ਮੀਰਵਾਇਜ਼ ਉਮਰ ਫ਼ਾਰੂਕ ਨਜ਼ਰਬੰਦ ਜਾਂ ਅਜ਼ਾਦ, ਮਨੋਜ ਸਿਨਹਾ ਦੇ ਦਾਅਵੇ ਦੀ ਪੜਤਾਲ

- ਲੇਖਕ, ਕੀਰਤੀ ਦੂਬੇ
- ਰੋਲ, ਬੀਬੀਸੀ ਪੱਤਰਕਾਰ
"ਤੁਸੀਂ ਜੋ ਅੱਜ ਦੇਖ ਰਹੇ ਹੋ ਉਹੀ ਹਕੀਕਤ ਹੈ, ਤੁਸੀਂ ਕਸ਼ਮੀਰੀ ਨਹੀਂ ਹੋ ਤਾਂ ਇਸ ਕਰਕੇ ਹਿੰਮਤ ਦਿਖਾ ਦਿੱਤੀ। ਇੱਥੇ ਕੋਈ ਪੱਤਰਕਾਰ ਖੜ੍ਹਾ ਵੀ ਨਹੀਂ ਹੋ ਸਕਦਾ, ਮੈਨੂੰ ਮਿਲਣਾ ਤਾਂ ਦੂਰ ਦੀ ਗੱਲ ਹੈ।"
ਸ਼ਨੀਵਾਰ ਸਵੇਰੇ 11.11 ਵਜੇ ਨੈਸ਼ਨਲ ਪਾਰਟੀ ਹੁਰੀਅਤ ਕਾਨਫਰੰਸ ਦੇ ਨੇਤਾ ਮੀਰਵਾਇਜ਼ ਉਮਰ ਫ਼ਾਰੂਕ ਇਹ ਗੱਲ ਆਪਣੇ ਘਰ ਦੀ ਇੱਕ ਨਿੱਕੀ ਜਿਹੀ ਖਿੜਕੀ ਤੋਂ ਚੀਕ ਚੀਕ ਕੇ ਆਖ ਰਹੇ ਸਨ।
ਇਹ ਖਿੜਕੀ ਐਨੀ ਵੱਡੀ ਵੀ ਨਹੀਂ ਹੈ ਕਿ ਇਸਤੋਂ ਮੀਰਵਾਇਜ਼ ਦੀ ਪੂਰੀ ਸ਼ਕਲ ਹੀ ਨਜ਼ਰ ਆ ਜਾਵੇ।
ਜਦੋਂ ਉਹ ਖਿੜਕੀ 'ਤੇ ਆਪਣੀ ਗੱਲ ਆਖ ਰਹੇ ਸਨ ਤੇ ਅਸੀਂ ਉਸ ਨੂੰ ਰਿਕਾਰਡ ਕਰਨ ਦੀ ਕੋਸ਼ਿਸ਼ ਕੀਤੀ ਤਾਂ ਉਥੇ ਮੌਜੂਦ ਪੁਲਿਸ ਅਧਿਕਾਰੀ ਨੇ ਜ਼ਬਰਦਸਤੀ ਸਾਡਾ ਕੈਮਰਾ ਬੰਦ ਕਰਵਾ ਦਿੱਤਾ।
ਜਦੋਂ ਮੈਂ ਆਪਣਾ ਫੋਨ ਕੱਢ ਕੇ ਇਸ ਨੂੰ ਰਿਕਾਰਡ ਕਰਨ ਦੀ ਕੋਸ਼ਿਸ਼ ਕੀਤੀ ਤਾਂ ਇੱਕ ਪੁਲਿਸ ਕਰਮਚਾਰੀ ਨੇ ਮੇਰੇ ਹੱਥੋਂ ਮੇਰਾ ਫੋਨ ਵੀ ਖੋਹ ਲਿਆ।
ਜੰਮੂ ਕਸ਼ਮੀਰ ਦੇ ਉਪ ਰਾਜਪਾਲ ਮਨੋਜ ਸਿਨਹਾ ਨੇ ਬੀਬੀਸੀ ਨੂੰ ਦਿੱਤੇ ਇੰਟਰਵਿਊ 'ਚ ਆਖਿਆ ਸੀ ਕਿ ਮੀਰਵਾਇਜ਼ ਉਮਰ ਫਾਰੂਕ ਨਾ ਤਾਂ ਨਜ਼ਰਬੰਦ ਹੈ ਅਤੇ ਨਾ ਹੀ ਬੰਦੀ ਹਨ।
ਉਨ੍ਹਾਂ ਦੇ ਇਸ ਬਿਆਨ ਤੋਂ ਬਾਅਦ ਹੁਰੀਅਤ ਕਾਨਫਰੰਸ ਨੇ ਬਿਆਨ ਜਾਰੀ ਕਰਕੇ ਉੱਪ ਰਾਜਪਾਲ ਦੇ ਇਸ ਦਾਅਵੇ ਨੂੰ ਗਲਤ ਦੱਸਿਆ ਸੀ।
ਉਪ-ਰਾਜਪਾਲ ਮਨੋਜ ਸਿਨਹਾ ਦਾ ਕੀ ਸੀ ਦਾਅਵਾ
ਸ਼ੁੱਕਰਵਾਰ ਨੂੰ ਉਪ-ਰਾਜਪਾਲ ਮਨੋਜ ਸਿਨਹਾ ਨੇ ਬੀਬੀਸੀ ਨੂੰ ਇੱਕ ਇੰਟਰਵਿਊ ਵਿੱਚ ਆਖਿਆ ਸੀ ਕਿ ਮੀਰਵਾਇਜ਼ ਉਮਰ ਫ਼ਾਰੂਕ ਨਜ਼ਰਬੰਦ ਨਹੀਂ ਹਨ।
ਬੀਬੀਸੀ ਨੇ ਸਵਾਲ ਪੁੱਛਿਆ ਸੀ ਕਿ ਉਨ੍ਹਾਂ ਨੂੰ ਹੁਣ ਤੱਕ ਨਜ਼ਰਬੰਦ ਕਿਉਂ ਰੱਖਿਆ ਗਿਆ ਹੈ।
ਮਨੋਜ ਸਿਨਹਾ ਨੇ ਆਖਿਆ ਸੀ,"ਉਨ੍ਹਾਂ ਨੂੰ ਬੰਦ ਕਰਕੇ ਨਹੀਂ ਰੱਖਿਆ ਗਿਆ ਹੈ। ਜੇਕਰ ਤੁਸੀਂ ਥੋੜ੍ਹਾ ਪਿੱਛੇ ਜਾਓਗੇ ਤਾਂ ਤੁਹਾਨੂੰ ਪਤਾ ਹੀ ਹੋਵੇਗਾ ਕਿ ਉਨ੍ਹਾਂ ਦੇ ਪਿਤਾ ਦੀ ਬੇਰਹਿਮੀ ਨਾਲ ਹੱਤਿਆ ਕੀਤੀ ਗਈ ਸੀ। ਜੇਕਰ ਅਸੀਂ ਉਨ੍ਹਾਂ ਦੇ ਆਲੇ ਦੁਆਲੇ ਪੁਲਿਸ ਰੱਖਦੇ ਹਾਂ ਤਾਂ ਕਿ ਉਹ ਸੁਰੱਖਿਅਤ ਰਹਿਣ ਤਾਂ ਸਾਡੇ ਵੱਲੋਂ ਉਹ ਨਾ ਨਜ਼ਰਬੰਦ ਹਨ ਅਤੇ ਨਾ ਹੀ ਬੰਦ।"

ਤਸਵੀਰ ਸਰੋਤ, Getty Images
"ਮੈਂ ਬੜੀ ਜ਼ਿੰਮੇਵਾਰੀ ਨਾਲ ਇਹ ਗੱਲ ਆਖ ਰਿਹਾ ਹਾਂ ਕੀ ਉਹ ਕਿਤੇ ਵੀ ਆਉਣ ਜਾਣ ਲਈ ਪੂਰੀ ਤਰ੍ਹਾਂ ਆਜ਼ਾਦ ਹਨ। ਉਨ੍ਹਾਂ ਨੂੰ ਕਦੇ ਰੋਕਿਆ ਨਹੀਂ ਗਿਆ। ਪਿਛਲੇ ਕੁਝ ਸਮੇਂ ਦੌਰਾਨ ਇੱਥੇ ਅਜਿਹੀਆਂ ਦੋ ਹੱਤਿਆਵਾਂ ਹੋਈਆਂ, ਜੋ ਪਾਕਿਸਤਾਨ ਨੇ ਕਰਵਾਈਆਂ ਸਨ ਪਰ ਆਈਐਸਆਈ ਨੇ ਆਖਿਆ ਕਿ ਭਾਰਤ ਸਰਕਾਰ ਨੇ ਇਨ੍ਹਾਂ ਨੂੰ ਅੰਜਾਮ ਦਿੱਤਾ ਹੈ।
ਅਜਿਹਾ ਕੁਝ ਨਾ ਹੋਵੇ ਇਸ ਲਈ ਅਸੀਂ ਸੁਰੱਖਿਆ ਵਧਾਈ ਹੈ ਅਤੇ ਇਹ ਸੁਰੱਖਿਆ ਦੇ ਘਰ ਦੇ ਬਾਹਰ ਨਹੀਂ ਹੈ ਬਲਕਿ ਪੂਰੇ ਇਲਾਕੇ ਵਿੱਚ ਹੈ ਤਾਂ ਜੋ ਜਦੋਂ ਵੀ ਉਹ ਘਰ ਤੋਂ ਬਾਹਰ ਕਿਤੇ ਜਾਣ ਤਾਂ ਉਨ੍ਹਾਂ ਕੋਲ ਸੁਰੱਖਿਆ ਮੌਜੂਦ ਰਹੇ।"
ਇਸ ਤੋਂ ਬਾਅਦ ਹੁਰੀਅਤ ਕਾਨਫਰੰਸ ਨੇ ਬਿਆਨ ਜਾਰੀ ਕਰਕੇ ਆਖਿਆ ਸੀ," ਜੇਕਰ ਮੀਰਵਾਈਜ਼ ਉਮਰ ਫਾਰੂਕ ਗ਼ੈਰਕਾਨੂੰਨੀ ਤਰੀਕੇ ਨਾਲ ਨਜ਼ਰਬੰਦ ਨਹੀਂ ਹਨ ਤਾਂ ਉਨ੍ਹਾਂ ਨੂੰ 26 ਅਗਸਤ ਦਿਨ ਸ਼ੁੱਕਰਵਾਰ ਨੂੰ ਤਕਰੀਰ ਦੀ ਇਜਾਜ਼ਤ ਦਿੱਤੀ ਜਾਵੇ।"
ਹੁਰੀਅਤ ਕਾਨਫਰੰਸ ਨੇ ਮਨੋਜ ਸਿਨਹਾ ਉੱਤੇ ਜਾਣਬੁੱਝ ਕੇ ਗਲਤ ਜਾਣਕਾਰੀ ਫੈਲਾਉਣ ਦੇ ਇਲਜ਼ਾਮ ਵੀ ਲਗਾਏ ਹਨ।
ਇਨ੍ਹਾਂ ਦਾਅਵਿਆਂ ਪਿੱਛੇ ਹਕੀਕਤ ਜਾਣਨ ਲਈ ਬੀਬੀਸੀ ਦੀ ਟੀਮ ਸ਼ੁੱਕਰਵਾਰ ਨੂੰ ਰਾਤ ਸਾਢੇ ਅੱਠ ਵਜੇ ਸ੍ਰੀਨਗਰ ਦੇ ਦਰਗਾਹ ਇਲਾਕੇ ਵਿਖੇ ਸਥਿਤ ਮੀਰਵਾਇਜ਼ ਉਮਰ ਫਾਰੂਕ ਦੇ ਘਰੇ ਪਹੁੰਚੀ।
ਉੱਥੇ ਮੌਜੂਦ ਇਕ ਸੁਰੱਖਿਆ ਕਰਮੀ ਨੇ ਆਖਿਆ ਕਿ ਇਹ ਮੁਲਾਕਾਤ ਦਿਨ ਵਿੱਚ ਹੋ ਸਕਦੀ ਹੈ।
'ਇਹ ਕੁੜੀ ਦਿੱਲੀ ਤੋਂ ਆਈ ਹੈ ਅਤੇ ਪੁੱਠੇ ਸਿੱਧੇ ਸਵਾਲ ਕਰ ਰਹੀ ਹੈ'
ਸ਼ਨੀਵਾਰ ਸਵੇਰੇ ਤਕਰੀਬਨ ਸਾਢੇ ਦਸ ਵਜੇ ਅਸੀਂ ਫੇਰ ਮੀਰਵਾਇਜ਼ ਦੇ ਘਰ ਦੇ ਬਾਹਰ ਖੜ੍ਹੇ ਸੀ। ਉਨ੍ਹਾਂ ਦੇ ਘਰ ਦੇ ਠੀਕ ਅੱਗੇ ਫ਼ੌਜ ਦੀ ਇਕ ਬਖਤਰਬੰਦ ਗੱਡੀ ਮੌਜੂਦ ਸੀ।
ਸੀਆਰਪੀਐਫ ਦੇ 4-5 ਜਵਾਨ ਵੀ ਤੈਨਾਤ ਸਨ। ਜੰਮੂ ਕਸ਼ਮੀਰ ਪੁਲਿਸ ਦੇ ਦੋ ਤਿੰਨ ਨੁਮਾਇੰਦੇ ਵੀ ਖੜ੍ਹੇ ਸਨ। ਜਦੋਂ ਅਸੀਂ ਗੱਡੀ ਤੋਂ ਉਤਰੇ ਤੱਕ ਪੁਲਿਸ ਵਾਲੇ ਨੇ ਸਾਨੂੰ ਪੁੱਛਿਆ,"ਤੁਸੀਂ ਕਿਸ ਨੂੰ ਮਿਲਣਾ ਹੈ।"
ਅਸੀਂ ਉਨ੍ਹਾਂ ਨੂੰ ਦੱਸਿਆ ਕਿ ਅਸੀਂ ਮੀਰਵਾਇਜ਼ ਉਮਰ ਫਾਰੂਕ ਨੂੰ ਮਿਲਣਾ ਚਾਹੁੰਦੇ ਹਾਂ। ਇਸ ਤੋਂ ਬਾਅਦ ਜਦੋਂ ਅਸੀਂ ਗੇਟ ਵੱਲ ਵਧੇ ਤਾਂ ਉਨ੍ਹਾਂ ਨੇ ਸਾਨੂੰ ਰੁਕਣ ਲਈ ਆਖਿਆ।
ਰੁਕਣ ਦਾ ਕਾਰਨ ਪੁੱਛੇ ਜਾਣ 'ਤੇ ਪੁਲੀਸ ਕਰਮਚਾਰੀ ਨੇ ਆਪਣੇ ਅਧਿਕਾਰੀਆਂ ਨੂੰ ਫੋਨ ਕੀਤਾ ਅਤੇ ਕਸ਼ਮੀਰੀ ਵਿਚ ਆਖਿਆ,"ਇਹ ਕੁੜੀ ਦਿੱਲੀ ਤੋਂ ਆਈ ਹੈ ਅਤੇ ਮੈਨੂੰ ਪੁੱਠੇ ਸਿੱਧੇ ਸਵਾਲ ਪੁੱਛ ਰਹੀ ਹੈ,ਤੁਸੀਂ ਆ ਜਾਓ।"

ਇਹ ਵੀ ਪੜ੍ਹੋ-
ਅਗਲੇ ਦੋ ਤਿੰਨ ਮਿੰਟ ਵਿੱਚ ਨਗੀਨ ਥਾਣਾ ਜਿਸ ਦੇ ਤਹਿਤ ਇਹ ਇਲਾਕਾ ਆਉਂਦਾ ਹੈ, ਦੇ ਐਸਐਚਓ ਪਹੁੰਚਦੇ ਹਨ ਅਤੇ ਆਖਦੇ ਹਨ,"ਤੁਸੀਂ ਹੀ ਕੀਮਤੀ ਦੂਬੇ ਹੋ, ਜਿਸ ਨਾਲ ਮੇਰੀ ਕੱਲ੍ਹ ਰਾਤ ਗੱਲ ਹੋਈ ਸੀ।"
ਇਸ ਦੇ ਜਵਾਬ ਵਿੱਚ ਮੈਂ ਆਖਿਆ ਤੁਸੀਂ ਅੱਜ ਆਉਣ ਦਾ ਸਮਾਂ ਦਿੱਤਾ ਸੀ।ਇਸ ਤੋਂ ਬਾਅਦ ਉਨ੍ਹਾਂ ਨੇ ਆਖਿਆ ਕਿ 'ਉੱਪਰੋਂ ਇਜਾਜ਼ਤ ਲੈਣੀ ਪਵੇਗੀ'

ਅਸੀਂ ਬੀਬੀਸੀ ਦੇ ਇੰਟਰਵਿਊ ਦਾ ਜ਼ਿਕਰ ਕਰਦੇ ਹੋਏ ਆਖਿਆ ਕਿ ਲੈਫ਼ਟੀਨੈਂਟ ਗਵਰਨਰ ਮਨੋਜ ਸਿਨਹਾ ਨੇ ਆਖਿਆ ਹੈ ਕਿ ਮੀਰਵਾਈਜ਼ ਕਿਸੇ ਨਾਲ ਵੀ ਮਿਲ ਸਕਦੇ ਹਨ ਤਾਂ ਫਿਰ ਕਿਸ ਦੀ ਅਤੇ ਇਜਾਜ਼ਤ ਕਿਉਂ ਚਾਹੀਦੀ ਹੈ?
ਇਸ ਦੇ ਜਵਾਬ ਵਿਚ ਐੱਸਐੱਚਓ ਨੇ ਆਖਿਆ ਕਿ ਥਾਣਾ ਨਜ਼ਦੀਕ ਹੀ ਹੈ ਅਤੇ ਉੱਥੋਂ ਚੱਲ ਕੇ ਤੁਸੀਂ ਚਾਹ ਪੀਓ। ਇੱਥੇ ਧੁੱਪ ਵਿਚ ਖੜ੍ਹੇ ਹੋਣ ਦੀ ਲੋੜ ਨਹੀਂ।
ਜਦੋਂ ਅਸੀਂ ਥਾਣੇ ਜਾਣ ਤੋਂ ਇਨਕਾਰ ਕੀਤਾ ਉਨ੍ਹਾਂ ਨੇ ਸਾਨੂੰ 15 ਮਿੰਟ ਹੋਰ ਇੰਤਜ਼ਾਰ ਕਰਨ ਲਈ ਆਖਿਆ।
ਇਸ ਦੌਰਾਨ ਐੱਸਐੱਚਓ ਮੇਰੇ ਡਰਾਈਵਰ ਅਤੇ ਕੈਮਰਾ ਸਹਿਯੋਗੀ ਨੂੰ ਕਸ਼ਮੀਰੀ ਵਿੱਚ ਆਖਦੇ ਰਹੇ ਕਿ ਉਹ ਮੈਨੂੰ ਥਾਣੇ ਲੈ ਜਾਣ।
ਇਸ ਤੋਂ ਤਕਰੀਬਨ 15 ਮਿੰਟ ਬਾਅਦ ਡਿਪਟੀ ਸੁਪਰਡੈਂਟ ਪੁਲਿਸ ਸਾਡੇ ਕੋਲ ਆਉਂਦੇ ਹਨ।
ਉਹ ਆਖਦੇ ਹਨ," ਮੀਰਵਾਇਜ਼ ਨਜ਼ਰਬੰਦ ਨਹੀਂ ਹਨ ਪਰ ਫਿਰ ਵੀ ਤੁਸੀਂ ਅੰਦਰ ਨਹੀਂ ਜਾ ਸਕਦੇ। ਤੁਸੀਂ ਆਈਜੀ ਤੋਂ ਇਜਾਜ਼ਤ ਲੈ ਲਓ ਅਤੇ ਅਸੀਂ ਤੁਹਾਨੂੰ ਅੰਦਰ ਜਾਣ ਦਿਆਂਗੇ।"
'ਤੁਸੀਂ ਜੋ ਦੇਖ ਰਹੇ ਹੋ, ਉਹ ਐੱਲਜੀ ਦੇ ਦਾਅਵੇ ਦੀ ਸੱਚਾਈ ਹੈ'
ਇਸੇ ਦੌਰਾਨ ਅੰਦਰ ਤੋਂ ਇੱਕ ਆਦਮੀ ਬਾਹਰ ਆਉਂਦਾ ਹੈ ਅਤੇ ਅਸੀਂ ਉਸ ਨੂੰ ਆਖਿਆ ਕਿ ਉਹ ਅੰਦਰ ਮੀਰਵਾਇਜ਼ ਉਮਰ ਫ਼ਾਰੂਕ ਨੂੰ ਇਸ ਗੱਲ ਦੀ ਜਾਣਕਾਰੀ ਦੇ ਦੇਣ ਕਿ ਅਸੀਂ ਗੇਟ 'ਤੇ ਮੌਜੂਦ ਹਾਂ।
ਸਾਨੂੰ ਉੱਥੇ ਖੜ੍ਹੇ ਹੋਏ ਤਕਰੀਬਨ 45 ਮਿੰਟ ਹੋ ਚੁੱਕੇ ਸਨ।
ਇਸੇ ਦੌਰਾਨ ਗੇਟ ਦੇ ਦੂਜੇ ਕੋਨੇ ਤੋਂ ਆਵਾਜ਼ ਆਉਂਦੀ ਹੈ ਯੂ ਆਰ ਸੀਇੰਗ ਰਿਐਲਿਟੀ ਯਾਨੀ ਕਿ ਤੁਸੀਂ ਜੋ ਦੇਖ ਰਹੇ ਹੋ, ਉਹੀ ਹਕੀਕਤ ਹੈ।
ਇਹ ਗੱਲ ਮੀਰਵਾਇਜ਼ ਗੇਟ ਦੇ ਕੋਲ ਇਕ ਲਾਲ ਰੰਗ ਦੀ ਦੀਵਾਰ ਵਿੱਚ ਲੱਗੀ ਛੋਟੀ ਜਿਹੀ ਗਰਿੱਲ ਵਾਲੀ ਖਿੜਕੀ ਚੋਂ ਚੀਕ ਚੀਕ ਕੇ ਆਖ ਰਹੇ ਸਨ।
ਉਨ੍ਹਾਂ ਨੇ ਭੂਰੇ ਰੰਗ ਦੀ ਟੋਪੀ ਪਾਈ ਸੀ, ਜਿਸ ਦੇ ਆਲੇ ਦੁਆਲੇ ਬਦਾਮੀ ਰੰਗ ਦੇ ਧਾਗੇ ਨਾਲ ਫੁੱਲਾਂ ਵਾਲੀ ਕਸ਼ਮੀਰੀ ਕਢਾਈ ਕੀਤੀ ਹੋਈ ਸੀ।

ਤਸਵੀਰ ਸਰੋਤ, Getty Images
ਉਹ ਤਿੰਨ ਸਾਲ ਬਾਅਦ ਕੈਮਰੇ ਦੇ ਸਾਹਮਣੇ ਸਨ ਪਰ ਅਸੀਂ ਉਨ੍ਹਾਂ ਨੂੰ ਰਿਕਾਰਡ ਨਹੀਂ ਕਰ ਸਕਦੇ। ਮੇਰੇ ਪਿੱਛੇ ਮੌਜੂਦ ਪੁਲਿਸ ਕਰਮੀ ਚੀਖ਼- ਚੀਖ਼ ਕੇ ਆਖਦੇ ਹਨ,"ਅਸੀਂ ਉਨ੍ਹਾਂ ਨੂੰ ਅੰਦਰ ਲੈ ਕੇ ਆ ਹੀ ਰਹੇ ਸੀ ਤੁਸੀਂ ਇੱਥੇ ਕਿਉਂ ਆਏ।"
ਮੈਂ ਮੀਰਵਾਇਜ਼ ਤੋਂ ਪੁੱਛਿਆ,"ਤੁਹਾਨੂੰ ਲੈ ਕੇ ਮਨੋਜ ਸਿਨਹਾ ਨੇ ਦਾਅਵਾ ਕੀਤਾ ਹੈ, ਕਿ ਤੁਸੀਂ ਲੋਕਾਂ ਨੂੰ ਮਿਲਣ ਲਈ ਆਜ਼ਾਦ ਹੋ ਅਤੇ ਨਜ਼ਰਬੰਦ ਨਹੀਂ ਹੈ।"
" ਤੁਸੀਂ ਦੇਖ ਰਹੇ ਹੋ ਉਹੀ ਹਕੀਕਤ ਹੈ। ਜੇਕਰ ਮੈਂ ਆਜ਼ਾਦ ਹਾਂ ਤਾਂ ਤੁਹਾਨੂੰ ਰੋਕਿਆ ਕਿਉਂ ਜਾ ਰਿਹਾ ਹੈ। ਆਪਣੇ ਪਰਿਵਾਰ ਨੂੰ ਛੱਡ ਕੇ ਮੈਂ ਕਿਸੇ ਨੂੰ ਨਹੀਂ ਮਿਲ ਸਕਦਾ। ਤੁਸੀਂ ਹਿੰਮਤ ਕੀਤੀ ਕਿਉਂਕਿ ਤੁਸੀਂ ਕਸ਼ਮੀਰੀ ਨਹੀਂ ਹੋ। ਤੁਹਾਡੇ ਨਾਲ ਮੌਜ਼ੂਦ ਕੈਮਰਾਪਰਸਨ ਕਸ਼ਮੀਰੀ ਹੈ ਤਾਂ ਉਸ ਨੂੰ ਅੱਗੇ ਵਧਣ ਤੋਂ ਰੋਕਿਆ ਹੋਇਆ ਹੈ। ਮੈਂ ਚਾਹੁੰਦਾ ਹਾਂ ਕਿ ਉਪ ਰਾਜਪਾਲ ਜਿਸ ਗੱਲ ਨੂੰ ਪੂਰੀ ਜ਼ਿੰਮੇਵਾਰੀ ਨਾਲ ਕਹਿ ਰਹੇ ਹਨ ਉਸੇ ਸੱਚਾਈ ਕੀ ਹੈ।ਉਹ ਝੂਠ ਹੈ।"
"ਮੈਂ ਤਾਂ ਚਾਹੁੰਦਾ ਹਾਂ ਕਿ ਤੁਸੀਂ ਅੰਦਰ ਆਉ,ਅਸੀਂ ਗੱਲਬਾਤ ਕਰੀਏ।ਤੁਸੀਂ ਚਾਹ ਪੀਓ ਪਰ ਤੁਸੀਂ ਦੇਖ ਸਕਦੇ ਹੋ ਕਿ ਮੈਂ ਅਜਿਹਾ ਕੁਝ ਨਹੀਂ ਕਰ ਸਕਦਾ।"
ਇਹ ਕਹਿ ਕੇ ਉਹ ਖਿੜਕੀ ਤੋਂ ਹਟ ਜਾਂਦੇ ਹਨ।
ਜਦੋਂ ਸਾਨੂੰ ਲੱਗਿਆ ਕਿ ਮੀਰਵਾਇਜ਼ ਨੂੰ ਮਿਲਣ ਦੀ ਸੰਭਾਵਨਾ ਨਹੀਂ ਹੈ ਤਾਂ ਅਸੀਂ ਵਾਪਸ ਆ ਗਏ।
ਇਸ ਤੋਂ ਬਾਅਦ ਅਸੀਂ ਉਪ-ਰਾਜਪਾਲ ਮਨੋਜ ਸਿਨਹਾ ਦੇ ਮੀਡੀਆ ਐਡਵਾਈਜ਼ਰ ਸਤੀਸ਼ ਯਾਦਵ ਨਾਲ ਸੰਪਰਕ ਕਰਕੇ ਉਨ੍ਹਾਂ ਨੂੰ ਹਾਲਾਤ ਸਮੇਂ ਕੋਸ਼ਿਸ਼ ਕੀਤੀ।
ਜਦੋਂ ਫੋਨ 'ਤੇ ਉਨ੍ਹਾਂ ਗੱਲ ਨਹੀਂ ਕੀਤੀ ਤਾਂ ਅਸੀਂ ਮੈਸੇਜ ਭੇਜਿਆ ਪਰ ਖ਼ਬਰ ਲਿਖਣ ਤੱਕ ਉਨ੍ਹਾਂ ਦਾ ਕੋਈ ਜਵਾਬ ਨਹੀਂ ਆਇਆ ਸੀ।
ਮੀਰਵਾਇਜ਼ ਨੇ ਬੀਬੀਸੀ ਨੂੰ ਫ਼ੋਨ ਕੀਤਾ
ਦੁਪਹਿਰ ਦੇ ਤਕਰੀਬਨ ਡੇਢ ਵਜੇ ਮੀਰਵਾਇਜ਼ ਉਮਰ ਫ਼ਾਰੂਕ ਨੇ ਮੈਨੂੰ ਫੋਨ ਕੀਤਾ।
ਉਨ੍ਹਾਂ ਨੇ ਆਖਿਆ,"ਤੁਹਾਡੇ ਅੱਗੇ ਜੋ ਹਕੀਕਤ ਹੈ ਉਹ ਦੁਨੀਆ ਦੇ ਸਾਹਮਣੇ ਨਹੀਂ ਆਉਣ ਦਿੱਤੀ ਜਾਵੇਗੀ। ਮੇਰੇ ਬਾਰੇ ਜੋ ਦਾਅਵੇ ਤੁਹਾਡੇ ਚੈਨਲ ਉੱਤੇ ਕੀਤੇ ਗਏ ਹਨ ਉਹ ਝੂਠ ਹਨ। ਮੈਨੂੰ ਆਪਣੀ ਮਸਜਿਦ ਵਿੱਚ ਜਾ ਕੇ ਨਮਾਜ਼ ਤੱਕ ਪੜ੍ਹਨ ਦੀ ਇਜਾਜ਼ਤ ਨਹੀਂ ਹੈ।"
ਜੇਕਰ ਮੀਰਵਾਇਜ਼ ਉਪਰ ਪਾਬੰਦੀਆਂ ਹਨ, ਉਹ ਆਪਣੇ ਹੀ ਘਰ ਵਿੱਚ ਨਜ਼ਰਬੰਦ ਹਨ ਅਤੇ ਬੀਬੀਸੀ ਨੂੰ ਦਿੱਤੇ ਗਏ ਇੰਟਰਵਿਊ ਵਿੱਚ ਮਨੋਜ ਸਿਨਹਾ ਦਾ ਦਾਅਵਾ ਝੂਠਾ ਹੈ ਤਾਂ ਇਕ ਵੀਡੀਓ ਬਿਆਨ ਜਾਰੀ ਕਰ ਕੇ ਸੋਸ਼ਲ ਮੀਡੀਆ ਪਲੈਟਫਾਰਮ 'ਤੇ ਕਿਉਂ ਨਹੀਂ ਆਉਂਦੇ।
ਮੇਰੇ ਇਨ੍ਹਾਂ ਸਵਾਲਾਂ ਦਾ ਮੀਰਵਾਇਜ਼ ਕੋਈ ਸਿੱਧਾ ਜਵਾਬ ਨਹੀਂ ਦਿੰਦੇ।

ਤਸਵੀਰ ਸਰੋਤ, Getty Images
ਉਹ ਆਖਦੇ ਹਨ,"ਤੁਸੀਂ ਦੇਖਿਆ ਹੋਵੇਗਾ ਕਿ ਹੁਰੀਅਤ ਨੇ ਟਵਿੱਟਰ ਉੱਤੇ ਬਿਆਨ ਜਾਰੀ ਕੀਤਾ ਹੈ ਅਸੀਂ ਆਪਣੀ ਪ੍ਰਤੀਕਿਰਿਆ ਦਿੱਤੀ ਹੈ।ਕਸ਼ਮੀਰ ਵਿੱਚ ਸਭ ਡਰੇ ਹੋਏ ਹਨ।"
ਅਸੀਂ ਕਈ ਵਾਰ ਆਪਣਾ ਸਵਾਲ ਦੁਹਰਾਇਆ। ਫਿਰ ਉਨ੍ਹਾਂ ਤੋਂ ਪੁੱਛਿਆ ਕਿ ਆਖਿਰ ਕੀ ਵੀਡੀਓ ਬਿਆਨ ਜਾਰੀ ਕਰਕੇ ਉਨ੍ਹਾਂ ਦੀਆਂ ਮੁਸ਼ਕਿਲਾਂ ਵਧ ਸਕਦੀਆਂ ਹਨ।
ਮੀਰਵਾਇਜ਼ ਆਖਦੇ ਹਨ,"ਮੈਂ ਆਪਣੇ ਸਾਥੀਆਂ ਨੂੰ, ਹੁਰੀਅਤ ਦੇ ਲੋਕਾਂ ਨੂੰ ਨਹੀਂ ਮਿਲ ਸਕਦਾ। ਇੱਥੇ ਮੌਜੂਦ ਕਸ਼ਮੀਰੀ ਪੱਤਰਕਾਰਾਂ ਦਾ ਡਰ ਮੈਂ ਸਮਝਦਾ ਹਾਂ। ਉਹ ਨਹੀਂ ਲਿਖ ਸਕਦੇ ਸ਼ਾਇਦ ਤੁਸੀਂ ਦੱਸ ਸਕਦੇ ਹੋ ਜੋ ਤੁਸੀਂ ਦੇਖਿਆ।"
ਜਿਸ ਤਰੀਕੇ ਨਾਲ ਮੀਰਵਾਇਜ਼ ਨੂੰ ਗੱਲ ਕਰਨ ਤੋਂ ਰੋਕਿਆ ਗਿਆ ,ਕੀ ਇਸ ਬਾਰੇ ਵੀ ਉਹ ਕੋਈ ਬਿਆਨ ਜਾਰੀ ਕਰਨਗੇ। ਮੇਰੇ ਇਸ ਸਵਾਲ 'ਤੇ ਆਖਦੇ ਹਨ," ਮੈਂ ਦੇਖਦਾ ਹਾਂ। ਮੈਂ ਆਪਣੇ ਵੱਲੋਂ ਕੀ ਕਰ ਸਕਦਾ ਹਾਂ।"
ਇਹ ਵੀ ਪੜ੍ਹੋ-
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post












