ਕਾਰ ਨਾਲ ਘੜੀਸ ਕੇ ਮਾਰੀ ਅੰਜਲੀ : ਇੰਸਟਾ ਰੀਲਾਂ ਪਾਉਣ ਤੋਂ ਲੈ ਕੇ ਮੁਹੱਲੇ ਦੀ ਸੜਕ ਠੀਕ ਕਰਵਾਉਣ ਦੀਆਂ ਕੋਸ਼ਿਸ਼ਾਂ ਤੱਕ

ਤਸਵੀਰ ਸਰੋਤ, Family Handout
- ਲੇਖਕ, ਦਿਲਨਵਾਜ਼ ਪਾਸ਼ਾ
- ਰੋਲ, ਬੀਬੀਸੀ ਪੱਤਰਕਾਰ
20 ਸਾਲ ਦੀ ਅੰਜਲੀ ਸਿੰਘ ਦੀ ਮੌਤ ਇੱਕ ਦਰਦਨਾਕ ਹਿੱਟ-ਐਂਡ-ਰਨ ਕੇਸ ਵਿੱਚ ਭਾਰਤ ਦੀ ਰਾਜਧਾਨੀ ਦਿੱਲੀ ’ਚ ਨਵੇਂ ਸਾਲ ਮੌਕੇ ਹੋਈ।
ਇੱਕ ਕਾਰ ਅੰਜਲੀ ਨੂੰ ਘੜੀਸਦੇ ਹੋਏ ਕਈ ਕਿਲੋਮੀਟਰ ਤੱਕ ਲੈ ਗਈ। ਇਸ ਮੌਤ ਤੋਂ ਬਾਅਦ ਭਾਰਤ ਵਿੱਚ ਮੁਜ਼ਾਹਰੇ ਵੀ ਹੋਏ।
ਅੰਜਲੀ ਦੇ ਪਰਿਵਾਰ ਵਾਲੇ ਉਨ੍ਹਾਂ ਨੂੰ ਯਾਦ ਕਰਦਿਆਂ ਇੱਕ ਹੱਸਮੁੱਖ ਸੁਭਾਅ ਵਾਲੀ ਕੁੜੀ ਦੱਸਦੇ ਹਨ, ਜਿਨ੍ਹਾਂ ਨੂੰ ਇੰਸਟਾਗ੍ਰਾਮ ਉੱਤੇ ਰੀਲ ਬਣਾਉਣ ਅਤੇ ਬੱਚਿਆਂ ਨਾਲ ਖੇਡਣ ਦਾ ਸ਼ੌਂਕ ਸੀ।
ਅੰਜਲੀ ਸਿੰਘ ਦੇ ਸੁਪਨੇ ਉਸ ਕੜਕਦੀ ਰਾਤ ਵਿੱਚ ਉਨ੍ਹਾਂ ਦੀ ਮੌਤ ਦੇ ਨਾਲ ਹੀ ਖ਼ਤਮ ਹੋ ਗਏ।
ਅੰਜਲੀ ਦੀ ਹੁਣ ਬੰਦ ਪਈ ਇੰਸਟਾਗ੍ਰਾਮ ਪ੍ਰੋਫ਼ਾਈਲ ਉੱਤੇ ਅੰਜਲੀ ਨੇ ਚਮਚਮਾਉਂਦੇ ਕੱਪੜਿਆਂ ਵਿੱਚ ਆਪਣੀਆਂ ਉਹ ਵੀਡੀਓਜ਼ ਪਾਈਆਂ ਹਨ। ਜਿਸ ਵਿੱਚ ਉਹ ਮਸ਼ਹੂਰ ਬਾਲੀਵੁੱਡ ਗੀਤਾਂ ਉੱਤੇ ਨੱਚ ਰਹੇ ਹਨ, ਜਿਵੇਂ ਕਿ ਉਨ੍ਹਾਂ ਨੂੰ ਦੁਨੀਆ ਦੀ ਕੋਈ ਪਰਵਾਹ ਨਹੀਂ ਸੀ।
ਉਨ੍ਹਾਂ ਦੀ ਅਸਲ ਜ਼ਿੰਦਗੀ ਬਿਲਕੁਲ ਵੱਖਰੀ ਸੀ।
ਅੰਜਲੀ ਆਪਣੇ ਪਰਿਵਾਰ ਦੇ ਇਕਲੌਤੇ ਕਮਾਉਣ ਵਾਲੇ ਮੈਂਬਰ ਸਨ, ਉਹ ਉਸ ਪਰਿਵਾਰ ਤੋਂ ਸਨ ਜੋ ਆਰਥਿਕ ਤੌਰ ਉੱਤੇ ਬਦਹਾਲ ਭਾਰਤੀਆਂ ਲਈ ਸਰਕਾਰ ਵੱਲੋਂ ਵੰਡੇ ਜਾਂਦੇ ਮੁਫ਼ਤ ਖਾਣੇ ਉੱਤੇ ਨਿਰਭਰ ਸੀ।
ਅੰਜਲੀ ਦੀ ਮਾਂ ਰੇਖਾ ਕਹਿੰਦੇ ਹਨ ਕਿ ਜ਼ਿੰਦਗੀ ਔਖੀ ਸੀ ਪਰ ਉਨ੍ਹਾਂ ਕਦੇ ਵੀ ਉਮੀਦ ਨਹੀਂ ਛੱਡੀ ਸੀ।
ਅੰਜਲੀ ਦੀ ਮੌਤ ਨਵੇਂ ਸਾਲ ਦੇ ਦਿਨ ਹੋਈ ਜਦੋਂ ਉਹ ਆਪਣੀ ਸਕੂਟੀ ਉੱਤੇ ਸਨ ਅਤੇ ਉਨ੍ਹਾਂ ਦੀ ਟੱਕਰ ਕਾਰ ਨਾਲ ਹੋਈ।
ਪੁਲਿਸ ਮੁਤਾਬਕ ਕਾਰ ਵਿੱਚ ਸਵਾਰ ਪੰਜ ਲੋਕ ਕਾਰ ਨਾਲ ਟੱਕਰ ਲੱਗਣ ਤੋਂ ਬਾਅਦ ਘਬਰਾ ਗਏ ਅਤੇ ਕੁੜੀ ਨੂੰ ਕਈ ਕਿਲੋਮੀਟਰ ਤੱਕ ਕਾਰ ਨਾਲ ਘੜੀਸਦੇ ਰਹੇ। ਇਨ੍ਹਾਂ ਪੰਜਾਂ ਨੂੰ ਗ੍ਰਿਫ਼ਤਾਰ ਕੀਤਾ ਜਾ ਚੁੱਕਿਆ ਹੈ।
ਪੋਸਟ ਮਾਰਟਮ ਰਿਪੋਰਟ ਮੁਤਾਬਕ ਅੰਜਲੀ ਦੀ ਮੌਤ ਦਾ ਅਸਥਾਈ ਕਾਰਨ ‘‘ਸਿਰ, ਰੀੜ੍ਹ ਦੀ ਹੱਡੀ, ਖੱਬੇ ਪੈਰ ਅਤੇ ਦੋਵੇਂ ਹੇਠਲੇ ਅੰਗਾਂ ’ਤੇ ਸੱਟ ਲੱਗਣ ਕਾਰਨ ਸਦਮਾ ਅਤੇ ਹੈਮਰੇਜ’’ ਸੀ।
ਪਰਿਵਾਰ ਨੇ ਦੋਸ਼ ਲਾਇਆ ਸੀ ਕਿ ਅੰਜਲੀ ਦਾ ਜਿਨਸੀ ਸ਼ੋਸ਼ਣ ਕੀਤਾ ਗਿਆ ਸੀ ਕਿਉਂਕਿ ਜਦੋਂ ਲਾਸ਼ ਬਰਾਮਦ ਕੀਤੀ ਗਈ ਸੀ ਤਾਂ ਲਾਸ਼ ਨਗਨ ਸੀ, ਪਰ ਪੁਲਿਸ ਨੇ ਕਿਹਾ ਹੈ ਕਿ ਪੋਸਟਮਾਰਟਮ ਦੀ ਜਾਂਚ ਵਿਚ ਇਸ ਦੇ ਕੋਈ ਸੰਕੇਤ ਨਹੀਂ ਮਿਲੇ।
ਜਾਂਚ ਅਜੇ ਜਾਰੀ ਹੈ ਤੇ ਅੰਜਲੀ ਦੇ ਰਿਸ਼ਤੇਦਾਰ ਇਹ ਜਾਣਨ ਲਈ ਸੰਘਰਸ਼ ਕਰ ਰਹੇ ਹਨ ਕਿ ਅੰਜਲੀ ਨਾਲ ਕੀ ਹੋਇਆ ਸੀ।

ਇਹ ਵੀ ਪੜ੍ਹੋ:

ਇੱਕ ਜ਼ਿੰਮੇਵਾਰ ਧੀ


ਕੇਸ ਦਾ ਸੰਖ਼ੇਪ ਵੇਰਵਾ
- 31 ਦਸੰਬਰ ਦੀ ਰਾਤ ਸ਼ੱਕੀ ਹਾਲਾਤ ਵਿੱਚ 20 ਸਾਲਾ ਕੁੜੀ ਅੰਜਲੀ ਦੀ ਮੌਤ ਹੋ ਗਈ ਸੀ
- ਦਿੱਲੀ ਦੇ ਕੰਝਾਵਲਾ ਇਲਾਕੇ ਵਿੱਚ ਕਾਰ ਕੁੜੀ ਨੂੰ ਕਈ ਕਿਲੋਮੀਟਰ ਘੜੀਸਦੀ ਲੈ ਗਈ ਸੀ
- 1 ਜਨਵਰੀ ਨੂੰ ਕੁੜੀ ਦੀ ਲਾਸ਼ ਦਿੱਲੀ ਦੇ ਜੌਂਤੀ ਪਿੰਡ ਇਲਾਕੇ ਵਿੱਚ ਨਗਨ ਹਾਲਾਤ ਵਿੱਚ ਮਿਲੀ ਸੀ
- ਕੁੜੀ ਦੀ ਮਾਂ ਦਾ ਕਹਿਣਾ ਹੈ, ‘‘ਉਹ ਰੋਜ਼ਾਨਾ 500 ਰੁਪਏ ਕਮਾਉਂਦੀ ਸੀ, ਉਸੇ ਨਾਲ ਸਾਡਾ ਪਰਿਵਾਰ ਚੱਲ ਰਿਹਾ ਸੀ’’
- ਸੋਮਵਾਰ ਨੂੰ ਦਿੱਲੀ ਦੇ ਸੁਲਤਾਨਪੁਰੀ ਪੁਲਿਸ ਥਾਣੇ ਬਾਹਰ ਵੱਡੀ ਗਿਣਤੀ ਵਿੱਚ ਸਥਾਨਕ ਲੋਕਾਂ ਨੇ ਪੁਲਿਸ ਦੀ ਕਾਰਵਾਈ ਤੋਂ ਨਾਖ਼ੁਸ਼ ਹੋ ਕੇ ਉਸ ਖ਼ਿਲਾਫ਼ ਪ੍ਰਦਰਸ਼ਨ ਕੀਤਾ ਸੀ
- ਦਿੱਲੀ ਪੁਲਿਸ ਨੇ ਇਸ ਮਾਮਲੇ ਵਿੱਚ ਪੰਜ ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਹੈ, ਇਹ ਸਾਰੇ ਮੰਗੋਲਪੁਰੀ ਦੇ ਰਹਿਣ ਵਾਲੇ ਹਨ
- ਇਸ ਘਟਨਾ ਨਾਲ ਜੁੜੇ ਕਈ ਚਸ਼ਮਦੀਦ ਵੀ ਸਾਹਮਣੇ ਆਏ ਹਨ ਜੋ ਪੁਲਿਸ ਦੇ ਕੰਮਕਾਜ ਦੇ ਤਰੀਕੇ ਉੱਤੇ ਗੰਭੀਰ ਸਵਾਲ ਖੜੇ ਕਰ ਰਹੇ ਹਨ।
- ਐਫ਼ਆਈਆਰ ਮੁਤਾਬਕ, ਇਹ ਘਟਨਾ ਰਾਤ ਕਰੀਬ ਦੋ ਵਜੇ ਕ੍ਰਿਸ਼ਣ ਵਿਹਾਰ ਦੇ ਸ਼ਨੀ ਬਾਜ਼ਾਰ ਰੋਡ ਉੱਤੇ ਹੋਈ। ਇਹ ਇਲਾਕਾ ਸੁਲਤਾਨਪੁਰੀ ਪੁਲਿਸ ਥਾਣੇ ਦੇ ਇੱਕ ਕਿਲੋਮੀਟਰ ਦੇ ਦਾਇਰੇ ਵਿੱਚ ਹੀ ਹੈ।
- ਪੁਲਿਸ ਮੁਤਾਬਕ ਇਹ ਘਟਨਾ ਸੜਕ ਹਾਦਸਾ ਕਰਕੇ ਦੋਸ਼ੀਆਂ ਦੇ ਭੱਜਣ ਦਾ ਮਾਮਲਾ ਹੈ, ਕੁੜੀ ਨਾਲ ਬਲਾਤਕਾਰ ਨੇ ਕੋਈ ਸਬੂਤ ਨਹੀਂ ਮਿਲੇ ਹਨ

ਅੰਜਲੀ ਦਲਿਤ ਭਾਈਚਾਰੇ ਨਾਲ ਸਬੰਧਤ ਸਨ, ਜੋ ਕਿ ਭਾਰਤ ਵਿੱਚ ਹਾਸ਼ੀਏ ’ਤੇ, ਮੁਆਫ਼ ਨਾ ਕਰਨ ਵਾਲੇ ਜਾਤੀ ਲੜੀ ਦੇ ਹੇਠਲੇ ਹਿੱਸੇ ਵਿੱਚ ਹੈ।
ਉਹ ਉੱਤਰ-ਪੱਛਮੀ ਦਿੱਲੀ ਦੇ ਮੰਗੋਲਪੁਰੀ ਇਲਾਕੇ ਵਿੱਚ ਇੱਕ ਛੋਟੇ ਜਿਹੇ ਘਰ ਵਿੱਚ ਰਹਿੰਦੇ ਸੀ, ਜਿਸ ਵਿੱਚ ਇੱਕ ਕਮਰਾ ਅਤੇ ਇੱਕ ਰਸੋਈ ਸੀ।
ਉਹ ਛੇ ਭੈਣ ਭਰਾਵਾਂ ਵਿੱਚੋਂ ਦੂਜੇ ਨੰਬਰ ਉੱਤੇ ਸੀ ਅਤੇ ਛੋਟੀ ਉਮਰੇ ਉਨ੍ਹਾਂ ਆਪਣੇ ਪਰਿਵਾਰ ਦਾ ਸਾਥ ਦੇਣ ਲਈ ਸਕੂਲ ਛੱਡ ਦਿੱਤਾ ਸੀ।
ਅੰਜਲੀ ਦੇ ਪਿਤਾ ਅਤੇ ਰੇਖਾ ਦੇ ਪਤਨੀ ਦੀ 8 ਸਾਲ ਪਹਿਲਾਂ ਮੌਤ ਹੋ ਗਈ ਸੀ। ਰੇਖਾ ਇੱਕ ਸਕੂਲ ਵਿੱਚ ਕਰਮਚਾਰੀ ਸਨ ਪਰ ਉਨ੍ਹਾਂ ਨੂੰ ਕੋਵਿਡ ਲੌਕਡਾਊਨ ਦੌਰਾਨ ਆਪਣੀ ਨੌਕਰੀ ਗੁਆਉਣੀ ਪਈ।
ਉਸੇ ਸਮੇਂ ਦੌਰਾਨ ਰੇਖਾ ਕਿਡਨੀ ਦੀ ਬਿਮਾਰੀ ਤੋਂ ਪੀੜਤ ਹੋ ਗਏ ਅਤੇ ਉਨ੍ਹਾਂ ਲਈ ਕੰਮ ਕਰਨਾ ਅਸੰਭਵ ਹੋ ਗਿਆ।
ਰੇਖਾ ਦੱਸਦੇ ਹਨ, ‘‘ਇਸ ਤੋਂ ਬਾਅਦ ਅੰਜਲੀ ਨੇ ਪੂਰੇ ਪਰਿਵਾਰ ਦੀ ਜ਼ਿੰਮੇਵਾਰੀ ਚੁੱਕ ਲਈ।’’
ਅੰਜਲੀ ਨੇ ਸਥਾਨਕ ਬਿਊਟੀ ਪਾਰਲਰ ਤੋਂ ਮੇਕ ਅੱਪ ਕਰਨਾ ਸਿੱਖਿਆ ਅਤੇ ਜਲਦੀ ਹੀ ਗੁਆਂਢੀਆਂ ਨੂੰ ਵਿਆਹਾਂ ਅਤੇ ਹੋਰ ਫੰਕਸ਼ਨਾਂ ਲਈ ਤਿਆਰ ਹੋਣ ਵਿੱਚ ਮਦਦ ਕਰਨ ਲੱਗੇ।
ਉਹ ਵਿਆਹਾਂ ਵਿੱਚ ਕੰਮ ਕਰਕੇ ਵੀ ਪੈਸੇ ਕਮਾਉਂਦੇ ਸਨ, ਜਿੱਥੇ ਉਹ ਉਨ੍ਹਾਂ ਕੁੜੀਆਂ ਦੇ ਗਰੁੱਪ ਦਾ ਹਿੱਸਾ ਹੁੰਦੇ ਸਨ ਜੋ ਮਹਿਮਾਨਾਂ ਦਾ ਸਵਾਗਤ ਕਰਦੇ ਹਨ।

ਤਸਵੀਰ ਸਰੋਤ, Getty Images
ਅੰਜਲੀ ਦੀ ਮਾਂ ਰੇਖਾ ਦੱਸਦੇ ਹਨ, ‘‘ਉਹ ਕਹਿੰਦੀ ਸੀ ਕਿ ਉਹ ਵਿਆਹ ਤਾਂ ਹੀ ਕਰਵਾਏਗੀ ਜੇ ਉਸ ਦਾ ਜੀਵਨ ਸਾਥੀ ਸਾਡੇ ਨਾਲ ਰਹਿਣ ਲਈ ਤਿਆਰ ਹੋਵੇ ਤਾਂ ਜੋ ਉਸ ਸਾਡੀ ਸਾਂਭ ਸੰਭਾਲ ਜਾਰੀ ਰੱਖ ਸਕੇ।’’
ਭਾਵੇਂ ਜ਼ਿੰਦਗੀ ਔਖੀ ਸੀ ਪਰ ਅੰਜਲੀ ਹੱਸਮੁੱਖ ਅਤੇ ਆਸ਼ਾਵਾਦੀ ਰਹੀ।
ਰੇਖਾ ਦੱਸਦੇ ਹਨ, ‘‘ਉਹ ਹਮੇਸ਼ਾ ਮੁਸਕੁਰਾਉਂਦੀ ਸੀ, ਉਸ ਨੂੰ ਰੀਲਜ਼, ਵੀਡੀਓਜ਼ ਬਣਾ ਕੇ ਅਤੇ ਤਿਆਰ ਹੋ ਕੇ ਰਹਿਣਾ ਚੰਗਾ ਲੱਗਦਾ ਸੀ।’’
ਅੰਜਲੀ ਆਂਢ-ਗੁਆਂਢ ਵਿੱਚ ਜਾਣੀ ਪਛਾਣੀ ਸਨ – ਰੇਖਾ ਕਹਿੰਦੇ ਹਨ ਕਿ ਸਥਾਨਕ ਸਿਆਸਤਦਾਨਾਂ ਨੂੰ ਉਨ੍ਹਾਂ ਦੀ ਧੀ ਵੱਲੋਂ ਕੀਤੀਆਂ ਸ਼ਿਕਾਇਤਾਂ ਨੇ ਯਕੀਨੀ ਬਣਾਇਆ ਕਿ ਉਨ੍ਹਾਂ ਦੀ ਗਲੀ ਵਿੱਚ ਪਏ ਟੋਏ ਠੀਕ ਕੀਤੇ ਜਾਣ। ਮੌਤ ਤੋਂ ਪਹਿਲਾਂ ਉਹ ਇਲਾਕੇ ਵਿੱਚ ਸਹੀ ਨਿਕਾਸ ਸਿਸਟਮ ਬਣਾਉਣ ਦੀ ਕੋਸ਼ਿਸ਼ ਕਰ ਰਹੇ ਸਨ।
ਰੇਖਾ ਕਹਿੰਦੇ ਹਨ, ‘‘ਸਾਡੇ ਗੁਆਂਢੀਆਂ ਨੇ ਉਸ ਨੂੰ ਨਗਰ ਨਿਗਮ ਦੀਆਂ ਚੋਣਾਂ ਲੜਨ ਲਈ ਵੀ ਕਿਹਾ ਸੀ ਅਤੇ ਉਸ ਨੇ ਵਾਅਦਾ ਕੀਤਾ ਸੀ ਕਿ ਉਹ ਭਵਿੱਖ ਵਿੱਚ ਅਜਿਹਾ ਕਰੇਗੀ।’’
ਪੰਜ ਸਾਲ ਪਹਿਲਾਂ ਅੰਜਲੀ ਨੇ ਲੋਨ ਲਿਆ ਸੀ ਅਤੇ ਸਕੂਟੀ ਖ਼ਰੀਦੀ ਸੀ। ਉਹ ਆਪਣਾ ਲੋਨ ਲਾਹੁਣ ਹੀ ਵਾਲੇ ਸੀ ਕਿ ਉਨ੍ਹਾਂ ਦੀ ਮੌਤ ਉਸੇ ਸਕੂਟੀ ਉੱਤੇ ਹੋ ਗਈ।













