ਆਦਿਪੁਰਸ਼ ਫ਼ਿਲਮ ਦੇ ਰਾਵਣ ਉੱਤੇ ਭਾਜਪਾ ਤੇ ਹਿੰਦੂ ਮਹਾਸਭਾ ਵਰਗੇ ਹਿੰਦੂਤਵੀ ਸੰਗਠਨ ਕਿਉਂ ਹੋ ਰਹੇ ਨਰਾਜ਼

ਤਸਵੀਰ ਸਰੋਤ, Communique Film PR
ਓਮਾਉ ਰਾਊਤ ਵੱਲੋਂ ਬਣਾਈ ਗਈ ਫ਼ਿਲਮ 'ਆਦਿਪੁਰਸ਼' ਦਾ ਟੀਜ਼ਰ ਹੁੰਦਿਆਂ ਹੀ ਸੋਸ਼ਲ ਮੀਡੀਆ ਯੂਜ਼ਰਸ ਦੇ ਗੁੱਸੇ ਦਾ ਸ਼ਿਕਾਰ ਹੋ ਗਈ ਹੈ।
ਇਸ ਫ਼ਿਲਮ ਵਿੱਚ ਸੈਫ਼ ਅਲੀ ਨੇ ਰਾਵਣ, ਪ੍ਰਭਾਸ ਨੇ ਰਾਮ ਅਤੇ ਕ੍ਰਿਤੀ ਸੈਨਨ ਨੇ ਸੀਤਾ ਦੀ ਭੂਮਿਕਾ ਨਿਭਾਈ ਹੈ।
ਫ਼ੇਸਬੁੱਕ ਤੋਂ ਲੈ ਕੇ ਟਵਿੱਟਰ ਅਤੇ ਯੂਟਿਊਬ 'ਤੇ ਸੋਸ਼ਲ ਮੀਡੀਆ ਯੂਜ਼ਰਜ਼ ਇਸ ਫਿਲਮ ਵਿੱਚ ਪੇਸ਼ ਰਾਵਣ ਦੀ ਦਿੱਖ ਦੀ ਨਿੰਦਾ ਕਰ ਰਹੇ ਹਨ।
ਇਨਾਂ ਵਿੱਚ ਭਾਜਪਾ ਅਤੇ ਹਿੰਦੂ ਮਹਾਸਭਾ ਵਰਗੇ ਹਿੰਦੂਤਵੀ ਸੰਗਠਨਾਂ ਦੇ ਆਗੂ ਤੇ ਕਾਰਕੁਨ ਵੀ ਸ਼ਾਮਲ ਹਨ।
ਫਿਲਮ ਵਿਚ ਰਾਵਣ ਦਾ ਕਿਰਦਾਰ ਸੈਫ ਅਲੀ ਖ਼ਾਨ ਨਿਭਾ ਰਹੇ ਹਨ, ਉਨ੍ਹਾਂ ਨੂੰ ਕ੍ਰੋਧਿਤ ਅਤੇ ਕਾਲੇ ਰੰਗ ਦੇ ਪਹਿਰਾਵੇ ਵਿੱਚ ਦਿਖਾਇਆ ਗਿਆ ਹੈ।

ਤਸਵੀਰ ਸਰੋਤ, Communiqué Film PR
ਟੀਜ਼ਰ ਦੇ ਇੱਕ ਦ੍ਰਿਸ਼ ਵਿੱਚ ਉਹ ਡਰੈਗਨ ਵਰਗੇ ਕਿਸੇ ਵਿਸ਼ਾਲ ਜੀਵ ਦੀ ਸਵਾਰੀ ਕਰਦੇ ਨਜ਼ਰ ਆ ਰਹੇ ਹਨ।
ਇਸ ਦੇ ਨਾਲ ਹੀ ਰਾਵਣ ਦੀ ਨਗਰੀ 'ਲੰਕਾ' ਨੂੰ ਵੀ ਹਨੇਰੇ ਅਤੇ ਡਰਾਉਣੇ ਸਥਾਨ ਦਾ ਰੂਪ ਦਿੱਤਾ ਗਿਆ ਹੈ।
ਇਸ 'ਤੇ ਲੋਕ ਇਤਰਾਜ਼ ਦਰਜ ਕਰਵਾ ਰਹੇ ਹਨ। ਮਿਥਿਹਾਸ ਵਿਚ 'ਲੰਕਾ' ਨੂੰ ਸੋਨੇ ਦਾ ਸ਼ਹਿਰ ਦੱਸਿਆ ਗਿਆ ਹੈ।

- ਆਦਿਪੁਰਸ਼ ਫਿਲਮ ਤਾਨਾਜੀ ਦੇ ਨਿਰਦੇਸ਼ਕ ਓਮ ਰਾਉਤ ਵੱਲੋਂ ਨਿਰਦੇਸ਼ਤ ਹੈ।
- ਇਹ ਫਿਲਮ ਅਗਲੇ ਸਾਲ 12 ਜਨਵਰੀ ਨੂੰ ਰਿਲੀਜ਼ ਹੋਵੇਗੀ।
- ਫਿਲਮ ਵਿੱਚ ਪ੍ਰਭਾਸ ਰਾਮ, ਰਾਵਣ ਦੇ ਕਿਰਦਾਰ ਵਿੱਚ ਸੈਫ਼ ਅਲੀ ਖ਼ਾਨ ਅਤੇ ਸੀਤਾ ਦੀ ਭੂਮਿਕਾ ਵਿੱਚ ਕ੍ਰਿਤੀ ਸੈਨਨ ਹਨ।
- ਰਾਵਣ ਦੇ ਚਰਿੱਤਰ ਨੂੰ ਲੈ ਕੇ ਸੱਜੇ ਪੱਖੀ ਨਾਰਾਜ਼ ਹਨ।

ਭਾਜਪਾ ਅਤੇ ਵਿਹਿਪ ਨੇ ਵਿਰੋਧ ਕੀਤਾ
ਵਿਸ਼ਵ ਹਿੰਦੂ ਪ੍ਰੀਸ਼ਦ ਦੀ ਨੇਤਾ ਡਾਕਟਰ ਪ੍ਰਾਚੀ ਸਾਧਵੀ ਨੇ ਇਸ ਫਿਲਮ ਦੇ ਟੀਜ਼ਰ 'ਚ ਦਿਖਾਏ ਗਏ ਰਾਵਣ ਦੇ ਰੂਪ ਦੀ ਨਿੰਦਾ ਕੀਤੀ ਹੈ।
ਭਾਜਪਾ ਦੇ ਬੁਲਾਰੇ ਅਜੈ ਸਹਿਰਾਵਤ ਨੇ ਵੀ ਟਵਿੱਟਰ 'ਤੇ ਰਾਵਣ ਦੇ ਲੁੱਕ ਦੀ ਇਤਿਹਾਸਕ ਕਿਰਦਾਰ ਅਲਾਊਦੀਨ ਖਿਲਜੀ ਨਾਲ ਤੁਲਨਾ ਕਰਦੇ ਹੋਏ ਸਵਾਲ ਖੜ੍ਹੇ ਕੀਤੇ ਹਨ।
ਇਸ ਦੇ ਨਾਲ ਹੀ ਕੁਝ ਹੋਰ ਲੋਕਾਂ ਨੇ ਵੀ ਰਾਵਣ ਦੀ ਦਿੱਖ 'ਤੇ ਸਵਾਲ ਖੜ੍ਹੇ ਕੀਤੇ ਹਨ।
ਟਵਿੱਟਰ ਯੂਜ਼ਰ ਗਾਇਤਰੀ ਨੇ ਲਿਖਿਆ, "ਰਾਵਣ ਇੱਕ ਬ੍ਰਾਹਮਣ, ਬੁੱਧੀਮਾਨ ਆਦਮੀ ਸੀ, ਜਿਸ ਨੇ ਸ਼ਿਵ ਤਾਂਡਵ ਦੀ ਰਚਨਾ ਕੀਤੀ ਸੀ। ਉਸ ਨੂੰ ਵੇਦਾਂ ਅਤੇ ਜੋਤਿਸ਼ ਦਾ ਗਿਆਨ ਸੀ।"
"ਸੈਫ਼ ਅਲੀ ਖ਼ਾਨ ਦੀ ਇਹ ਤਸਵੀਰ ਰਾਵਣ ਦੇ ਕਿਰਦਾਰ ਦੇ ਬਿਲਕੁਲ ਨੇੜੇ ਨਹੀਂ ਹੈ। ਉਸ ਯੁੱਗ ਦਾ ਇੱਕ ਦੱਖਣੀ ਭਾਰਤੀ ਬ੍ਰਾਹਮਣ ਆਪਣੇ ਮੱਥੇ 'ਤੇ ਚੰਦਨ ਲਗਾਉਂਦਾ...ਇਹ ਤੈਮੂਰ ਦੀ ਤਸਵੀਰ ਹੈ।"

ਤਸਵੀਰ ਸਰੋਤ, Communique Film PR
ਹਿੰਦੂ ਮਹਾਸਭਾ ਦੇ ਪ੍ਰਧਾਨ ਚੱਕਰਪਾਣੀ ਮਹਾਰਾਜ ਨੇ ਟਵਿੱਟਰ 'ਤੇ ਲਿਖਿਆ, "ਭਗਵਾਨ ਸ਼ਿਵ ਦਾ ਇਕ ਵਿਸ਼ੇਸ਼ ਭਗਤ ਲੰਕਾਪਤੀ ਰਾਵਣ ਦੀ ਭੂਮਿਕਾ ਵਿੱਚ ਦੱਖਣ ਭਾਰਤੀ ਫਿਲਮ ਆਦਿਪੁਰਸ਼ 'ਚ ਸੈਫ਼ ਅਲੀ ਖ਼ਾਨ ਨੂੰ ਇਸ ਤਰ੍ਹਾ ਪੇਸ਼ ਕੀਤਾ ਗਿਆ ਜਿਵੇਂ ਕਿ ਇਸਲਾਮਿਕ ਖਿਲਜੀ ਜਾਂ ਚੰਗੇਜ਼ ਖ਼ਾਨ ਜਾਂ ਔਰੰਗਜ਼ੇਬ ਹੈ।"
"ਮੱਥੇ 'ਤੇ ਨਾ ਤਿਲਕ ਹੈ ਅਤੇ ਨਾ ਹੀ ਤ੍ਰਿਪੁੰਡ, ਸਾਡੇ ਮਿਥਿਹਾਸਕ ਪਾਤਰਾਂ ਨਾਲ ਛੇੜਛਾੜ ਬਰਦਾਸ਼ਤ ਨਹੀਂ ਹੋਵੇਗੀ।

ਇਹ ਵੀ ਪੜ੍ਹੋ-

ਆਖ਼ਿਰ ਲੋਕ ਨਾਰਾਜ਼ ਕਿਉਂ ਹਨ?
ਹਿੰਦੂ ਧਰਮ ਦੀਆਂ ਮਿਥਿਹਾਸਕ ਕਹਾਣੀਆਂ 'ਤੇ ਕਿਤਾਬਾਂ ਲਿਖਣ ਵਾਲੇ ਦੇਵਦੱਤ ਪਟਨਾਇਕ ਨੇ ਇਸ ਵਿਵਾਦ ਦੇ ਕਾਰਨਾਂ ਦਾ ਜ਼ਿਕਰ ਕੀਤਾ ਹੈ।
ਉਨ੍ਹਾਂ ਨੇ ਟਵਿੱਟਰ 'ਤੇ ਲਿਖਿਆ ਹੈ, "ਜੇਕਰ ਤੁਸੀਂ ਰਾਵਣ ਨੂੰ 'ਦੁਸ਼ਟ' ਅਤੇ 'ਬੁਰਾ' ਜਾਂ ਮੁਗਲ ਵਜੋਂ ਦਿਖਾਉਗੇ ਤਾਂ ਬ੍ਰਾਹਮਣ ਨਾਰਾਜ਼ ਹੋਣਗੇ।"
ਮਿਥਿਹਾਸਕ ਰੂਪ ਨਾਲ ਰਾਵਣ ਨੂੰ ਇੱਕ ਸ਼ਿਵ ਭਗਤ, ਗਿਆਨੀ ਅਤੇ ਵੇਦਾਂ ਦੇ ਗਿਆਨਵਾਨ ਬ੍ਰਾਹਮਣ ਵਜੋਂ ਦਿਖਾਇਆ ਗਿਆ ਹੈ।

ਤਸਵੀਰ ਸਰੋਤ, Communique Film PR
ਤੁਲਸੀਦਾਸ ਦੇ 'ਰਾਮਚਰਿਤ ਮਾਨਸ' ਮੁਤਾਬਕ, ਰਾਵਣ ਦੀ ਮੌਤ ਤੋਂ ਠੀਕ ਪਹਿਲਾਂ, ਰਾਮ ਨੇ ਆਪਣੇ ਭਰਾ ਲਕਸ਼ਮਣ ਨੂੰ ਉਸ ਤੋਂ ਗਿਆਨ ਲੈਣ ਲਈ ਭੇਜਿਆ।
ਰਾਵਣ ਉੱਤੇ ਰਾਮ ਦੀ ਜਿੱਤ ਨੂੰ ਝੂਠ ਉੱਤੇ ਸੱਚ ਦੀ ਜਿੱਤ ਵਜੋਂ ਦੇਖਿਆ ਜਾਂਦਾ ਹੈ। ਇਸੇ ਕਾਰਨ ਭਾਰਤ ਵਿੱਚ ਦੁਸਹਿਰੇ ਦੇ ਮੌਕੇ 'ਤੇ ਕਈ ਥਾਵਾਂ 'ਤੇ ਰਾਵਣ ਦੇ ਪੁਤਲੇ ਫੂਕੇ ਜਾਂਦੇ ਹਨ।
ਟਵਿੱਟਰ ਯੂਜ਼ਰ ਸੁਮਿਤ ਨੇ ਇਸ ਵੱਲ ਧਿਆਨ ਖਿੱਚਦੇ ਹੋਏ ਲਿਖਿਆ, "ਇਹ ਕੀ ਦਿਨ ਆ ਗਿਆ, ਸਿਰਫ਼ ਬੇਵਕੂਫ਼ ਬਾਲੀਵੁੱਡ ਦੇ ਕਾਰਨ ਸਾਨੂੰ ਦੁਸਹਿਰੇ 'ਤੇ ਰਾਵਣ ਦਾ ਬਚਾਅ ਕਰਨਾ ਪਿਆ।"
ਭਾਜਪਾ ਨੇਤਾ ਅਤੇ ਮੱਧ ਪ੍ਰਦੇਸ਼ ਦੇ ਗ੍ਰਹਿ ਮੰਤਰੀ ਨਰੋਤਮ ਮਿਸ਼ਰਾ ਨੇ ਇਸ ਫਿਲਮ 'ਚ ਪੌਰਾਣਿਕ ਦੇਵਤਾ ਹਨੂੰਮਾਨ ਦੀ ਦਿੱਖ ਦਾ ਵਿਰੋਧ ਕਰਦੇ ਹੋਏ ਕਿਹਾ ਹੈ, "ਇਸ ਟੀਜ਼ਰ 'ਚ ਇਤਰਾਜ਼ਯੋਗ ਸੀਨ ਹਨ।"
"ਹਨੂੰਮਾਨ ਜੀ ਨੂੰ ਚਮੜੇ ਨਾਲ ਬਣੇ ਕੱਪੜੇ ਪਹਿਨੇ ਹੋਏ ਦਿਖਾਇਆ ਗਿਆ ਹੈ। ਅਜਿਹੇ ਦ੍ਰਿਸ਼ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਂਦੇ ਹਨ।"
"ਮੈਂ ਓਮ ਰਾਉਤ ਨੂੰ ਪੱਤਰ ਲਿਖ ਕੇ ਅਜਿਹੇ ਦ੍ਰਿਸ਼ ਹਟਾਉਣ ਲਈ ਕਹਿ ਰਿਹਾ ਹਾਂ। ਜੇਕਰ ਉਹ ਅਜਿਹਾ ਨਹੀਂ ਕਰਦੇ ਤਾਂ ਅਸੀਂ ਕਾਨੂੰਨੀ ਕਾਰਵਾਈ ਬਾਰੇ ਸੋਚਾਂਗੇ।"

ਬੀਬੀਸੀ ਪੰਜਾਬੀ ਨੂੰ ਆਪਣੇ ਮੋਬਾਈਲ ਦੀ ਹੋਮ ਸਕਰੀਨ ਉੱਤੇ ਇੰਝ ਲੈ ਕੇ ਆਓ
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post, 1
ਫਿਲਮ ਦੇ ਵੀਐੱਫਐਕਸ 'ਤੇ ਵੀ ਵਿਵਾਦ
ਫਿਲਮ ਦਾ ਵੀਐੱਫਐਕਸ ਵੀ ਸੋਸ਼ਲ ਮੀਡੀਆ 'ਤੇ ਵਿਵਾਦ ਦਾ ਵਿਸ਼ਾ ਬਣਿਆ ਹੋਇਆ ਹੈ।
ਲੋਕ ਇਸ ਫਿਲਮ ਦੇ ਵੀਐੱਫਐਕਸ ਦੀ ਤੁਲਨਾ ਸਾਲ 2001 ਵਿੱਚ ਰਿਲੀਜ਼ ਹੋਈਆਂ ਫਿਲਮਾਂ ਤੋਂ ਵੀ ਖ਼ਰਾਬ ਦੱਸ ਰਹੇ ਹਨ।
ਕੁਝ ਲੋਕ ਇਸ ਦੀ ਤੁਲਨਾ ਸਾਲ 2011 ਦੀ ਫਿਲਮ 'ਰਾ ਵਨ' ਨਾਲ ਵੀ ਕਰ ਰਹੇ ਹਨ।
ਫਿਲਮ ਦੇ ਨਿਰਦੇਸ਼ਕ ਓਮ ਰਾਵਤ ਨੇ ਆਪਣੇ ਟਵੀਟ ਵਿੱਚ ਅਜੇ ਦੇਵਗਨ ਦੇ ਵੀਐੱਫਐਕਸ ਸਟੂਡੀਓ 'ਐੱਨਵਾਈ ਵੀਐੱਫਐਕਸ ਵਾਲਾ' ਦੇ ਸਹਿ-ਸੰਸਥਾਪਨ ਪ੍ਰਸਾਦ ਸੂਤਰ ਨੂੰ ਟੈਗ ਕੀਤਾ ਹੈ।

ਤਸਵੀਰ ਸਰੋਤ, Twitter
ਸੂਤਰ ਵੀ ਪਿਛਲੇ ਕੁਝ ਦਿਨਾਂ ਤੋਂ ਆਦਿਪੁਰਸ਼ ਨਾਲ ਜੁੜੇ ਟਵੀਟ ਨੂੰ ਰੀਟਵੀਟ ਕਰ ਰਹੇ ਹਨ।
ਪਰ ਆਦਿਪੁਰਸ਼ ਦੇ ਵੀਐੱਫਐਕਸ ਦੀ ਆਲੋਚਨਾ ਹੋਣ ਤੋਂ ਬਾਅਦ 'ਐੱਨਵਾਈ ਵੀਐੱਫਐਕਸ ਵਾਲਾ' ਨੇ ਕਿਹਾ ਹੈ ਕਿ ਉਨ੍ਹਾਂ ਨੇ ਇਸ ਫਿਲਮ 'ਤੇ ਕੰਮ ਨਹੀਂ ਕੀਤਾ ਹੈ।
ਫਿਲਮ ਆਲੋਚਕ ਤਰਨ ਆਦਰਸ਼ ਨੇ ਟਵੀਟ ਕਰਕੇ ਇਹ ਸਪੱਸ਼ਟੀਕਰਨ ਸਾਂਝਾ ਕੀਤਾ ਹੈ।
ਇਸ ਵਿੱਚ ਲਿਖਿਆ, "ਵੀਐੱਫਐਕਸ ਸਟੂਡੀਓ ਐੱਨਵਾਈ ਵੀਐੱਫਐਕਸਵਾਲਾ ਨੇ ਸਪੱਸ਼ਟੀਕਰਨ ਦਿੱਤਾ ਹੈ ਕਿ ਉਨ੍ਹਾਂ ਨੇ ਆਦਿਪੁਰਸ਼ ਦੇ ਸੀਜੀ ਅਤੇ ਸਪੈਸ਼ਲ ਇਫੈਕਟ 'ਤੇ ਕੰਮ ਨਹੀਂ ਕੀਤਾ ਅਤੇ ਨਾ ਹੀ ਕਰ ਰਿਹਾ ਹੈ।"
"ਉਨ੍ਹਾਂ ਵੱਲੋਂ ਜਾਰੀ ਬਿਆਨ ਵਿੱਚ ਦੱਸਿਆ ਗਿਆ ਹੈ ਕਿ ਅਸੀਂ ਇਹ ਗੱਲ ਇਸ ਲਈ ਕਹਿ ਰਹੇ ਹਾਂ ਕਿ ਕਿਉਂਕਿ ਸਾਨੂੰ ਮੀਡੀਆ ਕਰਮੀਆਂ ਨੇ ਸਵਾਲ ਪੁੱਛਿਆ ਹੈ।"
ਇਸ ਸਟੂਡੀਓ ਨੇ ਪਦਮਾਵਤ, ਬਾਹੂਬਲੀ 2, ਸ਼ਿਵਾਏ, ਦੰਗਲ ਅਤੇ ਤਾਨਾ ਜੀ ਵਰਗੀਆਂ ਫਿਲਮਾਂ ਲਈ ਵੀਐੱਫਐਕਸ ਤਿਆਰ ਕੀਤੇ ਹਨ।

ਇਹ ਵੀ ਪੜ੍ਹੋ-
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post, 2












