ਰਾਸ਼ਟਰਮੰਡਲ ਖੇਡਾਂ: ਭਾਰਤੀ ਹਾਕੀ ਟੀਮ ਫਾਇਨਲ ਵਿਚ ਪਹੁੰਚੀ, ਰਵੀ ਦਹੀਆ ਤੇ ਵਿਨੇਸ਼ ਫੋਗਾਟ ਨੇ ਜਿੱਤੇ ਸੋਨ ਤਮਗੇ

ਬਰਮਿੰਘਮ ਵਿਚ ਚੱਲ ਰਹੀਆਂ ਰਾਸ਼ਟਰਮੰਡਲ ਖੇਡਾਂ ਦੇ 9ਵੇਂ ਦਿਨ ਮਰਦਾਂ ਦੀ ਹਾਕੀ ਟੀਮ ਨੇ ਦੱਖਣੀ ਅਫ਼ਰੀਕਾ ਨੂੰ 3-2 ਨਾਲ ਹਰਾ ਕੇ ਫਾਇਨਲ ਵਿਚ ਦਾਖਲਾ ਪਾ ਲਿਆ।

ਹੁਣ ਟੀਮ ਫਾਇਨਲ ਮੁਕਾਬਲਾ ਆਸਟ੍ਰੇਲੀਆ ਜਾਂ ਨਿਊਜੀਲੈਂਡ,ਜੋ ਫਾਇਨਲ ਵਿਚ ਪਹੁੰਚੇਗੀ ਉਸ ਨਾਲ ਖੇਡੇਗੀ।

ਖੇਡਾਂ ਦਾ 9 ਵਾਂ ਦਿਨ ਭਾਰਤ ਲਈ ਕਾਫੀ ਦਬਦਬੇ ਵਾਲਾ ਰਿਹਾ, ਭਾਰਤੀ ਖਿਡਾਰੀਆਂ ਨੇ 14 ਹੋਰ ਤਮਗੇ ਜਿੱਤੇ।

ਸ਼ਨੀਵਾਰ ਨੂੰ ਜਿਹੜੇ ਭਾਰਤੀ ਖਿਡਾਰੀਆਂ ਨੇ ਤਮਗੇ ਜਿੱਤੇ :

  • ਅਵਿਨਾਸ਼ ਸਾਬਲ (ਐਥੇਲੇਟਿਕਸ, ਚਾਂਦੀ),
  • ਪੁਰਸ਼ਾਂ ਦੀ ਲਾਅਨ ਬਾਲ ਟੀਮ (ਚਾਂਦੀ),
  • ਜੈਸਮੀਨ ਲਾਮਬੋਰੀਆ (ਬਾਕਸਿੰਗ ਕਾਂਸੀ),
  • ਪੂਜਾ ਗਹਿਲੋਤ (ਕੁਸ਼ਤੀ,ਚਾਂਦੀ),
  • ਰਵੀ ਦਹੀਆ (ਕੁਸ਼ਤੀ, ਸੋਨ),
  • ਪੂਜਾ ਸਿਆਗ, (ਕੁਸ਼ਤੀ,ਚਾਂਦੀ),
  • ਦੀਪਕ ਨਹਿਰਾ(ਕੁਸ਼ਤੀ, ਕਾਂਸੀ),
  • ਮੁਹੰਮਦ ਹਸਮੂਦੀਨ (ਬਾਕਸਿੰਗ, ਕਾਂਸੀ),
  • ਸੋਨਲਬੇਨ ਮਨੂਬਾਈ ਪਟੇਲ (ਪੈਰਾ ਟੇਬਲ ਟੈਨਿਸ, ਕਾਂਸੀ),
  • ਭਾਵਿਨਾ ਹਸਮੁਖਭਾਈ ਪਟੇਲ (ਪੈਰਾ ਟੇਬਲ ਟੈਨਿਸ ਸੋਨ)
  • ਰੋਹਿਤ ਟੋਕਾਸ (ਬਾਕਸਿੰਗ ਕਾਂਸੀ)

ਜਿਹੜੇ ਤਮਗੇ ਪੱਕੇ ਹੋਏ ਉਨ੍ਹਾਂ ਵਿਚ ਪੀਵੀ ਸਿੰਧੂ ਬੈਡਮਿੰਟਨ ਦੇ ਫਾਇਨਲ ਵਿਚ ਪਹੁੰਚ ਗਈ ਹੈ।

ਕ੍ਰਿਕਟ ਵਿਚ ਭਾਰਤੀ ਕੁੜੀਆਂ ਨੇ ਮੇਜ਼ਬਾਨ ਇੰਗਲੈਂਡ ਨੂੰ ਹਰਾ ਕੇ ਫਾਇਨਲ ਵਿਚ ਦਾਖਲਾ ਪਾ ਲਿਆ ਹੈ।

ਟੇਬਲ ਟੈਨਿਸ ਵਿਚ ਭਾਰਤੀ ਸਟਾਰ ਖਿਡਾਰੀ ਅਚੰਤਾ ਸਾਰਥ ਕਮਲ ਲਈ ਡਬਲ ਮੁਕਾਬਲਿਆਂ ਦੇ ਫਾਇਨਲ ਵਿਚ ਪਹੁੰਚੇ ਹਨ। ਭਾਵੇਂ ਕਿ ਮਨਿਕਾ ਬਤਰਾ ਕੁਆਟਰ ਫਾਇਨਲ ਵਿਚ ਹਾਰ ਗਈ ਹੈ।

ਵਿਨੇਸ਼ ਫੋਗਾਟ ਨੇ ਰਚਿਆ ਇਤਿਹਾਸ

ਭਾਰਤੀ ਪਹਿਲਵਾਨ ਵਿਨੇਸ਼ ਫੋਗਾਟ ਨੇ ਰਾਸ਼ਟਰਮੰਡਲ ਖੇਡਾਂ 'ਚ ਸੋਨ ਤਮਗਾ ਜਿੱਤ ਕੇ ਇਤਿਹਾਸ ਰਚ ਦਿੱਤਾ ਹੈ।

ਫੋਗਾਟ ਭਾਰਤ ਦੀ ਪਹਿਲੀ ਮਹਿਲਾ ਪਹਿਲਵਾਨ ਹੈ, ਜਿਸ ਨੇ ਰਾਸ਼ਟਰਮੰਡਲ ਅਤੇ ਏਸ਼ਿਆਈ ਖੇਡਾਂ ਵਿੱਚ ਸੋਨ ਤਮਗੇ ਜਿੱਤੇ ਹਨ।ਉਹ ਲਗਾਤਾਰ ਤਿੰਨ ਰਾਸ਼ਟਰਮੰਡਲ ਖੇਡਾਂ ਵਿੱਚ ਸੋਨ ਤਮਗਾ ਜਿੱਤਣ ਵਾਲੀ ਪਹਿਲੀ ਮਹਿਲਾ ਪਹਿਲਵਾਨ ਵੀ ਬਣ ਗਏ ਹਨ।ਰਾਸ਼ਟਰਮੰਡਲ ਖੇਡਾਂ ਵਿੱਚ ਇਹ ਉਨ੍ਹਾਂ ਦਾ ਤੀਜਾ ਸੋਨ ਤਮਗਾ ਹੈ।ਵਿਨੇਸ਼ ਫੋਗਾਟ ਦੇ ਸੋਨ ਤਮਗੇ ਨਾਲ ਭਾਰਤ ਦੇ ਕੋਲ ਕੁੱਲ 12 ਸੋਨ ਤਮਗੇ ਹੋ ਗਏ ਹਨ।ਉਸ ਤੋਂ ਕੁਝ ਸਮਾਂ ਪਹਿਲਾਂ ਪਹਿਲਵਾਨ ਰਵੀ ਦਹੀਆ ਨੇ ਨਾਈਜੀਰੀਆ ਦੇ ਪਹਿਲਵਾਨ ਨੂੰ ਹਰਾ ਕੇ ਕੁਸ਼ਤੀ ਵਿੱਚ ਸੋਨ ਤਮਗਾਮ ਜਿੱਤਿਆ ਸੀ।ਰਵੀ ਦਹੀਆ ਤਿੰਨ ਵਾਰ ਏਸ਼ੀਅਨ ਚੈਂਪੀਅਨਸ਼ਿਪ ਜਿੱਤ ਚੁੱਕੇ ਹਨ। ਉਨ੍ਹਾਂ ਨੇ ਟੋਕੀਓ ਓਲੰਪਿਕ ਵਿੱਚ ਭਾਰਤ ਲਈ ਚਾਂਦੀ ਦਾ ਤਮਗਾ ਜਿੱਤਿਆ ਸੀ।ਉਨ੍ਹਾਂ ਨੇ ਤਕਨੀਕੀ ਉੱਤਮਤਾ ਦੇ ਆਧਾਰ 'ਤੇ ਆਪਣੇ ਵਿਰੋਧੀ ਪਹਿਲਵਾਨ ਨੂੰ 10-0 ਨਾਲ ਹਰਾ ਕੇ ਸੋਨ ਤਮਗਾ ਜਿੱਤਿਆ।

ਭਾਰਤ ਦੇ ਨਵੀਨ ਨੇ ਵੀ ਕੁਸ਼ਤੀ ਵਿੱਚ ਪਾਕਿਸਤਾਨ ਦੇ ਖਿਡਾਰੀ ਮੁਹੰਮਦ ਤਾਹਿਰ ਸ਼ਰੀਫ ਨੂੰ ਹਰਾ ਕੇ ਗੋਲਡ ਮੈਡਲ ਜਿੱਤਿਆ ਹੈ।

ਕ੍ਰਿਕਟ ਵਿੱਚ ਫਾਇਨਲ ’ਚ ਪਹੁੰਚੀ ਭਾਰਤੀ ਟੀਮ

ਬਰਮਿੰਘਮ ਵਿੱਚ ਖੇਡੀਆਂ ਜਾ ਰਹੀਆਂ ਰਾਸ਼ਟਰਮੰਡਲ ਖੇਡਾਂ ਵਿੱਚ ਭਾਰਤੀ ਮਹਿਲਾ ਕ੍ਰਿਕਟ ਟੀਮ ਇੰਗਲੈਂਡ ਨੂੰ ਹਰਾ ਕੇ ਫਾਈਨਲ 'ਚ ਪਹੁੰਚ ਗਈ ਹੈ। ਇਸ ਦੇ ਨਾਲ ਹੀ ਭਾਰਤ ਦਾ ਇੱਕ ਮੈਡਲ ਪੱਕਾ ਹੋ ਗਿਆ ਹੈ।

ਸ਼ਨੀਵਾਰ ਨੂੰ ਖੇਡੇ ਗਏ ਸੈਮੀਫਾਈਨਲ ਮੈਚ 'ਚ ਭਾਰਤ ਨੇ ਇੰਗਲੈਂਡ ਨੂੰ ਚਾਰ ਦੌੜਾਂ ਨਾਲ ਹਰਾਇਆ।

ਫਾਈਨਲ ਵਿੱਚ ਪਹੁੰਚਣ ਦੇ ਨਾਲ ਹੀ ਭਾਰਤ ਦਾ ਚਾਂਦੀ ਦਾ ਤਗ਼ਮਾ ਪੱਕਾ ਹੋ ਗਿਆ ਹੈ।

ਫਾਈਨਲ 'ਚ ਭਾਰਤ ਦਾ ਮੁਕਾਬਲਾ ਆਸਟਰੇਲੀਆ ਅਤੇ ਨਿਊਜ਼ੀਲੈਂਡ ਦੇ ਮੈਚ ਵਿੱਚੋਂ ਜਿੱਤਣ ਵਾਲੀ ਟੀਮ ਨਾਲ ਹੋਵੇਗਾ।

ਸ਼ਨੀਵਾਰ ਨੂੰ ਬਰਮਿੰਘਮ 'ਚ ਖੇਡੇ ਗਏ ਮੈਚ 'ਚ ਭਾਰਤ ਨੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਇੰਗਲੈਂਡ ਨੂੰ 165 ਦੌੜਾਂ ਦਾ ਟੀਚਾ ਦਿੱਤਾ ਸੀ।

ਪਰ ਇੰਗਲੈਂਡ ਦੀ ਟੀਮ 20 ਓਵਰਾਂ ਵਿੱਚ 160 ਦੌੜਾਂ ਬਣਾ ਕੇ ਆਊਟ ਹੋ ਗਈ। ਭਾਰਤ ਲਈ ਸਨੇਹ ਰਾਣਾ ਨੇ ਦੋ ਵਿਕਟਾਂ ਲਈਆਂ।

ਭਾਰਤ ਨੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ 20 ਓਵਰਾਂ ਦੇ ਇਸ ਮੈਚ 'ਚ ਪੰਜ ਵਿਕਟਾਂ 'ਤੇ 164 ਦੌੜਾਂ ਬਣਾਈਆਂ ਸਨ।

ਸਲਾਮੀ ਬੱਲੇਬਾਜ਼ ਸਮ੍ਰਿਤੀ ਮੰਧਾਨਾ ਨੇ 32 ਗੇਂਦਾਂ 'ਤੇ 61 ਦੌੜਾਂ ਦੀ ਧਮਾਕੇਦਾਰ ਪਾਰੀ ਖੇਡੀ। ਉਸ ਨੇ ਅੱਠ ਚੌਕੇ ਤੇ ਤਿੰਨ ਛੱਕੇ ਲਾਏ।

ਜੇਮਿਮਾ ਰੌਡਰਿਗਜ਼ ਨੇ ਵੀ 31 ਗੇਂਦਾਂ 'ਤੇ 44 ਦੌੜਾਂ ਦੀ ਸ਼ਾਨਦਾਰ ਪਾਰੀ ਖੇਡੀ। ਇੰਗਲੈਂਡ ਲਈ ਗੇਂਦਬਾਜ਼ ਫ੍ਰੇਯਾ ਕੈਂਪ ਚੰਗੀ ਫਾਰਮ 'ਚ ਦਿਖਾਈ ਦਿੱਤੀ ਅਤੇ ਭਾਰਤ ਦੀਆਂ ਦੋ ਵਿਕਟਾਂ ਲਈਆਂ।

ਮੁੱਕੇਬਾਜ਼ ਨਿਖਤ ਜ਼ਰੀਨ ਇੰਗਲੈਂਡ ਦੀ ਮੁੱਕੇਬਾਜ਼ ਨੂੰ ਹਰਾ ਕੇ ਫਾਈਨਲ ਵਿੱਚ ਪਹੁੰਚੇ

ਭਾਰਤੀ ਮੁੱਕੇਬਾਜ਼ ਨਿਖਤ ਜ਼ਰੀਨ ਰਾਸ਼ਟਰਮੰਡਲ ਖੇਡਾਂ ਵਿੱਚ ਮਹਿਲਾ ਲਾਈਟ ਫਲਾਈਵੇਟ ਮੁੱਕੇਬਾਜ਼ੀ ਵਿੱਚ ਇੰਗਲੈਂਡ ਦੀ ਸਵਾਨਾ ਅਲਫੀਆ ਸਟੈਬਲੀ ਨੂੰ ਹਰਾ ਕੇ ਫਾਈਨਲ ਵਿੱਚ ਦਾਖਲ ਹੋਏ ਹਨ।

ਇਸ ਤਰ੍ਹਾਂ ਇਸ ਮੁੱਕੇਬਾਜ਼ੀ ਵਰਗ ਵਿੱਚ ਭਾਰਤ ਦਾ ਇੱਕ ਚਾਂਦੀ ਦਾ ਤਮਗਾ ਪੱਕਾ ਹੋ ਗਿਆ।

ਨਿਖਤ ਲਾਈਟ ਫਲਾਈਵੇਟ ਵਰਗ ਵਿੱਚ ਵਿਸ਼ਵ ਚੈਂਪੀਅਨ ਹਨ।

ਇਹ ਵੀ ਪੜ੍ਹੋ:

ਭਾਰਤੀ ਪੁਰਸ਼ ਟੀਮ ਨੇ ਲਾਅਨ ਬਾਲ 'ਫੋਰ' 'ਚ ਜਿੱਤਿਆ ਚਾਂਦੀ ਦਾ ਤਮਗਾ

ਭਾਰਤੀ ਪੁਰਸ਼ ਟੀਮ ਨੇ ਲਾਅਨ ਬਾਲ 'ਫੋਰ' ਮੁਕਾਬਲੇ ਵਿੱਚ ਚਾਂਦੀ ਦਾ ਤਮਗਾ ਜਿੱਤਿਆ।

ਰਾਸ਼ਟਰਮੰਡਲ ਖੇਡਾਂ ਦੇ ਇਸ ਮੈਡਲ ਮੈਚ ਵਿੱਚ ਭਾਰਤੀ ਟੀਮ ਨੇ ਉੱਤਰੀ ਆਇਰਲੈਂਡ ਨੂੰ ਹਰਾਇਆ।

ਇਸ ਤੋਂ ਪਹਿਲਾਂ ਭਾਰਤੀ ਮਹਿਲਾ ਟੀਮ ਨੇ ਫਾਈਨਲ 'ਚ ਦੱਖਣੀ ਅਫਰੀਕਾ ਨੂੰ ਹਰਾ ਕੇ ਸੋਨ ਤਮਗਾ ਜਿੱਤਿਆ ਸੀ।

ਤਮਗਿਆਂ ਦੀ ਸੂਚੀ ਵਿਚ ਕਿਹੜਾ ਮੁਲਕ ਕਿੱਥੇ ਪਹੁੰਚਿਆ

ਰਵੀ ਦਹੀਆ ਪਾਕਿਸਤਾਨੀ ਭਲਵਾਨ ਨੂੰ ਹਰਾ ਕੇ ਫ੍ਰੀ ਸਟਾਈਲ ਕੁਸ਼ਤੀ ਦੇ ਫਾਈਨਲ 'ਚ ਪਹੁੰਚੇ

ਭਾਰਤ ਦੇ ਰਵੀ ਦਹੀਆ ਰਾਸ਼ਟਰਮੰਡਲ ਖੇਡਾਂ ਵਿੱਚ 57 ਕਿਲੋਗ੍ਰਾਮ ਫਰੀਸਟਾਈਲ ਕੁਸ਼ਤੀ ਦੇ ਫਾਈਨਲ ਵਿੱਚ ਪਹੁੰਚ ਗਏ ਹਨ।

ਰਵੀ ਦਹੀਆ ਨੇ ਸੈਮੀਫਾਈਨਲ ਮੈਚ 'ਚ ਪਾਕਿਸਤਾਨ ਦੇ ਅਲੀ ਅਸਦ ਨੂੰ 14-04 ਨਾਲ ਹਰਾ ਕੇ ਭਾਰਤ ਲਈ ਚਾਂਦੀ ਦਾ ਤਗਮਾ ਪੱਕਾ ਕੀਤਾ।

ਅਵਿਨਾਸ਼ ਨੇ ਸਟੀਪਲਚੇਜ਼ ਵਿੱਚ ਚਾਂਦੀ ਦਾ ਤਮਗਾ ਜਿੱਤਿਆ

ਭਾਰਤ ਦੇ ਅਵਿਨਾਸ਼ ਮੁਕੁੰਦ ਸਾਬਲ ਨੇ ਰਾਸ਼ਟਰਮੰਡਲ ਖੇਡਾਂ ਵਿੱਚ 3000 ਮੀਟਰ ਸਟੀਪਲਚੇਜ਼ ਈਵੈਂਟ ਵਿੱਚ ਚਾਂਦੀ ਦਾ ਤਮਗਾ ਜਿੱਤਿਆ ਹੈ।

ਇਹ ਉਨ੍ਹਾਂ ਦਾ ਹੁਣ ਤੱਕ ਦਾ ਸਭ ਤੋਂ ਵਧੀਆ ਪ੍ਰਦਰਸ਼ਨ ਹੈ। ਇਸ ਦੇ ਨਾਲ ਉਨ੍ਹਾਂ ਨੇ ਕੌਮੀ ਰਿਕਾਰਡ ਬਣਾਇਆ ਹੈ।

ਅਵਿਨਾਸ਼ ਨੇ 8 ਮਿੰਟ 11.20 ਸਕਿੰਟ ਦਾ ਸਮਾਂ ਲੈ ਕੇ ਚਾਂਦੀ ਦਾ ਤਮਗਾ ਆਪਣੇ ਨਾਮ ਕੀਤਾ।

ਇਸ ਰਾਸ਼ਟਰਮੰਡਲ ਖੇਡਾਂ ਦੇ ਟਰੈਕ ਐਂਡ ਫੀਲਡ ਵਿੱਚ ਭਾਰਤ ਦਾ ਇਹ ਚੌਥਾ ਤਮਗਾ ਹੈ।

ਪ੍ਰਿਅੰਕਾ ਗੋਸਵਾਮੀ ਨੇ ਰੇਸ ਵਾਕਿੰਗ ਵਿੱਚ ਚਾਂਦੀ ਦਾ ਤਮਗਾ ਜਿੱਤਿਆ

ਪ੍ਰਿਅੰਕਾ ਗੋਸਵਾਮੀ ਨੇ ਰਾਸ਼ਟਰਮੰਡਲ ਖੇਡਾਂ 'ਚ ਔਰਤਾਂ ਦੀ 10 ਕਿਲੋਮੀਟਰ ਦੌੜ ਵਿੱਚ ਚਾਂਦੀ ਦਾ ਤਮਗਾ ਜਿੱਤਿਆ ਹੈ।

ਪ੍ਰਿਅੰਕਾ ਦੀ ਇਸ ਪ੍ਰਾਪਤੀ ਤੋਂ ਬਾਅਦ ਭਾਰਤ ਦੇ ਅਥਲੈਟਿਕ ਵਿੱਚ ਮੈਡਲਾਂ ਦੀ ਸੰਖਿਆ ਤਿੰਨ ਅਤੇ ਕੁੱਲ ਮੈਡਲ 26 ਹੋ ਗਏ ਹਨ।

ਪ੍ਰਿਅੰਕਾ ਨੇ 2020 ਓਲੰਪਿਕ ਵਿੱਚ ਵੀ ਇਸ ਮੁਕਾਬਲੇ ਵਿੱਚ ਦੇਸ਼ ਦੀ ਨੁਮਾਇੰਦਗੀ ਕੀਤੀ ਸੀ।

ਇਸ ਦੌਰਾਨ ਰਾਸ਼ਟਰਮੰਡਲ ਖੇਡਾਂ 'ਚ ਭਾਰਤੀ ਮਹਿਲਾ ਕ੍ਰਿਕਟ ਟੀਮ ਅਤੇ ਇੰਗਲੈਂਡ ਵਿਚਾਲੇ ਸੈਮੀਫਾਈਨਲ ਮੈਚ ਖੇਡਿਆ ਜਾ ਰਿਹਾ ਹੈ। ਭਾਰਤ ਨੇ ਸ਼ੁਰੂਆਤ 'ਚ ਦੋ ਵਿਕਟਾਂ ਗੁਆ ਦਿੱਤੀਆਂ ਹਨ।

ਇਹ ਵੀ ਪੜ੍ਹੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)