ਇਸ ਘਰ ’ਚ 60ਵਾਂ ਬੱਚਾ ਜੰਮਿਆ, ਨਾਂ ਰੱਖਿਆ ‘ਖੁਸ਼ਹਾਲ’, ਹੁਣ ਸਰਕਾਰ ਤੋਂ ਮਦਦ ਮੰਗਦਾ ਪਿਤਾ

ਹਾਜੀ ਜਾਨ

ਤਸਵੀਰ ਸਰੋਤ, JAN MOHAMMAD

ਤਸਵੀਰ ਕੈਪਸ਼ਨ, ਹਾਜੀ ਜਾਨ ਆਪਣੇ 60ਵੇੇਂ ਬੱਚੇ ਨਾਲ
    • ਲੇਖਕ, ਮੁਹੰਮਦ ਕਾਜ਼ਿਮ
    • ਰੋਲ, ਬੀਬੀਸੀ ਉਰਦੂ, ਕਵੇਟਾ ਤੋਂ

ਪਾਕਿਸਤਾਨ ਦੇ ਬਲੋਚਿਸਤਾਨ ਸੂਬੇ ਦੀ ਰਾਜਧਾਨੀ ਕਵੇਟਾ ਦੇ ਸਰਦਾਰ ਹਾਜੀ ਜਾਨ ਨੇ ਦਾਅਵਾ ਕੀਤਾ ਹੈ ਕਿ ਐਤਵਾਰ ਨੂੰ ਉਨ੍ਹਾਂ ਦੇ ਘਰ 60ਵੇਂ ਬੱਚੇ ਨੇ ਜਨਮ ਲਿਆ ਹੈ।

ਬੀਬੀਸੀ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ ਕਿ ਉਨ੍ਹਾਂ ਦੇ ਪੰਜ ਬੱਚੇ ਅੱਲ੍ਹਾ ਨੂੰ ਪਿਆਰੇ ਹੋ ਚੁੱਕੇ ਹਨ ਜਦਕਿ 55 ਬੱਚੇ ਜ਼ਿੰਦਾ ਅਤੇ ਸਿਹਤਮੰਦ ਹਨ।

ਉਨ੍ਹਾਂ ਅੱਗੇ ਕਿਹਾ ਕਿ ਉਹ ਅਜੇ ਹੋਰ ਬੱਚੇ ਪੈਦਾ ਕਰਨ ਦੀ ਇੱਛਾ ਰੱਖਦੇ ਹਨ ਅਤੇ ਜੇ ਅੱਲ੍ਹਾ ਦੀ ਮਰਜ਼ੀ ਹੋਈ ਤਾਂ ਉਹ ਅਜਿਹਾ ਜ਼ਰੂਰ ਕਰਨਗੇ। ਅਜਿਹਾ ਕਰਨ ਲਈ ਉਹ ਚੌਥਾ ਵਿਆਹ ਕਰਨ ਦੀ ਯੋਜਨਾ ਵੀ ਬਣਾ ਰਹੇ ਹਨ।

50 ਸਾਲਾ ਸਰਦਾਰ ਹਾਜੀ ਜਾਨ ਮੁਹੰਮਦ ਖ਼ਾਨ ਖਿਲਜੀ ਕਵੇਟਾ ਸ਼ਹਿਰ ਦੇ ਪੂਰਬੀ ਬਾਈਪਾਸ ਦੇ ਨਜ਼ਦੀਕ ਰਹਿੰਦੇ ਹਨ। ਉਹ ਪੇਸ਼ੇ ਵੱਜੋਂ ਡਾਕਟਰ ਹਨ ਅਤੇ ਉਸੇ ਇਲਾਕੇ ‘ਚ ਉਨ੍ਹਾਂ ਦਾ ਕਲੀਨਿਕ ਹੈ।

ਲਾਈਨ

ਇਹ ਵੀ ਪੜ੍ਹੋ:

ਲਾਈਨ

60ਵਾਂ ਬੱਚਾ ਮੁੰਡਾ ਹੋਇਆ ਤੇ ਨਾਮ ਰੱਖਿਆ ਖੁਸ਼ਹਾਲ

ਹਾਜੀ ਜਾਨ

ਤਸਵੀਰ ਸਰੋਤ, JAN MOHAMMAD

ਤਸਵੀਰ ਕੈਪਸ਼ਨ, ਸਰਦਾਰ ਜਾਨ ਮੁਹੰਮਦ ਚੌਥੀ ਵਾਰ ਵਿਆਹ ਕਰਵਾਉਣਾ ਚਾਹੁੰਦੇ ਹਨ ਅਤੇ ਇਸ ਦੇ ਲਈ ਉਹ ਚੌਥੀ ਔਰਤ ਦੀ ਭਾਲ ਕਰ ਰਹੇ ਹਨ

ਹਾਜੀ ਜਾਨ ਨੇ ਦੱਸਿਆ ਕਿ ਪੁੱਤਰ ਦੇ ਰੂਪ ‘ਚ ਉਨ੍ਹਾਂ ਦੇ ਘਰ 60ਵੇਂ ਬੱਚੇ ਨੇ ਜਨਮ ਲਿਆ ਹੈ ਅਤੇ ਉਨ੍ਹਾਂ ਨੇ ਆਪਣੇ ਪੁੱਤਰ ਦਾ ਨਾਮ ਖੁਸ਼ਹਾਲ ਖ਼ਾਨ ਰੱਖਿਆ ਹੈ।

ਉਨ੍ਹਾਂ ਅਨੁਸਾਰ, “ਖੁਸ਼ਹਾਲ ਖ਼ਾਨ ਦੀ ਮਾਂ ਨੂੰ ਮੈਂ ਉਸ ਦੇ ਜਨਮ ਲੈਣ ਤੋਂ ਪਹਿਲਾਂ ਉਮਰਾ ‘ਤੇ ਲੈ ਗਿਆ ਸੀ, ਇਸ ਲਈ ਹੀ ਮੈਂ ਉਸ ਨੂੰ ਹਾਜੀ ਖੁਸ਼ਹਾਲ ਖ਼ਾਨ ਕਹਿੰਦਾ ਹਾਂ।”

ਜਦੋਂ ਉਨ੍ਹਾਂ ਨੂੰ ਪੁੱਛਿਆ ਗਿਆ ਕਿ, ਕੀ ਉਨ੍ਹਾਂ ਨੂੰ ਇੰਨ੍ਹੇ ਸਾਰੇ ਬੱਚਿਆਂ ਦੇ ਨਾਮ ਯਾਦ ਹਨ ਤਾਂ ਉਨ੍ਹਾਂ ਨੇ ਉੱਚੀ-ਉੱਚੀ ਹੱਸਦਿਆਂ ਜਵਾਬ ਦਿੱਤਾ, “ ਕਿਉਂ ਨਹੀਂ?”

ਇੱਥੇ ਇਹ ਧਿਆਨ ਦਿੱਤਾ ਜਾਣਾ ਚਾਹੀਦਾ ਹੈ ਕਿ ਪਾਕਿਸਤਾਨ ਦੁਨੀਆ ਦੇ ਉਨ੍ਹਾਂ 8 ਦੇਸ਼ਾਂ ‘ਚ ਸ਼ਾਮਲ ਹੈ, ਜੋ 2050 ਤੱਕ ਦੁਨੀਆ ਦੀ ਕੁੱਲ ਆਬਾਦੀ ਦੇ ਵਾਧੇ ‘ਚ 50 ਫੀਸਦੀ ਯੋਗਦਾਨ ਪਾਵੇਗਾ।

ਸੰਯੁਕਤ ਰਾਸ਼ਟਰ ਸੰਘ ਵੱਲੋਂ ਜਾਰੀ ਅੰਕੜਿਆਂ ਮੁਤਾਬਕ 1960 ਦੇ ਦਹਾਕੇ ਤੋਂ ਦੁਨੀਆ ਭਰ ‘ਚ ਆਬਾਦੀ ਦੇ ਵਾਧੇ ਦੀ ਦਰ ਘੱਟਦੀ ਜਾ ਰਹੀ ਹੈ ਅਤੇ 2020 ‘ਚ ਤਾਂ ਇਹ ਦਰ ਇੱਕ ਫੀਸਦੀ ਤੋਂ ਵੀ ਘੱਟ ਰਹੀ ਹੈ, ਉੱਥੇ ਹੀ ਪਾਕਿਸਤਾਨ ‘ਚ ਇਹ ਦਰ 1.9% ਦਰਜ ਕੀਤੀ ਗਈ ਸੀ।

ਚੌਥੇ ਵਿਆਹ ਲਈ ਔਰਤ ਦੀ ਭਾਲ

ਸਰਦਾਰ ਜਾਨ ਮੁਹੰਮਦ ਨੇ ਕਿਹਾ ਹੈ ਕਿ ਉਹ ਚੌਥੀ ਵਾਰ ਵਿਆਹ ਕਰਵਾਉਣਾ ਚਾਹੁੰਦੇ ਹਨ ਅਤੇ ਇਸ ਦੇ ਲਈ ਉਹ ਚੌਥੀ ਔਰਤ ਦੀ ਭਾਲ ਕਰ ਰਹੇ ਹਨ।

ਉਨ੍ਹਾਂ ਨੇ ਕਿਹਾ, “ਮੈਂ ਆਪਣੇ ਸਾਰੇ ਦੋਸਤਾਂ ਨੂੰ ਮੇਰੇ ਲਈ ਚੌਥੇ ਵਿਆਹ ਲਈ ਕੁੜੀ ਲੱਭਣ ‘ਚ ਮਦਦ ਕਰਨ ਲਈ ਕਿਹਾ ਹੈ। ਜ਼ਿੰਦਗੀ ਹੱਥੋਂ ਨਿਕਲ ਰਹੀ ਹੈ ਅਤੇ ਮੇਰੀ ਦੁਆ ਹੈ ਕਿ ਮੇਰਾ ਚੌਥਾ ਵਿਆਹ ਜਲਦੀ ਹੋ ਜਾਵੇ।”

ਉਨ੍ਹਾਂ ਨੇ ਅੱਗੇ ਕਿਹਾ ਕਿ ਸਿਰਫ ਉਹ ਹੀ ਵਧੇਰੇ ਬੱਚੇ ਪੈਦਾ ਕਰਨ ਦੀ ਇੱਛਾ ਨਹੀਂ ਰੱਖਦੇ ਬਲਕਿ ਉਨ੍ਹਾਂ ਦੀਆਂ ਪਤਨੀਆਂ ਵੀ ਇਹੀ ਚਾਹੁੰਦੀਆਂ ਹਨ ਅਤੇ ਉਨ੍ਹਾ ਦੇ ਘਰ ਪੁੱਤਰਾਂ ਦੇ ਮੁਕਾਬਲੇ ਧੀਆਂ ਦੀ ਗਿਣਤੀ ਵਧੇਰੇ ਹੈ।

ਜਾਨ ਮੁਹੰਮਦ ਨੇ ਕਿਹਾ ਕਿ ਉਨ੍ਹਾ ਦੇ ਕੁਝ ਧੀਆਂ-ਪੁੱਤਰਾਂ ਦੀ ਉਮਰ 20 ਸਾਲ ਤੋਂ ਵੱਧ ਹੈ, ਪਰ ਉਨ੍ਹਾਂ ‘ਚੋਂ ਕਿਸੇ ਦਾ ਵੀ ਅਜੇ ਤੱਕ ਵਿਆਹ ਨਹੀਂ ਹੋਇਆ ਹੈ, ਕਿਉਂਕਿ ਉਹ ਪੜ੍ਹ ਰਹੇ ਹਨ।

‘ਆਰਥਿਕ ਮੁਸ਼ਕਲਾਂ ਦਾ ਸਾਹਮਣਾ’

ਹਾਜੀ ਜਾਨ

ਤਸਵੀਰ ਸਰੋਤ, JAN MOHAMMAD

ਤਸਵੀਰ ਕੈਪਸ਼ਨ, ਹਾਜੀ ਜਾਨ ਚਾਹੁੰਦੇ ਹਨ ਕਿ ਸਰਕਾਰ ਬੱਚਿਆਂ ਨੂੰ ਯਾਤਰਾ ਕਰਨ ‘ਚ ਮਦਦ ਦੇਵੇ

ਹਾਜੀ ਜਾਨ ਮੁਹੰਮਦ ਨੇ ਕਿਹਾ ਕਿ ਉਨ੍ਹਾਂ ਦਾ ਕੋਈ ਵੱਡਾ ਕਾਰੋਬਾਰ ਨਹੀਂ ਹੈ, ਪਰ ਉਨ੍ਹਾਂ ਦੇ ਘਰ ਦਾ ਸਾਰਾ ਖਰਚ ਉਨ੍ਹਾਂ ਦੇ ਕਲੀਨਿਕ ਤੋਂ ਹੀ ਚੱਲਦਾ ਹੈ।

ਉਨ੍ਹਾਂ ਕਿਹਾ ਕਿ ਪਹਿਲਾਂ ਉਨ੍ਹਾਂ ਨੂੰ ਬੱਚਿਆਂ ਦੇ ਖਰਚ ਸਬੰਧੀ ਬਹੁਤੀ ਪਰੇਸ਼ਾਨੀ ਨਹੀਂ ਚੁੱਕਣੀ ਪੈਂਦੀ ਸੀ, ਪਰ ਪਿਛਲੇ ਤਿੰਨ ਸਾਲਾਂ ਤੋਂ ਮਹਿੰਗਾਈ ‘ਚ ਭਾਰੀ ਵਾਧਾ ਹੋਣ ਕਰਕੇ ਉਨ੍ਹਾਂ ਨੂੰ ਕੁਝ ਆਰਥਿਕ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।

ਉਨ੍ਹਾਂ ਅੱਗੇ ਕਿਹਾ, ‘‘ਕਾਰੋਬਾਰ ਠੱਪ ਹੋ ਗਿਆ ਹੈ। ਆਟਾ, ਘਿਓ ਅਤੇ ਖੰਡ ਸਮੇਤ ਸਾਰੀਆਂ ਹੀ ਬੁਨਿਆਦੀ ਚੀਜ਼ਾਂ ਦੀਆਂ ਕੀਮਤਾਂ ਤਿੰਨ ਗੁਣਾ ਵੱਧ ਗਈਆਂ ਹਨ। ਪਿਛਲੇ ਤਿੰਨ ਸਾਲਾਂ ਤੋਂ ਪੂਰੀ ਦੁਨੀਆ ਸਮੇਤ ਸਾਰੇ ਪਾਕਿਸਤਾਨੀ ਮੁਸ਼ਕਲਾਂ ਦਾ ਸਾਹਮਣਾ ਕਰ ਰਹੇ ਹਨ ਅਤੇ ਇਸ ‘ਚ ਮੈਂ ਵੀ ਸ਼ਾਮਲ ਹਾਂ।”

ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਕੋਸ਼ਿਸ਼ ਤਾਂ ਆਪਣੇ ਬੱਚਿਆਂ ਨੂੰ ਖੁਸ਼ ਰੱਖਣ ਦੀ ਸੀ ਅਤੇ ਇਸ ਲਈ ਉਨ੍ਹਾਂ ਕਦੇ ਵੀ ਕਿਸੇ ਤੋਂ ਮਦਦ ਨਹੀਂ ਮੰਗੀ ਹੈ, ਸਗੋਂ ਆਪਣੀ ਮਿਹਨਤ ਨਾਲ ਹੀ ਪੂਰੇ ਘਰ ਦਾ ਖਰਚਾ ਚੁੱਕਣ ਦੀ ਕੋਸ਼ਿਸ਼ ਕੀਤੀ ਹੈ।

ਹਾਜੀ ਜਾਨ ਨੇ ਕਿਹਾ ਕਿ ਉਹ ਸਾਰੇ ਬੱਚਿਆਂ ਨੂੰ ਪੜ੍ਹਾ ਰਹੇ ਹਨ ਅਤੇ ਉਹ ਆਪਣੇ ਬੱਚਿਆਂ ਦੀ ਪੜ੍ਹਾਈ ‘ਤੇ ਕਾਫ਼ੀ ਪੈਸਾ ਵੀ ਖਰਚ ਕਰ ਰਹੇ ਹਨ।

ਉਹ ਅੱਗੇ ਕਹਿੰਦੇ ਹਨ ਕਿ ਉਨ੍ਹਾਂ ਨੇ ਬੱਚਿਆਂ ਦੇ ਖਰਚੇ ਲਈ ਕਿਸੇ ਤੋਂ ਵੀ ਮਦਦ ਨਹੀਂ ਮੰਗੀ ਹੈ ਪਰ ਉਨ੍ਹਾਂ ਦੇ ਬੱਚਿਆਂ ਨੂੰ ਸਰਕਾਰ ਤੋਂ ਨਾਗਰਿਕ ਦੇ ਰੂਪ ‘ਚ ਉਨ੍ਹਾਂ ਦੇ ਅਧਿਕਾਰ ਮਿਲਣੇ ਚਾਹੀਦੇ ਹਨ।

‘ਬੱਚਿਆਂ ਨੂੰ ਕਾਰ ‘ਚ ਘੁੰਮਾਉਣ ਲੈ ਕੇ ਜਾਣਾ ਹੁਣ ਮੁਸ਼ਕਲ’

ਜਾਨ ਮੁਹੰਮਦ ਨੇ ਕਿਹਾ ਕਿ ਉਹ ਖੁਦ ਘੁੰਮਣ ਦੇ ਸ਼ੌਕੀਨ ਹਨ ਅਤੇ ਉਹ ਚਾਹੁੰਦੇ ਹਨ ਕਿ ਉਨ੍ਹਾਂ ਦੇ ਬੱਚੇ ਪੂਰੇ ਪਾਕਿਸਤਾਨ ਦੀ ਸੈਰ ਕਰਨ।

ਉਨ੍ਹਾਂ ਕਿਹਾ ਕਿ ਜਦੋਂ ਉਨ੍ਹਾਂ ਦੇ ਬੱਚੇ ਛੋਟੇ ਸਨ ਤਾਂ ਉਨ੍ਹਾ ਨੂੰ ਕਾਰ ‘ਚ ਘੁੰਮਾਉਣ ਲਈ ਲੈ ਕੇ ਜਾਣਾ ਆਸਾਨ ਸੀ ਪਰ ਹੁਣ ਕਾਰ ‘ਚ ਲੈ ਕੇ ਜਾਣਾ ਸੰਭਵ ਨਹੀਂ ਹੈ।

ਉਨ੍ਹਾਂ ਦਾ ਕਹਿਣਾ ਹੈ ਕਿ ਉਹ ਚਾਹੁੰਦੇ ਹਨ ਕਿ ਸਰਕਾਰ ਬੱਚਿਆਂ ਨੂੰ ਯਾਤਰਾ ਕਰਨ ‘ਚ ਮਦਦ ਦੇਵੇ।

ਹਾਜੀ ਜਾਨ ਦਾ ਕਹਿਣਾ ਹੈ ਕਿ “ਜੇ ਸਰਕਾਰ ਮੈਨੂੰ ਇੱਕ ਬੱਸ ਦੇ ਦਿੰਦੀ ਹੈ ਤਾਂ ਮੈਂ ਆਪਣੇ ਸਾਰੇ ਬੱਚਿਆਂ ਨੂੰ ਆਸਾਨੀ ਨਾਲ ਪਾਕਿਸਤਾਨ ਲੈ ਜਾ ਸਕਦਾ ਹਾਂ।”

ਬਹੁਤ ਸਾਰੇ ਬੱਚਿਆਂ ਦੇ ਪਿਤਾ ਦੇ ਰੂਪ ‘ਚ ਆਪਣੀ ਪਛਾਣ ਕਾਇਮ ਕਰਨ ਵਾਲੇ ਸਰਦਾਰ ਜਾਨ ਮੁਹੰਮਦ ਬਲੋਚਿਸਤਾਨ ਦੇ ਅਜਿਹੇ ਦੂਜੇ ਵਿਅਕਤੀ ਹਨ। ਇਸ ਤੋਂ ਪਹਿਲਾਂ ਅਬਦੁੱਲ ਮਜੀਦ ਮੇਂਗਲ ਨਾਮ ਦੇ ਇੱਕ ਵਿਅਕਤੀ ਨੇ ਬਲੋਚਿਸਤਾਨ ਦੇ ਨੁਸ਼ਕੀ ਜ਼ਿਲ੍ਹੇ ‘ਚ 6 ਵਿਆਹ ਕੀਤੇ ਸਨ ਅਤੇ ਉਨ੍ਹਾਂ ਨੇ 54 ਬੱਚੇ ਪੈਦਾ ਕੀਤੇ ਸਨ।

ਅਬਦੁੱਲ ਮਜੀਦ ਮੇਂਗਲ ਦਾ ਪਿਛਲੇ ਮਹੀਨੇ 75 ਸਾਲ ਦੀ ਉਮਰ ‘ਚ ਦੇਹਾਂਤ ਹੋ ਗਿਆ ਸੀ। ਉਨ੍ਹਾਂ ਦੀਆਂ ਦੋ ਪਤਨੀਆਂ ਅਤੇ 12 ਬੱਚਿਆਂ ਦਾ ਉਨ੍ਹਾਂ ਦੇ ਜੀਵਨ ਕਾਲ ਦੌਰਾਨ ਹੀ ਦੇਹਾਂਤ ਹੋ ਗਿਆ ਸੀ।

ਲਾਈਨ

(ਬੀਬੀਸੀ ਪੰਜਾਬੀ ਨਾਲ FACEBOOKINSTAGRAMTWITTERਅਤੇ YouTube 'ਤੇ ਜੁੜੋ।)