ਦਲਿਤਾਂ ਦੀ ਪਾਣੀ ਦੀ ਟੈਂਕੀ ਵਿਚ ਮਿਲਾਇਆ ਮਲ਼-ਮੂਤਰ, ਕਈ ਬੱਚੇ ਬਿਮਾਰ-ਗਰਾਊਂਡ ਰਿਪੋਰਟ

ਔਰਤਾਂ
ਤਸਵੀਰ ਕੈਪਸ਼ਨ, ਅਜੇ ਤੱਕ ਅਜਿਹਾ ਕਰਨ ਵਾਲੇ ਮੁਲਜ਼ਮਾਂ ਦੀ ਪਛਾਣ ਨਹੀਂ ਹੋ ਸਕੀ ਹੈ।

ਤਮਿਲਨਾਡੂ ਦੇ ਪੁੱਡੂਕੋਟਈ ਜ਼ਿਲ੍ਹੇ ਦੇ ਇਰਾਈਯੂਰ ਵਿੱਚ ਜਿੱਥੇ ਅਨੁਸੂਚਿਤ ਜਾਤੀਆਂ ਦੇ ਲੋਕ ਰਹਿੰਦੇ ਹਨ, ਉਸ ਖੇਤਰ ਵਿੱਚ ਪਾਣੀ ਦੀ ਟੈਂਕੀ ਵਿੱਚ ਮਲ ਮਿਲਾਇਆ ਗਿਆ।

ਜਿਸ ਕਾਰਨ ਟੈਂਕੀ ਵਾਲਾ ਪਾਣੀ ਪੀ ਕੇ ਕਈ ਬੱਚੇ ਬਿਮਾਰ ਹੋ ਗਏ। ਇਸ ਨਾਲ ਜਾਂਚ ਵਿੱਚ ਪਤਾ ਲੱਗਿਆ ਕਿ ਪਾਣੀ ਵਿੱਚ ਮਲ-ਮੂਤਰ ਮਿਲਾਇਆ ਗਿਆ ਹੈ।

ਅਜੇ ਤੱਕ ਅਜਿਹਾ ਕਰਨ ਵਾਲੇ ਮੁਲਜ਼ਮਾਂ ਦੀ ਪਛਾਣ ਨਹੀਂ ਹੋ ਸਕੀ ਹੈ।

ਜਾਂਚ ਦੌਰਾਨ ਜ਼ਿਲ੍ਹਾ ਕੁਲੈਕਟਰ ਨੂੰ ਪਤਾ ਲੱਗਾ ਕਿ ਛੂਤ-ਛਾਤ ਦੀਆਂ ਕਈ ਪ੍ਰਥਾਵਾਂ ਪ੍ਰਚੱਲਿਤ ਹਨ ਜਿਵੇਂ ਕਿ ਦਲਿਤਾਂ ਲਈ ਅਲੱਗ ਕੱਪ ਰੱਖਣਾ ਅਤੇ ਦਲਿਤਾਂ ਦੇ ਮੰਦਰ ਵਿੱਚ ਦਾਖਲੇ ਦੀ ਮਨਾਹੀ ਹੈ।

ਇਸ ਸਬੰਧੀ ਤਿੰਨ ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ।

ਜ਼ਿਲ੍ਹਾ ਪ੍ਰਸ਼ਾਸਨ ਨੇ ਦਲਿਤਾਂ ਅਤੇ ਹੋਰ ਭਾਈਚਾਰਿਆਂ ਵਿਚਕਾਰ ਸਬੰਧਾਂ ਨੂੰ ਯਕੀਨੀ ਬਣਾਉਣ ਲਈ ਸ਼ਾਂਤੀ ਵਾਰਤਾ ਕੀਤੀ।

ਅਜਿਹੀਆਂ ਖ਼ਬਰਾਂ ਵੀ ਸਨ, ਜੋ ਦਰਸਾਉਂਦੀਆਂ ਸਨ ਕਿ ਲੋਕਾਂ ਵਿੱਚ ਕੁਝ ਤਬਦੀਲੀ ਲਿਆਂਦੀ ਗਈ ਹੈ।

ਬੀਬੀਸੀ ਸਿੱਧੇ ਇਰਾਈਯੂਰ ਪਿੰਡ ਗਈ ਅਤੇ ਘਟਨਾ ਦੀ ਜ਼ਮੀਨੀ ਸਥਿਤੀ ਜਾਣਨ ਲਈ ਦੋਵਾਂ ਧਿਰਾਂ ਨਾਲ ਗੱਲ ਕੀਤੀ।

ਕਿਵੇਂ ਪਤਾ ਲੱਗਾ ਕਿ ਮਲ ਮਿਲਾਇਆ ਗਿਆ?

ਇਰਾਈਯੂਰ ਪਿੰਡ ਪੁੱਡੂਕੋਟਈ ਤੋਂ ਲਗਭਗ 20 ਕਿਲੋਮੀਟਰ ਦੀ ਦੂਰੀ 'ਤੇ ਸਥਿਤ ਹੈ। ਇਸ ਪਿੰਡ ਵਿੱਚ ਮੁਥਰੈਯਾਰ ਅਤੇ ਅਗਾਮੁਦੈਯਾਰ ਭਾਈਚਾਰਿਆਂ ਨਾਲ ਸਬੰਧਤ ਲਗਭਗ 300 ਪਰਿਵਾਰ ਹਨ।

ਇਰਾਈਯੂਰ ਵਿੱਚ ਦਾਖਲ ਹੁੰਦੇ ਹੀ ਸਾਨੂੰ ਹਰ ਪਾਸੇ ਪੁਲਿਸ ਵਾਲੇ ਦਿਖਾਈ ਦੇ ਰਹੇ ਸਨ।

ਦਲਿਤ ਇਲਾਕਿਆਂ ਅਤੇ ਉੱਚ ਜਾਤੀਆਂ ਦੇ ਇਲਾਕਿਆਂ ਵਿੱਚ ਛੋਟੇ-ਛੋਟੇ ਸਮੂਹਾਂ ਵਿੱਚ ਲੋਕ ਅਧਿਕਾਰੀਆਂ ਵੱਲੋਂ ਪਿੰਡ ਦੇ ਕੀਤੇ ਜਾ ਰਹੇ ਦੌਰੇ ਬਾਰੇ ਚਰਚਾ ਕਰ ਰਹੇ ਸਨ।

ਇਰਾਈਯੂਰ ਦੇ ਦਲਿਤ ਖੇਤਰ ਵਿੱਚ 10,000 ਲੀਟਰ ਦੀ ਪਾਣੀ ਵਾਲੀ ਟੈਂਕੀ ਵਿੱਚੋਂ ਬਹੁਤ ਸਾਰੇ ਬੱਚਿਆਂ ਨੇ ਪਾਣੀ ਪੀਤਾ। ਅਸੀਂ ਪ੍ਰਭਾਵਿਤ ਇੱਕ ਚਾਰ ਸਾਲ ਦੇ ਬੱਚੇ ਦੀ ਮਾਂ ਪੰਡੀਚੇਲਵੀ ਨੂੰ ਮਿਲੇ।

ਉਨ੍ਹਾਂ ਦਾ ਕਹਿਣਾ ਹੈ, "ਅਸੀਂ ਸਰਕਾਰੀ ਹਸਪਤਾਲ ਗਏ ਕਿਉਂਕਿ ਬੁਖਾਰ 2 ਦਿਨਾਂ ਤੋਂ ਬਾਅਦ ਵੀ ਨਹੀਂ ਉਤਰਿਆ। ਮੇਰਾ ਬੇਟਾ ਲਗਾਤਾਰ ਉਲਟੀਆਂ ਅਤੇ ਦਸਤ ਕਰ ਰਿਹਾ ਸੀ। ਉਸ ਦਾ ਬੁਖਾਰ ਸੱਤ ਦਿਨ ਬਾਅਦ ਵੀ ਘੱਟ ਨਹੀਂ ਹੋਇਆ।"

ਔਰਤ ਅਤੇ ਬੱਚਾ
ਤਸਵੀਰ ਕੈਪਸ਼ਨ, 30,000 ਲੀਟਰ ਦੀ ਸਾਂਝੀ ਟੈਂਕੀ ਦਾ ਪਾਣੀ ਸਪਲਾਈ ਲਈ ਵਰਤਿਆ ਗਿਆ।

"ਸਾਡੇ ਪਿੰਡ ਦੇ ਹੋਰ ਵੀ ਕਈ ਬੱਚੇ ਬੁਖਾਰ ਅਤੇ ਦਸਤ ਤੋਂ ਪੀੜਤ ਸਨ, ਤਾਂ ਉਨ੍ਹਾਂ ਸਾਰਿਆਂ ਨੂੰ ਇੱਕ-ਇੱਕ ਕਰਕੇ ਹਸਪਤਾਲ ਵਿੱਚ ਦਾਖਲ ਕਰਾਇਆ ਗਿਆ।"

"ਡਾਕਟਰਾਂ ਨੇ ਸਾਡੇ ਇਲਾਕੇ ਵਿੱਚ ਪੀਣ ਵਾਲੇ ਪਾਣੀ ਦੀ ਜਾਂਚ ਕਰਨ ਲਈ ਕਿਹਾ। ਫਿਰ ਸਾਨੂੰ ਪਤਾ ਲੱਗਾ ਕਿ ਪਾਣੀ ਵਿੱਚ ਮਲ-ਮੂਤਰ ਮਿਲਾਇਆ ਹੋਇਆ ਹੈ।"

ਇਹ ਦੱਸਦੇ ਹੋਏ ਉਸ ਦੀਆਂ ਅੱਖਾਂ ਵਿੱਚ ਹੰਝੂ ਆ ਗਏ।

ਪੰਡੀਚੇਲਵੀ ਸਮੇਤ ਕਈ ਲੋਕਾਂ ਦੀਆਂ ਸ਼ਿਕਾਇਤਾਂ ਤੋਂ ਬਾਅਦ ਜ਼ਿਲ੍ਹਾ ਪ੍ਰਸ਼ਾਸਨ ਨੇ ਪਾਣੀ ਦੀ ਟੈਂਕੀ ਦੀ ਜਾਂਚ ਕੀਤੀ ਤਾਂ ਪਤਾ ਲੱਗਾ ਕਿ ਇਸ ਵਿੱਚ ਬਹੁਤ ਸਾਰਾ ਮਲ-ਮੂਤਰ ਮਿਲਿਆ ਹੋਇਆ ਹੈ।

ਪਾਣੀ ਦੀ ਟੈਂਕੀ ਨੂੰ ਸਾਫ਼ ਕੀਤਾ ਗਿਆ ਅਤੇ 30,000 ਲੀਟਰ ਦੀ ਸਾਂਝੀ ਟੈਂਕੀ ਦਾ ਪਾਣੀ ਸਪਲਾਈ ਲਈ ਵਰਤਿਆ ਗਿਆ।

ਪੰਡੀਚੇਲਵੀ ਦੱਸਦੀ ਹੈ, "ਮੈਂ ਖੁਦ ਆਪਣੇ ਬੇਟੇ ਨੂੰ ਮਲ-ਮੂਤਰ ਵਾਲਾ ਪਾਣੀ ਪਿਲਾਇਆ ਹੈ, ਇੰਜ ਲੱਗਿਆ ਜਿਵੇਂ ਮੈਂ ਉਸ ਨੂੰ ਜ਼ਹਿਰੀਲਾ ਪਾਣੀ ਪਿਲਾਇਆ ਹੋਵੇ। ਉਨ੍ਹਾਂ ਨੇ ਪਾਣੀ ਦੀ ਟੈਂਕੀ ਸਾਫ਼ ਕਰ ਦਿੱਤੀ ਹੈ। ਪਰ ਹੁਣ ਵੀ ਪਾਣੀ ਦੀ ਵਰਤੋਂ ਕਰਦੇ ਸਮੇਂ ਘਿਣ ਮਹਿਸੂਸ ਹੁੰਦੀ ਹੈ।"

ਕੁੜੀ
ਤਸਵੀਰ ਕੈਪਸ਼ਨ, ਪਿੰਡ ਦੀ ਪਛਾਣ ਉਸ ਥਾਂ ਨਾਲ ਹੈ ਜਿੱਥੇ ਲੋਕਾਂ ਨੇ ਮਲ-ਮੂਤਰ ਮਿਲਿਆ ਪਾਣੀ ਪੀਤਾ ਗਿਆ।

"ਕਈ ਲੋਕ ਸਾਡੀ ਇਸ ਗੱਲ ਤੋਂ ਪਛਾਣ ਕਰਦੇ ਹਨ ਕਿ ਇਹ ਪਿੰਡ ਉਹ ਥਾਂ ਹੈ ਜਿੱਥੇ ਲੋਕਾਂ ਨੇ ਮਲ-ਮੂਤਰ ਮਿਲਿਆ ਪਾਣੀ ਪੀਤਾ ਗਿਆ। ਇਹ ਕੋਈ ਅਜਿਹਾ ਮੁੱਦਾ ਨਹੀਂ ਹੈ ਜੋ ਸਾਡੀ ਪੀੜ੍ਹੀ ਨਾਲ ਖ਼ਤਮ ਹੋ ਜਾਵੇਗਾ, ਇਹ ਇੱਕ ਵੱਡਾ ਸਦਮਾ ਬਣ ਗਿਆ ਹੈ, ਅਸੀਂ ਚਿੰਤਤ ਅਤੇ ਡਰੇ ਹੋਏ ਹਾਂ ਕਿ ਇਹ ਇਸ ਤਰ੍ਹਾਂ ਹੀ ਜਾਰੀ ਰਹੇਗਾ।"

ਦਲਿਤਾਂ ਲਈ ਅਲੱਗ ਕੱਪ, ਦਲਿਤਾਂ ਦੇ ਮੰਦਰਾਂ ਵਿੱਚ ਦਾਖਲੇ ਦੀ ਮਨਾਹੀ

10 ਦਿਨਾਂ ਬਾਅਦ ਲੜਕਾ ਠੀਕ ਹੋ ਗਿਆ। ਅਸੀਂ ਇੱਕ ਲੜਕੀ ਨੂੰ ਵੀ ਮਿਲੇ ਜੋ ਹਸਪਤਾਲ ਵਿੱਚ ਇੱਕ ਹਫ਼ਤਾ ਬਿਤਾਉਣ ਤੋਂ ਬਾਅਦ ਹੁਣ ਹੀ ਵਾਪਸ ਆਈ ਹੈ।

ਪੰਜ ਬੱਚਿਆਂ ਨੂੰ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਸੀ ਅਤੇ ਇਸ ਸਮੱਸਿਆ ਨੇ ਕੁਝ ਬਾਲਗਾਂ ਨੂੰ ਵੀ ਪ੍ਰਭਾਵਿਤ ਕੀਤਾ ਸੀ।

ਉਨ੍ਹਾਂ ਨੇ ਦੱਸਿਆ ਕਿ 10 ਬੱਚਿਆਂ ਸਮੇਤ 30 ਲੋਕ ਪ੍ਰਭਾਵਿਤ ਹੋਏ ਹਨ।

ਇਸ ਪਿੰਡ ਦੀ ਸਿੰਧੂਜਾ ਨਾਂ ਦੀ ਔਰਤ ਕਹਿੰਦੀ ਹੈ, "ਸਾਡੇ ਇਲਾਕੇ ਵਿੱਚ ਬਹੁਤ ਸਾਰੇ ਬੱਚੇ ਪ੍ਰਭਾਵਿਤ ਹੋਏ, ਇਹ ਬਹੁਤ ਮਾੜੀ ਗੱਲ ਹੈ। ਉਹ ਕਹਿ ਰਹੇ ਹਨ ਕਿ ਉਹ ਪਛਾਣ ਨਹੀਂ ਕਰ ਸਕੇ ਕਿ ਮਲ-ਮੂਤਰ ਕਿਸ ਨੇ ਪਾਇਆ ਹੈ।"

ਲਾਈਨ

ਮੁੱਖ ਬਿੰਦੂ

  • ਤਮਿਲਨਾਡੂ ਦੇ ਪੁੱਡੂਕੋਟਈ ਜ਼ਿਲ੍ਹੇ ਇੱਕ ਪਿੰਡ ਵਿੱਚ ਪਾਣੀ ਦੀ ਟੈਂਕੀ ਵਿੱਚ ਮਲ ਮਿਲਾਇਆ ਗਿਆ।
  • ਟੈਂਕੀ ਵਾਲਾ ਪਾਣੀ ਪੀਣ ਕਾਰਨ ਕਈ ਬੱਚੇ ਬਿਮਾਰ ਹੋ ਗਏ।
  • ਜਾਂਚ ਵਿੱਚ ਪਤਾ ਲੱਗਿਆ ਕਿ ਪਾਣੀ ਵਿੱਚ ਮਲ ਮਿਲਾਇਆ ਗਿਆ ਹੈ।
  • ਇਸ ਇਲਾਕੇ ਵਿੱਚ ਅਨੁਸੂਚਿਤ ਜਾਤੀਆਂ ਦੇ ਲੋਕ ਰਹਿੰਦੇ ਹਨ।
  • ਪਾਣੀ ਦੀ ਟੈਂਕੀ ਨੂੰ ਸਾਫ਼ ਕੀਤਾ ਗਿਆ ਅਤੇ 30,000 ਲੀਟਰ ਦੀ ਸਾਂਝੀ ਟੈਂਕੀ ਦਾ ਪਾਣੀ ਸਪਲਾਈ ਲਈ ਵਰਤਿਆ ਗਿਆ।
  • ਦਲਿਤਾਂ ਨੇ ਇਹ ਵੀ ਦੱਸਿਆ ਕਿ ਉਨ੍ਹਾਂ ਨੂੰ ਅਯਾਨਾਰ ਮੰਦਰ ਵਿੱਚ ਜਾਣ ਦੀ ਆਗਿਆ ਨਹੀਂ ਹੈ।
  • ਕੁਲੈਕਟਰ ਦਲਿਤਾਂ ਨੂੰ ਮੰਦਰ ਦੇ ਅੰਦਰ ਲੈ ਗਈ।
ਲਾਈਨ

"ਆਜ਼ਾਦੀ ਦੇ 75 ਸਾਲ ਹੋ ਗਏ ਹਨ, ਸਰਕਾਰ ਅੰਮ੍ਰਿਤ ਮਹੋਤਸਵ ਮਨਾ ਰਹੀ ਹੈ, ਪਰ ਸਾਨੂੰ ਮਲ-ਮੂਤਰ ਮਿਲਿਆ ਪਾਣੀ ਮਿਲ ਰਿਹਾ ਹੈ।"

"ਸਾਡਾ ਪਿੰਡ ਲਗਾਤਾਰ ਜਾਤ ਆਧਾਰਿਤ ਅੱਤਿਆਚਾਰ ਦੀ ਇੱਕ ਬਹੁਤ ਵੱਡੀ ਮਿਸਾਲ ਹੈ। ਜੇਕਰ ਕਿਸੇ ਵੱਡੇ ਰਾਜਨੇਤਾ ਦੇ ਘਰ ਦੇ ਸਾਹਮਣੇ ਕਿਸੇ ਨੇ ਮਲ-ਮੂਤਰ ਕੀਤਾ ਹੁੰਦਾ ਤਾਂ ਉਹ ਤੁਰੰਤ ਉਸ ਨੂੰ ਪਛਾਣ ਲੈਂਦੇ, ਪਰ ਅਸੀਂ ਤਾਂ ਮਲ-ਮੂਤਰ ਵਾਲਾ ਪਾਣੀ ਪੀਤਾ ਹੈ।"

"ਇਹ ਸਿਰਫ਼ ਇਸ ਲਈ ਕਿਉਂਕਿ ਅਸੀਂ ਆਮ ਲੋਕ ਹਾਂ, ਇਸ ਲਈ ਉਹ ਜਾਂਚ ਲਈ ਗੰਭੀਰ ਨਹੀਂ ਹਨ।"

ਪਿੰਡ
ਤਸਵੀਰ ਕੈਪਸ਼ਨ, ਦਲਿਤਾਂ ਨੇ ਇਹ ਵੀ ਦੱਸਿਆ ਕਿ ਉਨ੍ਹਾਂ ਨੂੰ ਅਯਾਨਾਰ ਮੰਦਰ ਵਿੱਚ ਜਾਣ ਦੀ ਆਗਿਆ ਨਹੀਂ ਹੈ

ਇਸ ਘਟਨਾ ਤੋਂ ਬਾਅਦ ਜਦੋਂ ਜ਼ਿਲ੍ਹਾ ਕੁਲੈਕਟਰ ਕਵਿਤਾ ਰਾਮੂ ਇਰਾਈਯੂਰ ਪਿੰਡ ਆਈ ਤਾਂ ਉਨ੍ਹਾਂ ਨੂੰ ਪਤਾ ਲੱਗਾ ਕਿ ਉੱਚ ਜਾਤੀ ਦੇ ਵਿਅਕਤੀ ਮੁਕੱਈਆ ਵੱਲੋਂ ਕੀਤੀ ਜਾ ਰਹੀ ਚਾਹ ਦੀ ਦੁਕਾਨ ਵਿੱਚ ਇਨ੍ਹਾਂ ਲੋਕਾਂ ਲਈ ਅਲੱਗ ਕੱਪ ਵਰਤੇ ਜਾਂਦੇ ਹਨ।

ਦਲਿਤਾਂ ਨੇ ਇਹ ਵੀ ਦੱਸਿਆ ਕਿ ਉਨ੍ਹਾਂ ਨੂੰ ਅਯਾਨਾਰ ਮੰਦਰ ਵਿੱਚ ਜਾਣ ਦੀ ਆਗਿਆ ਨਹੀਂ ਹੈ। ਇਸ ਲਈ ਉਸ ਨੇ ਉਨ੍ਹਾਂ ਨੂੰ ਮੰਦਰ ਦੇ ਅੰਦਰ ਲੈ ਕੇ ਜਾਣ ਦੀ ਕੋਸ਼ਿਸ਼ ਕੀਤੀ।

ਉਸ ਸਮੇਂ ਉੱਚ ਜਾਤੀ ਦਾ ਇੱਕ ਵਿਅਕਤੀ ਸਿੰਗਾਮਮੱਲ ਤੈਸ਼ ਵਿੱਚ ਆ ਗਿਆ ਅਤੇ ਦਲਿਤਾਂ ਨੂੰ ਮੰਦਰ ਵਿੱਚ ਦਾਖ਼ਲ ਹੋਣ ਤੋਂ ਰੋਕ ਦਿੱਤਾ।

ਪੁਲਿਸ ਨੇ ਉਸ ਨੂੰ ਗ੍ਰਿਫ਼ਤਾਰ ਕਰ ਲਿਆ। ਕੁਲੈਕਟਰ ਦਲਿਤਾਂ ਨੂੰ ਮੰਦਰ ਦੇ ਅੰਦਰ ਲੈ ਗਈ।

ਘਟਨਾਵਾਂ ਦੀ ਇਸ ਲੜੀ ਵਿੱਚ ਚਾਹ ਦੀ ਦੁਕਾਨ ਦੇ ਮਾਲਕ ਮੁਕੱਈਆ, ਉਸ ਦੀ ਪਤਨੀ ਮੀਨਾਚੀ ਨੂੰ ਦਲਿਤਾਂ ਲਈ ਅਲੱਗ ਕੱਪ ਰੱਖਣ ਲਈ ਅਤੇ ਸਿੰਗਾਮਮੱਲ ਨੂੰ ਦਲਿਤਾਂ ਨੂੰ ਮੰਦਰ ਵਿੱਚ ਦਾਖ਼ਲ ਹੋਣ ਤੋਂ ਰੋਕਣ ਲਈ ਗ੍ਰਿਫ਼ਤਾਰ ਕੀਤਾ ਗਿਆ।

ਉਨ੍ਹਾਂ 'ਤੇ ਨਾਗਰਿਕ ਅਧਿਕਾਰਾਂ ਦੀ ਸੁਰੱਖਿਆ ਐਕਟ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ।

ਮੰਦਰ ਬਾਰੇ ਗੱਲ ਕਰਦੇ ਹੋਏ ਸਿੰਧੂਜਾ ਨੇ ਕਿਹਾ, "ਜਦੋਂ ਕੁਲੈਕਟਰ ਆਈ, ਤਾਂ ਉਹ ਸਾਨੂੰ ਮੰਦਰ ਵਿੱਚ ਲੈ ਗਈ। ਪਿਛਲੀਆਂ ਤਿੰਨ ਪੀੜ੍ਹੀਆਂ ਤੋਂ ਅਸੀਂ ਮੰਦਰ ਜਾਣ ਦੀ ਉਡੀਕ ਕਰ ਰਹੇ ਹਾਂ। ਹੁਣ ਅਸੀਂ ਇਸ ਦੇ ਦਰਸ਼ਨ ਕੀਤੇ।"

ਪਿੰਡ
ਲਾਈਨ ਬੀਬੀਸੀ

ਇਹ ਵੀ ਪੜ੍ਹੋ-

ਲਾਈਨ ਬੀਬੀਸੀ

"ਅਸੀਂ ਹੋਰ ਜਾਤਾਂ ਦੇ ਲੋਕਾਂ ਨਾਲ ਸਮਥੁਵਾ ਪੋਂਗਲ ਦਾ ਤਿਉਹਾਰ ਮਨਾਇਆ। ਹੁਣ ਸਾਡੇ ਪਿੰਡ ਨੂੰ ਪੁਲਿਸ ਸੁਰੱਖਿਆ ਦਿੱਤੀ ਹੋਈ ਹੈ, ਪਰ ਜੇਕਰ ਉਨ੍ਹਾਂ ਨੂੰ ਪਤਾ ਲੱਗ ਜਾਵੇ ਕਿ ਪਾਣੀ ਵਿੱਚ ਮਲ-ਮੂਤਰ ਕਿਸ ਨੇ ਪਾਇਆ ਅਤੇ ਉਨ੍ਹਾਂ ਨੂੰ ਸਜ਼ਾ ਦਿੱਤੀ ਜਾਵੇ ਤਾਂ ਹੀ ਸਾਨੂੰ ਇਨਸਾਫ਼ ਮਿਲ ਸਕਦਾ ਹੈ।"

'ਸਾਡੀ ਪੀੜ੍ਹੀ ਨੇ ਅੱਤਿਆਚਾਰਾਂ ਦਾ ਸਾਹਮਣਾ ਕੀਤਾ'

ਅਸੀਂ ਇਸ ਮੁੱਦੇ ’ਤੇ 59 ਸਾਲਾ ਸਦਾਸ਼ਿਵਮ ਨਾਲ ਗੱਲ ਕੀਤੀ। ਉਨ੍ਹਾਂ ਦਾ ਕਹਿਣਾ ਹੈ ਕਿ ਇਸ ਪਿੰਡ ਵਿੱਚ ਛੂਤ-ਛਾਤ ਘੱਟ ਨਹੀਂ ਹੋਇਆ ਹੈ।

"ਜਦੋਂ ਮੈਂ ਛੋਟਾ ਸੀ ਤਾਂ ਹੋਰ ਜਾਤਾਂ ਦੇ ਨੌਜਵਾਨ ਮੇਰੇ ਪਿਤਾ ਨੂੰ ਨਾਮ ਲੈ ਕੇ ਬੁਲਾਉਂਦੇ ਸਨ, ਉਹ ਸਾਡੇ ਨਾਲ ਬਰਾਬਰ ਦਾ ਵਿਵਹਾਰ ਨਹੀਂ ਕਰਦੇ ਸਨ। ਅਸੀਂ ਮੰਦਰ ਨਹੀਂ ਗਏ ਸੀ। ਹੁਣ ਅਸੀਂ ਮੰਦਰ ਗਏ ਕਿਉਂਕਿ ਕੁਲੈਕਟਰ ਸਾਨੂੰ ਲੈ ਕੇ ਗਈ ਸੀ, ਪਰ ਸਾਨੂੰ ਪਤਾ ਨਹੀਂ ਹੈ ਕਿ ਸਾਨੂੰ ਮੰਦਰ ਵਿੱਚ ਲਗਾਤਾਰ ਜਾਣ ਦਿੱਤਾ ਜਾਵੇਗਾ।"

"ਸਾਡੀ ਪੀੜ੍ਹੀ ਨੇ ਅੱਤਿਆਚਾਰਾਂ ਦਾ ਸਾਹਮਣਾ ਕੀਤਾ, ਸਾਨੂੰ ਵਿਸ਼ਵਾਸ ਹੈ ਕਿ ਘੱਟੋ-ਘੱਟ ਅਗਲੀ ਪੀੜ੍ਹੀ ਵਿੱਚ ਤਬਦੀਲੀ ਆਵੇਗੀ, ਪਰ ਭਿਆਨਕ ਛੂਤ-ਛਾਤ ਦੀ ਪ੍ਰਕਿਰਿਆ ਜਾਰੀ ਹੈ।"

ਕੁੜੀ
ਤਸਵੀਰ ਕੈਪਸ਼ਨ, ਇਸ ਪਿੰਡ ਵਿੱਚ ਛੂਤ-ਛਾਤ ਘੱਟ ਨਹੀਂ ਹੋਇਆ ਹੈ।

ਉੱਚ ਜਾਤਾਂ ਦੇ ਮੈਂਬਰਾਂ ਦਾ ਜਾਤ ਆਧਾਰਿਤ ਅੱਤਿਆਚਾਰ ਨਾ ਹੋਣ ਦਾ ਦਾਅਵਾ

ਉੱਚ ਜਾਤਾਂ ਦੇ ਮੈਂਬਰ ਕਹਿੰਦੇ ਹਨ ਕਿ ਛੂਤ-ਛਾਤ ਬਾਰੇ ਪੁੱਛਗਿੱਛ ਕਰਨ ਲਈ ਕਈ ਵਲੰਟੀਅਰ ਇਰਾਈਯੂਰ ਵਿੱਚ ਆਉਂਦੇ ਹਨ ਅਤੇ ਰਾਜਨੇਤਾ ਵੀ ਵਿਰੋਧ ਪ੍ਰਦਰਸ਼ਨ ਕਰਦੇ ਹਨ।

ਜਦੋਂ ਅਸੀਂ ਉਨ੍ਹਾਂ ਨੂੰ ਮਿਲਣ ਗਏ ਤਾਂ ਕਈ ਲੋਕ ਗੱਲ ਕਰਨ ਲਈ ਵੀ ਤਿਆਰ ਨਹੀਂ ਸਨ। ਉਨ੍ਹਾਂ ਨੇ ਕਿਹਾ ਕਿ ਉਹ ਇਸ ਲਈ ਗੱਲ ਨਹੀਂ ਕਰ ਰਹੇ ਕਿਉਂਕਿ ਉਨ੍ਹਾਂ ਨੂੰ ਆਪਣੇ ਵਿਚਾਰ ਦੱਸਣ ਦਾ ਕੋਈ ਫਾਇਦਾ ਨਹੀਂ ਹੈ।

ਕੁਝ ਔਰਤਾਂ ਨੇ ਕਿਹਾ ਕਿ ਉਨ੍ਹਾਂ ਨੂੰ ਇਹ ਪਸੰਦ ਨਹੀਂ ਕਿ ਮੀਡੀਆ ਵਾਲੇ ਉਨ੍ਹਾਂ ਦੇ ਪਿੰਡ ਆਉਣ। ਜਦੋਂ ਅਸੀਂ ਉਨ੍ਹਾਂ ਦੇ ਵਿਚਾਰ ਇਕੱਤਰ ਕਰਨ ਦੀ ਵਾਰ-ਵਾਰ ਕੋਸ਼ਿਸ਼ ਕੀਤੀ ਤਾਂ ਉਨ੍ਹਾਂ ਨੇ ਰਿਪੋਰਟਰ ਅਤੇ ਫੋਟੋਗ੍ਰਾਫਰ ਨੂੰ ਘੇਰ ਲਿਆ।

ਉੱਚ ਜਾਤਾਂ ਨਾਲ ਸਬੰਧਤ ਨੌਜਵਾਨਾਂ ਨੇ ਕਿਹਾ, "ਸਾਡੇ ਬਾਰੇ ਕੋਈ ਨਹੀਂ ਲਿਖਦਾ, ਉਹ ਸਾਡੇ ਪਿੰਡ ਆ ਕੇ ਸਾਡੇ ਤੋਂ ਪ੍ਰਭਾਵਿਤ ਲੋਕਾਂ ਦਾ ਹਾਲ-ਚਾਲ ਪੁੱਛਦੇ ਹਨ। ਹੁਣ ਤੱਕ ਅਸੀਂ ਆਪਸੀ ਭਾਈਚਾਰਕ ਸਾਂਝ ਰੱਖਦੇ ਆ ਰਹੇ ਹਾਂ।"

"ਮੰਦਿਰ ਦੇ ਅੰਦਰ ਜਾਣ ਵਿੱਚ ਕੋਈ ਦਿੱਕਤ ਨਹੀਂ ਹੈ, ਸਾਲਾਂ ਤੋਂ ਉਹ ਸਿਰਫ਼ ਪ੍ਰਵੇਸ਼ ਦੁਆਰ ਤੱਕ ਹੀ ਆਉਂਦੇ ਹਨ, ਇਹੀ ਪ੍ਰਥਾ ਚੱਲਦੀ ਰਹੀ ਹੈ।"

ਔਰਤਾਂ
ਤਸਵੀਰ ਕੈਪਸ਼ਨ, ਉੱਚ ਜਾਤਾਂ ਦੇ ਮੈਂਬਰਾਂ ਦਾ ਜਾਤ ਆਧਾਰਿਤ ਅੱਤਿਆਚਾਰ ਨਾ ਹੋਣ ਦਾ ਦਾਅਵਾ
ਪਿੰਡ

ਉਨ੍ਹਾਂ ਇਹ ਵੀ ਕਿਹਾ ਕਿ ਮੰਦਰ ਵਿੱਚ ਕੋਈ ਵਿਸ਼ੇਸ਼ ਰਸਮ ਕਰਨ ਦਾ ਅਧਿਕਾਰ ਸਿਰਫ਼ ਦਲਿਤਾਂ ਨੂੰ ਹੀ ਹੋਵੇਗਾ ਅਤੇ ਛੂਤ-ਛਾਤ ਨਾਂ ਦੀ ਕੋਈ ਚੀਜ਼ ਨਹੀਂ ਹੈ।

ਉੱਚ ਜਾਤ ਤੋਂ ਮਹੇਸ਼ਵਰੀ ਨਾਂ ਦੀ ਔਰਤ ਸਾਡੇ ਨਾਲ ਗੱਲ ਕਰਨ ਲਈ ਅੱਗੇ ਆਈ। ਉਹ ਕਹਿੰਦੀ ਹੈ।

"ਅਸੀਂ ਇਹ ਨਹੀਂ ਕਹਿੰਦੇ ਕਿ ਕੋਈ ਨੀਵੀਂ ਜਾਤ ਦਾ ਹੈ। ਉਹ ਆਪਣੇ ਆਪ ਨੂੰ ਨੀਵੀਂ ਜਾਤ ਦਾ ਕਹਿੰਦੇ ਹਨ। ਇੱਥੇ ਨਾਲ ਹੀ ਸਥਿਤ ਆਂਗਣਵਾੜੀ ਵਿੱਚ ਸਾਰੀਆਂ ਜਾਤਾਂ ਦੇ ਬੱਚੇ ਇਕੱਠੇ ਖੇਡਦੇ ਹਨ। ਅਸੀਂ ਸਾਰੇ ਇੱਕੋ ਸੜਕ ਦੀ ਵਰਤੋਂ ਕਰਦੇ ਹਾਂ।"

"ਉਨ੍ਹਾਂ ਲੋਕਾਂ ਨੂੰ ਇਹ ਕਹਿ ਕੇ ਗ੍ਰਿਫ਼ਤਾਰ ਕੀਤਾ ਹੈ ਕਿ ਉਹ ਚਾਹ ਦੀ ਦੁਕਾਨ ’ਤੇ ਉਨ੍ਹਾਂ ਲਈ ਅਲੱਗ ਕੱਪ ਰੱਖਦੇ ਹਨ, ਪਰ ਅਜਿਹਾ ਨਹੀਂ ਹੋ ਰਿਹਾ। ਅਸੀਂ ਦੇਵੀ ਨੂੰ ਮਾਲਾ ਪਾਉਣ ਵਾਲਿਆਂ ਨੂੰ ਵੱਖਰਾ ਕੱਪ ਦਿੱਤਾ, ਉਨ੍ਹਾਂ ਨੇ ਇਸ ਨੂੰ ਗ਼ਲਤ ਸਮਝਿਆ।"

ਉਹ ਅੱਗੇ ਕਹਿੰਦੀ ਹੈ, "ਅਸੀਂ ਨਿਸ਼ਚਤ ਤੌਰ ’ਤੇ ਖੁਸ਼ ਹੋਵਾਂਗੇ ਜੇ ਸਾਨੂੰ ਪਤਾ ਲੱਗੇਗਾ ਕਿ ਮਲ-ਮੂਤਰ ਕਿਸ ਨੇ ਮਿਲਾਇਆ ਹੈ। ਸਾਡਾ ਮੰਨਣਾ ਹੈ ਕਿ ਸਾਡੀ ਜਾਤ ਦੇ ਲੋਕਾਂ ਨੇ ਅਜਿਹਾ ਨਹੀਂ ਕੀਤਾ।"

"ਜੇਕਰ ਪੁਲਿਸ ਦੋਸ਼ੀ ਦੀ ਪਛਾਣ ਕਰ ਲੈਂਦੀ ਹੈ, ਤਾਂ ਅਸੀਂ ਦਲਿਤਾਂ ਨਾਲੋਂ ਜ਼ਿਆਦਾ ਰਾਹਤ ਮਹਿਸੂਸ ਕਰਾਂਗੇ। ਇੰਨੇ ਸਾਲਾਂ ਤੋਂ ਕੋਈ ਸ਼ਿਕਾਇਤ ਨਹੀਂ ਸੀ। ਅਚਾਨਕ ਬਹੁਤ ਸਾਰੀਆਂ ਗ੍ਰਿਫ਼ਤਾਰੀਆਂ ਹੋਈਆਂ ਹਨ ਅਤੇ ਪੁਲਿਸ ਵਾਲੇ ਅਤੇ ਅਧਿਕਾਰੀ ਪਿੰਡ ਆ ਰਹੇ ਹਨ, ਅਸੀਂ ਬੁਰਾ ਮਹਿਸੂਸ ਕਰ ਰਹੇ ਹਾਂ।"

ਜਾਂਚ ਵਿੱਚ ਦੇਰੀ ਕਿਉਂ?

ਅਜੇ ਤੱਕ ਮੁਲਜ਼ਮਾਂ ਦੀ ਪਛਾਣ ਨਹੀਂ ਹੋ ਸਕੀ ਹੈ। ਅਸੀਂ ਮਾਮਲੇ ਦੀ ਪ੍ਰਗਤੀ ਜਾਣਨ ਲਈ ਪੁਲਿਸ ਸੁਪਰਡੈਂਟ ਵੰਦਿਤਾ ਪਾਂਡੇ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ। ਪਰ ਸਾਨੂੰ ਕੋਈ ਜਵਾਬ ਨਹੀਂ ਮਿਲ ਸਕਿਆ।

ਤ੍ਰਿਚੀ ਦੇ ਡੀਆਈਜੀ ਸਰਵਣਸੁੰਦਰ ਨੇ ਕਿਹਾ ਸੀ ਕਿ ਦੋਸ਼ੀਆਂ ਦੀ ਪਛਾਣ ਕਰਨ ਲਈ 11 ਮੈਂਬਰੀ ਵਿਸ਼ੇਸ਼ ਕਮੇਟੀ ਬਣਾਈ ਗਈ ਹੈ। ਉਨ੍ਹਾਂ ਨੇ ਇਹ ਵੀ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਇਰਾਈਯੂਰ ਖੇਤਰ ਵਿੱਚ ਸੀਸੀਟੀਵੀ ਕੈਮਰੇ ਲਗਾਉਣ ਲਈ ਯਤਨ ਕੀਤੇ ਜਾ ਰਹੇ ਹਨ।

ਸਮਾਜ ਸੇਵੀ ਕਧੀਰ ਦਾ ਕਹਿਣਾ ਹੈ ਕਿ ਜਾਂਚ ਦਾ ਦੇਰੀ ਨਾਲ ਚੱਲਣਾ ਨਿੰਦਣਯੋਗ ਹੈ।

ਉਨ੍ਹਾਂ ਨੇ ਕਿਹਾ, "ਅਲੱਗ ਕੱਪ ਰੱਖਣ ਵਿੱਚ ਅਧਿਕਾਰੀਆਂ ਦੇ ਦਖ਼ਲ ਅਤੇ ਮੰਦਰ ਵਿੱਚ ਪ੍ਰਵੇਸ਼ ਦੇ ਮੁੱਦੇ ਨੇ ਲੋਕਾਂ ਦੀ ਮਦਦ ਕੀਤੀ। ਪਰ ਪਾਣੀ ਵਿੱਚ ਮਲ ਮਿਲਾਉਣਾ ਅਛੂਤਤਾ ਦਾ ਸਿਖਰ ਹੈ, ਪਰ ਦੋਸ਼ੀਆਂ ਦੀ ਪਛਾਣ ਨਹੀਂ ਕੀਤੀ ਗਈ ਹੈ।"

"ਇਹ ਸ਼ੱਕ ਪੈਦਾ ਕਰਦਾ ਹੈ ਕਿ ਕੀ ਇਹ ਦੇਰੀ ਇਸ ਮੁੱਦੇ ਨੂੰ ਕਮਜ਼ੋਰ ਕਰ ਦੇਵੇਗੀ। ਪਾਣੀ ਵਿੱਚ ਮਲ ਮਿਲਾਉਣਾ ਦਰਸਾਉਂਦਾ ਹੈ ਕਿ ਇਸ ਦੇ ਪਿੱਛੇ ਇੱਕ ਤੋਂ ਵੱਧ ਵਿਅਕਤੀ ਹੋਣਗੇ।"

ਉਹ ਇਹ ਵੀ ਕਹਿੰਦੇ ਹਨ ਕਿ ਇਨ੍ਹਾਂ ਜਾਤ ਆਧਾਰਿਤ ਅੱਤਿਆਚਾਰਾਂ ਦੇ ਮਾਮਲਿਆਂ ਵਿੱਚ ਦੋਸ਼ੀ ਨੂੰ ਸਜ਼ਾ ਮਿਲਣਾ ਬਹੁਤ ਘੱਟ ਸਾਹਮਣੇ ਆਉਂਦਾ ਹੈ।

"ਆਮ ਤੌਰ 'ਤੇ ਦਲਿਤਾਂ ’ਤੇ ਅੱਤਿਆਚਾਰ ਦੇ ਮਾਮਲੇ ’ਚ ਸ਼ਿਕਾਇਤ ਦਰਜ ਹੋਣ ’ਤੇ ਵੀ ਸਜ਼ਾ ਬਹੁਤ ਘੱਟ ਮਿਲਦੀ ਹੈ। ਪੂਰੇ ਤਾਮਿਲਨਾਡੂ ਵਿੱਚ ਅਜਿਹੇ ਮਾਮਲਿਆਂ ਵਿੱਚ ਪਿਛਲੇ 7 ਸਾਲਾਂ ਵਿੱਚ ਸਿਰਫ਼ 5 ਤੋਂ 7 ਫੀਸਦੀ ਮਾਮਲਿਆਂ ’ਚ ਹੀ ਦੋਸ਼ੀਆਂ ਨੂੰ ਸਜ਼ਾ ਮਿਲੀ ਹੈ।"

"ਇਹ ਜਾਣਕਾਰੀ ਇੱਕ ਆਰਟੀਆਈ ਦਸਤਾਵੇਜ਼ ਰਾਹੀਂ ਸਾਹਮਣੇ ਆਈ ਹੈ। ਇਸ ਲਈ ਇਰਾਈਯੂਰ ਮੁੱਦੇ ਵਿੱਚ ਜਲਦੀ ਨਿਆਂ ਦਿੱਤਾ ਜਾਣਾ ਚਾਹੀਦਾ ਹੈ। ਇਸ ਮਾਮਲੇ ਵਿੱਚ ਦੇਰੀ ਲੋਕਾਂ ਉੱਤੇ ਹੋਏ ਅੱਤਿਆਚਾਰ ਦੀ ਜਿੱਤ ਦੇ ਬਰਾਬਰ ਹੋਵੇਗੀ। ਇਸ ਤੋਂ ਇਲਾਵਾ, ਛੂਤ-ਛਾਤ ਦੇ ਹੋਰ ਮੁੱਦਿਆਂ 'ਤੇ ਧਿਆਨ ਕੇਂਦਰਿਤ ਕਰਨ ਵਿੱਚ ਧਿਆਨ ਭਟਕ ਜਾਵੇਗਾ।"

ਪਿੰਡਵਾਸੀ

"ਛੂਤ-ਛਾਤ ਬਾਰੇ ਕੋਈ ਨਹੀਂ ਬੋਲਿਆ"

ਅਸੀਂ ਜ਼ਿਲ੍ਹਾ ਕੁਲੈਕਟਰ ਕਵਿਤਾ ਰਾਮੂ ਨਾਲ ਮੁਲਾਕਾਤ ਕੀਤੀ ਅਤੇ ਉਨ੍ਹਾਂ ਨੂੰ ਜ਼ਿਲ੍ਹੇ ਭਰ ਵਿੱਚ ਛੂਤ-ਛਾਤ ਦੇ ਮੁੱਦਿਆਂ ਨੂੰ ਰੋਕਣ ਲਈ ਜ਼ਿਲ੍ਹਾ ਪ੍ਰਸ਼ਾਸਨ ਦੁਆਰਾ ਚੁੱਕੇ ਗਏ ਵੱਖ-ਵੱਖ ਉਪਾਵਾਂ ਬਾਰੇ ਪੁੱਛਿਆ।

ਅਸੀਂ ਛੂਤ-ਛਾਤ ਦੀਆਂ ਕਈ ਪ੍ਰਥਾਵਾਂ ਬਾਰੇ ਵੀ ਪੁੱਛਿਆ।

ਉਨ੍ਹਾਂ ਨੇ ਕਿਹਾ, "ਇਰਾਈਯੂਰ ਘਟਨਾ ਤੋਂ ਬਾਅਦ, ਅਸੀਂ ਕਿਸੇ ਵੀ ਛੂਤ-ਛਾਤ ਦੇ ਮੁੱਦੇ ’ਤੇ ਸ਼ਿਕਾਇਤ ਦਰਜ ਕਰਾਉਣ ਲਈ ਲੋਕਾਂ ਲਈ ਇੱਕ ਵਟਸਐਪ ਨੰਬਰ ਜਾਰੀ ਕੀਤਾ ਹੈ।"

"ਇਰਾਈਯੂਰ ਵਿੱਚ ਲੋਕਾਂ ਦੀਆਂ ਜ਼ਰੂਰਤਾਂ ਦੀ ਪਛਾਣ ਕਰਨ ਲਈ ਪਿੰਡ ਵਿੱਚ ਕੈਂਪ, ਸਿੱਖਿਆ, ਸਿਹਤ ਸੰਭਾਲ ਅਤੇ ਕਾਰੋਬਾਰ ਸ਼ੁਰੂ ਕਰਨ ਲਈ ਕਰਜ਼ਾ ਮੁਹੱਈਆ ਕਰਵਾਉਣ ਵਰਗੀਆਂ ਸਰਕਾਰੀ ਯੋਜਨਾਵਾਂ ਨੂੰ ਲਾਗੂ ਕਰਨ ਲਈ ਕਈ ਕੋਸ਼ਿਸ਼ਾਂ ਵੀ ਕੀਤੀਆਂ ਗਈਆਂ ਹਨ।"

"ਅਸੀਂ ਇਰਾਈਯੂਰ ਵਿੱਚ ਦੋ ਧਿਰਾਂ ਨਾਲ ਸ਼ਾਂਤੀ ਵਾਰਤਾ ਕੀਤੀ। ਅਸੀਂ ਪੋਂਗਲ ਸਮਾਗਮ ਵੀ ਕਰਵਾਇਆ। ਅਜਿਹਾ ਨਹੀਂ ਹੈ ਕਿ ਛੂਤ-ਛਾਤ ਦਾ ਮੁੱਦਾ ਸਿਰਫ਼ ਪੁੱਡੂਕੋਟਈ ਵਿੱਚ ਹੈ।"

"ਇੱਕ ਪਿੰਡ ਵਿੱਚ ਜਾਤੀ ਅੱਤਿਆਚਾਰ ਦਾ ਮੁੱਦਾ ਹੁਣ ਸਾਹਮਣੇ ਆਇਆ ਹੈ, ਅਸੀਂ ਇੱਕ ਵਿਸ਼ੇਸ਼ ਸ਼ਿਕਾਇਤ ਫੋਨ ਨੰਬਰ ਦਾ ਐਲਾਨ ਕੀਤਾ ਹੈ, ਅਸੀਂ ਜਲਦੀ ਹੀ ਹੋਰ ਥਾਵਾਂ ਦੀ ਸਥਿਤੀ ਬਾਰੇ ਜਾਣਾਂਗੇ।"

ਅਸੀਂ ਉਨ੍ਹਾਂ ਤੋਂ ਦੋਸ਼ੀਆਂ ਦੀ ਪਛਾਣ ਬਾਰੇ ਪੁੱਛਿਆ। "ਉਸ ਖੇਤਰ ਵਿੱਚ ਕੋਈ ਸੀਸੀਟੀਵੀ ਨਹੀਂ ਹੈ, ਅਸੀਂ ਜਾਂਚ ਪ੍ਰਕਿਰਿਆ ਵਿੱਚ ਤੇਜ਼ੀ ਲਿਆਂਦੀ ਹੈ, ਇੱਕ ਵੱਖਰੀ ਕਮੇਟੀ ਬਣਾਈ ਗਈ ਹੈ। ਇਹ ਸਭ ਮਾਮਲੇ ਨੂੰ ਮਹੱਤਵ ਦੇਣ ਦੀ ਕੋਸ਼ਿਸ਼ ਹੈ।"

ਮਾਂ-ਬੇਟਾ

ਅਸੀਂ ਉਨ੍ਹਾਂ ਨੂੰ ਪੁੱਛਿਆ ਕਿ ਕੀ ਤਿੰਨ ਮਹੀਨਿਆਂ ਵਿੱਚ ਇੱਕ ਵਾਰ ਹੋਣ ਵਾਲੀ ਮੀਟਿੰਗ ਵਿੱਚ ਅਨੁਸੂਚਿਤ ਜਾਤੀਆਂ ਵਿਰੁੱਧ ਵੇਰਵਿਆਂ 'ਤੇ ਚਰਚਾ ਨਹੀਂ ਕੀਤੀ ਗਈ ਸੀ।

"ਅਸੀਂ ਤਿੰਨ ਮਹੀਨਿਆਂ ਵਿੱਚ ਇੱਕ ਵਾਰ ਮੀਟਿੰਗ ਕਰਦੇ ਹਾਂ। ਪਰ ਅੱਜ ਤੱਕ ਕਿਸੇ ਨੇ ਸਾਨੂੰ ਛੂਤ-ਛਾਤ ਬਾਰੇ ਕੁਝ ਨਹੀਂ ਦੱਸਿਆ। ਹੁਣ ਛੂਤ-ਛਾਤ ਦਾ ਮੁੱਦਾ ਸਾਹਮਣੇ ਆਇਆ ਹੈ। ਜੇਕਰ ਹੋਰ ਇਲਾਕਿਆਂ ਤੋਂ ਵੀ ਅਜਿਹੀਆਂ ਸ਼ਿਕਾਇਤਾਂ ਆਉਂਦੀਆਂ ਹਨ, ਤਾਂ ਅਸੀਂ ਕਾਰਵਾਈ ਕਰਨ ਲਈ ਤਿਆਰ ਹਾਂ।"

ਉਨ੍ਹਾਂ ਨੇ ਅੱਗੇ ਦੱਸਿਆ, "ਅਸੀਂ ਵੱਖ-ਵੱਖ ਜਾਤਾਂ ਵਿੱਚ ਏਕਤਾ ਵਧਾਉਣ ਲਈ ਜਾਗਰੂਕਤਾ ਪ੍ਰੋਗਰਾਮ ਵੀ ਚਲਾ ਰਹੇ ਹਾਂ। ਅਸੀਂ ਲਗਾਤਾਰ ਪਿੰਡ ਦੀ ਨਿਗਰਾਨੀ ਕਰ ਰਹੇ ਹਾਂ।"

ਇਰਾਈਯੂਰ ਮੁੱਦਾ ਕੀ ਦਰਸਾਉਂਦਾ ਹੈ?

ਮਦਰਾਸ ਇੰਸਟੀਚਿਊਟ ਆਫ਼ ਡਿਵੈਲਪਮੈਂਟ ਸਟੱਡੀਜ਼ ਦੇ ਲਕਸ਼ਮਣਨ ਨੇ ਸਾਡੇ ਨਾਲ ਛੂਤ-ਛਾਤ ਬਾਰੇ ਗੱਲ ਕੀਤੀ।

ਉਨ੍ਹਾਂ ਦਾ ਕਹਿਣਾ ਹੈ ਕਿ ਤਾਮਿਲਨਾਡੂ ਵਿੱਚ ਇਹ ਵੱਖ-ਵੱਖ ਰੂਪਾਂ ਵਿੱਚ ਜਾਰੀ ਹੈ, ਪਰ ਇਸ ਨੂੰ ਰੋਕਣ ਲਈ ਬਹੁਤਾ ਧਿਆਨ ਨਹੀਂ ਦਿੱਤਾ ਜਾ ਰਿਹਾ ਹੈ। ਉਹ ਛੂਤ-ਛਾਤ ’ਤੇ ਖੋਜ ਕਾਰਜ ਕਰ ਰਿਹਾ ਹੈ।

"ਸਿਹਤ-ਸੰਭਾਲ, ਪਾਣੀ, ਸਿੱਖਿਆ ਅਤੇ ਸੜਕਾਂ ਦੀਆਂ ਸਹੂਲਤਾਂ ਦੇ ਮਾਮਲੇ ਵਿੱਚ ਤਾਮਿਲਨਾਡੂ ਬਹੁਤ ਪ੍ਰਗਤੀਸ਼ੀਲ ਹੈ। ਪਰ ਜਦੋਂ ਸਮਾਜਿਕ ਤਬਦੀਲੀ ਦੀ ਗੱਲ ਆਉਂਦੀ ਹੈ, ਤਾਂ ਅਸੀਂ ਬਹੁਤ ਸਭਿਅਕ ਸਮਾਜ ਨਹੀਂ ਹਾਂ, ਇਰਾਈਯੂਰ ਦੀ ਘਟਨਾ ਇਹੀ ਸੰਕੇਤ ਦੇ ਰਹੀ ਹੈ।"

"ਇਹ ਤਬਦੀਲੀ ਲੋਕਾਂ ਦੇ ਮਨਾਂ ਅੰਦਰ ਹੋਣੀ ਚਾਹੀਦੀ ਹੈ। ਇਹ ਕਹਿਣਾ ਕਿ ਅਸੀਂ ਪੇਰੀਆਰ ਦੀ ਧਰਤੀ ਤੋਂ ਹਾਂ, ਇਹ ਸਿਰਫ਼ ਸੱਚ ਨੂੰ ਛੁਪਾਉਣ ਦੀ ਕੋਸ਼ਿਸ਼ ਹੈ।"

"ਹਾਲ ਹੀ ਵਿੱਚ, ਉਨ੍ਹਾਂ ਨੂੰ ਵੇਲੋਰ ਜ਼ਿਲ੍ਹੇ ਵਿੱਚ ਇੱਕ ਰੱਸੀ ਦੀ ਵਰਤੋਂ ਕਰਕੇ ਇੱਕ ਬਜ਼ੁਰਗ ਵਿਅਕਤੀ ਦੀ ਲਾਸ਼ ਨੂੰ ਹੇਠਾਂ ਕਰਨਾ ਪਿਆ ਕਿਉਂਕਿ ਉਹ ਦਲਿਤ ਲੋਕਾਂ ਨੂੰ ਆਮ ਰਸਤੇ ਤੋਂ ਸ਼ਮਸ਼ਾਨਘਾਟ ਵਿੱਚ ਨਹੀਂ ਜਾਣ ਦਿੰਦੇ ਸਨ।"

"ਕਈ ਜ਼ਿਲ੍ਹਿਆਂ ਵਿੱਚ ਦਲਿਤ ਬੱਚੇ ਪਖਾਨੇ ਸਾਫ਼ ਕਰਨ ਲਈ ਮਜਬੂਰ ਹਨ। ਇਹ ਬਹੁਤ ਹੀ ਦੁਖਦਾਈ ਸਥਿਤੀ ਹੈ ਕਿ ਤਾਮਿਲਨਾਡੂ ਵਿੱਚ ਇਹ ਚੀਜ਼ਾਂ ਅਜੇ ਵੀ ਜਾਰੀ ਹਨ।"

"ਨੈਸ਼ਨਲ ਕ੍ਰਾਈਮ ਰਿਕਾਰਡ ਬਿਊਰੋ ਦਾ ਕਹਿਣਾ ਹੈ ਕਿ ਕੋਰੋਨਾ ਲੌਕਡਾਊਨ ਪੀਰੀਅਡ ਵਿੱਚ ਦਲਿਤਾਂ ’ਤੇ ਅਜਿਹੇ ਅੱਤਿਆਚਾਰ ਵਧੇ ਹਨ। ਸਾਲ 2020 ਵਿੱਚ ਪੀਸੀਆਰ ਐਕਟ ਤਹਿਤ 1274 ਕੇਸ ਦਰਜ ਹੋਏ ਸਨ, ਜੋ 2021 ਵਿੱਚ 1377 ਹੋ ਗਏ। ਇਸ ਲਈ ਜਦੋਂ ਤੱਕ ਲੋਕਾਂ ਦਾ ਦਿਲ ਨਹੀਂ ਬਦਲਦਾ, ਸਮਾਜਿਕ ਤਬਦੀਲੀ ਸੰਭਵ ਨਹੀਂ ਹੈ।"

(ਬੀਬੀਸੀ ਪੰਜਾਬੀ ਨਾਲ FACEBOOKINSTAGRAMTWITTERਅਤੇ YouTube 'ਤੇ ਜੁੜੋ।)