ਰਾਹੁਲ ਗਾਂਧੀ : ਭਾਰਤ ਜੋੜੋ ਯਾਤਰਾ ਵਰਗੀਆਂ ਸਿਆਸੀ ਯਾਤਰਾਵਾਂ ਦਾ ਭਾਰਤ ਵਿਚ ਇਤਿਹਾਸ

ਤਸਵੀਰ ਸਰੋਤ, Punjab Congress/FB
- ਲੇਖਕ, ਸੌਤਿਕ ਬਿਸਵਾਸ
- ਰੋਲ, ਬੀਬੀਸੀ ਪੱਤਰਕਾਰ
ਕਾਂਗਰਸ ਆਗੂ ਰਾਹੁਲ ਗਾਂਧੀ ਦੀ ਭਾਰਤ ਜੋੜੋ ਯਾਤਰਾ ਪੰਜਾਬ ਵਿਚੋਂ ਲੰਘ ਰਹੀ ਹੈ।
11 ਜਨਵਰੀ ਨੂੰ ਫਤਿਹਗੜ੍ਹ ਸਾਹਿਬ ਤੋਂ ਸ਼ੁਰੂ ਹੋਈ ਇਸ ਯਾਤਰਾ ਦਾ ਪੜ੍ਹਾਅ ਵੀਰਵਾਰ ਨੂੰ ਲੁਧਿਆਣਾ ਵਿਚ ਖਤ਼ਮ ਹੋਇਆ। ਇਸ ਨੇ 19 ਜਨਵਰੀ ਤੱਕ ਪੰਜਾਬ ਵਿਚ ਰਹਿਣਾ ਹੈ ਅਤੇ ਇਸ ਤੋਂ ਬਾਅਦ ਇਹ ਜੰਮੂ ਕਸ਼ਮੀਰ ਵਿਚ ਦਾਖਲ ਹੋਵੇਗੀ।
ਰਾਹੁਲ ਗਾਂਧੀ ਦੇ ਨਾਲ "ਭਾਰਤ ਜੋੜੋ" ਦੀ ਯਾਤਰਾ 'ਤੇ ਉਨ੍ਹਾਂ ਦੀ ਕਾਂਗਰਸ ਪਾਰਟੀ ਦੇ 100 ਤੋਂ ਵੱਧ ਮੈਂਬਰ 7 ਸਿੰਤਬਰ ਨੂੰ ਕੰਨਿਆ ਕੁਮਾਰੀ ਤੋਂ ਸ਼ੁਰੂ ਕੀਤੀ ਸੀ ਅਤੇ ਇਹ ਸ੍ਰੀ ਨਗਰ ਦੇ ਲਾਲ ਚੌਂਕ ਵਿਚ ਖ਼ਤਮ ਹੋਵੇਗੀ।
ਇਸ ਯਾਤਰਾ ਦੌਰਾਨ ਪੈਦਲ ਯਾਤਰੀਆਂ ਨੇ ਪੰਜ ਮਹੀਨਿਆਂ ਵਿੱਚ 12 ਸੂਬਿਆਂ ਵਿੱਚੋਂ ਦੀ ਲੰਘਦੇ ਹੋਏ 3,570 ਕਿਲੋਮੀਟਰ ਦਾ ਸਫ਼ਰ ਤੈਅ ਕਰਨਾ ਹੈ।
ਆਪਣੀ ਯਾਤਰਾ ਦੌਰਾਨ ਰਾਹੁਲ ਗਾਂਧੀ ਦਿਨ ਵਿੱਚ ਲੋਕਾਂ ਨੂੰ ਮਿਲਦੇ ਹਨ ਅਤੇ ਰਾਤ ਨੂੰ ਆਰਜੀ ਟਿਕਾਣਿਆਂ ਵਿੱਚ ਸੌਂਦੇ ਹਨ।
ਭਾਰਤ ਜੋੜੋ ਯਾਤਰਾ (ਯੂਨਾਇਟ ਇੰਡੀਆ ਮਾਰਚ) ਇੱਕ ਸਿਆਸੀ ਮਾਰਚ ਹੈ। ਇਸ ਦਾ ਟੀਚਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਸੱਤਾਧਾਰੀ ਭਾਰਤੀ ਜਨਤਾ ਪਾਰਟੀ (ਬੀਜੇਪੀ) ਨੂੰ ਨਿਸ਼ਾਨਾ ਬਣਾਉਣਾ ਹੈ।

ਤਸਵੀਰ ਸਰੋਤ, Punjab Congress
ਕਾਂਗਰਸ ਦੇ ਸੀਨੀਅਰ ਨੇਤਾ ਸ਼ਸ਼ੀ ਥਰੂਰ ਨੇ ਮੈਨੂੰ ਦੱਸਿਆ, "ਕਈ ਤਰੀਕਿਆਂ ਨਾਲ, ਅਸੀਂ ਸੰਵਿਧਾਨ ਵਿੱਚ ਦਰਜ ਭਾਰਤ ਦੇ ਵਿਚਾਰ ਦੀ ਰੱਖਿਆ ਲਈ ਇੱਕ ਹੋਂਦ ਦੇ ਸੰਘਰਸ਼ ਵਿੱਚ ਲੱਗੇ ਹੋਏ ਹਾਂ।"
ਥਰੂਰ ਦੱਸਦੇ ਹਨ, "[ਮਾਰਚ ਦਾ] ਸੰਦੇਸ਼ ਇਹ ਹੈ ਕਿ ਅਸੀਂ ਉਹ ਪਾਰਟੀ ਹਾਂ ਜੋ ਭਾਰਤ ਨੂੰ ਇੱਕਜੁੱਟ ਕਰ ਸਕਦੀ ਹੈ ਅਤੇ ਸਾਨੂੰ ਧਰਮ, ਜਾਤ ਅਤੇ ਭਾਸ਼ਾ ਦੇ ਆਧਾਰ 'ਤੇ ਵੰਡੇ ਜਾਣ ਤੋਂ ਰੋਕ ਸਕਦੀ ਹੈ ਜੋ ਸੱਤਾਧਾਰੀ ਪਾਰਟੀ ਦੁਆਰਾ ਪ੍ਰਚਾਰਿਆ ਜਾ ਰਿਹਾ ਹੈ। "
ਇਹ ਮਾਰਚ ਇੱਕ ਹੰਭ ਚੁੱਕੀ ਪਾਰਟੀ ਦੇ ਝੰਡਾ ਬਰਦਾਰੀ ਵਾਲੇ ਹੌਂਸਲੇ ਨੂੰ ਮੁੜ ਬੁਲੰਦ ਕਰਨ ਅਤੇ ਇਸ ਦੇ ਆਗੂ ਦੇ ਢਹਿ ਰਹੇ ਅਕਸ ਨੂੰ ਉਭਾਰਨ ਲਈ ਇੱਕ ਕੋਸ਼ਿਸ਼ ਹੈ।

ਪਾਰਟੀ ਦੇ ਇੱਕ ਹੋਰ ਆਗੂ ਜੈਰਾਮ ਰਮੇਸ਼ ਨੇ ਕਿਹਾ, "ਅਸੀਂ ਲੋਕਾਂ ਨੂੰ ਸੁਣਨ ਲਈ ਜਾ ਰਹੇ ਹਾਂ, ਉਨ੍ਹਾਂ ਨੂੰ ਭਾਸ਼ਣ ਦੇਣ ਲਈ ਨਹੀਂ।"
ਲੋਕਾਂ ਨੂੰ ਸੁਣਨਾ ਹਮੇਸ਼ਾ ਇੱਕ ਚੰਗੀ ਗੱਲ ਹੁੰਦੀ ਹੈ।
ਸਾਲ 2014 ਵਿੱਚ ਮੋਦੀ ਦੇ ਸਰਕਾਰ ਵਿੱਚ ਆਉਣ ਤੋਂ ਬਾਅਦ ਕਾਂਗਰਸ ਢਹਿ ਢੇਰੀ ਹੁੰਦੀ ਆਈ ਹੈ। ਇਸ ਨੂੰ ਲਗਾਤਾਰ ਦੋ ਆਮ ਚੋਣਾਂ ਵਿੱਚ ਭਾਜਪਾ ਨੇ ਹਰਾਇਆ ਹੈ, ਅਤੇ 45 ਵਿੱਚੋਂ 40 ਸੂਬਾਈ ਚੋਣਾਂ ਵਿੱਚ ਭਾਜਪਾ ਤੋਂ ਹਾਰੀ ਹੈ।
ਪਾਰਟੀ ਹੁਣ ਭਾਰਤ ਦੇ ਸਿਰਫ਼ ਦੋ ਸੂਬਿਆਂ ਵਿੱਚ ਸੱਤਾ ਵਿੱਚ ਹੈ। ਪਾਰਟੀ ਵਿੱਚ ਲਗਾਤਾਰ ਅਤੇ ਵੱਡੇ ਪੱਧਰ 'ਤੇ ਅਸਹਿਮੀਤੀ ਦੀਆਂ ਸੁਰਾਂ ਉੱਭਰ ਰਹੀਆਂ ਹਨ।
ਕਾਂਗਰਸ ਆਪਣਾ ਜ਼ਿਆਦਾਤਰ ਰਵਾਇਤੀ ਵੋਟਰ ਭਾਜਪਾ ਨੂੰ ਗੁਆ ਚੁੱਕੀ ਹੈ। ਇਹ ਸਪਸ਼ਟ ਨਹੀਂ ਹੈ ਕਿ ਭਵਿੱਖ ਲਈ ਇਸ ਕੋਲ ਇੱਕ ਧਰਮ ਨਿਰਪੱਖ ਭਾਰਤ ਦੇ ਦ੍ਰਿਸ਼ਟੀਕੋਣ ਤੋਂ ਇਲਾਵਾ ਵੀ ਕੁਝ ਹੋਰ ਹੈ। ਰਾਹੁਲ ਗਾਂਧੀ ਖੁਦ ਅਕਸਰ ਇੱਕ ਝਿਜਕਦੇ ਹੋਏ ਨੇਤਾ ਵਜੋਂ ਦਿਖਾਈ ਦਿੰਦੇ ਹਨ।

- 1983 ਵਿੱਚ ਸਾਬਕਾ ਪ੍ਰਧਾਨ ਮੰਤਰੀ ਚੰਦਰ ਸ਼ੇਖਰ ਛੇ ਮਹੀਨੇ ਵਿੱਚ 4,000 ਕਿਲੋਮੀਟਰ ਲੰਬੀ ਯਾਤਰਾ ਕਰਕੇ "ਮੈਰਾਥਨ ਮੈਨ" ਬਣੇ।
- 1990 ਵਿੱਚ ਬੀਜੇਪੀ ਨੇਤਾ ਲਾਲ ਕ੍ਰਿਸ਼ਨ ਅਡਵਾਨੀ ਨੇ 10,000 ਕਿਲੋਮੀਟਰ ਦੀ ਰੱਥ ਯਾਤਰਾ ਦੀ ਯੋਜਨਾ ਬਣਾਈ।
- ਅਡਵਾਨੀ ਨੂੰ ਬਿਹਾਰ ਵਿੱਚ ਰਾਜ ਕਰਨ ਵਾਲੇ ਸਿਆਸੀ ਵਿਰੋਧੀ ਲਾਲੂ ਪ੍ਰਸਾਦ ਯਾਦਵ ਨੇ ਗ੍ਰਿਫ਼ਤਾਰ ਕਰ ਲਿਆ ਸੀ।
- 1930 ਵਿੱਚ ਗੁਜਰਾਤ ਦੇ ਪੱਛਮੀ ਤੱਟ 'ਤੇ ਮਹਾਤਮਾ ਗਾਂਧੀ ਦਾ 380 ਕਿਲੋਮੀਟਰ ਦਾ ਡਾਂਡੀ ਮਾਰਚ ਇੱਕ ਹੋਰ ਇਤਿਹਾਸਕ ਮਾਰਚ ਹੈ।
- 1934 ਵਿੱਚ 86,000 ਰੈੱਡ ਆਰਮੀ ਦੇ ਜਵਾਨਾਂ ਨਾਲ ਮਾਓ ਦਾ 8,000 ਮੀਲ ਮਾਰਚ ਨੇ ਆਧੁਨਿਕ ਚੀਨ ਦੀ ਸੰਸਥਾਪਨਾ ਕੀਤੀ।
- ਇਹ ਅੰਦਾਜ਼ਾ ਲਗਾਉਣਾ ਮੁਸ਼ਕਲ ਹੈ ਕਿ ਰਾਹੁਲ ਗਾਂਧੀ ਦਾ ਲੰਬਾ ਮਾਰਚ ਉਨ੍ਹਾਂ ਦੀ ਪਾਰਟੀ ਨੂੰ ਜਾਂ ਉਨ੍ਹਾਂ ਦੇ ਆਪਣੇ ਸਿਆਸੀ ਜੀਵਨ ਵਿੱਚ ਕੀ ਬਦਲਾਅ ਲਿਆ ਸਕੇਗਾ।

ਭਾਜਪਾ ਵਰਗੇ ਜ਼ਬਰਦਸਤ ਜੁਝਾਰੂ ਅਤੇ ਸਰੋਤ ਸਪੰਨ ਵਿਰੋਧੀ ਦੇ ਖਿਲਾਫ਼ ਕਾਂਗਰਸ ਨੂੰ ਮੁੜ ਪੈਰਾਂ ਭਾਰ ਕਰਨਾ ਸੁਖਾਲਾ ਨਹੀਂ ਹੋਵੇਗਾ।
ਕਈ ਲੋਕਾਂ ਦਾ ਮੰਨਣਾ ਹੈ ਕਿ ਇਸ ਤਰ੍ਹਾਂ ਦਾ ਇੱਕ ਮਾਰਚ ਸਰਕਾਰ ਖਿਲਾਫ਼ ਦੇਸ਼ ਵਿਆਪੀ ਅੰਦੋਲਨ ਦਾ ਕੇਂਦਰ ਬਣ ਸਕਦਾ ਹੈ ਜੇਕਰ ਇਸ ਦੀ ਅਗਵਾਈ ਕੋਈ ਹਰਮਨ ਪਿਆਰਾ ਆਗੂ ਕਰ ਰਿਹਾ ਹੋਵੇ।
ਅਜੇ ਵੀ ਇਸ ਗੱਲ ਦਾ ਕੋਈ ਸਬੂਤ ਨਹੀਂ ਹੈ ਕਿ ਰਾਹੁਲ ਗਾਂਧੀ ਇੱਕ ਹਰਮਨ ਪਿਆਰੇ ਹਨ: ਇੱਕ ਨਵੇਂ ਓਪੀਨੀਅਨ ਪੋਲ ਤੋਂ ਪਤਾ ਲੱਗਿਆ ਹੈ ਕਿ ਜਦੋਂ ਇੱਕ ਲੱਖ ਵੀਹ ਹਜ਼ਾਰ ਲੋਕਾਂ ਨੂੰ ਭਾਰਤ ਦੇ ਅਗਲੇ ਪ੍ਰਧਾਨ ਮੰਤਰੀ ਬਾਰੇ ਪੁੱਛਿਆ ਗਿਆ ਤਾਂ, ਸਿਰਫ਼ 9% ਨੇ ਰਾਹੁਲ ਗਾਂਧੀ ਦਾ ਨਾਮ ਲਿਆ ਜਦਕਿ ਅੱਧਿਆਂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਨਾਮ ਲਿਆ।

ਤਸਵੀਰ ਸਰੋਤ, Getty Images
ਭਾਜਪਾ ਦੇ ਕੌਮੀ ਉਪ-ਪ੍ਰਧਾਨ ਬੈਜਯੰਤ ਜੈ ਪਾਂਡਾ ਨੇ ਕਿਹਾ, "ਕੋਈ ਵੀ ਜਨਤਕ ਮੁਹਿੰਮ ਉਸ ਦੇ ਨੇਤਾ ਦੀ ਭਰੋਸੇਯੋਗਤਾ ਦੇ ਬੁਨਿਆਦੀ ਤੌਰ ਤਰੀਕਿਆਂ ਤੋਂ ਬਿਨਾਂ ਸਫ਼ਲ ਨਹੀਂ ਹੋ ਸਕਦੀ।''
ਉਹ ਕਹਿੰਦੇ ਹਨ, "ਦੋ ਦਹਾਕਿਆਂ ਵਿੱਚ ਰਾਹੁਲ ਗਾਂਧੀ ਨੇ ਵਾਰ-ਵਾਰ ਜਨਤਾ ਨਾਲ ਪੂਰਨ ਸੰਪਰਕ ਦੀ ਘਾਟ ਦਿਖਾਈ ਹੈ ਅਤੇ ਉਨ੍ਹਾਂ ਵਿੱਚ ਭਰੋਸੇਯੋਗਤਾ ਦਾ ਇੱਕ ਕਿਣਕਾ ਵੀ ਨਹੀਂ ਬਚਿਆ ਹੈ।"
ਇਹ ਵੀ ਪੜ੍ਹੋ :
ਇਸ ਲਈ ਪਾਰਟੀ ਨੂੰ ਉਮੀਦ ਹੈ ਕਿ ਇਹ ਮਾਰਚ ਰਾਹੁਲ ਗਾਂਧੀ ਦੇ ਅਕਸ ਨੂੰ ਸੁਧਾਰਨ ਵਿੱਚ ਮਦਦ ਕਰੇਗਾ।
ਰਾਜਨੀਤਿਕ ਵਿਗਿਆਨੀ ਜ਼ੋਇਆ ਹਸਨਜਿਸ ਨੇ ਕਾਂਗਰਸ ਬਾਰੇ ਲੰਬਾ-ਚੌੜਾ ਲਿਖਿਆ ਹੈ, ਉਹ ਕਹਿੰਦੇ ਹਨ ਲੰਬਾ ਮਾਰਚ ਉਨ੍ਹਾਂ ਨੂੰ ਇੱਕ ਰਾਸ਼ਟਰੀ ਨੇਤਾ ਦੇ ਰੂਪ ਵਿੱਚ "ਮੁੜ ਲਾਂਚ" ਕਰਨ ਦੀ ਕੋਸ਼ਿਸ਼ ਵਾਂਗ ਜਾਪਦਾ ਹੈ।
ਉਹ ਕਹਿੰਦੇ ਹਨ, "ਅਜਿਹੇ ਸਮੇਂ ਲੋਕਾਂ ਨੂੰ ਇਕਜੁੱਟ ਕਰਨ 'ਤੇ ਧਿਆਨ ਕੇਂਦਰਿਤ ਕਰਨਾ ਜਦੋਂ ਭਾਰਤੀ ਸਮਾਜ ਬੇਹੱਦ ਧਰੁਵੀਕ੍ਰਿਤ ਹੈ, ਇੱਕ ਵਧੀਆ ਸੰਦੇਸ਼ ਹੈ, ਅਤੇ ਸਾਰਿਆਂ ਨੂੰ ਇਸ ਦਾ ਸਵਾਗਤ ਕਰਨਾ ਚਾਹੀਦਾ ਹੈ।"

ਤਸਵੀਰ ਸਰੋਤ, Getty Images
ਫਿਰ ਵੀ ਭਾਰਤ ਵਿੱਚ ਲੰਬੇ ਮਾਰਚਾਂ ਦਾ ਹਾਲੀਆ ਇਤਿਹਾਸ ਮਿਲੇ-ਜੁਲੇ ਨਤੀਜੇ ਪੇਸ਼ ਕਰਦਾ ਹੈ।
ਸਿਆਸੀ ਮਾਰਚਾਂ ਦਾ ਇਤਿਹਾਸ
1983 ਵਿੱਚ ਵਿਰੋਧੀ ਧਿਰ ਦੇ ਨੇਤਾ ਚੰਦਰ ਸ਼ੇਖਰ ਨੇ ਆਪਣੇ ਆਪ ਨੂੰ ਜ਼ਮੀਨੀ ਪੱਧਰ ਦੇ ਨੇਤਾ ਵਜੋਂ ਦਿਖਾਉਣ ਲਈ ਛੇ ਮਹੀਨੇ ਦੀ 4,000 ਕਿਲੋਮੀਟਰ ਲੰਬੀ ਦੇਸ਼ ਵਿਆਪੀ ਯਾਤਰਾ ਕੀਤੀ। ਲੋਕਾਂ ਨੇ 56 ਸਾਲਾ ਸਿਆਸਤਦਾਨ ਨੂੰ "ਮੈਰਾਥਨ ਮੈਨ" ਕਿਹਾ।
ਪਰ ਇਸ ਮਾਰਚ ਨੇ ਉਨ੍ਹਾਂ ਨੂੰ ਕੋਈ ਸਿਆਸੀ ਲਾਭ ਨਹੀਂ ਦਿੱਤਾ। ਅਗਲੇ ਸਾਲ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੀ ਹੱਤਿਆ ਤੋਂ ਬਾਅਦ ਕਾਂਗਰਸ ਨੇ ਹਮਦਰਦੀ ਦੀ ਲਹਿਰ 'ਤੇ ਸਵਾਰ ਹੋ ਕੇ ਭਾਰੀ ਜਿੱਤ ਪ੍ਰਾਪਤ ਕੀਤੀ।
ਭਾਰਤੀ ਰਾਜਨੀਤੀ ਨੂੰ ਬਦਲਣ ਵਾਲੀ ਇੱਕ ਹੋਰ ਮਹੱਤਵਪੂਰਨ ਦੇਸ਼ ਵਿਆਪੀ ਯਾਤਰਾ 1990 ਵਿੱਚ ਬੀਜੇਪੀ ਨੇਤਾ ਲਾਲ ਕ੍ਰਿਸ਼ਨ ਅਡਵਾਨੀ ਦੁਆਰਾ ਕੀਤੀ ਗਈ ਸੀ।
ਉਨ੍ਹਾਂ ਨੇ ਪੱਛਮ ਵਿੱਚ ਸੋਮਨਾਥ ਦੇ ਪ੍ਰਾਚੀਨ ਮੰਦਰ ਸ਼ਹਿਰ ਤੋਂ ਉੱਤਰ ਵਿੱਚ ਅਯੁੱਧਿਆ ਤੱਕ ਇੱਕ ਮਿੰਨੀ-ਟਰੱਕ ਵਿੱਚ 10,000 ਕਿਲੋਮੀਟਰ ਦੀ ਯਾਤਰਾ ਦੀ ਯੋਜਨਾ ਬਣਾਈ, ਜੋ ਇੱਕ ਰੱਥ ਵਰਗਾ ਦਿਖਾਈ ਦਿੰਦਾ ਸੀ।
ਇਹ ਅਯੁੱਧਿਆ ਵਿੱਚ ਬਾਬਰੀ ਮਸਜਿਦ ਵਾਲੀ ਥਾਂ 'ਤੇ ਮੰਦਰ ਬਣਾਉਣ ਦੀ ਮੁਹਿੰਮ ਨੂੰ ਸਮਰਥਨ ਜੁਟਾਉਣ ਲਈ ਕੀਤੀ ਗਈ ਸੀ। (ਇਸ ਦੇ ਵਿਨਾਸ਼ ਨਾਲ ਭਾਰਤ ਦੇ ਇਤਿਹਾਸ ਵਿੱਚ ਸਭ ਤੋਂ ਘਾਤਕ ਧਾਰਮਿਕ ਹਿੰਸਾ ਹੋਈ।)
ਅਡਵਾਨੀ ਦੀ ਯਾਤਰਾ ਸ਼ੁਰੂ ਕਰਨ ਤੋਂ ਮਹਿਜ਼ ਇੱਕ ਮਹੀਨੇ ਬਾਅਦ ਹੀ ਉਨ੍ਹਾਂ ਦਾ ਦੌਰਾ ਰੋਕ ਦਿੱਤਾ ਗਿਆ ਅਤੇ ਉਨ੍ਹਾਂ ਨੂੰ ਬਿਹਾਰ ਵਿੱਚ ਤਤਕਾਲੀ ਮੁੱਖ ਮੰਤਰੀ ਅਤੇ ਵਿਰੋਧੀ ਆਗੂ ਲਾਲੂ ਪ੍ਰਸਾਦ ਯਾਦਵ ਨੇ ਗ੍ਰਿਫ਼ਤਾਰ ਕਰ ਲਿਆ ਸੀ।

ਤਸਵੀਰ ਸਰੋਤ, Getty Images
ਲਾਲੂ ਪ੍ਰਸਾਦ ਯਾਦਵ ਨੇ ਕਿਹਾ ਕਿ ਉਨ੍ਹਾਂ ਨੇ "ਮਨੁੱਖਤਾ ਨੂੰ ਬਚਾਉਣ" ਲਈ ਅਜਿਹਾ ਕੀਤਾ ਹੈ। ਅਡਵਾਨੀ ਦੀ ਯਾਤਰਾ ਭਾਜਪਾ ਦੇ ਸੱਭਿਆਚਾਰਕ ਰਾਸ਼ਟਰਵਾਦ ਦੇ ਏਜੰਡੇ ਨੂੰ ਆਪਣੀ ਪਾਰਟੀ ਦੇ ਪ੍ਰੋਗਰਾਮ ਦੇ ਕੇਂਦਰ ਵਿੱਚ ਰੱਖਣ ਲਈ ਇੱਕ ਮਹੱਤਵਪੂਰਨ ਮੀਲ ਪੱਥਰ ਬਣਨ ਦੀ ਸੀ।
ਬ੍ਰਿਟਿਸ਼ ਸ਼ਾਸਨ ਦਾ ਵਿਰੋਧ ਕਰਨ ਲਈ 1930 ਵਿੱਚ ਗੁਜਰਾਤ ਦੇ ਪੱਛਮੀ ਤੱਟ 'ਤੇ ਮਹਾਤਮਾ ਗਾਂਧੀ ਦਾ 380 ਕਿਲੋਮੀਟਰ ਦਾ ਮਾਰਚ ਭਾਰਤ ਦਾ ਹੁਣ ਤੱਕ ਦਾ ਸਭ ਤੋਂ ਇਤਿਹਾਸਕ ਮਾਰਚ ਹੈ। ਗਾਂਧੀ, ਉਦੋਂ 61 ਸਾਲ ਦੇ ਸਨ, ਉਨ੍ਹਾਂ ਦੀ ਪਿੰਡ ਵਾਸੀਆਂ ਨੇ ਮੇਜ਼ਬਾਨੀ ਕੀਤੀ, ਖੁਆਇਆ ਅਤੇ ਆਪਣੇ ਨਾਲ ਰੱਖਿਆ।
ਜੇ ਉਨ੍ਹਾਂ ਦੇ ਸਰੀਰ ਨੇ ਹਾਰ ਮੰਨ ਲਈ ਤਾਂ ਉਨ੍ਹਾਂ ਨੂੰ ਲਿਜਾਣ ਲਈ ਉਨ੍ਹਾਂ ਕੋਲ ਇੱਕ ਟੱਟੂ ਸੀ। ਪਰ ਉਹ ਚੱਲਦੇ ਰਹੇ, ਅਤੇ ਅੰਤ ਵਿੱਚ, ਮੀਡੀਆ ਨੇ ਮਾਰਚ ਨੂੰ "ਮਹਾਂਕਾਵ ਅਤੇ ਮਿਥਿਹਾਸਕ" ਦੱਸਿਆ।
ਲੰਬੇ ਮਾਰਚਾਂ ਨੂੰ ਪ੍ਰਤੀਕਵਾਦ ਨਾਲ ਭਰਪੂਰ ਮੰਨਿਆ ਜਾਂਦਾ ਹੈ। ਉਦਾਹਰਨ ਵਜੋਂ ਅਕਤੂਬਰ 1934 ਵਿੱਚ 86,000 ਰੈੱਡ ਆਰਮੀ ਦੇ ਜਵਾਨਾਂ ਨਾਲ ਮਾਓ ਦਾ 8,000 ਮੀਲ ਮਾਰਚ ਆਧੁਨਿਕ ਚੀਨ ਦੀ ਸੰਸਥਾਪਕ ਮਿੱਥ ਸੀ। ਮਾਓ ਨੇ ਨਵੇਂ ਚੀਨ ਦੇ ਨਿਰਮਾਣ ਲਈ ਮਾਰਚ ਨੂੰ ਧੀਰਜ ਦਾ ਪ੍ਰਤੀਕ ਕਿਹਾ ਸੀ।
ਹੁਣ ਕਿੰਨੀ ਕਾਰਗਰ ਹੈ ਮਾਰਚ ਦੀ ਸਿਆਸਤ
ਪਰ ਭਾਜਪਾ ਦੇ ਸ੍ਰੀ ਪਾਂਡਾ ਨੇ ਕਿਹਾ ਕਿ ਕਿਉਂਕਿ "ਮੈਸੇਜਿੰਗ ਅਤੇ ਸੋਸ਼ਲ ਮੀਡੀਆ ਅਤੇ ਹੋਰ ਕਿਸਮਾਂ ਦੇ ਜਨਤਕ ਇਕੱਠਾਂ ਦੁਆਰਾ ਸੰਦੇਸ਼ ਭੇਜਣ ਦੇ ਨਵੇਂ ਤਰੀਕੇ ਸ਼ੁਰੂ ਹੋ ਗਏ ਹਨ।" ਲੰਬੇ ਮਾਰਚ ਉਦੋਂ ਹੀ ਸਫਲ ਹੋਣਗੇ ਜਦੋਂ ਨੇਤਾ ਕੋਲ "ਜਨਤਕ ਸੰਪਰਕ ਅਤੇ ਭਰੋਸੇਯੋਗਤਾ" ਹੋਵੇਗੀ।
ਇਹ ਅੰਦਾਜ਼ਾ ਲਗਾਉਣਾ ਮੁਸ਼ਕਲ ਹੈ ਕਿ ਕੀ ਰਾਹੁਲ ਗਾਂਧੀ ਦਾ ਲੰਬਾ ਮਾਰਚ ਉਨ੍ਹਾਂ ਦੀ ਪਾਰਟੀ ਨੂੰ ਮੁੜ ਸੁਰਜੀਤ ਕਰੇਗਾ ਜਾਂ ਸਿਆਸੀ ਤਬਦੀਲੀ ਦਾ ਧੁਰਾ ਬਣੇਗਾ।

ਤਸਵੀਰ ਸਰੋਤ, Twitter
ਥਰੂਰ ਕਹਿੰਦੇ ਹਨ, "ਭਾਰਤ ਦੀ ਆਤਮਾ ਲਈ ਸੰਘਰਸ਼, ਮਾਰਚ ਖ਼ਤਮ ਹੋਣ ਤੋਂ ਬਾਅਦ ਖ਼ਤਮ ਨਹੀਂ ਹੋਵੇਗਾ।"
ਅਸ਼ੋਕਾ ਯੂਨੀਵਰਸਿਟੀ ਦੇ ਇਤਿਹਾਸ ਅਤੇ ਵਾਤਾਵਰਨ ਅਧਿਐਨ ਦੇ ਪ੍ਰੋਫੈਸਰ ਮਹੇਸ਼ ਰੰਗਰਾਜਨ ਵਰਗੇ ਹੋਰਾਂ ਦਾ ਮੰਨਣਾ ਹੈ ਕਿ ਬਹੁਤ ਕੁਝ ਰਾਹੁਲ ਗਾਂਧੀ ਦੇ ਸੰਦੇਸ਼ 'ਤੇ ਨਿਰਭਰ ਕਰੇਗਾ।
ਉਨ੍ਹਾਂ ਨੇ ਪੁੱਛਿਆ, "ਕੀ ਤੁਸੀਂ ਉਨ੍ਹਾਂ ਦੇ ਪੱਖ ਅਤੇ ਵਿਰੋਧ ਵਿੱਚ ਰੈਲੀ ਕਰ ਰਹੇ ਹੋ? ਮਾਰਚ ਤੁਹਾਨੂੰ ਰਾਜਨੀਤੀ ਦੇ ਕੇਂਦਰ ਵਿੱਚ ਕਿਵੇਂ ਰੱਖੇਗਾ?"
ਪੋਲਸਟਰ ਯਸ਼ਵੰਤ ਦੇਸ਼ਮੁਖ ਨੇ ਕਿਹਾ, "ਕਿਸੇ ਵੀ ਮਾਪਦੰਡ ਨੂੰ ਦੇਖੋ ਅਤੇ ਸ਼੍ਰੀ ਮੋਦੀ ਦੀ ਨਾਮੰਨਣਯੋਗ ਹਰਮਨ ਪਿਆਰਤਾ ਅਤੇ ਵੋਟਰਾਂ ਦਾ ਉਨ੍ਹਾਂ 'ਤੇ ਭਰੋਸਾ ਕਈ ਵਾਰ ਤਰਕ ਨੂੰ ਖਾਰਜ ਕਰਦਾ ਹੈ।"
ਕਈਆਂ ਦਾ ਮੰਨਣਾ ਹੈ ਕਿ ਇਸ ਨਾਲ ਰਾਹੁਲ ਗਾਂਧੀ ਦਾ ਕੰਮ ਔਖਾ ਹੋ ਜਾਂਦਾ ਹੈ।
ਪ੍ਰੋ. ਰੰਗਰਾਜਨ ਨੇ ਕਿਹਾ, "ਲੋਕ ਔਖੇ ਦੌਰ ਵਿੱਚੋਂ ਗੁਜ਼ਰ ਰਹੇ ਹੋਣਗੇ। ਪਰ ਕੀ ਲੋਕ ਮੰਨਦੇ ਹਨ ਕਿ ਇਸ ਲਈ ਸਰਕਾਰ ਜ਼ਿੰਮੇਵਾਰ ਹੈ? ਕੀ ਉਹ ਸੱਤਾਧਾਰੀ ਪਾਰਟੀ ਤੋਂ ਇੰਨੇ ਅਸੰਤੁਸ਼ਟ ਹਨ ਕਿ ਉਹ ਕਿਸੇ ਹੋਰ ਪਾਰਟੀ ਨੂੰ ਮੌਕਾ ਦੇ ਸਕਣ?"
ਇਹ ਸਮਾਂ ਹੀ ਦੱਸੇਗਾ ਕਿ ਰਾਹੁਲ ਗਾਂਧੀ ਦੀ ਯਾਤਰਾ ਸਫਲ ਹੁੰਦੀ ਹੈ ਜਾਂ ਅਸਫਲ।
ਇਹ ਵੀ ਪੜ੍ਹੋ :












