ਸਿੰਗਾਪੁਰ ਡਾਇਰੀ 2: ਟਰੰਪ-ਕਿਮ ਸੰਮੇਲਨ ਦਾ ਇਹ ਹੈ ਭਾਰਤੀ ਕੁਨੈਕਸ਼ਨ

    • ਲੇਖਕ, ਜ਼ੁਬੈਰ ਅਹਿਮਦ
    • ਰੋਲ, ਪੱਤਰਕਾਰ, ਬੀਬੀਸੀ, ਸਿੰਗਾਪੁਰ ਤੋਂ

ਉੱਤਰੀ ਕੋਰੀਆ ਦੇ ਆਗੂ ਕਿਮ ਜੋਂਗ ਉਨ ਸੋਮਵਾਰ ਰਾਤ ਨੂੰ ਸਿੰਗਾਪੁਰ ਦੀ ਸੈਰ ਲਈ ਨਿਕਲੇ ਸੀ। ਚੀਨ ਤੋਂ ਬਾਅਦ ਸਿੰਗਾਪੁਰ ਵਿੱਚ ਚੇਅਰਮੈਨ ਕਿਮ ਦਾ ਦੂਜਾ ਵਿਦੇਸ਼ੀ ਦੌਰਾ ਹੈ ਅਤੇ ਉਹ ਇਸ ਦਾ ਪੂਰਾ ਫਾਇਦਾ ਚੁੱਕ ਰਹੇ ਹਨ।

ਚੇਅਰਮੈਨ ਕਿਮ ਅਤੇ ਰਾਸ਼ਟਰਪਤੀ ਟਰੰਪ ਵਿਚਾਲੇ ਸਿਖਰ ਸੰਮੇਲਨ ਵਿੱਚ ਤਾਂ ਭਾਰਤ ਦਾ ਕੋਈ ਸਬੰਧ ਨਹੀਂ ਹੈ ਪਰ ਇਸ ਬੈਠਕ ਦੀ ਮਹਿਮਾਨ ਨਵਾਜ਼ੀ ਕਰਨ ਅਤੇ ਇਸ ਦਾ ਪ੍ਰਬੰਧ ਕਰਨ ਵਾਲੇ ਇੱਕ ਖਾਸ ਸ਼ਖ਼ਸ ਦਾ ਸਬੰਧ ਭਾਰਤ ਨਾਲ ਹੈ।

ਸੋਮਵਾਰ ਦੀ ਰਾਤ ਉੱਤਰੀ ਕੋਰੀਆ ਦੇ ਆਗੂ ਨੂੰ ਸੈਰ ਕਰਵਾਉਣ ਲਈ ਸ਼ਹਿਰ ਲੈ ਕੇ ਗਏ ਸੀ ਸਿੰਗਾਪੁਰ ਦੇ ਵਿਦੇਸ਼ ਮੰਤਰੀ ਵਿਵਿਅਨ ਬਾਲਾਕ੍ਰਿਸ਼ਣਨ। ਉਨ੍ਹਾਂ ਨੇ ਕੁਝ ਸਮੇਂ ਬਾਅਦ ਇਸ ਦੌਰੇ ਦੀ ਇੱਕ ਤਸਵੀਰ ਟਵਿੱਟਰ 'ਤੇ ਵੀ ਪੋਸਟ ਕੀਤੀ।

ਭਾਰਤੀ ਮੂਲ ਦੇ ਬਾਲਾਕ੍ਰਿਸ਼ਣਨ ਅੱਜ-ਕੱਲ੍ਹ ਸਿੰਗਾਪੁਰ ਦੇ ਸਭ ਤੋਂ ਅਹਿਮ ਮੰਤਰੀ ਹਨ।

ਉਹ ਇਕੱਲੇ ਅਜਿਹੇ ਆਗੂ ਹਨ ਜਿਨ੍ਹਾਂ ਨੇ ਪਿਛਲੇ ਕੁਝ ਦਿਨਾਂ ਵਿੱਚ ਉੱਤਰੀ ਕੋਰੀਆ ਦੇ ਆਗੂ ਕਿਮ ਅਤੇ ਅਮਰੀਕੀ ਰਾਸ਼ਟਰਪਤੀ ਡੌਨਲਡ ਟਰੰਪ ਨਾਲ ਕਾਫ਼ੀ ਸਮਾਂ ਬਿਤਾਇਆ। ਉਹ ਦੋਹਾਂ ਪੱਖਾਂ ਵਿਚਾਲੇ ਇੱਕ ਕੜੀ ਰਹੇ। ਇਸ ਲਈ ਦੋਹਾਂ ਆਗੂਆਂ ਦੀ ਟੀਮ ਲਈ ਬਾਲਾਕ੍ਰਿਸ਼ਣਨ ਇਸ ਵੇਲੇ ਸਭ ਤੋਂ ਅਹਿਮ ਲਿੰਕ ਰਹੇ।

ਉਨ੍ਹਾਂ ਨੇ ਐਤਵਾਰ ਨੂੰ ਚਾਂਗੀ ਏਅਰਪੋਰਟ 'ਤੇ ਰਾਸ਼ਟਰਪਤੀ ਟਰੰਪ ਅਤੇ ਚੇਅਰਮੈਨ ਕਿਮ ਦਾ ਸਵਾਗਤ ਕੀਤਾ ਅਤੇ ਬਾਅਦ ਵਿੱਚ ਦੋਹਾਂ ਨਾਲ ਵੱਖ-ਵੱਖ ਬੈਠਕ ਕੀਤੀ ਅਤੇ ਸਿਖਰ ਸੰਮੇਲਨ ਦੀ ਤਿਆਰੀ ਦੀ ਜਾਣਕਾਰੀ ਦੋਹਾਂ ਆਗੂਆਂ ਨੂੰ ਦਿੱਤੀ।

ਕੌਣ ਹਨ ਵਿਵਿਅਨ ਬਾਲਾਕ੍ਰਸ਼ਣਨ?

ਅੱਜ-ਕੱਲ੍ਹ ਸਥਾਨਕ ਮੀਡੀਆ ਵਿੱਚ ਡੌਨਲਡ ਟਰੰਪ ਅਤੇ ਚੇਅਰਮੈਨ ਕਿਮ ਤੋਂ ਬਾਅਦ ਜੋ ਸਭ ਤੋਂ ਵੱਧ ਤਸਵੀਰਾਂ ਵਿੱਚ ਨਜ਼ਰ ਆ ਰਹੇ ਹਨ ਉਹ ਵਿਵਿਅਨ ਬਾਲਾਕ੍ਰਸ਼ਣਨ ਹਨ ਪਰ ਉਨ੍ਹਾਂ ਦਾ ਪਿਛੋਕੜ ਕੀ ਹੈ?

ਬਾਲਾਕ੍ਰਿਸ਼ਣਨ ਦੇ ਪਿਤਾ ਤਮਿਲ ਨਾਡੂ ਦੇ ਰਹਿਣ ਵਾਲੇ ਹਨ ਅਤੇ ਉਨ੍ਹਾਂ ਦੀ ਮਾਂ ਚੀਨੀ ਭਾਈਚਾਰੇ ਨਾਲ ਸਬੰਧਤ ਹੈ।

ਥਿਰੂਨਲ ਕਰਾਸੂ ਉਨ੍ਹਾਂ ਤਰ੍ਹਾਂ ਹੀ ਤਮਿਲ ਭਾਈਚਾਰੇ ਦੀ ਦੂਜੀ ਪੀੜ੍ਹੀ ਤੋਂ ਹਨ ਅਤੇ ਉਨ੍ਹਾਂ ਨੂੰ ਕਰੀਬ ਤੋਂ ਜਾਣਦੇ ਹਨ।

ਉਹ ਕਹਿੰਦੇ ਹਨ, "ਬਾਲਾਕ੍ਰਿਸ਼ਣਨ ਅਤੇ ਭਾਰਤੀ ਮੂਲ ਦੇ ਕਈ ਮੰਤਰੀ ਇਹ ਸਾਬਿਤ ਕਰਦੇ ਹਨ ਕਿ ਸਿੰਗਾਪੁਰ ਵਿੱਚ ਭਾਰਤੀ ਭਾਈਚਾਰੇ ਦੇ ਲੋਕ ਕਾਫ਼ੀ ਸਫ਼ਲ ਹਨ।"

ਬਾਲਾਕ੍ਰਿਸ਼ਣਨ ਦੇ ਮਾਪੇ ਇਸ ਗੱਲ ਦਾ ਪ੍ਰਤੀਕ ਹਨ ਕਿ ਹਿੰਦੀ-ਚੀਨੀ ਇੱਕ-ਦੂਜੇ ਦੇ ਨੇੜੇ ਆ ਸਕਦੇ ਹਨ। ਸਿੰਗਾਪੁਰ ਵਿੱਚ ਦੋਹਾਂ ਭਾਈਚਾਰਿਆਂ ਵਿੱਚ ਵਿਆਹ ਦੇ ਕਈ ਹੋਰ ਵੀ ਉਦਾਹਰਨ ਹਨ।

ਇੱਥੋਂ ਦੇ ਹਿੰਦੂ-ਮੰਦਿਰਾਂ ਵਿੱਚ ਚੀਨੀ ਭਾਈਚਾਰੇ ਦੇ ਲੋਕਾਂ ਨੂੰ ਪੂਜਾ ਪਾਠ ਕਰਦੇ ਨਜ਼ਰ ਆਉਣਾ ਜਾਂ ਭਾਰਤੀ ਰੈਸਟੋਰੈਂਟ ਵਿੱਚ ਉਨ੍ਹਾਂ ਨੂੰ ਖਾਂਦੇ ਦੇਖਣਾ ਕੋਈ ਅਜੀਬ ਗੱਲ ਨਹੀਂ ਹੈ।

ਇੱਥੋਂ ਦੇ ਹਿੰਦੂ ਮੰਦਿਰਾਂ ਵਿੱਚ ਚੀਨੀ ਭਾਈਚਾਰੇ ਦੇ ਲੋਕਾਂ ਨੂੰ ਪੂਜਾ ਪਾਠ ਕਰਦੇ ਦੇਖਣਾ ਜਾਂ ਭਾਰਤੀ ਰੈਸਟੋਰੈਂਟ ਵਿੱਚ ਉਨ੍ਹਾਂ ਨੂੰ ਖਾਂਦੇ ਦੇਖਣਾ ਕੋਈ ਅਜੀਬ ਗੱਲ ਨਹੀਂ ਹੈ।

ਵਿਵੀਅਨ ਬਾਲਾਕ੍ਰਿਸ਼ਣਨ ਦੇ ਚਾਰ ਬੱਚੇ ਹਨ ਅਤੇ ਉਨ੍ਹਾਂ ਦੇ ਦੋਸਤਾਂ ਮੁਤਾਬਕ ਉਨ੍ਹਾਂ ਦੀ ਪਰਵਰਿਸ਼ ਵੀ ਉਨ੍ਹਾਂ ਨੇ ਚੰਗੀ ਕੀਤੀ ਹੈ।

ਸਿਆਸੀ ਸਫ਼ਰ

ਵਿਵਿਅਨ ਬਾਲਾਕ੍ਰਿਸ਼ਣਨ 57 ਸਾਲ ਦੇ ਹਨ ਅਤੇ ਸਿਆਸਤ ਵਿੱਚ ਉਨ੍ਹਾਂ ਦਾ ਦਾਖਲਾ 2001 ਵਿੱਚ ਹੋਇਆ। ਉਹ ਜਲਦੀ ਹੀ ਤਰੱਕੀ ਦੀਆਂ ਮੰਜ਼ਿਲਾਂ ਤੈਅ ਕਰਨ ਲੱਗੇ ਅਤੇ 2004 ਵਿੱਚ ਉਨ੍ਹਾਂ ਨੇ ਇੱਕ ਜੂਨੀਅਰ ਮੰਤਰੀ ਦਾ ਅਹੁਦਾ ਸੰਭਾਲਿਆ।

ਜਲਦੀ ਹੀ ਉਹ ਵਾਤਾਵਰਨ ਅਤੇ ਜਲ ਸੰਸਾਧਨ ਮੰਤਰੀ ਬਣ ਗਏ ਅਤੇ ਫਿਰ 2015 ਵਿੱਚ ਉਹ ਸਿੰਗਾਪੁਰ ਦੇ ਵਿਦੇਸ਼ ਮੰਤਰੀ ਬਣੇ।

ਪਿਛਲੇ ਦਿਨੀਂ ਜਦੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਿੰਗਾਪੁਰ ਆਏ ਸਨ ਤਾਂ ਉਨ੍ਹਾਂ ਦੀ ਦੇਖਭਾਲ ਕਰਨਾ ਅਤੇ ਉਨ੍ਹਾਂ ਦਾ ਖਿਆਲ ਰਖਣਾ ਬਾਲਾਕ੍ਰਿਸ਼ਣਨ ਦੀ ਜ਼ਿੰਮੇਵਾਰੀ ਸੀ।

ਉਨ੍ਹਾਂ ਦੇ ਦੋਸਤ ਕਹਿੰਦੇ ਹਨ ਕਿ ਵਿਵਿਅਨ ਬਾਲਾਕ੍ਰਿਸ਼ਣਨ ਦੇ ਵਿਦੇਸ਼ ਮੰਤਰੀ ਬਣਨ ਤੋਂ ਬਾਅਦ ਸਿੰਗਾਪੁਰ ਅਤੇ ਭਾਰਤ ਦੇ ਮਜ਼ਬੂਤ ਰਿਸ਼ਤੇ ਹੋਰ ਡੂੰਘੇ ਹੋਏ ਹਨ।

ਡਾਕਟਰ ਵੀ ਰਹੇ ਹਨ ਬਾਲਾਕ੍ਰਿਸ਼ਣਨ

ਵਿਵਅਨ ਬਾਲਾਕ੍ਰਿਸ਼ਣਨ ਸਿਆਸਤ ਵਿੱਚ ਆਉਣ ਤੋਂ ਪਹਿਲਾਂ ਅੱਖਾਂ ਦੇ ਡਾਕਟਰ ਸਨ। ਉਹ ਲੰਡਨ ਦੇ ਇੱਕ ਹਸਪਤਾਲ ਵਿੱਚ ਡਾਕਟਰ ਰਹਿ ਚੁੱਕੇ ਹਨ।

ਸ਼ਾਇਦ ਇਸੇ ਲਈ ਉਨ੍ਹਾਂ ਦੀ ਨਜ਼ਰ ਕਾਫ਼ੀ ਤੇਜ਼ ਰਹਿੰਦੀ ਹੈ ਅਤੇ ਕਿਮ-ਟਰੰਪ ਸਿਖਰ ਵਾਰਤਾ ਦੀ ਜ਼ਿੰਮੇਵਾਰੀ ਉਨ੍ਹਾਂ ਨੂੰ ਦਿੱਤੀ ਗਈ ਜਿਸ ਨੂੰ ਉਨ੍ਹਾਂ ਨੇ ਵਧੀਆ ਤਰੀਕੇ ਨਾਲ ਨਿਭਾਇਆ ਹੈ।

ਸੰਮੇਲਨ ਦੀ ਤਿਆਰੀ ਵਿੱਚ ਹਿੱਸੇਦਾਰੀ

ਸੰਮੇਲਨ ਦੀਆਂ ਤਿਆਰੀਆਂ ਦੇ ਸਿਲਸਿਲੇ ਵਿੱਚ ਵਿਵਿਅਨ ਬਾਲਾਕ੍ਰਿਸ਼ਣਨ ਬੈਠਕ ਦੀਆਂ ਤਿਆਰੀਆਂ ਬਾਰੇ ਜਾਣਕਾਰੀ ਦੇਣ ਲਈ ਇੱਕ ਹਫ਼ਤੇ ਦੇ ਦੌਰੇ 'ਤੇ ਅਮਰੀਕਾ ਅਤੇ ਉੱਤਰੀ ਕੋਰੀਆ ਗਏ ਸਨ।

ਜੇ ਇਸ ਬੈਠਕ ਦੇ ਨਤੀਜੇ ਚੰਗੇ ਨਿਕਲਣਗੇ ਤਾਂ ਇਸ ਦਾ ਸਿਹਰਾ ਬਾਲਾਕ੍ਰਿਸ਼ਣਨ ਨੂੰ ਵੀ ਮਿਲਣਾ ਚਾਹੀਦਾ ਹੈ। ਸੋਮਵਾਰ ਨੂੰ ਚੇਅਰਮੈਨ ਕਿਮ ਜਦੋਂ ਬਾਲਾਕ੍ਰਿਸ਼ਣਨ ਨੂੰ ਮਿਲੇ ਤਾਂ ਉਨ੍ਹਾਂ ਨੇ ਸੰਮੇਲਨ ਦੇ ਪ੍ਰਬੰਧ ਲਈ ਉਨ੍ਹਾਂ ਦਾ ਧੰਨਵਾਦ ਕੀਤਾ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)