ਕਰਨੈਲ ਸਿੰਘ ਈਸੜੂ ਕੌਣ ਸਨ ਜਿਨ੍ਹਾਂ ਨੂੰ ਗੋਆ ਦੀ ਆਜ਼ਾਦੀ ਨਾਲ ਜੋੜ ਕੇ ਪੰਜਾਬ ਵਿੱਚ ਯਾਦ ਕੀਤਾ ਜਾਂਦਾ ਹੈ

ਕਰਨੈਲ ਸਿੰਘ ਈਸੜੂ

ਤਸਵੀਰ ਸਰੋਤ, gurminder garewal/BBC

ਤਸਵੀਰ ਕੈਪਸ਼ਨ, ਕਰਨੈਲ ਸਿੰਘ ਈਸੜੂ ਦੀ ਮੌਤ ਤੋਂ 6 ਸਾਲ ਬਾਅਦ 1961 ਵਿੱਚ ਗੋਆ ਨੂੰ ਆਜ਼ਾਦ ਕਰਵਾਇਆ ਜਾ ਸਕਿਆ ਸੀ

ਗੋਆ ਨੂੰ ਪੁਰਤਗਾਲੀਆਂ ਤੋਂ ਜਦੋਂ ਵੀ ਆਜ਼ਾਦ ਕਰਵਾਉਣ ਦੀ ਗੱਲ ਆਉਂਦੀ ਹੈ ਤਾਂ ਪੰਜਾਬ ਵਿੱਚ ਇੱਕ ਵਿਅਕਤੀ ਦਾ ਜ਼ਿਕਰ ਜ਼ਰੂਰ ਹੁੰਦਾ ਹੈ, ਉਹ ਹਨ ਕਰਨੈਲ ਸਿੰਘ ਈਸੜੂ।

ਕਰਨੈਲ ਸਿੰਘ ਈਸੜੂ ਨੇ ਗੋਆ ਨੂੰ ਆਜ਼ਾਦ ਕਰਵਾਉਣ ਦੇ ਸੰਘਰਸ਼ ਵਿੱਚ ਆਪਣੀ ਜਾਨ ਗੁਆਈ ਸੀ। ਉਨ੍ਹਾਂ ਦੀ ਯਾਦ ਵਿੱਚ ਹਰ ਸਾਲ ਸ਼ਹੀਦੀ ਕਾਨਰਫਰੰਸਾਂ ਹੁੰਦੀਆਂ ਹਨ। ਇਸ ਰਿਪੋਰਟ ਵਿੱਚ ਉਨ੍ਹਾਂ ਦੇ ਜੀਵਨ ਬਾਰੇ ਅਸੀਂ ਅਹਿਮ ਜਾਣਕਾਰੀਆਂ ਦੇ ਰਹੇ ਹਾਂ।

ਇਹ ਲੇਖ ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿੱਚ ਇਤਿਹਾਸ ਦੇ ਐਸੋਸੀਏਟ ਪ੍ਰ਼ੋਫ਼ੈਸਰ ਡਾ਼ ਮੁਹੰਮਦ ਇਦਰੀਸ ਵੱਲੋਂ ਬੀਬੀਸੀ ਪੰਜਾਬੀ ਨੂੰ ਦਿੱਤੀ ਜਾਣਕਾਰੀ 'ਤੇ ਅਧਾਰਿਤ ਹੈ।

ਕਰਨੈਲ ਸਿੰਘ ਦਾ ਜਨਮ ਅਣਵੰਡੇ ਭਾਰਤ ਦੇ ਜ਼ਿਲ੍ਹਾ ਲਾਇਲਪੁਰ ਦੇ ਪਿੰਡ ਈਸੜੂ ਵਿੱਚ 9 ਸਿਤੰਬਰ 1930 ਨੂੰ ਹੋਇਆ, ਜੋ ਹੁਣ ਪਾਕਿਸਤਾਨ ਵਿੱਚ ਹੈ। ਮੌਜੂਦਾ ਵੇਲੇ ਇਸ ਪਿੰਡ ਦਾ ਨਾਂ ਹੁਣ ਚੱਕ ਨੰਬਰ 50 ਹੈ।

ਉਨ੍ਹਾਂ ਦੇ ਪਿਤਾ ਦਾ ਨਾਂ ਸੁੰਦਰ ਸਿੰਘ ਅਤੇ ਮਾਤਾ ਦਾ ਨਾਂ ਹਰਨਾਮ ਕੌਰ ਸੀ। ਕਰਨੈਲ ਸਿੰਘ ਦੀਆਂ ਚਾਰ ਭੈਣਾਂ ਤੇ ਤਿੰਨ ਭਰਾ ਸਨ।

ਕਰਨੈਲ ਸਿੰਘ ਦੇ ਪਿਤਾ ਸੁੰਦਰ ਸਿੰਘ ਬਰਤਾਨਵੀ ਫੌਜ ਵਿੱਚ ਸੱਤ ਰੁਪਏ ਮਹੀਨਾ ਦੀ ਤਨਖ਼ਾਹ ਉੱਤੇ ਨੌਕਰੀ ਕਰਦੇ ਸਨ ਜਿਸ ਨਾਲ ਉਨ੍ਹਾਂ ਦਾ ਗੁਜ਼ਾਰਾ ਕਾਫ਼ੀ ਮੁਸ਼ਕਿਲ ਨਾਲ ਚੱਲਦਾ ਸੀ। ਪਰਿਵਾਰ ਕੋਲ ਜ਼ਮੀਨ ਵੀ ਕਾਫ਼ੀ ਘੱਟ ਸੀ।

ਬਰਤਾਨਵੀ ਸਰਕਾਰ ਵੱਲੋਂ ਲਾਇਲਪੁਰ ਦੇ ਇਲਾਕਿਆਂ ਨੂੰ ਆਬਾਦ ਕਰਨ ਖਾਤਿਰ ਉੱਥੇ ਪੰਜਾਬੀਆਂ ਨੂੰ ਜ਼ਮੀਨਾਂ ਅਲਾਟ ਕੀਤੀਆਂ ਗਈਆਂ ਸਨ। ਉਸੇ ਤਹਿਤ ਕਰਨੈਲ ਸਿਘ ਈਸੜੂ ਦੀ ਵਿਧਵਾ ਦਾਦੀ ਨੂੰ ਇੱਕ ਮੁਰੱਬਾ ਜ਼ਮੀਨ ਮਿਲੀ ਸੀ।

ਉਨ੍ਹਾਂ ਨੇ ਮੁੱਢਲੀ ਸਿੱਖਿਆ ਪਿੰਡ ਦੇ ਸਕੂਲ ਤੋਂ ਹਾਸਲ ਕੀਤੀ ਸੀ। ਸੱਤਵੀਂ ਤੋਂ ਨੌਵੀਂ ਤੱਕ ਦੀ ਪੜ੍ਹਾਈ ਨੇੜਲੇ ਪਿੰਡ ਖੁਸ਼ਪੁਰ ਤੋਂ ਕੀਤੀ ਜਿੱਥੇ ਉਨ੍ਹਾਂ ਦੇ ਵੱਡੇ ਭਰਾ ਤਖ਼ਤ ਸਿੰਘ ਬਤੌਰ ਹੈੱਡ ਮਾਸਟਰ ਨਿਯੁਕਤ ਹੋਏ ਸਨ।

15 ਅਗਸਤ 1947 ਨੂੰ ਕਰਨੈਲ ਸਿੰਘ ਦਾ ਪਰਿਵਾਰ ਲੁਧਿਆਣਾ ਵਿੱਚ ਆਪਣੇ ਪੁਸ਼ਤੈਨੀ ਪਿੰਡ ਈਸੜੂ ਆ ਕੇ ਵਸ ਗਿਆ ਸੀ। ਈਸੜੂ ਪਿੰਡ ਛੇਵੇਂ ਗੁਰੂ ਹਰਗੋਬਿੰਦ ਸਾਹਿਬ ਦੇ ਆਉਣ ਕਾਰਨ ਇਤਿਹਾਸਕ ਮੱਹਤਤਾ ਵੀ ਰੱਖਦਾ ਹੈ।

ਭਾਈ ਕਾਨ੍ਹ ਸਿੰਘ ਨਾਭਾ ਵੱਲੋਂ ਸੰਪਾਦਤ ਗੁਰਸ਼ਬਦ ਰਤਨਾਕਰ ਮਹਾਨ ਕੋਸ਼ ਅਨੁਸਾਰ ਇਹ ਪਿੰਡ ਕਿਸੇ ਵੇਲੇ ਨਾਭਾ ਰਿਆਸਤ ਦਾ ਹਿੱਸਾ ਰਿਹਾ ਸੀ। ਲੁਧਿਆਣਾ ਜ਼ਿਲ੍ਹੇ ਦਾ ਇਹ ਪਿੰਡ ਖੰਨਾ ਤੋਂ ਦੱਖਣ ਪੂਰਬ ਵਾਲੇ ਪਾਸੇ 13 ਕਿੱਲੋਮੀਟਰ ਦੀ ਦੂਰੀ ਉੱਤੇ ਸਥਿੱਤ ਹੈ।

ਕਰਨੈਲ ਸਿੰਘ ਈਸੜੂ

ਤਸਵੀਰ ਸਰੋਤ, Gurminder garewal/bbc

ਤਸਵੀਰ ਕੈਪਸ਼ਨ, ਉਨ੍ਹਾਂ ਦੀ ਯਾਦ ਵਿੱਚ ਗੋਆ ਦੇ ਪਿੰਡ ਪਿਤਰਾਦੇਵੀ ਦੇ ਸਕੂਲ ਵਿੱਚ ਸਾਲ 2015 ਵਿੱਚ ਬੁੱਤ ਲਗਾਇਆ ਗਿਆ ਸੀ

ਕਰਨੈਲ ਸਿੰਘ ਨੇ ਈਸੜੂ ਪਿੰਡ ਤੋਂ 6 ਮੀਲ ਦੂਰ ਖੰਨਾ ਵਿਖੇ ਸ਼੍ਰੀ ਗੁਰੂ ਗੋਬਿੰਦ ਸਿੰਘ ਖ਼ਾਲਸਾ ਹਾਈ ਸਕੂਲ ਅਤੇ ਜਗਰਾਓਂ ਤੋਂ ਵਿਦਿਆ ਪ੍ਰਾਪਤ ਕੀਤੀ।

ਕਰਨੈਲ ਸਿੰਘ ਨੂੰ ਇਲਾਕੇ ਵਿੱਚ ਸੁਰੀਲਾ ਗਾਉਣ ਵਾਲਾ, ਵਧੀਆ ਤਕਰੀਰ ਕਰਨਾ ਵਾਲਾ, ਆਜ਼ਾਦੀ ਘੁਲਾਟੀਆ ਦੀਆਂ ਵਾਰਾਂ ਗਾਉਣ ਵਾਲਾ ਅਤੇ ਹੋਣਹਾਰ ਵਿਦਿਆਰਥੀ ਵਜੋਂ ਜਾਣਿਆ ਜਾਂਦਾ ਸੀ।

ਆਜ਼ਾਦੀ ਉਪਰੰਤ ਕਰਨੈਲ ਸਿੰਘ ਦੇ ਜੀਵਨ ਉੱਤੇ ਸ਼ਰਨਾਰਥੀਆਂ ਦੀਆਂ ਸਮੱਸਿਆਵਾਂ, ਕਤਲੋ-ਗਾਰਦ, ਉਜਾੜੇ, ਔਰਤਾਂ ਅਤੇ ਬੱਚਿਆਂ ਤੇ ਹੋਏ ਅੱਤਿਆਚਾਰਾਂ ਦਾ ਅਤਿ ਡੂੰਘਾ ਪ੍ਰਭਾਵ ਸੀ।

ਮਈ 1955 ਈਸਵੀ ਵਿੱਚ ਕਰਨੈਲ ਸਿੰਘ ਦਾ ਵਿਆਹ 25 ਸਾਲ ਦੀ ਉਮਰ ਵਿੱਚ ਚਰਨਜੀਤ ਕੌਰ ਨਾਲ ਹੋਇਆ ਸੀ।

1954 ਵੱਚ ਬਣੀ 'ਗੋਆ ਵਿਮੋਚਨ ਸਹਾਇਕ ਸਮਿਤੀ' ਵੱਲੋਂ ਗੋਆ ਨੂੰ ਅਜ਼ਾਦ ਕਰਵਾਉਣ ਲਈ 1955 ਵਿੱਚ ਭਾਰਤ ਪੱਧਰ ਉੱਤੇ ਸੱਤਿਆਗ੍ਰਹਿ ਅੰਦੋਲਨ ਲਈ ਸੱਦਾ ਦਿੱਤਾ ਗਿਆ ਸੀ।

ਇਸ ਸੱਦੇ ਉੱਤੇ ਕਰਨੈਲ ਸਿੰਘ ਪੁਣੇ ਪਹੁੰਚ ਗਏ ਸਨ। ਇੱਥੋਂ 15 ਅਗਸਤ 1955 ਨੂੰ ਸਾਰੇ ਭਾਰਤ ਤੋਂ ਇਕੱਠੇ ਹੋਏ ਸੱਤਿਆਗ੍ਰਹੀ ਆਗੂਆਂ ਦੀ 12 ਮੈਂਬਰੀ ਟੀਮ ਨੇ ਮੰਦਰ ਵਿੱਚ ਇਸ਼ਨਾਨ ਕੀਤਾ।

ਹਰੇਕ ਸੂਬੇ ਦੇ ਮੈਂਬਰ ਦੇ ਮੱਥੇ ਉੱਤੇ ਕਰਨਾਟਕ ਤੋਂ ਆਈ ਇੱਕ ਸੱਤਿਆਗ੍ਰਹੀ ਨੇ ਤਿਲਕ ਲਗਾ ਕੇ ਗੋਆ ਵੱਲ ਰਵਾਨਾ ਕੀਤਾ।

ਉਨ੍ਹਾਂ ਨੇ ਗੋਆ ਦੀ ਸਰਹੱਦ ਵੱਲ ਦੇ ਇੱਕ ਪਿੰਡ ਪਿਤਰਾਦੇਵੀ ਵੱਲ ਚੱਲਣਾ ਸ਼ੁਰੂ ਕੀਤਾ। ਉਸ ਵੇਲੇ ਇੱਕ ਹਜ਼ਾਰ ਲੋਕਾਂ ਦਾ ਹਜੂਮ ਸੀ।

ਇਨ੍ਹਾਂ ਵਿੱਚ ਅਮਰੀਕੀ, ਫਰਾਂਸੀਸੀ ਤੇ ਬਰਤਾਨੀਆ ਦੇ ਪੱਤਰਕਾਰ ਵੀ ਸ਼ਾਮਲ ਸਨ। ਕੁਝ ਸਮਕਾਲੀ ਇਤਿਹਾਸਕ ਦਸਤਾਵੇਜ਼ਾਂ ਅਨੁਸਾਰ ਨਿਹੱਥੇ ਸੱਤਿਆਗ੍ਰਹੀ ਜਦੋਂ ਅੱਗੇ ਵੱਧ ਰਹੇ ਸਨ ਤਾਂ ਪੁਰਤਗਾਲੀ ਫੌਜਾਂ ਨੇ ਬਿਨਾਂ ਚੇਤਾਵਨੀ ਦਿੰਦਿਆਂ ਪੱਜ ਵੱਖ-ਵੱਖ ਪਾਸਿਆਂ ਤੋਂ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ ਸਨ।

Banner

ਇਹ ਵੀ ਪੜ੍ਹੋ:

Banner
ਗੋਆ ਦਾ ਅਖ਼ਬਾਰ

ਤਸਵੀਰ ਸਰੋਤ, AFP

ਤਸਵੀਰ ਕੈਪਸ਼ਨ, ਗੋਆ ਦਾ ਇੱਕ ਸਥਾਨਕ ਅਖ਼ਬਾਰ ਦਾ 20 ਦਸੰਬਰ 1961 ਦਾ ਮੁੱਖ ਪੰਨਾ ਜਿਸ ਉੱਪਰ ਜੈ ਹਿੰਦ ਲਿਖਿਆ ਗਿਆ

ਜਦੋਂ ਸੱਤਿਆਗ੍ਰਹੀ ਗੋਆ ਦੀ ਹੱਦ ਵਿੱਚ ਦਾਖਲ ਹੋਏ ਤਾਂ ਉਨ੍ਹਾਂ ਦੇ ਨੇਤਾ ਚਿਤਲੇ ਅਤੇ ਮਧੂਕਰ ਚੌਧਰੀ ਨੂੰ ਬਚਾਉਂਦੇ ਹੋਏ ਕਰਨੈਲ ਸਿੰਘ ਅੱਗੇ ਆਏ ਤਾਂ ਉਨ੍ਹਾਂ ਨੂੰ ਦੋ ਗੋਲੀਆਂ ਲੱਗੀਆਂ।

ਉਨ੍ਹਾਂ ਨੇ ਮੌਕੇ ਉੱਤੇ ਪ੍ਰਾਣ ਤਿਆਗ ਦਿੱਤੇ ਸਨ।

ਕੁਝ ਹੋਰ ਸਮਕਾਲੀ ਸਰੋਤਾਂ ਅਨੁਸਾਰ ਮੱਧ ਪ੍ਰਦੇਸ਼ ਦੀ ਸੱਤਿਆਗ੍ਰਹੀ ਸਾਹੋਦਰਾਦੇਵੀ ਦੀ ਬਾਂਹ ਵਿੱਚ ਗੋਲੀ ਵੱਜੀ ਤਾਂ ਕਰਨੈਲ ਸਿੰਘ ਈਸੜੂ ਦੇ ਪੁਰਤਗਾਲੀ ਫੌਜੀਆਂ ਨੂੰ ਅੱਗੇ ਵੱਧ ਕੇ ਵੰਗਾਰਦੇ ਸਮੇਂ ਉਨ੍ਹਾਂ ਦੀ ਛਾਤੀ ਵਿੱਚ ਦੋ ਗੋਲੀਆਂ ਮਾਰੀਆਂ ਸਨ।

ਜਖ਼ਮੀ ਹਾਲਤ ਵਿੱਚ ਕਰਨੈਲ ਸਿੰਘ ਨੇ 'ਬੋਲੇ ਸੋ ਨਿਹਾਲ' ਤੇ ְ'ਭਾਰਤ ਮਾਤਾ ਦੀ ਜੈ' ਦੇ ਨਾਅਰੇ ਲਗਾਏ ਤੇ ਪ੍ਰਾਣ ਤਿਆਗ ਦਿੱਤੇ।

ਕਰਨੈਲ ਸਿੰਘ ਈਸੜੂ ਦੀ ਮੌਤ ਤੋਂ 6 ਸਾਲ ਬਾਅਦ 1961 ਵਿੱਚ ਗੋਆ ਨੂੰ ਆਜ਼ਾਦ ਕਰਵਾਇਆ ਜਾ ਸਕਿਆ ਸੀ।

ਉਨ੍ਹਾਂ ਦੀ ਯਾਦ ਵਿੱਚ ਗੋਆ ਦੇ ਪਿੰਡ ਪਿਤਰਾਦੇਵੀ ਦੇ ਸਕੂਲ ਵਿੱਚ ਸਾਲ 2015 ਵਿੱਚ ਬੁੱਤ ਲਗਾਇਆ ਗਿਆ ਸੀ। ਇਸੇ ਤਰ੍ਹਾਂ ਪਿੰਡ ਈਸੜੂ ਦੇ ਸਕੂਲ ਦਾ ਨਾਂ ਵੀ ਕਰਨੈਲ ਸਿੰਘ ਦੇ ਨਾਂ ਉੱਤੇ ਹੈ।

ਪਰ ਲੋਕਾਂ ਵੱਲੋਂ ਉਨ੍ਹਾਂ ਦੀ ਕੋਈ ਢੁੱਕਵੀਂ ਯਾਦਗਾਰ ਬਣਾਉਣ ਦੀ ਮੰਗ ਕੀਤੀ ਜਾਂਦੀ ਹੈ।

ਗੋਆ ਦੀ ਅਜ਼ਾਦੀ

ਗੋਆ ਨੂੰ ਅਜ਼ਾਦੀ ਕਿਵੇਂ ਮਿਲੀ?

ਵਾਸਕੋ ਡੀ ਗਾਮਾ 1498 ਵਿੱਚ ਭਾਰਤ ਆਇਆ ਅਤੇ 12 ਸਾਲਾਂ ਦੇ ਅੰਦਰ ਪੁਰਤਗਾਲੀਆਂ ਨੇ ਗੋਆ ਉੱਤੇ ਕਬਜ਼ਾ ਕਰ ਲਿਆ।

1510 ਵਿੱਚ ਸ਼ੁਰੂ ਹੋਏ ਪੁਰਤਗਾਲੀ ਰਾਜ ਤੋਂ ਗੋਆ ਦੇ ਲੋਕਾਂ ਨੂੰ 451 ਸਾਲ ਤੱਕ ਸੰਤਾਪ ਝੱਲਣਾ ਪਿਆ। 1961 ਵਿੱਚ, ਉਨ੍ਹਾਂ ਨੂੰ 19 ਦਸੰਬਰ ਨੂੰ ਆਜ਼ਾਦੀ ਮਿਲੀ, ਭਾਵ ਭਾਰਤ ਦੀ ਆਜ਼ਾਦੀ ਤੋਂ ਲਗਭਗ ਸਾਢੇ 14 ਸਾਲ ਬਾਅਦ।

ਇਹ ਵੀ ਧਿਆਨ ਦੇਣ ਯੋਗ ਹੈ ਕਿ ਗੋਆ ਦੀ ਆਜ਼ਾਦੀ ਦੀ ਲੜਾਈ ਵਿੱਚ ਕਾਂਗਰਸ ਪਾਰਟੀ ਦੇ ਵੱਡੇ ਨੇਤਾ ਨਹਿਰੂ ਅਤੇ ਪਟੇਲ ਗੋਆ ਵੱਲ ਧਿਆਨ ਨਹੀਂ ਦੇ ਰਹੇ ਸਨ, ਉਹ ਸਮਝਦੇ ਸਨ ਕਿ ਇਸ ਨਾਲ ਅੰਗਰੇਜ਼ਾਂ ਖਿਲਾਫ਼ ਜਾਰੀ ਮੁੱਖ ਲੜਾਈ ਤੋਂ ਧਿਆਨ ਭਟਕੇਗਾ।

ਨਹਿਰੂ ਜਿਸ ਫੁਨਸੀ ਦੀ ਗੱਲ ਕਰ ਰਹੇ ਸਨ, ਉਸ ਨੂੰ ਖ਼ਤਮ ਕਰਨਾ ਓਨਾ ਆਸਾਨ ਨਹੀਂ ਸੀ ਜਿੰਨਾ ਉਹ ਸੋਚਦੇ ਸਨ।

ਪੁਰਤਗਾਲ ਗੋਆ ਨੂੰ ਆਸਾਨੀ ਨਾਲ ਛੱਡਣ ਦੇ ਮੂਡ ਵਿੱਚ ਨਹੀਂ ਸੀ, ਇਹ ਉੱਤਰੀ ਅਟਲਾਂਟਿਕ ਸੰਧੀ ਸੰਗਠਨ (ਨਾਟੋ) ਦਾ ਮੈਂਬਰ ਸੀ ਅਤੇ ਨਹਿਰੂ ਫੌਜੀ ਟਕਰਾਅ ਤੋਂ ਝਿਜਕਦੇ ਸਨ।

ਨਵੰਬਰ 1961 'ਚ ਪੁਰਤਗਾਲੀ ਫੌਜੀਆਂ ਨੇ ਗੋਆ ਦੇ ਮਛੇਰਿਆਂ 'ਤੇ ਗੋਲੀਬਾਰੀ ਕੀਤੀ, ਜਿਸ 'ਚ ਇੱਕ ਵਿਅਕਤੀ ਮਾਰਿਆ ਗਿਆ, ਜਿਸ ਤੋਂ ਬਾਅਦ ਮਾਹੌਲ ਬਦਲ ਗਿਆ। ਭਾਰਤ ਦੇ ਤਤਕਾਲੀ ਰੱਖਿਆ ਮੰਤਰੀ ਕੇਵੀ ਕ੍ਰਿਸ਼ਨਾ ਮੇਨਨ ਅਤੇ ਨਹਿਰੂ ਨੇ ਐਮਰਜੈਂਸੀ ਮੀਟਿੰਗ ਕੀਤੀ।

ਇਸ ਮੀਟਿੰਗ ਤੋਂ ਬਾਅਦ 17 ਦਸੰਬਰ ਨੂੰ ਭਾਰਤ ਨੇ ਅਪਰੇਸ਼ਨ ਵਿਜੇ ਤਹਿਤ ਗੋਆ ਵਿੱਚ 30 ਹਜ਼ਾਰ ਸੈਨਿਕ ਭੇਜਣ ਦਾ ਫੈਸਲਾ ਕੀਤਾ, ਇਸ ਆਪਰੇਸ਼ਨ ਵਿੱਚ ਜਲ ਸੈਨਾ ਅਤੇ ਹਵਾਈ ਸੈਨਾ ਵੀ ਸ਼ਾਮਲ ਸੀ।

ਭਾਰਤੀ ਫ਼ੌਜ ਨੂੰ ਅੱਗੇ ਵਧਣ ਤੋਂ ਰੋਕਣ ਲਈ ਪੁਰਤਗਾਲੀਆਂ ਨੇ ਵਾਸਕੋ ਨੇੜੇ ਪੁਲ ਨੂੰ ਉਡਾ ਦਿੱਤਾ। ਪਰ 36 ਘੰਟਿਆਂ ਦੇ ਅੰਦਰ ਹੀ ਪੁਰਤਗਾਲ ਨੇ ਕਬਜ਼ਾ ਛੱਡਣ ਦਾ ਫੈਸਲਾ ਕੀਤਾ।

Banner
Banner
Skip YouTube post
Google YouTube ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of YouTube post

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)