ਆਈਫੋਨ 14 ਵਿੱਚ ਕਿਹੜੀ ਖਾਮੀ ਨਿਕਲੀ ਹੈ ਤੇ ਕੰਪਨੀ ਦਾ ਇਸ ਬਾਰੇ ਕੀ ਕਹਿਣਾ ਹੈ

ਤਸਵੀਰ ਸਰੋਤ, Dheeraj Palliyil
ਐਪਲ ਵੱਲੋਂ ਆਈਫੋਨ 14 ਪ੍ਰੋ ਨੂੰ ਪਿਛਲੇ 7 ਸਤੰਬਰ ਨੂੰ ਲਾਂਚ ਕੀਤਾ ਗਿਆ ਹੈ।
ਦੁਨੀਆਂ ਭਰ ਵਿੱਚ ਐਪਲ ਦੇ ਪ੍ਰੋਡਕਟਸ ਦਾ ਇਸਤੇਮਾਲ ਕਰਨ ਵਾਲੇ ਲੋਕਾਂ ਵਿੱਚ ਉਤਸ਼ਾਹ ਹੈ ਅਤੇ ਕੇਰਲਾ ਤੋਂ ਇੱਕ ਵਿਅਕਤੀ ਦੁਬਈ ਕੇਵਲ ਆਈਫੋਨ ਖਰੀਦਣ ਲਈ ਗਿਆ ਹੈ।
ਕੇਰਲ ਦੇ ਰਹਿਣ ਵਾਲੇ ਧੀਰਜ ਪਲੇਅਲ ਭਾਰਤ ਤੋਂ ਦੁਬਈ ਕੇਵਲ ਇਹ ਫੋਨ ਖ਼ਰੀਦਨ ਲਈ ਗਏ।
ਧੀਰਜ ਵੱਲੋਂ ਤਕਰੀਬਨ 40 ਹਜ਼ਾਰ ਰੁਪਏ ਹਵਾਈ ਟਿਕਟਾਂ 'ਤੇ ਖਰਚੇ ਗਏ ਅਤੇ 1.3 ਲੱਖ ਰੁਪਏ ਲਗਾ ਕੇ ਨਵਾਂ ਫੋਨ ਖਰੀਦਿਆ ਗਿਆ।

ਤਸਵੀਰ ਸਰੋਤ, Getty Images
2007 ਵਿੱਚ ਐਪਲ ਵੱਲੋਂ ਪਹਿਲੀ ਵਾਰ ਆਈਫੋਨ ਲਾਂਚ ਕੀਤਾ ਗਿਆ ਸੀ ਅਤੇ ਉਸ ਤੋਂ ਬਾਅਦ ਦੁਨੀਆਂ ਭਰ ਵਿੱਚ ਇਸ ਫੋਨ ਦੀ ਵਰਤੋਂ ਕਰਨ ਵਾਲੇ ਲੋਕਾਂ ਵਿਚ ਲਗਾਤਾਰ ਵਾਧਾ ਹੋਇਆ ਹੈ।
ਪਿਛਲੇ ਸਾਲਾਂ ਦੌਰਾਨ ਇਸ ਫੋਨ ਨੂੰ 'ਸਟੇਟਸ ਸਿੰਬਲ' ਵਜੋ ਵੀ ਦੇਖਿਆ ਗਿਆ ਹੈ।
ਦੁਨੀਆਂ ਤੋਂ ਕੋਈ ਵਾਰ ਖ਼ਬਰਾਂ ਸਾਹਮਣੇ ਆਉਂਦੀਆਂ ਹਨ ਕਿ ਸੈਂਕੜੇ ਲੋਕ ਐਪਲ ਦੇ ਸਟੋਰ ਦੇ ਬਾਹਰ ਨਵੇਂ ਫੋਨ ਨੂੰ ਖਰੀਦਣ ਲਈ ਖੜ੍ਹੇ ਹੋਏ ਹਨ। ਇਸ ਫੋਨ ਨੂੰ ਖਰੀਦਣ ਲਈ ਕਈ ਵਾਰ ਲੋਕ ਆਪਣੇ ਅੰਗ ਵੇਚਦੇ ਹਨ ਅਤੇ ਸੋਸ਼ਲ ਮੀਡਿਆ 'ਤੇ ਮੀਮ ਬਣ ਜਾਂਦੇ ਹਨ।

- ਇਸ ਤੋਂ ਪਹਿਲਾਂ ਵੀ ਧੀਰਜ ਸਾਲ 2017, 2019 ਅਤੇ 2021 ਵਿੱਚ ਵੀ ਕੇਵਲ ਆਈਫੋਨ ਖਰੀਦਣ ਲਈ ਦੁਬਈ ਗਏ ਸਨ।
- ਆਈਫੋਨ 14 ਨੂੰ ਦੋ ਆਕਾਰਾਂ, ਆਈਫੋਨ 14 ਅਤੇ ਆਈਫੋਨ 14 ਪਲੱਸ ਵਿੱਚ ਜਾਰੀ ਕੀਤਾ ਗਿਆ ਹੈ।
- ਹਾਲਾਂਕਿ ਨਵਾਂ ਆਈਫੋਨ ਖਰੀਦਣ ਵਾਲੇ ਲੋਕਾਂ ਨੇ ਸੋਸ਼ਲ ਮੀਡੀਆ ਉੱਪਰ ਸ਼ਿਕਾਇਤ ਕੀਤੀ ਕਿ ਕੁਝ ਸੋਸ਼ਲ ਮੀਡਿਆ ਜਿਵੇਂ ਸਨੈਪਚੈਟ, ਇੰਸਟਾਗਰਾਮ, ਫੇਸਬੁੱਕ ਅਤੇ ਟਿਕਟਾਕ ਦੀ ਵਰਤੋਂ ਦੌਰਾਨ ਕੈਮਰਾ ਠੀਕ ਕੰਮ ਨਹੀਂ ਕਰ ਰਿਹਾ।
- 2007 ਵਿੱਚ ਐਪਲ ਵੱਲੋਂ ਪਹਿਲੀ ਵਾਰ ਆਈਫੋਨ ਲਾਂਚ ਕੀਤਾ ਗਿਆ ਸੀ ਅਤੇ ਉਸ ਤੋਂ ਬਾਅਦ ਦੁਨੀਆਂ ਭਰ ਵਿੱਚ ਇਸ ਫੋਨ ਦੀ ਵਰਤੋਂ ਕਰਨ ਵਾਲੇ ਲੋਕਾਂ ਵਿਚ ਲਗਾਤਾਰ ਵਾਧਾ ਹੋਇਆ ਹੈ।
- ਐਪਲ ਵੱਲੋਂ ਆਖਿਆ ਗਿਆ ਹੈ ਕਿ ਅਗਲੇ ਹਫ਼ਤੇ ਤੱਕ ਇਸ ਸਮੱਸਿਆ ਨੂੰ ਸੁਲਝਾ ਲਿਆ ਜਾਵੇਗਾ।

ਪਰ ਧੀਰਜ ਲਈ ਇਹ ਕੋਈ ਪਹਿਲਾ ਮੌਕਾ ਨਹੀਂ ਹੈ ਜਦੋਂ ਉਹ ਆਈਫੋਨ ਲਈ ਦੁਬਈ ਗਏ ਹਨ। 28 ਸਾਲਾਂ ਧੀਰਜ ਸਾਲ 2017, 2019 ਅਤੇ 2021 ਵਿੱਚ ਵੀ ਕੇਵਲ ਆਈਫੋਨ ਖਰੀਦਣ ਲਈ ਦੁਬਈ ਗਏ ਹਨ।
ਧੀਰਜ ਦਾ ਕਹਿਣਾ ਹੈ ਕਿ ਉਹ ਨਵੇਂ ਆਈਫੋਨ ਨੂੰ ਲੈ ਕੇ ਬਹੁਤ ਉਤਸ਼ਾਹਿਤ ਸਨ ਅਤੇ ਇਸ ਨੂੰ ਖਰੀਦਣ ਲਈ ਲੰਬੀ ਕਤਾਰ 'ਚ ਲੱਗਣਾ ਉਨ੍ਹਾਂ ਨੂੰ ਚੰਗਾ ਲੱਗਦਾ ਹੈ।
16 ਸਤੰਬਰ ਨੂੰ ਦੁਬਈ ਦੇ ਮਾਲ ਤੋਂ ਉਨ੍ਹਾਂ ਨੇ ਨਵਾਂ ਫੋਨ ਖਰੀਦਿਆ ਹੈ।

ਤਸਵੀਰ ਸਰੋਤ, APPLE
"ਪਹਿਲਾਂ ਵਿਦੇਸ਼ਾਂ ਵਿਚ ਵਿਕਰੀ ਤੋਂ 10-15 ਦਿਨ ਬਾਅਦ ਭਾਰਤ ਵਿੱਚ ਨਵਾਂ ਆਈਫ਼ੋਨ ਆਉਂਦਾ ਸੀ। ਇਸ ਵਾਰ ਲਾਂਚ ਤੋਂ ਕੁਝ ਘੰਟੇ ਬਾਅਦ ਹੀ ਭਾਰਤ ਵਿੱਚ ਇਸ ਵਿਕਰੀ ਸ਼ੁਰੂ ਹੋ ਗਈ ਪਰ ਹੁਣ ਮੈਂ ਹਮੇਸ਼ਾ ਨਵਾਂ ਫੋਨ ਖਰੀਦਣ ਲਈ ਦੁਬਈ ਹੀ ਜਾਂਦਾ ਹਾਂ।"
ਪੇਸ਼ੇ ਵਜੋਂ ਇੱਕ ਵਪਾਰੀ ਧੀਰਜ ਐਪਲ ਦੇ ਸਾਬਕਾ ਸੀਈਓ ਸਟੀਵ ਜੌਬ ਤੋਂ ਪ੍ਰਭਾਵਿਤ ਹਨ । ਸਟੀਵ ਦੀ ਸਾਲ 2011 ਵਿੱਚ ਮੌਤ ਹੋ ਗਈ ਸੀ।
"ਇਹੀ ਮੇਰੀ ਸਟੀਵ ਜੌਬ ਨੂੰ ਸ਼ਰਧਾਂਜਲੀ ਹੈ।"
ਧੀਰਜ ਮੁਤਾਬਕ ਪਹਿਲਾਂ ਉਨ੍ਹਾਂ ਦੇ ਪਰਿਵਾਰ ਨੂੰ ਉਨ੍ਹਾਂ ਉਪਰ ਹੈਰਾਨੀ ਹੁੰਦੀ ਸੀ। ਉਹ ਧੀਰਜ ਨੂੰ ਇਸ ਤਰ੍ਹਾਂ ਪੈਸੇ ਖਰਚਣ ਤੋਂ ਰੋਕਦੇ ਵੀ ਸਨ ਪਰ ਹੁਣ ਉਹ ਧੀਰਜ ਨੂੰ ਸਹਿਯੋਗ ਦਿੰਦੇ ਹਨ ਅਤੇ ਨਵੇਂ ਮਾਡਲ ਬਾਰੇ ਜਾਣਕਾਰੀ ਵੀ।
ਨਵੇਂ ਆਈਫੋਨ ਵਿੱਚ ਆ ਰਹੀ ਹੈ ਦਿੱਕਤ
ਬਲੂਮਬਰਗ ਨਿਊਜ਼ ਏਜੰਸੀ ਮੁਤਾਬਕ ਆਈਫੋਨ ਦੇ ਨਵੇਂ ਮਾਡਲ ਆਈਫੋਨ 14 ਪ੍ਰੋ ਦੇ ਕੈਮਰੇ ਵਿੱਚ ਤਕਨੀਕੀ ਦਿੱਕਤ ਆ ਰਹੀ ਹੈ।
7 ਸਿਤੰਬਰ ਨੂੰ ਲਾਂਚ ਹੋਏ ਨਵੇਂ ਆਈਫੋਨ ਬਾਰੇ ਇਸ ਦਿੱਕਤ ਨੂੰ ਸੋਸ਼ਲ ਮੀਡੀਆ 'ਤੇ ਦੱਸਿਆ ਗਿਆ ਹੈ।

ਇਹ ਵੀ ਪੜ੍ਹੋ-

ਨਵਾਂ ਆਈਫੋਨ ਖਰੀਦਣ ਵਾਲੇ ਲੋਕਾਂ ਨੇ ਸੋਸ਼ਲ ਮੀਡੀਆ ਉੱਪਰ ਸ਼ਿਕਾਇਤ ਕੀਤੀ ਕਿ ਕੁਝ ਸੋਸ਼ਲ ਮੀਡਿਆ ਜਿਵੇਂ ਸਨੈਪਚੈਟ, ਇੰਸਟਾਗਰਾਮ, ਫੇਸਬੁੱਕ ਅਤੇ ਟਿਕਟਾਕ ਦੀ ਵਰਤੋਂ ਦੌਰਾਨ ਕੈਮਰਾ ਸਹੀ ਤਰੀਕੇ ਨਾਲ ਕੰਮ ਨਹੀਂ ਕਰ ਰਿਹਾ।
ਖ਼ਬਰ ਮੁਤਾਬਕ ਐਪਲ ਨੇ ਆਖਿਆ ਹੈ ਕਿ ਉਹ ਨਵੇਂ ਫੋਨ ਦੇ ਸਾਫਟਵੇਅਰ ਅਪਡੇਟ ਉੱਪਰ ਕੰਮ ਕਰ ਰਹੇ ਹਨ ਤਾਂ ਜੋ ਫੋਨ ਦੇ ਪਿਛਲੇ ਕੈਮਰਿਆਂ ਵਿੱਚ ਹੋ ਰਹੀ ਤਕਨੀਕੀ ਗੜਬੜ ਨੂੰ ਠੀਕ ਕੀਤਾ ਜਾ ਸਕੇ।
ਜਦੋਂ ਕੁਝ ਐਪਸ ਦੌਰਾਨ ਕੈਮਰਾ ਨੂੰ ਵਰਤਣ ਲਈ ਖੋਲ੍ਹਿਆ ਜਾਂਦਾ ਹੈ ਤਾਂ ਉਸ ਵਿਚ ਤਸਵੀਰਾਂ ਹਿੱਲਣ ਲੱਗਦੀਆਂ ਹਨ।
ਐਪਲ ਵੱਲੋਂ ਆਖਿਆ ਗਿਆ ਹੈ ਕਿ ਅਗਲੇ ਹਫ਼ਤੇ ਤੱਕ ਇਸ ਸਮੱਸਿਆ ਨੂੰ ਸੁਲਝਾ ਲਿਆ ਜਾਵੇਗਾ।
ਆਈਫੋਨ 14 ਵਿੱਚ ਕੀ ਨਵਾਂ ਹੈ
ਕੰਪਨੀ ਵੱਲੋਂ ਆਈਫੋਨ 14 ਨੂੰ ਦੋ ਆਕਾਰਾਂ, ਆਈਫੋਨ 14 ਅਤੇ ਆਈਫੋਨ 14 ਪਲੱਸ ਵਿੱਚ ਜਾਰੀ ਕੀਤਾ ਗਿਆ ਹੈ।
ਇਨ੍ਹਾਂ ਨਵੇਂ ਹੈਂਡਸੈੱਟਾਂ ਦਾ ਖ਼ਾਸ ਫੀਚਰ ਇਹ ਹੈ ਕਿ ਇਨ੍ਹਾਂ ਨਾਲ ਮੁਸੀਬਤ ਦੇ ਸਮੇਂ ਮਦਦ ਲਈ ਸੈਟੇਲਾਈਟ ਰਾਹੀਂ ਐਮਰਜੈਂਸੀ ਕਾਲ ਭੇਜੀ ਜਾ ਸਕਦੀ ਹੈ।
ਇਹ ਫੋਨ ਤੁਹਾਡੀ ਮੌਜੂਦਾ ਸਥਿਤੀ ਉੱਪਰੋਂ ਲੰਘਣ ਵਾਲੇ ਸੈਟੇਲਾਈਟਾਂ ਦੀ ਜਾਣਕਾਰੀ ਦੇਵੇਗਾ ਅਤੇ ਇਹ ਦਰਸਾਏਗਾ ਕਿ ਫੋਨ ਨੂੰ ਉਨ੍ਹਾਂ 'ਤੇ ਸਹੀ ਢੰਗ ਨਾਲ ਕਿਵੇਂ ਪੁਆਇੰਟ ਕਰਨਾ ਹੈ।
ਇੱਕ ਬੁਨਿਆਦੀ ਸੁਨੇਹਾ ਭੇਜਣ ਵਿੱਚ ਇਸ ਨੂੰ 15 ਸਕਿੰਟਾਂ ਤੋਂ ਲੈ ਕੇ ਕੁਝ ਮਿੰਟ ਲੱਗ ਸਕਦੇ ਹਨ।

ਸੀਸੀਐੱਸ ਇਨਸਾਈਟ ਦੇ ਮੁੱਖ ਵਿਸ਼ਲੇਸ਼ਕ ਬੇਨ ਵੁੱਡ ਨੇ ਕਿਹਾ, "ਸੈਟੇਲਾਈਟ ਸਮਰੱਥਾ ਨੂੰ ਜੋੜਨ ਲਈ ਕੀਤੇ ਗਏ ਨਿਵੇਸ਼ ਨੂੰ ਘੱਟ ਨਹੀਂ ਸਮਝਿਆ ਜਾਣਾ ਚਾਹੀਦਾ।"
"ਸੈਟੇਲਾਈਟ ਪ੍ਰਦਾਤਾ ਗਲੋਬਲਸਟਾਰ ਨਾਲ ਵਪਾਰਕ ਸਮਝੌਤਾ, ਐਮਰਜੈਂਸੀ ਸੇਵਾਵਾਂ ਨੂੰ ਸੰਦੇਸ਼ ਭੇਜਣ ਲਈ ਲੋੜੀਂਦੇ ਬੁਨਿਆਦੀ ਢਾਂਚਾ ਬਣਾਉਣ ਸਮੇਤ, ਇਸ ਸਭ ਨੂੰ ਕਰਨ ਲਈ ਐਪਲ ਨੂੰ ਕਈ ਸਾਲ ਲੱਗ ਗਏ ਹੋਣਗੇ।"
ਤਕਨੀਕੀ ਵਿਸ਼ਲੇਸ਼ਕ ਪਾਓਲੋ ਪੇਸਕਾਟੋਰ ਨੇ ਕਿਹਾ ਕਿ ਉਨ੍ਹਾਂ ਨੂੰ ਲੱਗਦਾ ਹੈ ਕਿ ਇਹ ਨਵੀਂ ਖੋਜ 'ਮੁਸ਼ਕਿਲ ਪਹੁੰਚ ਵਾਲੇ ਖੇਤਰ' ਦੇ ਉਪਭੋਗਤਾਵਾਂ ਲਈ ਚੰਗੀ ਹੈ।
ਆਈਫ਼ੋਨ 14
ਆਈਫ਼ੋਨ 14 ਕੈਮਰਾ
ਆਈਫ਼ੋਨ 14 ਵਿੱਚ 12-ਮੈਗਾਪਿਕਸਲ ਦਾ ਕੈਮਰਾ ਹੈ ਜੋ ਕਿ ਤੇਜ਼ੀ ਨਾਲ ਚੱਲ ਰਹੀਆਂ ਜਾਂ ਹਿੱਲ ਰਹੀਆਂ ਚੀਜ਼ਾਂ ਦੀਆਂ ਫੋਟੋਆਂ ਲੈਣ ਦੇ ਸਮਰੱਥ ਹੈ।
ਇਸ ਦੇ ਨਾਲ ਹੀ ਕੰਪਨੀ ਦਾ ਦਾਅਵਾ ਹੈ ਕਿ ਘੱਟ ਰੋਸ਼ਨੀ ਵਿੱਚ ਵੀ ਤਸਵੀਰ ਦੀ ਗੁਣਵੱਤਾ 'ਚ 49% ਸੁਧਾਰ ਕੀਤਾ ਗਿਆ ਹੈ।
ਸੈਲਫੀ ਨੂੰ ਬਿਹਤਰ ਬਣਾਉਣ ਲਈ, ਫਰੰਟ ਕੈਮਰੇ ਵਿੱਚ ਪਹਿਲੀ ਵਾਰ ਆਟੋ-ਫੋਕਸ ਵੀ ਸ਼ਾਮਲ ਕੀਤਾ ਗਿਆ ਹੈ।
ਐਪਲ ਦੇ ਅਨੁਸਾਰ, ਆਈਫੋਨ ਉਪਭੋਗਤਾਵਾਂ ਨੇ ਪਿਛਲੇ 12 ਮਹੀਨਿਆਂ ਵਿੱਚ ਤਿੰਨ ਖਰਬ ਤੋਂ ਵੱਧ ਫੋਟੋਆਂ ਖਿੱਚੀਆਂ ਹਨ।
ਆਈਫ਼ੋਨ 14 ਦੀ ਕੀਮਤ 799 ਅਮਰੀਕੀ ਡਾਲਰ, 849 ਪਾਊਂਡ ਤੋਂ ਸ਼ੁਰੂ ਹੁੰਦੀ ਹੈ।
ਆਈਫੋਨ 14 ਪ੍ਰੋ
ਆਈਫੋਨ 14 ਪ੍ਰੋ ਅਤੇ ਆਈਫੋਨ 14 ਪ੍ਰੋ ਮੈਕਸ ਦੇ ਡਿਜ਼ਾਈਨ ਵਿੱਚ ਸਭ ਤੋਂ ਵੱਡਾ ਬਦਲਾਅ ਸਕ੍ਰੀਨ ਦਾ ਸਿਖਰ ਹੈ ਜੋ ਕਿ ਪਿਲ ਸ਼ੇਪਡ ਕੱਟ ਵਾਲਾ ਹੈ।
ਬਲੈਕ ਨੌਚ ਦੀ ਥਾਂ ਇੱਕ ਨਵਾਂ ਫ਼ੀਚਰ ਡਾਇਨਾਮਿਕ ਆਈਲੈਂਡ ਰੱਖਿਆ ਗਿਆ ਹੈ ਕਿਉਂਕਿ ਬਲੈਕ ਨੌਚ ਬਾਰੇ ਬਹੁਤ ਸਾਰੇ ਆਈਫੋਨ ਉਪਭੋਗਤਾ ਸ਼ਿਕਾਇਤ ਕਰ ਰਹੇ ਸਨ।
ਇਹ ਨਵਾਂ ਫ਼ੀਚਰ ਸੂਚਨਾਵਾਂ ਦੇ ਆਧਾਰ 'ਤੇ ਸ਼ੇਪ (ਆਕਾਰ) ਬਦਲ ਸਕਦਾ ਹੈ।
ਇੱਕ ਹੋਰ ਵੱਡੀ ਤਬਦੀਲੀ ਇਹ ਹੈ ਕਿ ਹੈਂਡਸੈੱਟ ਹਮੇਸ਼ਾ ਚਾਲੂ ਰਹਿ ਸਕਦਾ ਹੈ। ਜਦੋਂ ਫ਼ੋਨ ਵਰਤੋਂ ਵਿੱਚ ਨਹੀਂ ਹੋਵੇਗਾ ਤਾਂ ਸਕ੍ਰੀਨ ਮੱਧਮ ਹੋ ਜਾਵੇਗੀ ਅਤੇ ਰਿਫ੍ਰੇਸ਼ ਰੇਟ ਘੱਟ ਜਾਵੇਗਾ।
ਇਹ ਫ਼ੋਨ ਗਹਿਰੇ ਜਾਮਨੀ, ਕਾਲੇ, ਸਿਲਵਰ ਅਤੇ ਗੋਲਡਨ ਰੰਗਾਂ ਵਿੱਚ ਮਿਲੇਗਾ।
ਆਈਫ਼ੋਨ 14 ਪ੍ਰੋ ਦੀ ਕੀਮਤ ਅਮਰੀਕਾ ਵਿੱਚ 999 ਡਾਲਰ ਅਤੇ ਯੂਕੇ ਵਿੱਚ 1099 ਪਾਊਂਡ ਰੱਖੀ ਗਈ ਹੈ।
ਇਹ ਵੀ ਪੜ੍ਹੋ :












