ਪੱਤਰਕਾਰ ਦੀ ਫਰਜ਼ੀ ਮੌਤ ਦੀ ਪੂਰੀ ਫਿਲਮੀ ਕਹਾਣੀ

ਪੱਤਰਕਾਰ ਆਕਾਰਡੀ ਬਾਬਕੈਂਚੋ

ਤਸਵੀਰ ਸਰੋਤ, Getty Images/AFP

ਕਿਸੇ ਚੰਗੇ ਭਲੇ ਬੰਦੇ ਨੂੰ ਮਰਿਆ ਐਲਾਨਣਾ ਸੌਖਾ ਨਹੀਂ ਹੁੰਦਾ ਪਰ ਯੂਕਰੇਨ ਨੇ ਰੂਸ ਦੇ ਖੋਜੀ ਪੱਤਰਕਾਰ ਆਕਾਰਡੀ ਬਾਬਚੈਂਕੋ ਦੀ ਮੌਤ ਦੀ ਅਫਵਾਹ ਫੈਲਾ ਕੇ ਸੰਸਾਰ ਭਰ ਨੂੰ ਹੈਰਾਨ ਕਰ ਦਿੱਤਾ।

ਯੂਕਰੇਨ ਦੇ ਸੁਰੱਖਿਆ ਅਧਿਕਾਰੀਆਂ ਮੁਤਾਬਕ ਉਨ੍ਹਾਂ ਨੇ ਪਿਛਲੇ ਦੋ ਮਹੀਨਿਆਂ ਤੋਂ ਇਸ ਦੀ ਤਿਆਰੀ ਵਿੱਚ ਦਿਨ ਰਾਤ ਇੱਕ ਕੀਤਾ ਹੋਇਆ ਸੀ।

ਤਾਜ਼ਾ ਜਾਣਕਾਰੀ ਮੁਤਾਬਕ ਇਸ ਲਈ ਸੂਰ ਦਾ ਖੂਨ ਵਰਤਿਆ ਗਿਆ ਅਤੇ ਇੱਕ ਮੇਕਅੱਪ ਕਲਾਕਾਰ ਦੀ ਮਦਦ ਲਈ ਗਈ।

ਬਾਬਚੈਂਕੋ ਨੇ ਆਪ ਇਹ ਸਾਰੀਆਂ ਗੱਲਾਂ ਪ੍ਰੈਸ ਮਿਲਣੀ ਵਿੱਚ ਦੱਸੀਆਂ।

ਉਨ੍ਹਾਂ ਦੱਸਿਆ ਕਿ ਨਜ਼ਦੀਕੀ ਰਿਸ਼ਤੇਦਾਰ ਤਾਂ ਦੂਰ ਉਨ੍ਹਾਂ ਦੀ ਪਤਨੀ ਨੂੰ ਵੀ ਇਸ ਯੋਜਨਾ ਦੀ ਜਾਣਕਾਰੀ ਨਹੀਂ ਸੀ।

ਮੁਰਦਾ ਘਰ ਵਿੱਚ ਕੱਪੜੇ ਬਦਲੇ

ਯੋਜਨਾ ਮੁਤਾਬਕ ਬਾਕਚੈਂਕੋ ਨੇ ਸੂਰ ਦੇ ਖੂਨ ਨਾਲ ਭਿੱਜੀ ਟੀ-ਸ਼ਰਟ ਪਹਿਨੀ ਅਤੇ ਫੱਟੜ ਹੋਣ ਦਾ ਡਰਾਮਾ ਕੀਤਾ। ਜਿਸ ਮਗਰੋਂ ਉਨ੍ਹਾਂ ਨੂੰ ਹਸਪਤਾਲ ਲਿਜਾਇਆ ਗਿਆ।

ਉਨ੍ਹਾਂ ਨੂੰ ਹਸਪਤਾਲ ਲਿਜਾਣ ਵਾਲੀ ਟੀਮ ਤੋਂ ਲੈ ਕੇ ਉਨ੍ਹਾਂ ਨੂੰ ਮਰਿਆ ਐਲਾਨਣ ਵਾਲੇ ਡਾਕਟਰ ਸਾਰੇ ਹੀ ਇਸ ਯੋਜਨਾ ਵਿੱਚ ਸ਼ਾਮਲ ਸਨ। ਆਪਣੀ ਮੌਤ ਦੇ ਐਲਾਨ ਦੀ ਖ਼ਬਰ ਉਨ੍ਹਾਂ ਨੇ ਹਸਪਤਾਲ ਦੇ ਮੁਰਦਾ ਘਰ ਵਿੱਚ ਕੱਪੜੇ ਬਦਲਣ ਮਗਰੋਂ ਦੇਖੀ।

ਪੱਤਰਕਾਰ ਆਕਾਰਡੀ ਬਾਬਕੈਂਚੋ

ਤਸਵੀਰ ਸਰੋਤ, 5 KANAL TV

ਤਸਵੀਰ ਕੈਪਸ਼ਨ, ਇਸ ਯੋਜਨਾ ਲਈ ਸੂਰ ਦਾ ਖੂਨ ਵਰਤਿਆ ਗਿਆ ਅਤੇ ਇੱਕ ਮੇਕਅੱਪ ਕਲਾਕਾਰ ਦੀ ਮਦਦ ਲਈ ਗਈ।

ਆਕਾਰਡੀ ਬਾਬਚੈਂਕੋ ਨੇ ਕਿਹਾ, "ਮੈਂ ਇਸ ਅਪਰੇਸ਼ਨ ਦਾ ਇੰਚਾਰਜ ਨਹੀਂ ਸੀ। ਮੈਨੂੰ ਨਹੀਂ ਸੀ ਪਤਾ ਕਿ ਯੋਜਨਾ ਕਿਵੇਂ ਨੇਪਰੇ ਚੜ੍ਹੇਗੀ। ਟੀਮ ਨੇ ਜਿਵੇਂ ਮੈਨੂੰ ਕਿਹਾ, ਮੈਂ ਉਵੇਂ ਹੀ ਕੀਤਾ।"

ਇੱਕ ਦਿਨ ਪਹਿਲਾਂ ਹੀ ਖ਼ਬਰ ਆਈ ਸੀ ਕਿ 41 ਸਾਲਾ ਆਕਾਰਡੀ ਬਾਬਚੈਂਕੋ ਦਾ ਯੂਕਰੇਨ ਦੀ ਰਾਜਧਾਨੀ ਕੀਵ ਵਿੱਚ ਗੋਲੀ ਮਾਰ ਕੇ ਕਤਲ ਕਰ ਦਿੱਤਾ ਗਿਆ ਹੈ।

ਯੂਕਰੇਨ ਨੇ ਇਸ ਪਿੱਛੇ ਰੂਸ ਦਾ ਹੱਥ ਹੋਣ ਦਾ ਸ਼ੱਕ ਜ਼ਾਹਿਰ ਕੀਤਾ ਸੀ ਅਤੇ ਕਿਹਾ ਸੀ ਕਿ ਸਮੁੱਚੇ ਮਾਮਲੇ ਵਿੱਚ "ਰੂਸੀ ਪੈਟਰਨ" ਦਿਖ ਰਿਹਾ ਹੈ।

ਪੂਤਿਨ ਦੇ ਆਲੋਚਕ ਹਨ ਬਾਬਚੈਂਕੋ

ਇਹ ਸਾਰੇ ਦਾਅਵੇ ਅਤੇ ਕਹਾਣੀ ਝੂਠੀ ਸਾਬਤ ਹੋ ਗਈ ਜਦੋਂ ਉਹ 24 ਘੰਟਿਆਂ ਬਾਅਦ ਹੀ ਬੁੱਧਵਾਰ ਨੂੰ ਇੱਕ ਪ੍ਰੈਸ ਕਾਨਫਰੰਸ ਵਿੱਚ ਸਾਰਿਆਂ ਦੇ ਸਾਹਮਣੇ ਆ ਗਏ।

ਹੁਣ ਯੂਕਰੇਨ ਦਾ ਕਹਿਣਾ ਹੈ ਕਿ ਉਸ ਨੇ ਰੂਸੀ ਏਜੰਟਾਂ ਦਾ ਪਰਦਾਫ਼ਾਸ਼ ਕਰਨ ਲਈ ਇਹ ਖ਼ਬਰ ਫੈਲਾਈ ਸੀ। ਹਾਲਾਂਕਿ ਯੂਕਰੇਨ ਦੀ ਇਸ ਗੱਲੋਂ ਸਾਰੀ ਦੁਨੀਆਂ ਵਿੱਚ ਆਲੋਚਨਾ ਹੋ ਰਹੀ ਹੈ।

ਪੱਤਰਕਾਰ ਆਕਾਰਡੀ ਬਾਬਕੈਂਚੋ

ਤਸਵੀਰ ਸਰੋਤ, Getty Images/AFP

ਤਸਵੀਰ ਕੈਪਸ਼ਨ, ਪੱਤਰਕਾਰ ਦੀ ਮੌਤ ਦੀ ਸਾਜਿਸ਼ ਵਿੱਚ ਇੱਕ ਵਿਅਕਤੀ ਨੂੰ ਹਿਰਾਸਤ ਵਿੱਚ ਲਿਆ ਗਿਆ ਹੈ।

ਦੂਸਰੇ ਪਾਸੇ ਬਾਬਚੈਂਕੋ ਨੇ ਕਿਹਾ ਹੈ ਕਿ ਉਹ ਇਸ ਸਭ ਤੋਂ ਜਾਣੂ ਸਨ ਪਰ ਹੋਰ ਕੋਈ ਰਾਹ ਨਾ ਦੇਖ ਕੇ ਉਹ ਇਸ ਸਟਿੰਗ ਅਪਰੇਸ਼ਨ ਵਿੱਚ ਸ਼ਾਮਲ ਹੋ ਗਏ।

ਉਹ ਰੂਸੀ ਰਾਸ਼ਟਰਪਤੀ ਵਲਾਦੀਮੀਰ ਪੂਤਿਨ ਦੇ ਖੁੱਲ੍ਹੇ ਆਲੋਚਕ ਰਹੇ ਹਨ। ਉਨ੍ਹਾਂ ਨੇ ਇੱਕ ਸਾਲ ਪਹਿਲਾਂ ਆਪਣੀ ਜਾਨ ਨੂੰ ਖਤਰਾ ਦੱਸ ਕੇ ਰੂਸ ਛੱਡ ਦਿੱਤਾ ਸੀ।

ਉਹ ਯੂਕਰੇਨ ਅਤੇ ਸੀਰੀਆ ਵਿੱਚ ਰੂਸ ਦੀਆਂ ਫੌਜੀ ਕਾਰਵਾਈਆਂ ਖਿਲਾਫ਼ ਬੋਲਦੇ ਰਹੇ ਹਨ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)