ਸਿਆਸੀ ਅਖਾੜਾ ਬਣਦੀਆਂ ਜਾ ਰਹੀਆਂ ਹਨ ਬਾਲੀਵੁੱਡ ਫਿਲਮਾਂ

ਤਸਵੀਰ ਸਰੋਤ, vivek oberoy facebook
- ਲੇਖਕ, ਮਧੂ ਪਾਲ
- ਰੋਲ, ਬੀਬੀਸੀ ਦੇ ਲਈ
ਬੀਤੇ 5 ਸਾਲਾਂ ਵਿੱਚ ਤੁਸੀਂ ਭਾਰਤੀ ਸਿਆਸਤ ਵਿੱਚ ਵੱਡਾ ਬਦਲਾਅ ਹੁੰਦਾ ਵੇਖਿਆ ਹੋਵੇਗਾ। ਅਦਾਕਾਰ ਅਤੇ ਸਿਆਸਤਦਾਨ ਵਿਚਾਲੇ ਜਿਹੜਾ ਰਿਸ਼ਤਾ ਹੈ ਉਹ ਨਵਾਂ ਨਹੀਂ ਕਈ ਸਾਲਾਂ ਪੁਰਾਣਾ ਹੈ।
ਬਸ ਫਰਕ ਸਿਰਫ਼ ਐਨਾ ਹੈ ਕਿ ਪਹਿਲੇ ਅਦਾਕਾਰ ਅਦਾਕਾਰੀ ਕਰਕੇ ਨਾਮ ਕਮਾਉਣ ਤੋਂ ਬਾਅਦ ਸਿਆਸਤ ਨਾਲ ਜੁੜਦੇ ਸਨ ਅਤੇ ਹੁਣ ਅਦਾਕਾਰ ਨੇਤਾਵਾਂ ਦੀ ਬਾਇਓਪਿਕ ਫ਼ਿਲਮਾਂ ਜ਼ਰੀਏ ਵੱਡੇ ਪਰਦੇ 'ਤੇ ਸਿਆਸਤ ਕਰਦੇ ਨਜ਼ਰ ਆ ਰਹੇ ਹਨ।
2018 ਵਿੱਚ ਕਈ ਅਜਿਹੀਆਂ ਫ਼ਿਲਮਾਂ ਆਈਆਂ ਜੋ ਵੱਡੇ ਸਿਆਸਤਦਾਨਾਂ ਦੀ ਬਾਇਓਪਿਕ ਦਾ ਹਿੱਸਾ ਰਹੀਆਂ।
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਅਕਸ ਚਮਕਾਉਣ ਵਾਲੀਆਂ ਇੱਕ ਤੋਂ ਬਾਅਦ ਇੱਕ ਕਈ ਫ਼ਿਲਮਾਂ ਰਿਲੀਜ਼ ਹੋਈਆਂ।
ਫਿਰ ਉਹ 2018 ਵਿੱਚ 'ਉਰੀ : ਦਿ ਸਰਜੀਕਲ ਸਟਰਾਇਕ' ਹੋਵੇ ਜਾਂ ਫਿਰ ਹਾਲ ਹੀ ਵਿੱਚ ਰਿਲੀਜ਼ ਹੋਈ ਰਾਕੇਸ਼ ਓਮ ਪ੍ਰਕਾਸ਼ ਮਹਿਰਾ ਦੀ ਫ਼ਿਲਮ 'ਮੇਰੇ ਪਿਆਰੇ ਪ੍ਰਾਈਮ ਮਿਨਿਸਟਰ'।
ਹੁਣ ਆਲਮ ਇਹ ਹੈ ਕਿ ਪੂਰੀ ਫ਼ਿਲਮ ਹੀ ਰਿਲੀਜ਼ ਹੋ ਰਹੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਜੀਵਨੀ ਉੱਤੇ। ਫ਼ਿਲਮ ਦਾ ਨਾਮ ਹੈ 'ਪੀਐੱਮ ਨਰਿੰਦਰ ਮੋਦੀ'।
ਇਸ ਫ਼ਿਲਮ ਵਿੱਚ ਨਰਿੰਦਰ ਮੋਦੀ ਦਾ ਕਿਰਦਾਰ ਅਦਾਕਾਰ ਵਿਵੇਕ ਓਬਰਾਏ ਨਿਭਾ ਰਹੇ ਹਨ।
ਇਹ ਵੀ ਪੜ੍ਹੋ:
ਫ਼ਿਲਮ ਦੀ ਰਿਲੀਜ਼ ਡੇਟ ਪਹਿਲਾਂ 12 ਅਪ੍ਰੈਲ ਰੱਖੀ ਗਈ ਸੀ। ਪਰ ਹੁਣ ਫ਼ਿਲਮ ਨੂੰ 5 ਅਪ੍ਰੈਲ ਨੂੰ ਰਿਲੀਜ਼ ਕੀਤਾ ਜਾਵੇਗਾ।
ਇਸ ਤਰ੍ਹਾਂ ਚੋਣਾਂ ਦੇ ਮਾਹੌਲ ਵਿੱਚ ਫ਼ਿਲਮ ਨੂੰ ਪਹਿਲਾਂ ਰਿਲੀਜ਼ ਕਰਨ ਦੇ ਕਈ ਮਾਅਨੇ ਕੱਢੇ ਜਾ ਰਹੇ ਹਨ। ਹਾਲਾਂਕਿ ਫ਼ਿਲਮ ਨਿਰਮਾਤਾਵਾਂ ਦਾ ਕਹਿਣਾ ਹੈ ਕਿ ਇਹ ਉਨ੍ਹਾਂ ਨੇ ਪਬਲਿਕ ਡਿਮਾਂਡ 'ਤੇ ਕੀਤਾ ਹੈ।

ਤਸਵੀਰ ਸਰੋਤ, Screen shot
ਸੰਦੀਪ ਸਿੰਘ ਫ਼ਿਲਮ ਦੇ ਨਿਰਮਾਤਾ ਅਤੇ ਕ੍ਰਿਏਟਿਵ ਡਾਇਰੈਕਟਰ ਹਨ ਅਤੇ ਉਨ੍ਹਾਂ ਨੇ ਇਸਦੀ ਕਹਾਣੀ ਵੀ ਲਿਖੀ ਹੈ।
ਉਨ੍ਹਾਂ ਨੇ ਹਾਲ ਹੀ 'ਚ ਫ਼ਿਲਮ ਦੇ ਟਰੇਲਰ ਲਾਂਚ ਵਾਲੇ ਦਿਨ ਕਿਹਾ ਸੀ, "ਅਸੀਂ ਇਸ ਫਿਲਮ ਨੂੰ ਪਬਲਿਕ ਡਿਮਾਂਡ ਦੇ ਚੱਲਦੇ ਇੱਕ ਹਫਤਾ ਪਹਿਲਾਂ ਰਿਲੀਜ਼ ਕਰ ਰਹੇ ਹਾਂ।
ਲੋਕਾਂ ਵਿਚਾਲੇ ਇਸ ਨੂੰ ਲੈ ਕੇ ਬਹੁਤ ਪਿਆਰ ਅਤੇ ਉਮੀਦਾਂ ਹਨ ਅਤੇ ਅਸੀਂ ਨਹੀਂ ਚਾਹੁੰਦੇ ਕਿ ਉਹ ਲੰਬੇ ਸਮੇਂ ਤੱਕ ਉਡੀਕ ਕਰਨ।"
'ਪੀਐੱਮ ਨਰਿੰਦਰ ਮੋਦੀ' ਵਿੱਚ ਸ਼ੁਰੂਆਤ ਤੋਂ ਲੈ ਕੇ ਭਾਰਤ ਦੇ ਪ੍ਰਧਾਨ ਮੰਤਰੀ ਬਣਨ ਤੱਕ ਮੋਦੀ ਦੇ ਸਫ਼ਰ ਨੂੰ ਦਿਖਾਇਆ ਗਿਆ ਹੈ।
'ਸਾਡਾ ਕੰਮ ਹੈ ਦਰਸ਼ਕਾਂ ਤੱਕ ਚੰਗੀਆਂ ਫਿਲਮਾਂ ਪਹੁੰਚਾਉਣਾ'
ਕੀ ਇਹ ਫ਼ਿਲਮ ਪ੍ਰੋਪੇਗੰਡਾ ਫਿਲਮ ਹੈ? ਇਸ ਸਵਾਲ ਦਾ ਜਵਾਬ ਦਿੰਦੇ ਹੋਏ ਫਿਲਮ ਦੇ ਨਿਰਮਾਤਾ ਸੰਦੀਪ ਸਿੰਘ ਕਹਿੰਦੇ ਹਨ,''ਅਸੀਂ ਫਿਲਮ ਬਣਾਉਣ ਵਾਲੇ ਹਾਂ ਅਤੇ ਰਹੀ ਗੱਲ ਪ੍ਰੋਪੇਗੰਡਾ ਦੀ ਤਾਂ ਤੁਸੀਂ ਸਭ ਟਰੇਲਰ ਦੇਖ ਚੁੱਕੇ ਹੋ ਅਤੇ ਜਦੋਂ ਤੁਸੀਂ ਫਿਲਮ ਦੇਖੋਗੇ ਤਾਂ ਤੁਸੀਂ ਖ਼ੁਦ ਹੀ ਤੈਅ ਕਰ ਲਵੋ ਕਿ ਇਹ ਪ੍ਰੋਪੇਗੰਡਾ ਫਿਲਮ ਹੈ ਜਾਂ ਨਹੀਂ।''
''ਅਸੀਂ ਆਪਣਾ ਕੰਮ ਕਰ ਰਹੇ ਹਾਂ। ਅਸੀਂ ਨਹੀਂ ਜਾਣਨਾ ਕਿ ਫਿਲਮ ਬਾਰੇ ਕੌਣ ਕੀ ਕਹਿ ਰਿਹਾ ਹੈ। ਇਹ ਇੱਕ ਸੱਚੀ ਕਹਾਣੀ ਹੈ ਜੋ ਅਸੀਂ ਦਰਸ਼ਕਾਂ ਤੱਕ ਪਹੁੰਚਾ ਰਹੇ ਹਾਂ।"
"ਅਸੀਂ ਆਪਣਾ ਕੰਮ ਕਰ ਰਹੇ ਹਾਂ ਅਤੇ ਦੂਜੇ ਪਾਰਟੀ ਦੇ ਲੀਡਰ ਇਸਦਾ ਵਿਰੋਧ ਕਰਕੇ ਆਪਣਾ ਕੰਮ ਕਰ ਰਹੇ ਹਨ।"
ਇਹ ਫ਼ਿਲਮਾਂ ਪ੍ਰੋਪੇਗੰਡਾ ਹੀ ਹਨ ਇਸ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ
ਪ੍ਰੋ਼ਡਿਊਸਰ ਸੰਦੀਪ ਸਿੰਘ ਦੀਆਂ ਗੱਲਾਂ ਨਾਲ ਬਿਲਕੁਲ ਵੀ ਸਹਿਮਕ ਨਹੀਂ ਹਨ ਮੰਨੇ-ਪ੍ਰਮੰਨੇ ਸੀਨੀਅਰ ਪੱਤਰਕਾਰ ਅਜੇ ਬ੍ਰਹਮਾਤਮਜ।

ਤਸਵੀਰ ਸਰੋਤ, Viacom 18 PR
ਉਨ੍ਹਾਂ ਨੇ ਬੀਬੀਸੀ ਨਾਲ ਗੱਲਬਾਤ ਕਰਦੇ ਹੋਏ ਕਿਹਾ, "ਇਨ੍ਹਾਂ ਪ੍ਰੋਪੇਗੰਡਾ ਫਿਲਮਾਂ ਨੂੰ ਜਾਣਨ ਲਈ ਸਾਨੂੰ ਥੋੜ੍ਹਾ ਪਿੱਛੇ ਜਾਣਾ ਹੋਵੇਗਾ। ਹੁਣ ਜਿਹੜੇ ਲੋਕ ਸੱਤਾ ਵਿੱਚ ਹਨ ਉਹ ਸੱਤਾਧਾਰੀ ਪਾਰਟੀ ਹੈ ਉਹ ਫਿਲਮਾਂ ਨੂੰ ਆਪਣੇ ਹਿੱਤ ਵਿੱਚ ਸਹੀ ਤਰ੍ਹਾਂ ਇਸਤੇਮਾਲ ਕਰਦੀ ਹੈ ਅਤੇ ਇਨ੍ਹਾਂ ਫ਼ਿਲਮਾਂ ਦੀ ਪਲਾਨਿੰਗ ਅੱਜ ਤੋਂ ਨਹੀਂ ਸੱਤਾ ਵਿੱਚ ਆਉਣ ਤੋਂ ਬਾਅਦ ਦੀ ਹੀ ਸੀ।"
''ਉਨ੍ਹਾਂ ਨੇ ਆਪਣੀ ਲੌਬੀ ਅੰਦਰੂਨੀ ਤਰੀਕੇ ਤੋਂ ਪਹਿਲਾਂ ਹੀ ਤਿਆਰ ਕਰ ਲਈ ਸੀ। ਪਾਰਟੀ ਨਾਲ ਜੁੜੇ ਕੁਝ ਫਿਲਮ ਮੇਕਰ ਹਨ ਜੋ ਵਾਰ-ਵਾਰ ਇਸ ਗੱਲ 'ਤੇ ਜ਼ੋਰ ਦਿੰਦੇ ਰਹੇ ਹਨ ਕਿ ਜੇਕਰ ਤੁਸੀਂ ਰਾਸ਼ਟਰਵਾਦ ਦੀ ਗੱਲ ਕਰੋਗੇ ਜਾਂ ਭਾਜਪਾ ਦੀ ਵਿਚਾਰਧਾਰਾ ਤੋਂ ਪ੍ਰੇਰਿਤ ਹੋ ਕੇ ਵਿਸ਼ਿਆਂ 'ਤੇ ਫਿਲਮ ਬਣਾਓਗੇ ਜਾਂ ਉਨ੍ਹਾਂ ਬਾਰੇ ਗੱਲ ਕਰੋਗੇ ਤਾਂ ਇਹ ਬਿਹਤਰ ਹੋਵੇਗਾ ਅਤੇ ਅਜਿਹਾ ਹੀ ਕੁਝ ਹੋਇਆ।''
ਇਹ ਵੀ ਪੜ੍ਹੋ:
''ਲੋਕਾਂ ਨੇ ਇਨ੍ਹਾਂ ਗੱਲਾਂ 'ਤੇ ਅਮਲ ਵੀ ਕੀਤਾ। ਅਜਿਹਾ ਕਰਨਾ ਮੈਂ ਇਸ ਨੂੰ ਗਲਤ ਨਹੀਂ ਮੰਨਦਾ ਹਾਂ। ਇਸ ਨੂੰ ਜੁਰਮ ਦੀ ਤਰ੍ਹਾਂ ਦੇਖਣਾ ਗਲਤ ਹੋਵੇਗਾ ਕਿਉਂਕਿ ਸੱਤਾ ਦੇ ਕਰੀਬ ਕੋਈ ਵੀ ਰਹਿਣਾ ਚਾਹੇਗਾ ਅਤੇ ਇਹ ਫਿਲਮ ਕਲਾਕਾਰ ਜ਼ਿਆਦਾ ਚਾਹੁੰਦੇ ਹਨ।"

ਤਸਵੀਰ ਸਰੋਤ, Parull gossain PR
"ਫਿਲਮ ਮੇਕਰ ਵੀ ਇਨ੍ਹਾਂ ਦੇ ਸਮਰਥਨ ਵਿੱਚ ਫਿਲਮ ਬਣਾ ਰਹੇ ਹਨ ਅਤੇ ਜੇਕਰ ਕੱਲ ਕਾਂਗਰਸ ਜਾਂ ਹੋਰ ਪਾਰਟੀ ਸੱਤਾ ਵਿੱਚ ਆ ਗਈ ਤਾਂ ਫਿਰ ਉਨ੍ਹਾਂ ਨੂੰ ਸਮਰਥਨ ਦੇਣ ਲੱਗ ਜਾਣਗੇ।''
ਅੱਜ-ਕੱਲ੍ਹ ਬਾਇਓਪਿਕ ਫ਼ਿਲਮਾਂ ਫੈਸ਼ਨ ਵਿੱਚ ਹਨ
ਅਜੇ ਬ੍ਰਹਮਾਤਮਜ ਅੱਗੇ ਕਹਿੰਦੇ ਹਨ,''ਅੱਜ ਬਾਇਓਪਿਕ ਫਿਲਮਾਂ ਦਾ ਜ਼ਮਾਨਾ ਹੈ, ਬਾਇਓਪਿਕ ਫਿਲਮਾਂ ਅੱਜ-ਕੱਲ੍ਹ ਫੈਸ਼ਨ ਵਿੱਚ ਹਨ।"
"ਅੱਜ ਦੇ ਦਰਸ਼ਕ ਹੀ ਕੱਲ੍ਹ ਨੂੰ ਵੋਟਰ ਬਣਦੇ ਹਨ ਅਤੇ ਬਾਇਓਪਿਕ ਫਿਲਮਾਂ ਹਮੇਸ਼ਾ ਹੀ ਪ੍ਰਭਾਵਿਤ ਕਰਦੀਆਂ ਰਹੀਆਂ ਹਨ। ਇਹ ਬਾਇਓਪਿਕ ਫਿਲਮਾਂ ਤਿੰਨ ਲੋਕਾਂ 'ਤੇ ਹੀ ਬਣਦੀਆਂ ਹਨ ਫੌਜੀ, ਖਿਡਾਰੀ ਜਾਂ ਕਿਸੇ ਸਿਆਸਤਨਦਾਨ 'ਤੇ।''
''ਪਰ ਕੀ ਕਦੇ ਕਿਸੇ ਸਮਾਜ ਸੇਵਕ 'ਤੇ ਫਿਲਮ ਬਣੀ ਹੈ? ਬਾਬਾ ਅੰਬੇਦਕਰ 'ਤੇ ਬਾਇਓਪਿਕ ਫਿਲਮ ਬਣਾਉਣ ਦਾ ਐਲਾਨ ਕੀਤਾ ਹੈ, ਜਵਾਬ ਹੈ ਨਾ ਕਿਉਂਕਿ ਉਨ੍ਹਾਂ ਦੇ ਵਿਚਾਰਾਂ 'ਤੇ ਕੋਈ ਫਿਲਮ ਨਹੀਂ ਬਣਾਉਣਾ ਚਾਹੁੰਦਾ"
"ਬਾਇਓਪਿਕ ਫਿਲਮਾਂ ਲਈ ਬਹੁਤ ਸਾਰੇ ਡਰਾਮੇ ਦੀ ਲੋੜ ਹੁੰਦੀ ਹੈ। ਡਰਾਮਾ ਕ੍ਰਿਏਟ ਕੀਤਾ ਜਾਂਦਾ ਹੈ। ਹਾਰ ਤੋਂ ਬਾਅਦ ਜਿੱਤ ਦਿਖਾਈ ਜਾਂਦੀ ਹੈ ਫਿਰ ਭਾਵੇਂ ਉਹ ਠਾਕਰੇ ਹੋਵੇ ਜਾਂ ਦਿ ਐਕਸੀਡੈਂਟਲ ਪ੍ਰਾਇਮ ਮਿਨੀਸਟਰ ਜਾਂ ਉਰੀ ਜਾਂ ਫਿਰ ਪੀਐੱਮ ਮੋਦੀ।''

ਤਸਵੀਰ ਸਰੋਤ, Viacom 18 PR
"ਫਿਲਮ ਉਰੀ ਦਾ ਡਾਇਲਾਗ ਸਾਡੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਬੋਲਦੇ ਨਜ਼ਰ ਆਉਂਦੇ ਹਨ - ਹਾਓਜ਼ ਦਿ ਜੋਸ਼। ਅੱਜ ਤੱਕ ਕਦੇ ਕਿਸੇ ਪ੍ਰਧਾਨ ਮੰਤਰੀ ਨੇ ਕਿਸੇ ਫਿਲਮ ਦਾ ਡਾਇਲਾਗ ਬੋਲਿਆ ਹੈ?"
ਰਾਸ਼ਟਰਵਾਦ ਦੇ ਮੁੱਦੇ 'ਤੇ ਗੱਲ ਕਰਦੇ ਹੋਏ ਅਜੇ ਬ੍ਰਹਮਾਤਮਜ ਕਹਿੰਦੇ ਹਨ, ''ਰਾਸ਼ਟਰਵਾਦ 'ਤੇ ਫਿਲਮਾਂ ਅੱਜ ਤੋਂ ਨਹੀਂ ਆਜ਼ਾਦੀ ਦੇ ਸਮੇਂ ਤੋਂ ਬਣਦੀਆਂ ਆ ਰਹੀਆਂ ਹਨ। ਗਾਂਧੀ ਤੋਂ ਲੈ ਕੇ ਕਈ ਫਿਲਮਾਂ ਪੂਰਬ ਅਤੇ ਪੱਛਮ, ਨਵੇਂ ਦੌਰ ਵਰਗੀਆਂ ਕਈ ਫਿਲਮਾਂ ਬਣੀਆਂ ਜੋ ਭਾਰਤ ਦੇ ਵਿਕਾਸ ਅਤੇ ਉਸਦੀ ਵਿਚਾਰਧਾਰਾ 'ਤੇ ਗੱਲ ਕਰਦੀ ਸੀ"
"ਪਰ ਅੱਜ ਵਿਚਾਰਕਤਾ ਸਿਰਫ਼ ਇੱਕ ਪਾਰਟੀ ਲਈ ਹੋ ਗਈ ਹੈ। ਮੰਨੇ-ਪ੍ਰੰਮਨੇ ਨਿਰਦੇਸ਼ਕ ਅਤੇ ਨਿਰਮਾਤਾ ਇੱਕ ਸਮੇਂ 'ਚ 'ਮਾਈ ਨੇਮ ਇਜ਼ ਖ਼ਾਨ' ਵਰਗੀ ਫਿਲਮ ਬਣਾਈ ਸੀ ਅਤੇ ਅੱਜ ਉਹ 'ਕੇਸਰੀ' ਵੀ ਬਣਾ ਰਹੇ ਹਨ। ਇਹ ਉਨ੍ਹਾਂ ਦੇ ਵਿਚਾਰ ਨਹੀਂ ਵਪਾਰ ਹੈ।''
ਫਿਲਮ ਵਿੱਚ ਕਸ਼ਮੀਰ, ਪਾਕਿਸਤਾਨ ਦਾ ਮੁੱਦਾ ਹੈ ਵਿਕਾਸ ਦੀ ਗੱਲ ਤਾਂ ਹੈ ਹੀ ਨਹੀਂ
ਪ੍ਰੋਪੇਗੰਡਾ ਫਿਲਮਾਂ ਵੱਲ ਇਸ਼ਾਰਾ ਕਰਦੇ ਹੋਏ ਅਜੇ ਬ੍ਰਹਮਾਤਮਜ ਕਹਿੰਦੇ ਹਨ ਕਿ 'ਪੀਐੱਮ ਮੋਦੀ' ਫਿਲਮ ਦਾ ਇੱਕ ਡਾਇਲਾਗ ਹੈ ਦੇਸ਼ ਭਗਤੀ ਹੀ ਮੇਰੀ ਸ਼ਕਤੀ ਹੈ।
"ਇਹ ਡਾਇਲਾਗ ਖ਼ੁਦ ਆਪਣੇ ਆਪ ਵਿੱਚ ਬਹੁਤ ਵੱਡਾ ਪ੍ਰੋਪੇਗੰਡਾ ਹੈ। ਫਿਲਮ ਕਸ਼ਮੀਰ ਦੇ ਮੁੱਦੇ ਦੀ ਗੱਲ ਕਰਦੀ ਹੈ, ਪਾਕਿਸਤਾਨ ਦੇ ਮੁੱਦੇ ਦੀ ਗੱਲ ਕਰਦੀ ਹੈ ਪਰ ਵਿਕਾਸ ਬਾਰੇ ਗੱਲ ਤਾਂ ਕਰ ਹੀ ਨਹੀਂ।"

ਤਸਵੀਰ ਸਰੋਤ, Devendra Fadnavis twitter
"ਫਿਲਮ ਵਿੱਚ ਇੱਕ ਹੋਰ ਡਾਇਲਾਗ ਹੈ 'ਤੁਮਨੇ ਹਮਾਰਾ ਬਲੀਦਾਨ ਦੇਖਾ ਹੈ ਬਦਲਾ ਨਹੀਂ'।"
"ਅਜਿਹੇ ਡਾਇਲਾਗ ਤਾਂ ਸਾਡੀ ਹਿੰਦੀ ਫਿਲਮਾਂ ਦਾ ਹੀਰੋ ਹੀ ਬੋਲਦਾ ਹਨ, ਪਰ ਪ੍ਰਧਾਨ ਮੰਤਰੀ ਜੋ ਬਣਨ ਜਾ ਰਿਹਾ ਹੈ ਉਹ ਇਸ ਤਰ੍ਹਾਂ ਦੇ ਡਾਇਲਾਗ ਬੋਲ ਰਿਹਾ ਹੈ ਇਸ ਤੋਂ ਫਿਲਮ ਦੇ ਲੈਵਲ ਦਾ ਪਤਾ ਲੱਗਦਾ ਹੈ।"
"ਫਿਲਮ ਦਾ ਪਹਿਲਾ ਪੋਸਟਰ 3 ਜਨਵਰੀ ਨੂੰ ਆਉਂਦਾ ਹੈ ਅਤੇ ਉਸੇ ਦਿਨ ਫਿਲਮ ਦਾ ਐਲਾਨ ਹੋ ਜਾਂਦਾ ਹੈ ਅਤੇ 3 ਮਹੀਨੇ ਦੇ ਅੰਦਰ ਪੂਰੀ ਫਿਲਮ ਬਣ ਜਾਂਦੀ ਹੈ।"
"ਮੈਂ ਜਾਣਦਾ ਹਾਂ ਕਿ ਤਿੰਨ ਮਹੀਨੇ ਵਿੱਚ ਫਿਲਮ ਬਣਾਉਣਾ ਵੱਡੀ ਗੱਲ ਨਹੀਂ ਹੈ ਪਰ ਫਿਲਮ ਦੇ ਬਾਰੇ ਸੋਚਣ ਤੋਂ ਲੈ ਕੇ ਬਣਾਉਣ ਤੱਕ 3 ਮਹੀਨੇ ਦਾ ਸਮਾਂ ਬਹੁਤ ਘੱਟ ਹੈ ਅਤੇ ਫਿਰ ਇਸ ਨੂੰ ਕਈ ਭਾਸ਼ਾਵਾਂ ਵਿੱਚ ਰਿਲੀਜ਼ ਕਰਨਾ।"
"ਮੈਨੂੰ ਚੰਗੀ ਤਰ੍ਹਾਂ ਯਾਦ ਹੈ ਕਿ ਇਸ ਫਿਲਮ ਦਾ ਪੋਸਟਰ 23 ਭਾਸ਼ਾਵਾਂ ਵਿੱਚ ਲਿਆਂਦਾ ਗਿਆ ਸੀ। ਐਨਾ ਕੁਝ ਚੋਣਾਂ ਤੋਂ ਪਹਿਲਾਂ ਕਰਨਾ ਇਹ ਸਭ ਨੂੰ ਸਮਝ ਆਉਂਦੀ ਹੈ ਅਤੇ ਫਿਰ ਕਹਿੰਦੇ ਹਨ ਕਿ ਇਹ ਪ੍ਰੋਪੇਗੰਡਾ ਫਿਲਮਾਂ ਨਹੀਂ ਹਨ।"
ਫਿਲਮ ਮੇਕਰਜ਼ ਨੂੰ ਦਿਲਚਸਪੀ ਰਹਿੰਦੀ ਹੈ ਸਿਰਫ਼ ਆਪਣੇ ਮੁਨਾਫੇ ਵਿੱਚ
ਮੰਨੇ-ਪ੍ਰਮੰਨੇ ਬਾਲੀਵੁੱਡ ਟਰੇਡ ਐਨਾਲਿਸਟ ਅਮੋਦ ਮਹਿਰਾ ਦਾ ਵੀ ਇਹੀ ਮੰਨਣਾ ਹੈ ਕਿ 'ਠਾਕਰੇ', ਪੀਐੱਮ ਨਰਿੰਦਰ ਮੋਦੀ ਵਰਗੀਆਂ ਫਿਲਮਾਂ ਪ੍ਰੋਪੇਗੰਡਾ ਫਿਲਮਾਂ ਹਨ। 'ਠਾਕਰੇ' ਫਿਲਮ ਨੂੰ ਬਣਾਇਆ ਹੀ ਸ਼ਿਵ ਸੈਨਾ ਨੇ ਸੀ। ਉਸ ਨੂੰ ਰਿਲੀਜ਼ ਵੀ ਉਨ੍ਹਾਂ ਨੇ ਹੀ ਕੀਤਾ ਸੀ।

ਤਸਵੀਰ ਸਰੋਤ, Ram gopal verma
"ਸ਼ਿਵਸੈਨਾ ਨੂੰ ਇਸ ਫਿਲਮ ਦੇ ਚਲਦੇ ਚੋਣਾਂ ਵਿੱਚ ਕਿੰਨਾ ਫਾਇਦਾ ਹੋਵੇਗਾ ਇਹ ਮੈਂ ਨਹੀਂ ਦੱਸ ਸਕਦਾ। ਹਾਂ ਪਰ ਇਸ ਫਿਲਮ ਨੂੰ ਰਿਲੀਜ਼ ਕਰਨ ਦਾ ਜੋ ਉਨ੍ਹਾਂ ਦਾ ਮਕਸਦ ਸੀ ਉਹ ਜ਼ਰੂਰ ਕਾਮਯਾਬ ਹੋਇਆ।"
ਇਹ ਵੀ ਪੜ੍ਹੋ:
'ਠਾਕਰੇ' ਦੀ ਵਿਚਾਰਧਾਰਾ ਨੂੰ ਦਿਖਾਇਆ ਅਤੇ ਉਨ੍ਹਾਂ ਨੇ ਜੋ ਦੱਸਣਾ ਸੀ ਕਿ ਉਨ੍ਹਾਂ ਨੇ ਮਰਾਠੀ ਲੋਕਾਂ ਲਈ ਬਹੁਤ ਕੁਝ ਕੀਤਾ ਉਹ ਉਨ੍ਹਾਂ ਦਾ ਮਕਸਦ ਕਾਮਯਾਬ ਹੋਇਆ। ਫਿਲਮ ਨੇ 25 ਕਰੋੜ ਦੀ ਕਮਾਈ ਕੀਤੀ। ਉਸੇ ਤਰ੍ਹਾਂ ਦਿ ਐਕਸੀਡੈਂਟ ਪ੍ਰਾਈਮ ਮਿਨੀਸਟਰ ਵੀ ਆਈ ਉਸ ਨੇ 20 ਕਰੋੜ ਕਮਾਏ।
ਇਹ ਬਹੁਤ ਵੱਡੀ ਕਮਾਈ ਹੈ ਨਹੀਂ ਤਾਂ ਅਨੁਪਮ ਖੇਰ ਨੂੰ ਬਤੌਰ ਅਦਾਕਾਰ ਦੇਖ ਕੇ 300 ਤੋਂ 400 ਰੁਪਏ ਦੀ ਟਿਕਟ ਖਰੀਦ ਕੇ ਦੇਖਣ ਕੌਣ ਜਾਂਦਾ। ਪਰ ਫਿਲਮ ਵਿੱਚ ਵਿਵਾਦ ਸੀ, ਲੋਕਾਂ ਵਿੱਚ ਜਾਨਣ ਦੀ ਦਿਲਚਸਪੀ ਸੀ ਇਸ ਲਈ ਫਿਲਮ ਨੇ ਚੰਗੀ ਕਮਾਈ ਕੀਤੀ ਜਿਸਦੇ ਚਲਦੇ ਫਿਲਮ ਮੇਕਰ ਨੂੰ ਫਾਇਦਾ ਹੋਇਆ।
ਹੁਣ ਫਿਲਮ ਮੋਦੀ ਆ ਰਹੀ ਹੈ ਮੈਨੂੰ ਨਹੀਂ ਪਤਾ ਪ੍ਰਧਾਨ ਮੰਤਰੀ ਨੂੰ ਇਸਦਾ ਕਿੰਨਾ ਫਾਇਦਾ ਜਾਂ ਨੁਕਸਾਨ ਹੋਵੇਗਾ ਪਰ ਹਾਂ ਫਿਲਮ ਨਾਲ ਜੁੜੇ ਮੇਕਰ ਅਤੇ ਵਿਵੇਕ ਦੇ ਕਰੀਅਰ ਨੂੰ ਜ਼ਰੂਰ ਫਾਇਦਾ ਹੋਵੇਗਾ ਨਹੀਂ ਤਾਂ ਵਿਵੇਕ ਨੂੰ ਫਿਲਮਾ ਨਹੀਂ ਮਿਲ ਰਹੀਆਂ ਸੀ। ਜੇਕਰ ਫਿਲਮ ਚੱਲ ਗਈ ਤਾਂ ਵਿਵੇਕ ਦਾ ਫਲੌਪ ਕਰੀਅਰ ਹਿੱਟ ਹੋ ਜਾਵੇਗਾ।
ਇਹ ਵੀਡੀਓਜ਼ ਵੀ ਤੁਹਾਨੂੰ ਪਸੰਦ ਆਉਣਗੀਆਂ
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post, 1
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post, 2












