ਆਪਰੇਸ਼ਨ ਬਲੂ ਸਟਾਰ ਸਬੰਧੀ ਫਾਈਲਾਂ ਬਾਰੇ ਲੰਡਨ ਕੋਰਟ ਦੇ ਫੈਸਲੇ ਤੋਂ ਬਾਅਦ ਭਾਰਤੀ ਸਿਆਸਤ 'ਚ ਮਚੀ ਹਲਚਲ

ਲੰਡਨ ਵਿੱਚ ਜਾਣਕਾਰੀ ਦੇ ਅਧਿਕਾਰ ਬਾਰੇ ਮਾਮਲਿਆਂ ਦੀ ਸੁਣਵਾਈ ਕਰਨ ਵਾਲੇ ਇੱਕ ਜੱਜ ਨੇ ਬਰਤਾਨੀਆ ਸਰਕਾਰ ਨੂੰ ਆਪਰੇਸ਼ਨ ਬਲੂ ਸਟਾਰ ਨਾਲ ਜੁੜੇ ਦਸਤਾਵੇਜ਼ ਜਨਤਕ ਕਰਨ ਦੇ ਹੁਕਮ ਦਿੱਤੇ ਹਨ।

ਪੀਟੀਆਈ ਦੀ ਖ਼ਬਰ ਮੁਤਾਬਕ ਜੱਜ ਮਰੀ ਸ਼ੈਂਕਸ ਨੇ ਸੋਮਵਾਰ ਨੂੰ ਇਹ ਫੈਸਲਾ ਦਿੱਤਾ। ਇਸ ਵਿਸ਼ੇ ਵਿੱਚ ਸਰਕਾਰ ਦਾ ਤਰਕ ਸੀ ਕਿ ਇਹ ਦਸਤਾਵੇਜ਼ ਜਨਤਕ ਕਰਨ ਨਾਲ ਭਾਰਤ ਨਾਲ ਉਸਦੇ ਕੂਟਨੀਤਿਕ ਸੰਬੰਧ ਵਿਗੜ ਸਕਦੇ ਹਨ।

ਅਦਾਲਤ ਨੇ ਇਸ ਤਰਕ ਨੂੰ ਖਾਰਜ ਕਰਦਿਆਂ ਉਪਰੋਕਤ ਹੁਕਮ ਦਿੱਤੇ ਹਨ। ਇਸ ਪੂਰੇ ਮੁੱਦੇ 'ਤੇ ਸੋਸ਼ਲ ਮੀਡੀਆ 'ਤੇ ਪ੍ਰਤੀਕਰਮ ਸਾਹਮਣੇ ਆ ਰਹੇ ਹਨ।

ਪੰਜਾਬ ਵਿੱਚ ਆਮ ਆਦਮੀ ਪਾਰਟੀ ਦੇ ਆਗੂ ਸੁਖਪਾਲ ਖਹਿਰਾ ਨੇ ਕਿਹਾ ਹੈ ਕਿ ਜੇ ਯੂਕੇ ਦੀ ਅਦਾਲਤ ਉੱਥੋਂ ਦੀ ਸਰਕਾਰ ਨੂੰ ਬਲੂ ਸਟਾਰ ਨਾਲ ਜੁੜੀਆਂ ਫਾਇਲਾਂ ਜਨਤਕ ਕਰਨ ਨੂੰ ਕਹਿ ਸਕਦੀ ਹੈ ਤਾਂ ਭਾਰਤ ਦੀ ਸਰਕਾਰ ਵੀ ਦਸਤਾਵੇਜ਼ ਜਨਤਕ ਕਿਉਂ ਨਹੀਂ ਕਰਦੀ।

ਖਰੜ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਕੰਵਰ ਸੰਧੂ ਨੇ ਕਿਹਾ ਹੈ ਕਿ ਯੂਕੇ ਦੀ ਅਦਾਲਤ ਦੇ ਇਸ ਫੈਸਲੇ ਤੋਂ ਬਾਅਦ ਬਲੂ ਸਟਾਰ ਨਾਲ ਜੁੜੀਆਂ ਸਾਰੀਆਂ ਫਾਇਲਾਂ ਜਨਤਕ ਹੋਣੀਆਂ ਚਾਹੀਦੀਆਂ ਹਨ।

ਯੂਕੇ ਵਿੱਚ ਐੱਮਪੀ ਪ੍ਰੀਤ ਕੌਰ ਗਿੱਲ ਨੇ ਯੂਕੇ ਦੀ ਅਦਾਲਤ ਦੇ ਇਸ ਫੈਸਲੇ ਨੂੰ ਯੂਕੇ ਵਿੱਚ ਸਿੱਖਾਂ ਦੀ ਜਿੱਤ ਕਰਾਰ ਦਿੱਤਾ ਹੈ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)