ਚੰਡੀਗੜ੍ਹ ਵਿੱਚ ਫੈਲ ਰਹੀ ਹੈਂਡ, ਫੁੱਟ ਐਂਡ ਮਾਊਥ ਬਿਮਾਰੀ ਕੀ ਹੈ, ਜਿਸ ਕਰਕੇ ਸਕੂਲ ਬੰਦ ਕਰਨੇ ਪੈ ਰਹੇ

ਤਸਵੀਰ ਸਰੋਤ, Getty Images
- ਲੇਖਕ, ਅਰਵਿੰਦ ਛਾਬੜਾ
- ਰੋਲ, ਬੀਬੀਸੀ ਪੱਤਰਕਾਰ
ਹੱਥ, ਪੈਰ ਅਤੇ ਮੂੰਹ ਦੀ ਬਿਮਾਰੀ (ਹੈਂਡ ਫੁੱਟ ਐਂਡ ਮਾਊਥ ਡਿਜ਼ੀਜ਼) ਚੰਡੀਗੜ੍ਹ ਅਤੇ ਇਸ ਦੇ ਨੇੜਲੇ ਸ਼ਹਿਰਾਂ, ਪੰਚਕੂਲਾ ਅਤੇ ਮੁਹਾਲੀ, ਵਿੱਚ ਤੇਜ਼ੀ ਨਾਲ ਫੈਲ ਰਹੀ ਹੈ।
ਇੱਕ ਹਫ਼ਤੇ ਵਿੱਚ 24 ਕੇਸਾਂ ਦੀ ਪੁਸ਼ਟੀ ਹੋਈ ਹੈ।
ਤਿੰਨਾਂ ਸ਼ਹਿਰਾਂ ਦੇ ਕਈ ਸਕੂਲਾਂ ਨੇ ਆਨਲਾਈਨ ਪ੍ਰਬੰਧ ਕਰਨ ਦਾ ਰੁਖ ਕੀਤਾ ਹੈ ਜਾਂ ਅਸਥਾਈ ਤੌਰ 'ਤੇ ਸਕੂਲ ਬੰਦ ਕਰਨ ਦਾ ਫ਼ੈਸਲਾ ਕੀਤਾ ਹੈ।
ਅੰਕੜਿਆਂ ਮੁਤਾਬਕ ਪੰਚਕੂਲਾ ਵਿੱਚ ਇੱਕ ਹਫ਼ਤੇ ਦੇ ਅੰਦਰ ਘੱਟੋ-ਘੱਟ 15 ਐੱਚਐੱਫਐਮਡੀ ਕੇਸਾਂ ਦੀ ਪੁਸ਼ਟੀ ਕੀਤੀ ਗਈ ਹੈ, ਅੱਠ ਕੇਸ ਮੁਹਾਲੀ ਵਿੱਚ ਅਤੇ ਇੱਕ ਚੰਡੀਗੜ੍ਹ ਵਿੱਚ ਮਿਲਿਆ ਹੈ।
ਬਿਮਾਰੀ ਦੇ ਲੱਛਣ ਅਤੇ ਪੁਸ਼ਟੀ
ਇਹ ਬਿਮਾਰੀ ਆਮ ਤੌਰ 'ਤੇ ਹਲਕੀ ਹੁੰਦੀ ਹੈ ਅਤੇ ਇੱਕ ਹਫ਼ਤੇ ਵਿੱਚ ਖ਼ਤਮ ਹੋ ਜਾਂਦੀ ਹੈ।
ਸ਼ੁਰੂਆਤੀ ਲੱਛਣਾਂ ਵਿੱਚ ਬੁਖ਼ਾਰ, ਭੁੱਖ ਦਾ ਘਟਣਾ ਅਤੇ ਗਲੇ ਵਿੱਚ ਖ਼ਰਾਸ਼ ਸ਼ਾਮਲ ਹਨ। ਇੱਕ ਜਾਂ ਦੋ ਦਿਨ ਵਿੱਚ ਮੂੰਹ, ਹੱਥਾਂ ਅਤੇ ਪੈਰਾਂ ਦੀਆਂ ਤਲੀਆਂ ਉੱਤੇ ਦਰਦਨਾਕ ਜ਼ਖਮ ਪੈਦਾ ਹੋ ਜਾਂਦੇ ਹਨ।
ਗੋਡਿਆਂ, ਕੂਹਣੀਆਂ, ਲੱਤਾਂ ਜਾਂ ਜਣਨ ਖੇਤਰ 'ਤੇ ਵੀ ਧੱਫੜ ਦਿਖਾਈ ਦੇ ਸਕਦੇ ਹਨ।

ਤਸਵੀਰ ਸਰੋਤ, Getty Images
ਗਲੇ ਜਾਂ ਸਟੂਲ ਟੈਸਟ ਤੋਂ ਨਮੂਨਿਆਂ ਦੀ ਜਾਂਚ ਰਾਹੀਂ ਬਿਮਾਰੀ ਦੀ ਪੁਸ਼ਟੀ ਹੁੰਦੀ ਹੈ।
ਡਾਕਟਰ ਕਹਿੰਦੇ ਹਨ ਕਿ ਲਾਗ 'ਤੇ ਕਾਬੂ ਪਾਉਣ ਲਈ ਪੀੜਤ ਮਰੀਜ਼ਾਂ ਨੂੰ ਅਲੱਗ ਕੀਤਾ ਜਾਣਾ ਚਾਹੀਦਾ ਹੈ। ਮਰੀਜ਼ ਨਾਲ ਨਜ਼ਦੀਕੀ ਸੰਪਰਕ ਅਤੇ ਉਨ੍ਹਾਂ ਦੇ ਸਮਾਨ ਨੂੰ ਸਾਂਝਾ ਕਰਨ ਤੋਂ ਬਚਣਾ ਚਾਹੀਦਾ ਹੈ।
ਇਨ੍ਹੀਂ ਦਿਨੀਂ ਇੱਕ ਹੋਰ ਫੈਲ ਰਹੀ ਬਿਮਾਰੀ ਮੰਕੀਪੌਕਸ ਬਾਰੇ ਵੀ ਜਾਣੋ
ਇਹ ਵੀ ਪੜ੍ਹੋ:
ਮਾਹਰਾਂ ਦਾ ਕੀ ਕਹਿਣਾ ਹੈ?
ਡਾਕਟਰਾਂ ਦਾ ਕਹਿਣਾ ਹੈ ਕਿ ਐੱਚਐੱਫਐਮਡੀ ਇੱਕ ਲਾਗ ਵਾਲੀ ਬਿਮਾਰੀ ਹੈ।
ਮੁਹਾਲੀ ਦੇ ਸਿਵਲ ਹਸਪਤਾਲ ਵਿੱਚ ਬੱਚਿਆਂ ਦੇ ਮਾਹਰ ਡਾਕਟਰ ਤੇਜਵੀਰ ਸਿੰਘ ਨੇ ਬੀਬੀਸੀ ਪੰਜਾਬੀ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਐੱਚਐੱਫਐਮਡੀ ਵਾਇਰਸ ਕਾਰਨ ਹੁੰਦਾ ਹੈ। ਇਹ ਮੁੱਖ ਤੌਰ 'ਤੇ ਪੰਜ ਸਾਲ ਤੋਂ ਘੱਟ ਉਮਰ ਦੇ ਬੱਚਿਆਂ ਨੂੰ ਪ੍ਰਭਾਵਿਤ ਕਰਦਾ ਹੈ।
ਉਨ੍ਹਾਂ ਕਿਹਾ ਕਿ ਕੁੱਝ ਵੱਡੀ ਉਮਰ ਦੇ ਬੱਚੇ ਵੀ ਇਸ ਨਾਲ ਪ੍ਰਭਾਵਿਤ ਹੋ ਸਕਦੇ ਹਨ।
ਡਾਕਟਰ ਤੇਜਵੀਰ ਸਿੰਘ ਨੇ ਕਿਹਾ ਕਿ ਬਿਮਾਰੀ ਦੇ ਹੋਣ ਦਾ ਕੋਈ ਖ਼ਾਸ ਕਾਰਨ ਨਹੀਂ ਹੈ। ਡਾਕਟਰ ਮਰੀਜ਼ ਨੂੰ ਬੁਖ਼ਾਰ, ਖੰਘ ਅਤੇ ਦਾਣੇ ਆਦਿ ਦੇ ਲੱਛਣਾਂ ਲਈ ਦਵਾਈਆਂ ਲਿਖਦੇ ਹਨ।
ਉਨ੍ਹਾਂ ਕਿਹਾ ਕਿ ਹਦਾਇਤਾਂ ਅਨੁਸਾਰ ਉਹ ਕਿਸੇ ਵੀ ਮਰੀਜ਼ ਨੂੰ ਦਾਣਿਆਂ ਅਤੇ ਹੋਰ ਲੱਛਣ ਮਿਲਣ 'ਤੇ ਵੇਰਵੇ ਲੈਂਦੇ ਹਨ। ਫਿਰ ਇਹ ਵੇਰਵੇ ਅਧਿਕਾਰੀਆਂ ਨੂੰ ਭੇਜੇ ਜਾਂਦੇ ਹਨ ਤਾਂ ਜੋ ਉਹ ਸਥਿਤੀ ਦੀ ਨੇੜਿਉਂ ਨਿਗਰਾਨੀ ਕਰ ਸਕਣ।
ਡਾਕਟਰ ਤੇਜਵੀਰ ਨੇ ਦੱਸਿਆ ਕਿ ਸ਼ੁੱਕਰਵਾਰ ਨੂੰ ਉਨ੍ਹਾਂ 11 ਵਜੇ ਤੱਕ ਤਿੰਨ ਸ਼ੱਕੀ ਮਾਮਲਿਆਂ ਦਾ ਵੇਰਵਾ ਭੇਜ ਚੁੱਕੇ ਹਨ।
ਨਿੱਜੀ ਸਕੂਲਾਂ ਵੱਲੋਂ ਆਨਲਾਈਨ ਕਲਾਸਾਂ ਦਾ ਫ਼ੈਸਲਾ
ਚੰਡੀਗੜ੍ਹ, ਪੰਚਕੂਲਾ ਅਤੇ ਮੁਹਾਲੀ ਦੇ ਵੱਖ-ਵੱਖ ਸਕੂਲਾਂ ਨੇ ਇਨਫੈਕਸ਼ਨ ਫੈਲਣ ਨੂੰ ਕੰਟਰੋਲ ਕਰਨ ਲਈ ਥੋੜ੍ਹੇ ਸਮੇਂ ਲਈ ਆਨਲਾਈਨ ਕਲਾਸਾਂ 'ਤੇ ਜਾਣ ਦਾ ਫ਼ੈਸਲਾ ਕੀਤਾ ਹੈ। ਕਈ ਸਕੂਲਾਂ ਨੂੰ ਕੁਝ ਦਿਨਾਂ ਲਈ ਬੰਦ ਕਰਨ ਦਾ ਵੀ ਫ਼ੈਸਲਾ ਕੀਤਾ ਗਿਆ ਹੈ।
ਇਹ ਸਾਰੇ ਹੀ ਨਿੱਜੀ ਸਕੂਲ ਹਨ।

ਤਸਵੀਰ ਸਰੋਤ, Getty Images
ਡਾ: ਤੇਜਵੀਰ ਨੇ ਕਿਹਾ ਕਿ ਇਸ ਕਦਮ ਨਾਲ ਮਦਦ ਮਿਲੇਗੀ ਕਿਉਂਕਿ ਮਰੀਜ਼ ਆਮ ਤੌਰ 'ਤੇ ਛੋਟੇ ਬੱਚੇ ਹੁੰਦੇ ਹਨ ਅਤੇ ਜੇਕਰ ਉਹ ਪੀੜਤ ਵਿਅਕਤੀ ਦੇ ਸੰਪਰਕ ਵਿੱਚ ਆਉਂਦੇ ਹਨ ਤਾਂ ਆਸਾਨੀ ਨਾਲ ਪ੍ਰਭਾਵਿਤ ਹੋ ਸਕਦੇ ਹਨ।
ਮਾਹਰਾਂ ਦਾ ਕਹਿਣਾ ਹੈ ਕਿ ਹਾਲਾਂਕਿ ਸਥਿਤੀ ਤੋਂ ਘਬਰਾਉਣ ਦੀ ਕੋਈ ਲੋੜ ਨਹੀਂ ਹੈ।
ਉਨ੍ਹਾਂ ਦਾ ਮੰਨਣਾ ਹੈ ਕਿ ਸਕੂਲਾਂ ਨੇ ਇਹ ਕਦਮ ਇਸ ਲਈ ਚੁੱਕੇ ਹਨ ਕਿਉਂਕਿ ਸਕੂਲਾਂ ਨੇ ਕੋਵਿਡ ਦੇ ਸਮੇਂ ਵਿੱਚ ਆਈਸੋਲੇਸ਼ਨ ਅਤੇ ਆਨਲਾਈਨ ਮੋਡ ਵਰਗੇ ਕੁਝ ਸਬਕ ਸਿੱਖੇ ਹਨ। ਇਸ ਲਈ ਉਹ ਇਨ੍ਹਾਂ ਬਦਲਾਂ ਦਾ ਸਹਾਰਾ ਲੈ ਰਹੇ ਹਨ ਜੋ ਕਿ ਇੱਕ ਚੰਗੀ ਗੱਲ ਹੈ।
ਡਾ. ਤੇਜਵੀਰ ਨੇ ਕਿਹਾ ਕਿ ਆਮ ਤੌਰ 'ਤੇ ਇਹ ਬਿਮਾਰੀ ਕੁਝ ਦਿਨਾਂ 'ਚ ਚਲੀ ਜਾਂਦੀ ਹੈ ਪਰ ਪੇਚੀਦਗੀਆਂ ਦੀ ਸਥਿਤੀ 'ਚ ਇਹ ਘਾਤਕ ਹੋ ਸਕਦੀ ਹੈ।
ਇਸ ਦੌਰਾਨ ਚੰਡੀਗੜ੍ਹ ਸਿੱਖਿਆ ਵਿਭਾਗ ਨੇ ਸਕੂਲਾਂ ਤੋਂ ਨਮੂਨੇ ਇਕੱਠੇ ਕਰਨ ਲਈ ਤਾਲਮੇਲ ਕਰਨ ਲਈ ਪੀਜੀਆਈਐਮਈਆਰ ਵਿਖੇ ਇੱਕ ਨੋਡਲ ਵਿਅਕਤੀ ਨਿਯੁਕਤ ਕੀਤਾ ਹੈ।
ਵਿਭਾਗ ਦੀ ਇੱਕ ਸਲਾਹ ਵਿੱਚ ਕਿਹਾ ਗਿਆ ਹੈ ਕਿ ਨਮੂਨਾ ਸਕੂਲ ਹੈਲਥ ਟੀਮ ਵੱਲੋਂ ਲਿਆ ਜਾਣਾ ਚਾਹੀਦਾ ਹੈ ਅਤੇ ਨੋਡਲ ਵਿਅਕਤੀ ਦੁਆਰਾ ਪੀਜੀਆਈਐਮਈਆਰ ਵਿੱਚ ਭੇਜਿਆ ਜਾਣਾ ਚਾਹੀਦਾ ਹੈ।
ਇਹ ਵੀ ਪੜ੍ਹੋ:
ਇਹ ਵੀ ਦੇਖੋ:
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post













