰਜ਼ ਨੂੰ ਕਿਹਾ ਹੈ ਕਿ ਉਹ ਅੱਗੇ ਤੋਂ ਟਾਰਗੇਟਿੰਗ ਦਾ ਧਿਆਨ ਰੱਖੇ।
ਕੰਪਨੀ ਨੇ ਇਸ ਬਾਰੇ ਟਿੱਪਣੀ ਕਰਨ ਤੋਂ ਇਨਕਾਰ ਕਰ ਦਿੱਤਾ।
ਬੀਬੀਸੀ ਦਾ ਸਮਝਣਾ ਹੈ ਕਿ ਹੁਣ ਉਹ ਆਪਣੀ ਸਮੱਗਰੀ ਸਿਰਫ ਪਹਿਲਾਂ ਤੋਂ ਜਾਂਚੇ ਗਏ ਯੂਟਿਊਬ ਚੈਨਲਾ ਲਈ ਹੀ ਫਿਲਟਰ ਕਰ ਰਹੀ ਹੈ।