ਸਿਹਤ ਐਮਰਜੈਂਸੀ: ਕੀ ਹੈ ਸਮੋਗ ਦੀ ਸਮੱਸਿਆ ਤੇ ਇਸਦਾ ਹੱਲ

ਤਸਵੀਰ ਸਰੋਤ, AFP
ਦੇਸ਼ ਦੀ ਰਾਜਧਾਨੀ ਦਿੱਲੀ ਦੇ ਵਿੱਚ ਜਨ ਸਹਿਤ ਐਮਰਜੈਂਸੀ ਦਾ ਐਲਾਨ ਕੀਤਾ ਗਿਆ ਹੈ। ਕੁਝ ਜ਼ਿਲ੍ਹਿਆਂ ਵਿੱਚ ਹਵਾ ਪ੍ਰਦੂਸ਼ਣ ਲਗਭਗ 200 ਗੁਣਾ ਵੱਧ ਗਿਆ ਹੈ।
ਸਮੋਗ ਕਾਰਨ ਕੌਮੀ ਰਾਜਧਾਨੀ 'ਗੈਸ ਚੈਂਬਰ' 'ਚ ਤਬਦੀਲ ਗਈ ਹੈ ਅਤੇ ਸਿਹਤ ਸੁਰੱਖਿਆ ਦੇ ਮੱਦੇਨਜ਼ਰ ਆਈਐੱਮਏ (ਇੰਡੀਅਨ ਮੈਡੀਕਲ ਐਸੋਸਾਏਸ਼ਨ) ਨੇ ਜਨ ਸਿਹਤ ਐਮਰਜੈਂਸੀ ਦਾ ਐਲਾਨ ਕਰ ਦਿੱਤਾ ਹੈ।
ਇਸ ਦੇ ਨਾਲ ਹੀ ਸਿਹਤ ਸੁਰੱਖਿਆ ਦੇ ਮੱਦੇਨਜ਼ਰ ਦਿੱਲੀ ਦੇ ਉੱਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਨੇ ਕੱਲ੍ਹ (ਬੁੱਧਵਾਰ) ਨੂੰ ਪ੍ਰਾਇਮਰੀ ਸਕੂਲ ਬੰਦ ਰੱਖਣ ਦੇ ਨਿਰਦੇਸ਼ ਦਿੱਤੇ ਹਨ।
ਦਿੱਲੀ ਸਣੇ ਪੂਰੇ ਉੱਤਰ ਭਾਰਤ ਵਿੱਚ ਸਮੋਗ ਦਾ ਕਹਿਰ ਛਾਇਆ ਹੋਇਆ ਹੈ। ਦਿੱਲੀ ਤੋਂ ਲਾਹੌਰ ਤੱਕ ਹਵਾ 'ਚ ਜ਼ਹਿਰੀਲੀਆਂ ਗੈਸਾਂ ਖ਼ਤਰਨਾਕ ਪੱਧਰ 'ਤੇ ਪਹੁੰਚ ਚੁੱਕੀ ਹੈ।
ਦਿੱਲੀ ਵਿੱਚ ਮੈਡੀਕਲ ਅਫ਼ਸਰਾਂ ਨੇ ਸਕੂਲ ਬੰਦ ਕਰਨ ਦੀ ਅਪੀਲ ਕੀਤੀ ਹੈ। ਸੀਨੀਅਰ ਡਾਕਟਰ ਮੁਤਾਬਕ ਪ੍ਰਦੂਸ਼ਣ ਦਾ ਪੱਧਰ 50 ਸਿਗਰਟਾਂ ਦੇ ਧੂੰਏ ਦੇ ਬਰਾਬਰ ਹੈ।
ਦਿੱਲੀ ਨੂੰ ਹਰ ਸਾਲ ਅਜਿਹੇ ਧੂੰਏ ਨਾਲ ਜੂਝਣਾ ਪੈਂਦਾ ਹੈ ਜੋ ਕਿ ਵਾਹਨਾਂ ਦੇ ਪ੍ਰਦੂਸ਼ਣ ਅਤੇ ਫ਼ਸਲਾਂ ਨੂੰ ਅੱਗ ਲਾਉਣ ਨਾਲ ਫ਼ੈਲਦਾ ਹੈ।
ਅਮਰੀਕੀ ਐਂਬੇਸੀ ਮੁਤਾਬਕ ਫਾਈਨ ਪ੍ਰਦੂਸ਼ਕ ਜਿਸ ਨੂੰ PM 2.5 ਵਜੋਂ ਜਾਣਿਆ ਜਾਂਦਾ ਹੈ, ਜੋ ਕਿ ਸਿਹਤ ਲਈ ਖਤਰਨਾਕ ਹੁੰਦਾ ਹੈ 703 ਦੇ ਪੱਧਰ ਤੇ ਪਹੁੰਚ ਚੁੱਕਾ ਹੈ ਜੋ ਕਿ 300 (ਇਹ ਪੱਧਰ ਅਧਿਕਾਰੀ ਖਤਰਨਾਕ ਮੰਨਦੇ ਹਨ) ਤੋਂ ਵੀ ਪਾਰ ਹੋ ਚੁੱਕਾ ਹੈ।
ਸਮੋਗ ਕੀ ਹੈ?
'ਸਮੋਗ' (ਧੂੰਆ) ਤੇ 'ਫੋਗ' (ਧੁੰਧ) ਦੋ ਸ਼ਬਦਾਂ ਨੂੰ ਮਿਲਾ ਕੇ ਸਮੋਗ ਬਣਿਆ ਹੈ। ਸਮੋਗ ਇੱਕ ਪੀਲੇ ਜਾਂ ਕਾਲੇ ਰੰਗ ਦੀ ਧੁੰਦ ਹੁੰਦੀ ਹੈ ਜੋ ਕਿ ਮੁੱਖ ਤੌਰ 'ਤੇ ਵਾਤਾਵਰਨ ਵਿੱਚ ਫੈਲੇ ਪ੍ਰਦੂਸ਼ਨ ਕਰਕੇ ਹੁੰਦੀ ਹੈ। ਧੂੜ ਵਿੱਚ ਕੁਝ ਗੈਸਾਂ 'ਤੇ ਭਾਫ਼ ਦੇ ਮਿਸ਼੍ਰਨ ਨਾਲ ਸਮੋਗ ਬਣਦੀ ਹੈ।
ਪਹਿਲੀ ਵਾਰ ਸਮੋਗ ਦਾ ਇਸਤੇਮਾਲ
ਦਿਸੰਬਰ, 1952 ਵਿੱਚ ਲੰਡਨ ਵਿੱਚ ਸਭ ਤੋਂ ਖ਼ਤਰਨਾਕ ਹਵਾ ਪ੍ਰਦੂਸ਼ਨ ਦਰਜ ਕੀਤਾ ਗਿਆ, ਜਿਸ ਕਰਕੇ 4, 000 ਲੋਕਾਂ ਦੀ ਮੌਤ ਹੋ ਗਈ। ਇਹ ਪੰਜ ਦਿਨ ਤੱਕ ਰਹੀ।
ਦੋ ਦਿਨ ਤੱਕ ਬਿਲਕੁੱਲ ਵੀ ਦਿਖ ਨਹੀਂ ਸੀ ਰਿਹਾ ਤੇ ਸਕੂਲ ਵੀ ਬੰਦ ਕਰ ਦਿੱਤੇ ਗਏ ਸੀ। ਪਹਿਲੀ ਵਾਰੀ ਸੀ ਜਦੋਂ ਸਮੋਗ ਸ਼ਬਦ ਦਾ ਇਸਤੇਮਾਲ ਕੀਤਾ ਗਿਆ।

ਤਸਵੀਰ ਸਰੋਤ, AFP
ਸਨਅਤ ਦੇ ਵਿਕਾਸ ਦੇ ਨਾਲ ਹੀ ਪ੍ਰਦੂਸ਼ਨ ਇੱਕ ਵੱਡਾ ਮਸਲਾ ਰਿਹਾ ਹੈ। 19ਵੀਂ ਸਦੀ ਵਿੱਚ ਇਹ ਹਮੇਸ਼ਾਂ ਹੀ ਸਿਹਤ ਲਈ ਖਤਰਾ ਦੱਸਿਆ ਗਿਆ ਹੈ।
20ਵੀਂ ਸਦੀ ਵਿੱਚ ਇਹ ਪਤਾ ਚੱਲਿਆ ਕਿ ਸਮੋਗ ਦਾ ਅਸਰ ਸਿਹਤ 'ਤੇ ਪੈਂਦਾ ਹੈ। ਸਿਰਫ਼ ਲੰਡਨ ਹੀ ਨਹੀਂ ਇੰਗਲੈਂਡ ਦੇ ਕਈ ਖੇਤਰਾਂ ਵਿੱਚ ਸਮੋਗ ਦਾ ਅਸਰ ਰਿਹਾ ਹੈ।
ਸਮੋਗ ਤੋਂ ਬਚਾਅ ਕਿਵੇਂ?
ਤੁਸੀਂ ਖੁਦ ਵੀ ਥੋੜਾ ਸਾਵਧਾਨ ਰਹਿ ਕੇ ਆਪਣਾ ਬਚਾਅ ਕਰ ਸਕਦੇ ਹੋ।
-ਬਾਹਰ ਨਿਕਲਦੇ ਹੋਏ ਮਾਸਕ ਦਾ ਇਸਤੇਮਾਲ ਕਰੋ।
-ਜੇ ਸੰਭਵ ਹੋ ਸਕੇ ਤਾਂ ਬਾਹਰ ਨਿਕਲਣ ਦਾ ਸਮਾਂ ਬਦਲ ਲਓ।
-ਹੋ ਸਕੇ ਤਾਂ ਗੱਡੀ ਦੀ ਵਰਤੋਂ ਘੱਟ ਕਰੋ।
-ਜੇ ਸਾਹ ਲੈਣ ਵਿੱਚ ਤਕਲੀਫ਼ ਹੋਵੇ ਤਾਂ ਡਾਕਟਰ ਨੂੰ ਦਿਖਾਓ
-ਸ਼ਾਮ ਵੇਲੇ ਜਦੋਂ ਸਮੋਗ ਹੋਵੇ ਤਾਂ ਸੈਰ ਕਰਨ ਜਾਣ ਤੋਂ ਬਚੋ
ਸਮੋਗ ਨੇ ਲਈਆਂ ਜਾਨਾਂ
ਫਿਰੋਜ਼ਪੁਰ ਨੇੜੇ ਪਿੰਡ ਕਰੀ ਕਲਾਂ ਵਿੱਚ ਟਰੱਕ ਅਤੇ ਪੰਜਾਬ ਰੋਡਵੇਜ਼ ਦੀ ਬੱਸ ਵਿਚਾਲੇ ਟੱਕਰ ਹੋ ਗਈ।

ਤਸਵੀਰ ਸਰੋਤ, AFP
ਪੁਲਿਸ ਅਧਿਕਾਰੀਆਂ ਮੁਤਾਬਕ ਹਾਦਸਾ ਸਮੋਗ ਕਰਕੇ ਵਾਪਰਿਆ ਹੈ। ਹਾਦਸੇ ਵਿੱਚ 6 ਲੋਕਾਂ ਦੀ ਮੌਤ ਹੋ ਗਈ ਜਦਕਿ 20 ਲੋਕ ਜ਼ਖਮੀ ਹੋ ਗਏ।
ਬੱਸ ਵਿੱਚ ਸਵਾਰ ਜ਼ਿਆਦਾਤਰ ਮੁਸਾਫ਼ਰ ਸਰਕਾਰੀ ਮੁਲਾਜ਼ਮ ਸਨ ਤੇ ਜਲਾਲਾਬਾਦ ਆਪਣੇ ਕੰਮ ਉੱਤੇ ਰੋਜ਼ ਤਰ੍ਹਾਂ ਹੀ ਜਾ ਰਹੇ ਸਨ।














