ਨੈੱਟਫਲਿਕਸ ਦਾ ਇੰਡੀਅਨ ਮੈਚਮੇਕਿੰਗ ਸ਼ੋਅ: ਪ੍ਰਿਅੰਕਾ ਚੋਪੜਾ ਤੇ ਨਿਕ ਜੋਨਸ ਦੇ ਰਿਸ਼ਤੇ ਨੂੰ ਚੰਗਾ ਕਿਉਂ ਨਹੀਂ ਮੰਨਦੀ 'ਵਿਚੋਲਣ'

ਤਸਵੀਰ ਸਰੋਤ, COURTESY OF NETFLIX
- ਲੇਖਕ, ਗੀਤਾ ਪਾਂਡੇ
- ਰੋਲ, ਬੀਬੀਸੀ ਨਿਊਜ਼
ਇੰਡੀਅਨ ਮੈਚਮੇਕਿੰਗ - ਇੱਕ ਅਜਿਹਾ ਸ਼ੋਅ ਹੈ, ਜਿਸ ਵਿੱਚ ਵਿਆਹ ਲਈ ਜੋੜੀਆਂ ਬਣਾਈਆਂ ਜਾਂਦੀਆਂ ਹਨ।
ਨੈੱਟਫਲਿਕਸ ਦੇ ਇਸ ਸ਼ੋਅ ਦਾ ਪਹਿਲਾ ਸੀਜ਼ਨ ਦੋ ਸਾਲ ਪਹਿਲਾਂ ਆਇਆ ਸੀ, ਜਿਸ ਨੂੰ ਭਾਰਤ ਸਮੇਤ ਦੁਨੀਆਂ ਦੇ ਬਹੁਤ ਸਾਰੇ ਹਿੱਸਿਆਂ ਵਿੱਚ ਦੇਖਿਆ ਗਿਆ ਸੀ।
ਇਹ ਸ਼ੋਅ ਹੁਣ ਆਪਣਾ ਦੂਜਾ ਸੀਜ਼ਨ ਲੈ ਕੇ ਆ ਗਿਆ ਹੈ ਅਤੇ ਇੱਕ ਵਾਰ ਇਸ ਨੂੰ ਲੈ ਕੇ ਕਾਫੀ ਚਰਚਾ ਹੈ ਕਿ ਕੀ ਇਹ ਸ਼ੋਅ ਪੁਰਾਣੇ ਵਿਚਾਰਾਂ ਨੂੰ ਉਤਸ਼ਾਹਿਤ ਕਰਦਾ ਹੈ ਜਾਂ ਫਿਰ ਸਮਾਜ ਨੂੰ ਸੀਸ਼ਾ ਦਿਖਾ ਰਿਹਾ ਹੈ।
ਟਾਈਮ ਮੈਗਜ਼ੀਨ ਨੇ ਇਸ ਸ਼ੋਅ ਨੂੰ ਹੁਣ ਤੱਕ ਦੇ 50 ਸਭ ਤੋਂ ਪ੍ਰਭਾਵਸ਼ਾਲੀ ਰਿਐਲਿਟੀ ਟੀਵੀ ਸ਼ੋਅਜ਼ ਦੀ ਸੂਚੀ ਵਿੱਚ ਸ਼ਾਮਲ ਕੀਤਾ ਹੈ।
ਅੱਠ ਭਾਗਾਂ ਵਾਲੇ ਇਸ ਸ਼ੋਅ ਵਿੱਚ ਇੱਕ ਵਾਰ ਫਿਰ ਕੁਲੀਨ ਵਰਗ ਦੇ ਭਾਰਤੀ ਮੈਚਮੇਕਰ (ਜੋੜੀਦਾਰ ਲੱਭਣ ਵਿੱਚ ਮਦਦ ਕਰਨ ਵਾਲੀ) ਸੀਮਾ ਤਪਾਰੀਆ ਨਜ਼ਰ ਆ ਰਹੇ ਹਨ।
ਉਹ ਆਪਣੇ ਅਮੀਰ ਗਾਹਕਾਂ ਲਈ ਭਾਰਤ ਤੇ ਅਮਰੀਕਾ ਵਿੱਚ ਢੁਕਵੇਂ ਜੋੜੀਦਾਰ ਲੱਭਣ ਦੀ ਕੋਸ਼ਿਸ਼ ਕਰ ਰਹੇ ਹਨ।
ਸ਼ੋਅ ਦਾ ਮੁੱਖ ਮੰਤਵ ਹੈ ਲਾੜਾ ਜਾਂ ਲਾੜੀ ਲੱਭਣਾ, ਜਿਵੇਂ ਕਿ ਸੀਮਾ ਤਪਾਰੀਆ ਆਪ ਵੀ ਸ਼ੁਰੂ ਵਿੱਚ ਕਹਿੰਦੇ ਹਨ, "ਪਹਿਲਾਂ ਵਿਆਹ ਹੁੰਦਾ ਹੈ, ਫਿਰ ਪਿਆਰ" ਅਤੇ "ਵਿਆਹ ਤੋਂ ਬਾਅਦ ਸਭ ਕੁਝ ਐਡਜਸਟ ਹੋ ਜਾਂਦਾ ਹੈ।"
ਨਵੇਂ ਸੀਜ਼ਨ ਵਿੱਚ ਪਹਿਲੇ ਸੀਜ਼ਨ ਤੋਂ ਸੀਮਾ ਦੇ ਕੁਝ ਪੁਰਾਣੇ ਗਾਹਕ ਅਤੇ ਕਈ ਨਵੇਂ ਚਿਹਰੇ ਸ਼ਾਮਲ ਹਨ।
ਇਨ੍ਹਾਂ ਸਾਰਿਆਂ ਨੂੰ ਉਮੀਦ ਹੈ ਕਿ "ਮੁੰਬਈ 'ਚ ਸਿਖਰ ਦੀ ਵਿਚੋਲਣ (ਮੈਚਮੇਕਰ)" ਹੋਣ ਦਾ ਦਾਅਵਾ ਕਰਨ ਵਾਲੀ ਸੀਮਾ, ਉਨ੍ਹਾਂ ਨੂੰ ਵੀ ਜੋੜੀਦਾਰ ਲੱਭਣ ਵਿੱਚ ਮਦਦ ਕਰਨਗੇ।
ਸੀਮਾ ਆਂਟੀ ਅਤੇ ਸ਼ੋਅ ਨੂੰ ਲੈ ਕੇ ਵਿਵਾਦ
ਸੀਮਾ ਤਪਾਰੀਆ ''ਸੀਮਾ ਆਂਟੀ'' ਵਜੋਂ ਵਧੇਰੇ ਜਾਣੇ ਜਾਂਦੇ ਹਨ।
ਪਰ ਬਹੁਤ ਸਾਰੇ ਲੋਕਾਂ ਦਾ ਵਿਸ਼ਵਾਸ ਸੀਮਾ ਆਂਟੀ 'ਤੇ ਹੁਣ ਡੋਲਦਾ ਜਾ ਰਿਹਾ ਹੈ ਕਿਉਂਕਿ ਪਿਛਲੇ ਸੀਜ਼ਨ 'ਚ ਉਨ੍ਹਾਂ ਦੁਆਰਾ ਬਣਾਈਆਂ ਜੋੜੀਆਂ ਵਿੱਚੋਂ ਕੋਈ ਵੀ ਜ਼ਿਆਦਾ ਦੇਰ ਤੱਕ ਨਹੀਂ ਚੱਲੀ।
ਪਰ ਇਹ ਕੋਈ ਇਕਲੌਤਾ ਸਵਾਲ ਨਹੀਂ ਹੈ, ਜੋ ਸੀਮਾ ਆਂਟੀ ਜਾਂ ਸ਼ੋਅ ਬਾਰੇ ਚੁੱਕ ਰਿਹਾ ਹੋਵੇ।
ਬਹੁਤ ਪ੍ਰਸਿੱਧ ਹੋਣ ਦੇ ਬਾਵਜੂਦ ਵੀ ਸ਼ੋਅ ਦੇ ਪਹਿਲੇ ਸੀਜ਼ਨ ਵਿੱਚ ਦੁਰਵਿਵਹਾਰ, ਜਾਤੀਵਾਦ ਅਤੇ ਰੰਗਵਾਦ ਵਰਗੀਆਂ ਚੀਜ਼ਾਂ ਸਾਹਮਣੇ ਆਈਆਂ ਸਨ, ਜਿਸ ਕਾਰਨ ਬਹੁਤ ਸਾਰੇ ਲੋਕਾਂ ਨੇ ਇਸ ਨੂੰ ਪੁਰਾਣੀ ਸੋਚ ਵਾਲਾ ਵੀ ਕਿਹਾ ਸੀ।

ਤਸਵੀਰ ਸਰੋਤ, COURTESY OF NETFLIX
ਹਾਲਾਂਕਿ ਇਸ ਨਵੇਂ ਸੀਜ਼ਨ ਵਿੱਚ, ਅਜਿਹੇ ਮੁੱਦਿਆਂ 'ਤੇ ਥੋੜ੍ਹੀ ਨਰਮਾਈ ਨਜ਼ਰ ਆ ਰਹੀ ਹੈ ਅਤੇ ਇੰਝ ਜਾਪਦਾ ਹੈ ਕਿ ਸੀਮਾ ਆਂਟੀ ਵੀ ਪੁਰਾਣੀ ਆਲੋਚਨਾ ਕਾਰਨ ਆਪਣੀ ਜ਼ਬਾਨ 'ਤੇ ਕੁਝ ਹੱਦ ਤੱਕ ਕੰਟਰੋਲ ਕਰਨ ਦੀ ਕੋਸ਼ਿਸ਼ ਕਰ ਰਹੇ ਹਨ।
ਪਰ ਇਸ ਸਭ ਦੇ ਬਾਵਜੂਦ ਵੀ ਸ਼ੋਅ ਲਿੰਗਵਾਦ ਅਤੇ ਲਿੰਗਕ ਪੱਖਪਾਤ 'ਚ ਉਲਝਿਆ ਜਾਪਦਾ ਹੈ।
ਸੀਮਾ ਆਂਟੀ ਅਜੇ ਵੀ ਮਰਦਾਂ ਨਾਲ ਜ਼ਿਆਦਾ ਨਰਮ ਵਿਵਹਾਰ ਕਰਦੇ ਹਨ - ਉਹ "ਚੰਗੇ ਮੁੰਡੇ" ਹਨ ਜਦਕਿ ਔਰਤਾਂ "ਸਖ਼ਤ" ਜਾਂ "ਮੁਸ਼ਕਲ" ਜਾਂ ਇੱਥੋਂ ਤੱਕ ਕਿ "ਘੱਟ ਗੰਭੀਰ" ਹਨ।
ਸ਼ਾਇਦ ਇਸੇ ਕਾਰਨ ਇੱਕ ਪੁਰਸ਼ ਭਾਗੀਦਾਰ ਅਤੇ ਆਪਣੇ ਆਪ ਨੂੰ "ਦੁਨੀਆਂ ਦਾ ਸਭ ਤੋਂ ਯੋਗ ਬੈਚਲਰ" ਕਹਿਣ ਵਾਲੇ ਅਕਸ਼ੈ ਨੂੰ ਇਜਾਜ਼ਤ ਦਿੱਤੀ ਜਾਂਦੀ ਹੈ ਕਿ ਉਹ ਔਰਤਾਂ ਨੂੰ "ਚੀਕਜ਼" (ਮੁਰਗੀਆਂ ਦੇ ਚੂਜ਼ੇ) ਕਹਿ ਸਕਣ।
ਸ਼ਾਇਦ ਇਸੇ ਕਾਰਨ ਮਹਿਲਾਵਾਂ ਤੋਂ ਲਾਗਾਤਾਰ ਇਹ ਉਮੀਦ ਕੀਤੀ ਜਾਂਦੀ ਹੈ ਕਿ ਉਹ ਉਨ੍ਹਾਂ (ਪੁਰਸ਼ਾਂ) ਦੀਆਂ ਉਮੀਦਾਂ ਨੂੰ ਪੂਰਾ ਕਰਨ।
ਸੀਮਾ ਆਂਟੀ ਅਕਸਰ (ਪੁਰਸ਼ਾਂ ਨੂੰ) ਕਹਿੰਦੇ ਹਨ, "ਤੁਹਾਨੂੰ 100% ਨਹੀਂ ਮਿਲੇਗਾ, 60-70% ਤੱਕ ਮਿਲਣਾ ਠੀਕ ਹੈ।''
ਇਸ ਤੋਂ ਇਲਾਵਾ, ਉਮਰ ਦੇ ਅੰਤਰ ਬਾਰੇ ਕੀਤੀ ਗਈ ਸੀਮਾ ਆਂਟੀ ਦੀ ਵਿਵਾਦਪੂਰਨ ਟਿੱਪਣੀ ਵੀ ਬਹੁਤ ਚਰਚਾ ਵਿੱਚ ਰਹੀ ਹੈ।
ਸੀਮਾ ਤਪਾਰੀਆ ਨੇ ਇੱਕ ਮਹਿਲਾ ਗਾਹਕ ਨੂੰ ਕਿਹਾ ਸੀ ਕਿ ਸੱਤ ਸਾਲ ਛੋਟੇ ਆਦਮੀ ਨਾਲ ਉਨ੍ਹਾਂ ਦਾ ਰਿਸ਼ਤਾ ਇੱਕ ਚੰਗਾ ਮੈਚ ਨਹੀਂ ਹੈ, "ਜਿਵੇਂ ਪ੍ਰਿਯੰਕਾ ਚੋਪੜਾ ਅਤੇ ਨਿਕ ਜੋਨਸ ਦਾ"।
ਰੂੜ੍ਹੀਵਾਦ ਨੂੰ ਉਤਸ਼ਾਹ ਦੇਣ ਵਾਲਾ ਸ਼ੋਅ
ਆਲੋਚਕ ਇਹ ਇਲਜ਼ਾਮ ਵੀ ਲਗਾਉਂਦੇ ਹਨ ਕਿ ਇਹ ਸ਼ੋਅ ਰੂੜ੍ਹੀਵਾਦ ਨੂੰ ਉਤਸ਼ਾਹਿਤ ਕਰਦਾ ਹੈ।
ਦਿ ਪ੍ਰਿੰਟ ਵੈੱਬਸਾਈਟ ਦੀ ਸੰਪਾਦਕੀ ਸਲਾਹਕਾਰ ਸ਼ੈਲਜਾ ਬਾਜਪਾਈ ਕਹਿੰਦੇ ਹਨ, "ਇਹ ਸਿਰਫ਼ ਇੱਕ ਕਿਸਮ ਦੇ ਲੋਕਾਂ ਨੂੰ ਦਿਖਾਉਂਦਾ ਹੈ। ਇਹ ਸਾਰੇ ਅਮੀਰ, ਉੱਚ-ਜਾਤੀ ਦੇ ਅਤੇ ਗੋਰੀ ਚਮੜੀ ਵਾਲੇ ਲੋਕ ਹਨ।''
''ਇੱਕ ਸਿੱਖ ਨੂੰ ਛੱਡ ਕੇ ਇਸ ਵਿੱਚ ਕੋਈ ਵੀ ਘੱਟ ਗਿਣਤੀ ਜਾਂ ਧਾਰਮਿਕ ਘੱਟ ਗਿਣਤੀ ਦੇ ਲੋਕ ਨਹੀਂ ਹਨ ਅਤੇ ਮੈਨੂੰ ਯਾਦ ਨਹੀਂ ਕਿ ਮੈਂ ਕਿਸੇ ਅਜਿਹੇ ਵਿਅਕਤੀ ਨੂੰ ਦੇਖਿਆ ਹੋਵੇ, ਜਿਸ ਦੀ ਚਮੜੀ ਦਾ ਰੰਗ ਸ਼ਿਆਮ ਹੋਵੇ।"

ਤਸਵੀਰ ਸਰੋਤ, COURTESY OF NETFLIX
ਬਹੁਤ ਸਾਰੀ ਆਲੋਚਨਾ ਦੇ ਬਾਵਜੂਦ, 10 ਅਗਸਤ ਨੂੰ ਲਾਂਚ ਹੋਣ ਤੋਂ ਬਾਅਦ ਦੋ ਹਫ਼ਤਿਆਂ ਤੱਕ ਇਹ ਸੀਰੀਜ਼ ਭਾਰਤ ਵਿੱਚ ਚੋਟੀ ਦੇ ਪੰਜ ਸ਼ੋਅ ਵਿੱਚੋਂ ਇੱਕ ਸੀ।
ਆਪਣੀ ਰਿਲੀਜ਼ ਦੇ ਪਹਿਲੇ ਹਫਤੇ ਵਿੱਚ ਇਹ ਅਮਰੀਕਾ, ਕੈਨੇਡਾ ਅਤੇ ਦੱਖਣੀ ਅਫਰੀਕਾ ਸਮੇਤ 13 ਦੇਸ਼ਾਂ ਵਿੱਚ ਚੋਟੀ ਦੇ 10 ਸ਼ੋਜ਼ ਵਿੱਚ ਵੀ ਸ਼ਾਮਲ ਸੀ ਅਤੇ ਅਗਲੇ ਹਫ਼ਤੇ ਤੱਕ ਸੱਤ ਦੇਸ਼ਾਂ ਵਿੱਚ ਸੂਚੀ ਵਿੱਚ ਬਣਿਆ ਰਿਹਾ।
ਹਜ਼ਾਰਾਂ ਲੋਕ ਸ਼ੋਅ ਬਾਰੇ ਆਪਣੇ ਵਿਚਾਰ ਸੋਸ਼ਲ ਮੀਡੀਆ 'ਤੇ ਸਾਂਝੇ ਕਰ ਰਹੇ ਹਨ ਅਤੇ ਇਸ ਦੇ ਸੀਜ਼ਨ ਤਿੰਨ ਦੀਆਂ ਵੀ ਤਿਆਰੀਆਂ ਹੋ ਰਹੀਆਂ ਹਨ ਜਿਸ ਵਿੱਚ ਯੂਕੇ ਵਿੱਚ ਮੈਚਮੇਕਿੰਗ 'ਤੇ ਧਿਆਨ ਕੇਂਦਰਤ ਰਹੇਗਾ।
ਪੇਸ਼ੇਵਰ ਮੈਚਮੇਕਿੰਗ ਵਿੱਚ ਵਧ ਰਹੀ ਦਿਲਚਸਪੀ
ਫ਼ਿਲਮ ਅਤੇ ਟਰੇਡ ਵਿਸ਼ਲੇਸ਼ਕ ਕੋਮਲ ਨਾਹਟਾ ਦਾ ਕਹਿਣਾ ਹੈ ਕਿ ਸ਼ੋਅ ਵਿੱਚ ਦਿਲਚਸਪੀ ਇਸ ਲਈ ਹੈ ਕਿਉਂਕਿ ਪਹਿਲਾ ਸੀਜ਼ਨ ਇੱਕ "ਬਹੁਤ ਵੱਡੀ ਅਤੇ ਧਮਾਕੇਦਾਰ ਸਫਲਤਾ ਸੀ - ਨਾ ਸਿਰਫ਼ ਭਾਰਤੀਆਂ ਵਿੱਚ, ਸਗੋਂ ਅਮਰੀਕਾ ਅਤੇ ਕਈ ਹੋਰ ਦੇਸ਼ਾਂ ਵਿੱਚ ਵੀ"।
ਕੋਲਮ ਨਹਾਟਾ ਨੇ ਬੀਬੀਸੀ ਨਾਲ ਗੱਲਬਾਤ ਦੌਰਾਨ ਕਿਹਾ, "ਪੱਛਮ ਦੇ ਲੋਕਾਂ ਲਈ, ਜਿੱਥੇ ਜ਼ਿਆਦਾਤਰ ਲੋਕ ਜੋੜੀਦਾਰ ਲੱਭਣ ਲਈ ਟਿੰਡਰ ਅਤੇ ਬੰਬਲ ਜਾਂ ਹੋਰ ਵੈੱਬਸਾਈਟਾਂ 'ਤੇ ਜਾਂਦੇ ਹਨ, ਇਹ ਸ਼ੋਅ ਹੈਰਾਨ ਕਰਨ ਵਾਲਾ ਸੀ।''
''ਭਾਰਤ ਵਿੱਚ ਜਿਸ ਤਰੀਕੇ ਨਾਲ ਵਿਚੋਲਗੀ ਹੁੰਦੀ ਹੈ ਉਹ ਬਹੁਤ ਹੀ ਵਿਲੱਖਣ ਹੈ ਅਤੇ ਪੱਛਮੀ ਲੋਕ ਵਿਸ਼ਵਾਸ ਹੀ ਨਹੀਂ ਕਰ ਸਕਦੇ ਸਨ ਕਿ ਅਸਲ ਵਿੱਚ ਅਜਿਹਾ ਹੁੰਦਾ ਹੈ।''
ਭਾਰਤ ਵਿੱਚ ਵੀ - ਜਿੱਥੇ ਅਜੇ ਵੀ 90% ਅਰੇਂਜ ਮੈਰਿਜ ਹੁੰਦੀਆਂ ਹਨ, ਸ਼ਹਿਰਾਂ ਅਤੇ ਕਸਬਿਆਂ ਵਿੱਚ ਪੇਸ਼ੇਵਰ ਵਿਚੋਲਗੀ ਵਿੱਚ ਦਿਲਚਸਪੀ ਵਧ ਰਹੀ ਹੈ।
ਨਹਾਟਾ ਕਹਿੰਦੇ ਹਨ, "ਉਹ ਦਿਨ ਗਏ ਜਦੋਂ ਚਾਚਾ-ਮਾਸੀ ਅਤੇ ਹੋਰ ਰਿਸ਼ਤੇਦਾਰ ਕੋਈ ਜੋੜੀਦਾਰ ਸੁਝਾਉਂਦੇ ਸਨ।"

ਤਸਵੀਰ ਸਰੋਤ, COURTESY OF NETFLIX
"ਤਲਾਕ ਦੇ ਵਧ ਰਹੇ ਮਾਮਲਿਆਂ ਕਾਰਨ, ਰਿਸ਼ਤੇਦਾਰ ਅਤੇ ਇੱਥੋਂ ਤੱਕ ਕਿ ਮਾਪੇ ਵੀ ਇਸ ਮਾਮਲੇ ਵਿੱਚ ਸ਼ਾਮਲ ਨਹੀਂ ਹੋਣਾ ਚਾਹੁੰਦੇ, ਤਾਂ ਜੋ ਵਿਆਹ ਕਾਮਯਾਬ ਨਾਲ ਹੋਣ ਦੀ ਸਥਿਤੀ ਵਿੱਚ ਉਨ੍ਹਾਂ 'ਤੇ ਦੋਸ਼ ਨਾ ਆਵੇ।
''ਇਸ ਲਈ, ਵਿਚੋਲੇ (ਮੈਚਮੇਕਰ) ਦਾ ਰੁਝਾਨ ਵਧਿਆ ਅਤੇ ਉਹ ਹਰ ਜਗ੍ਹਾ ਹਨ।"
ਸ਼ੈਲਜਾ ਬਾਜਪਾਈ ਕਹਿੰਦੇ ਹਨ ਕਿ ਲੋਕ ਮੈਚਮੇਕਰਾਂ ਕੋਲ ਜਾਂਦੇ ਹਨ "ਕਿਉਂਕਿ ਜੋੜੀਦਾਰ ਜਾਂ ਮੈਚ ਲੱਭਣਾ ਸੌਖਾ ਨਹੀਂ ਹੁੰਦਾ ਅਤੇ ਕਈ ਵਾਰ ਤੁਹਾਨੂੰ ਥੋੜੀ ਜਿਹੀ ਮਦਦ ਦੀ ਲੋੜ ਹੁੰਦੀ ਹੈ।''
ਪਰ ਨਾਲ ਉਹ ਇਹ ਵੀ ਕਹਿੰਦੇ ਹਨ ਕਿ ਸ਼ੋਅ ਦੇ ਨਾਲ ਬਹੁਤ ਸਾਰੀਆਂ ਸਮੱਸਿਆਵਾਂ ਹਨ ਕਿਉਂਕਿ "ਇਹ ਅਜੇ ਵੀ ਪੁਰਾਣੇ ਵਿਚਾਰਾਂ ਦੀ ਆਲੋਚਨਾ ਨਹੀਂ ਕਰ ਰਿਹਾ ਹੈ" ਅਤੇ "ਸਿਰਫ਼ ਪਹਿਲਾਂ ਵਰਗੇ ਪੱਖਪਾਤ ਦਾ ਪ੍ਰਚਾਰ ਕਰਦਾ ਹੈ"।
"ਮੈਨੂੰ ਸਭ ਤੋਂ ਅਜੀਬ ਗੱਲ ਇਹ ਲੱਗੀ ਕਿ ਅਮਰੀਕਾ ਦੀਆਂ ਇਹ ਸਾਰੀਆਂ ਔਰਤਾਂ ਜੋ ਪੜ੍ਹੀਆਂ-ਲਿਖੀਆਂ ਅਤੇ ਸੁਤੰਤਰ ਹਨ ਅਤੇ ਜਿਸ ਨਾਲ ਚਾਹੁਣ ਵਿਆਹ ਕਰਵਾ ਸਕਦੀਆਂ ਹਨ ਪਰ ਇਸ ਦੇ ਬਾਵਜੂਦ ਵੀ ਉਹ ਤਪਾਰੀਆ ਵਰਗੇ ਕਿਸੇ ਵਿਅਕਤੀ ਦੀ ਭਾਲ਼ ਕਰ ਰਹੀਆਂ ਹਨ।''
''ਅਤੇ ਜਾਤ ਤੇ ਧਰਮ ਦੇ ਮਾਮਲੇ ਵਿੱਚ ਉਹ ਸਾਰੀਆਂ ਇੱਕੋ ਪਿਛੋਕੜ ਤੋਂ ਜੋੜੀਦਾਰ ਲੱਭ ਰਹੀਆਂ ਹਨ। ਇੱਕ ਮਹਿਲਾ ਹੈ ਜੋ ਕਹਿੰਦੀ ਹੈ ਕਿ ਉਹ ਸਿਰਫ਼ ਇੱਕ ਗੁਜਰਾਤੀ ਜੋੜੀਦਾਰ ਹੀ ਨਹੀਂ ਚਾਹੁੰਦੀ, ਸਗੋਂ ਉਹ ਗੁਜਰਾਤੀ ਬੋਲਣ ਵਾਲਾ ਵੀ ਹੋਣਾ ਚਾਹੀਦਾ ਹੈ।''

ਇਹ ਵੀ ਪੜ੍ਹੋ:-

"ਇਸ ਨਾਲ ਮੈਨੂੰ ਦੁੱਖ ਹੋਇਆ ਕਿ ਇਨ੍ਹਾਂ ਸਾਰੀਆਂ ਔਰਤਾਂ ਨੇ ਅਮਰੀਕਾ ਵਿੱਚ ਇੰਨੇ ਸਾਲ ਰਹਿ ਕੇ ਕੁਝ ਨਹੀਂ ਸਿੱਖਿਆ।''
ਪਿਛਲੇ ਹਫ਼ਤੇ ਵੈਰਾਇਟੀ ਨਾਲ ਇੱਕ ਇੰਟਰਵਿਊ ਵਿੱਚ ਸ਼ੋਅ ਦੀ ਕ੍ਰੀਏਟਰ ਸਮ੍ਰਿਤੀ ਮੁੰਧਰਾ ਨੇ ਸਹਿਮਤੀ ਜਤਾਈ ਕਿ "ਸ਼ੋਅ ਦੇ ਕੁਝ ਹਿੱਸੇ ਖ਼ਰਾਬ ਹਨ"।
ਉਨ੍ਹਾਂ ਕਿਹਾ, "ਕੁਝ ਚੀਜ਼ਾਂ ਜੋ ਅਸੀਂ ਕਰਦੇ ਹਾਂ, ਕਹਿੰਦੇ ਹਾਂ, ਵਿਸ਼ਵਾਸ ਕਰਦੇ ਹਾਂ ਅਤੇ ਪੀੜ੍ਹੀਆਂ ਤੋਂ ਅੰਦਰੂਨੀ ਤੌਰ 'ਤੇ ਬਣਾਈਆਂ ਗਈਆਂ ਹਨ, ਉਹ ਬਹੁਤ ਦੁਖਦਾਈ ਹਨ।''
''ਗੱਲਬਾਤ ਦੇ ਉਨ੍ਹਾਂ ਵਿਸ਼ਿਆਂ ਦਾ ਸਾਹਮਣਾ ਕਰਨਾ ਮੁਸ਼ਕਲ ਹੈ; ਇਹ ਦੇਖਣਾ ਮੁਸ਼ਕਲ ਹੈ ਕਿ ਇਹ ਤੁਹਾਡੇ 'ਤੇ ਪ੍ਰਤੀਬਿੰਬਤ ਹੁੰਦਾ ਹੈ।"
ਹਾਲਾਂਕਿ, ਉਨ੍ਹਾਂ ਅੱਗੇ ਕਿਹਾ ਕਿ ਅਜਿਹੇ ਮੁਸ਼ਕਲ ਵਿਸ਼ਿਆਂ ਨੂੰ ਚੁੱਕ ਕੇ ਇਸ ਸੀਰੀਜ਼ ਨੇ ਪਰਿਵਾਰਾਂ ਨੂੰ ''ਮੁਸ਼ਕਲ ਗੱਲਬਾਤ" ਕਰਨ ਦਾ ਮੌਕਾ ਪ੍ਰਦਾਨ ਕੀਤਾ ਹੈ।
'ਆਹ ਸਾਡੀ ਜ਼ਿੰਦਗੀ ਦਾ ਮਾਪਦੰਡ ਨਹੀਂ ਹੈ'
ਭਾਰਤ ਦੀ ਪਹਿਲੀ ਅਤੇ ਸ਼ਹਿਰੀ ਕੁਆਰੀਆਂ ਔਰਤਾਂ ਲਈ ਇੱਕਮਾਤਰ ਕਮਿਊਨਿਟੀ ਸਟੇਟਸ ਸਿੰਗਲ ਦੀ ਸੰਸਥਾਪਕ ਅਤੇ ਲੇਖਿਕਾ ਸ਼੍ਰੀਮੋਈ ਪੀਯੂ ਕੁੰਡੂ, ਭਾਰਤ ਵਿੱਚ ਵਿਆਹਾਂ 'ਤੇ ਇੱਕ ਸ਼ੋਅ ਨੂੰ ਚਲਾਉਣ ਪਿੱਛੇ ਦੇ ਤਰਕ 'ਤੇ ਸਵਾਲ ਚੁੱਕਦੇ ਹਨ, "ਜਿੱਥੇ ਔਰਤਾਂ ਨੂੰ ਹਰ ਵੇਲੇ ਇਸ ਲਈ ਜੱਜ ਕੀਤਾ ਜਾਂਦਾ ਹੈ ਕਿ ਉਨ੍ਹਾਂ ਨੇ ਵਿਆਹ ਨਹੀਂ ਕਰਵਾਇਆ।''
"ਭਾਰਤੀਆਂ ਵਿੱਚ ਵਿਆਹ ਦਾ ਜਨੂੰਨ ਕੌਮੀ ਪੱਧਰ 'ਤੇ ਹੈ ਅਤੇ ਜੋ ਕਿ ਠੀਕ ਨਹੀਂ ਹੈ। ਅਤੇ ਇਹ ਸ਼ੋਅ ਪੁਰਖ-ਪ੍ਰਧਾਨ ਹੈ ਜੋ ਦਿਖਾਉਂਦਾ ਹੈ ਕਿ ਵਿਆਹ ਸਭ ਤੋਂ ਵਧੀਆ ਅਤੇ ਅੰਤ ਵਿੱਚ ਜ਼ਰੂਰੀ ਹੈ।"
ਉਹ ਕਹਿੰਦੇ ਹਨ, ਇਹ ਇੱਕ ਅਜਿਹੇ ਦੇਸ਼ ਵਿੱਚ ਇਹ ਖਾਸ ਤੌਰ 'ਤੇ ਬੇਤੁਕਾ ਹੈ ਜਿੱਥੇ ਹਰ ਸਾਲ ਹਜ਼ਾਰਾਂ ਲਾੜੀਆਂ ਨੂੰ ਦਾਜ ਕਰਕੇ ਮਾਰ ਦਿੱਤਾ ਜਾਂਦਾ ਹੈ, ਵਿਆਹੁਤਾ ਬਲਾਤਕਾਰ ਨੂੰ ਅਪਰਾਧ ਨਹੀਂ ਮੰਨਿਆ ਜਾਂਦਾ ਹੈ ਅਤੇ ਹਰ ਸਾਲ ਹਜ਼ਾਰਾਂ ਘਰੇਲੂ ਔਰਤਾਂ ਖੁਦਕੁਸ਼ੀ ਕਰਨ ਲਈ ਮਜਬੂਰ ਹੋ ਜਾਂਦੀਆਂ ਹਨ।
ਉਹ ਸਵਾਲ ਕਰਦੇ ਹਨ ਕਿ "ਮੈਂ ਨੈੱਟਫਲਿਕਸ ਨੂੰ ਪੁੱਛਣਾ ਚਾਹੁੰਦੀ ਹਾਂ ਕਿ ਤੁਸੀਂ ਆਪਣੇ ਪੈਸੇ ਇੱਕ ਅਜਿਹੇ ਸ਼ੋਅ ਵਿੱਚ ਕਿਉਂ ਲਗਾ ਰਹੇ ਹੋ ਜੋ ਸਮੂਹਿਕ ਦੁਰਵਿਹਾਰ ਦਾ ਪ੍ਰਚਾਰ ਕਰਦਾ ਹੈ? ਸਿੰਗਲ ਵੁਮੈਨ 'ਤੇ ਕੋਈ ਸ਼ੋਅ ਕਿਉਂ ਨਹੀਂ ਹੈ? ਵਿਆਹ ਸਾਡੀ ਜ਼ਿੰਦਗੀ ਦਾ ਮਾਪਦੰਡ ਨਹੀਂ ਹੈ।"
ਇਹ ਵੀ ਪੜ੍ਹੋ
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post












