ਭਗਤ ਸਿੰਘ ਨੇ ਆਪਣੇ ਨਾਸਤਿਕ ਹੋਣ ਬਾਰੇ ਕੀ ਕਿਹਾ ਸੀ ਤੇ ਇਮਾਨ ਸਿੰਘ ਮਾਨ ਨੂੰ ਕੀ ਇਤਰਾਜ਼ ਹੈ

ਭਗਤ ਸਿੰਘ ਦੀ ਤਸਵੀਰ

ਤਸਵੀਰ ਸਰੋਤ, (ਤਸਵੀਰ ਚਮਨਲਾਲ ਨੇ ਉਪਲਬਧ ਕਰਵਾਈ ਹੈ))

ਤਸਵੀਰ ਕੈਪਸ਼ਨ, ਸਾਲ 1927 'ਚ ਪਹਿਲੀ ਵਾਰੀ ਗ੍ਰਿਫ਼ਤਾਰੀ ਦੇ ਬਾਅਦ ਜੇਲ੍ਹ 'ਚ ਖਿੱਚੀ ਗਈ ਭਗਤ ਸਿੰਘ ਦੀ ਫੋਟੋ

ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੇ ਆਗੂ ਇਮਾਨ ਸਿੰਘ ਮਾਨ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੋਂ ਸਿੱਖ ਅਜਾਇਬ ਘਰ, ਅੰਮ੍ਰਿਤਸਰ ਵਿੱਚੋਂ ਭਗਤ ਸਿੰਘ ਦੀ ਤਸਵੀਰ ਹਟਾਉਣ ਦੀ ਮੰਗ ਕਰਕੇ ਵਿਵਾਦ ਖੜਾ ਕਰ ਦਿੱਤਾ ਹੈ।

ਇਮਾਨ ਸਿੰਘ ਮਾਨ ਸੰਗਰੂਰ ਤੋਂ ਲੋਕ ਸਭਾ ਮੈਂਬਰ ਅਤੇ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੇ ਪ੍ਰਧਾਨ ਸਿਮਰਨਜੀਤ ਸਿੰਘ ਮਾਨ ਦੇ ਪੁੱਤਰ ਹਨ

ਇਮਾਨ ਸਿੰਘ ਮਾਨ ਭਗਤ ਸਿੰਘ ਦੀ ਤਸਵੀਰ ਹਟਾਉਣ ਦੀ ਮੰਗ ਦਾ ਕਾਰਨ ਉਹਨਾਂ ਦਾ ਨਾਸਤਿਕ ਹੋਣਾ ਦੱਸਦੇ ਹਨ। ਮਾਨ ਦਾ ਕਹਿਣਾ ਹੈ ਕਿ ਇੱਕ ਨਾਸਤਿਕ ਦੀ ਤਸਵੀਰ ਰੱਬ ਦੇ ਘਰ ਵਿੱਚ ਨਹੀਂ ਲੱਗਣੀ ਚਾਹੀਦੀ।

ਹਾਲਾਂਕਿ ਭਗਤ ਸਿੰਘ ਦੇ ਭਾਣਜੇ ਪ੍ਰੋਫੈਸਰ ਜਗਮੋਹਨ ਸਿੰਘ ਦਾ ਕਹਿਣਾ ਹੈ ਕਿ ਭਗਤ ਸਿੰਘ ਜਮਹੂਰੀਅਤ ਪਸੰਦ ਇਨਸਾਨ ਸਨ।

ਜਗਮੋਹਨ ਸਿੰਘ ਮੁਤਾਬਕ ਭਗਤ ਸਿੰਘ ਨੇ ਭਾਰਤ ਨੂੰ ਜਮਹੂਰੀ ਬਣਾਉਣ ਲਈ ਅਸੈਂਬਲੀ ਵਿੱਚ ਬੰਬ ਸੁੱਟ ਕੇ ਲੋਕਾਂ ਦੇ ਮੁੱਦਿਆ ਨੂੰ ਚੁੱਕਿਆ ਸੀ।

ਇਸ ਤੋਂ ਪਹਿਲਾਂ ਸਿਮਰਨਜੀਤ ਸਿੰਘ ਮਾਨ ਨੇ ਵੀ ਭਾਰਤ ਦੀ ਆਜ਼ਾਦੀ ਦੀ ਲਹਿਰ ਵਿੱਚ ਕੁਰਬਾਨੀ ਦੇ ਵਾਲੇ ਭਗਤ ਸਿੰਘ ਨੂੰ "ਅੱਤਵਾਦੀ" ਕਰਾਰ ਦਿੱਤਾ ਸੀ।

ਸਿਮਨਰਜੀਤ ਮਾਨ ਖਾਲਿਸਤਾਨੀ ਲਹਿਰ ਨਾਲ ਸਬੰਧਤ ਸਿੱਖ ਕਾਰਕੁਨਾਂ ਨੂੰ ਕੁਝ ਲੋਕਾਂ ਵਲੋਂ ਅੱਤਵਾਦੀ ਦੱਸਣ ਦੇ ਜਵਾਬ ਵਿਚ ਭਗਤ ਸਿੰਘ ਨੂੰ ''ਅੱਤਵਾਦੀ'' ਕਹਿ ਦਿੰਦੇ ਹਨ।

ਵੀਡੀਓ ਕੈਪਸ਼ਨ, 'ਦਹਿਸ਼ਤਗਰਦ' ਕਹਿਣ ਵਾਲਿਆਂ ਨੂੰ ਭਗਤ ਸਿੰਘ ਦੇ ਭਾਣਜੇ ਦਾ ਜਵਾਬ ਸੁਣੋ

ਇਮਾਨ ਸਿੰਘ ਮਾਨ ਦੀਆਂ ਦਲੀਲਾਂ

ਇਮਾਨ ਸਿੰਘ ਮਾਨ ਨੇ ਬੀਬੀਸੀ ਸਹਿਯੋਗੀ ਗੁਰਮਿੰਦਰ ਗਰੇਵਾਲ ਨਾਲ ਗੱਲਬਾਤ ਕਰਦਿਆ ਕਿਹਾ, ''ਭਗਤ ਸਿੰਘ ਨਾਸਤਿਕ ਇਨਸਾਨ ਸਨ ਅਤੇ ਉਹਨਾਂ ਨੇ ਇਹ ਅਖੀਰਲੇ ਦਮ ਤੱਕ ਲਿਖ ਕੇ ਬਿਆਨ ਕੀਤਾ ਹੋਇਆ ਹੈ।''

ਉਹਨਾਂ ਕਿਹਾ, "ਰੱਬ ਨੂੰ ਮੰਨਣ ਵਾਲੀ ਥਾਂ ਉਪਰ ਇੱਕ ਨਾਸਤਿਕ ਨੂੰ ਰੱਖ ਦਿੱਤਾ ਪਰ ਜੇਕਰ ਮੈਂ ਬੋਲ ਪਿਆ ਤਾਂ ਕੀ ਗੁਨਾਹ ਕਰ ਦਿੱਤਾ। ਇਹ ਵਿਰੋਧਾਭਾਸ ਹੈ।"

ਭਗਤ ਸਿੰਘ ਦੀ ਤਸਵੀਰ

ਤਸਵੀਰ ਸਰੋਤ, BBC/ Gurminder Grewal

ਤਸਵੀਰ ਕੈਪਸ਼ਨ, ਇਮਾਨ ਸਿੰਘ ਮਾਨ

ਇਮਾਨ ਸਿੰਘ ਮਾਨ ਕਹਿੰਦੇ ਹਨ, ''ਮੈਂ ਰੱਬ ਦਾ ਨਾਮ ਲੈਂਦਾ ਹੋਇਆ ਹਰੀ ਦੇ ਮੰਦਰ ਜਾਂਦਾ ਹਾਂ ਅਤੇ ਗੁਰੂ ਗ੍ਰੰਥ ਸਾਹਿਬ ਨੂੰ ਮੱਥਾ ਟੇਕਦਾ ਹਾਂ ਪਰ ਜੇ ਮੈਂ ਉਪਰ ਸਿਰ ਚੁੱਕ ਕੇ ਦੇਖਾਂ ਤਾਂ ਮੇਰੇ ਸਾਹਮਣੇ ਇੱਕ ਨਾਸਤਿਕ ਬੰਦੇ ਦੀ ਤਸਵੀਰ ਆਉਂਦੀ ਹੈ। ਇਸ ਦਾ ਕੋਈ ਮੇਲ ਨਹੀਂ।"

"ਕਮਿਉਨਿਸਟ ਸਮਾਜ ਭਗਤ ਸਿੰਘ ਨੂੰ ਹੀਰੋ ਆਫ ਦਿ ਪੀਪਲ ਖ਼ਿਤਾਬ ਦਿੰਦਾ ਹੈ, ਆਪਣੇ ਦਫ਼ਤਰਾਂ ਵਿੱਚ ਫੋਟੋ ਲਗਾਉਂਦਾ ਹੈ ਅਤੇ ਇਸ ਤੋਂ ਬਿਨ੍ਹਾਂ ਹੋਰ ਬਹੁਤ ਸਾਰੀਆਂ ਥਾਵਾਂ ਹਨ, ਜਿੱਥੇ ਉਹਨਾਂ ਦੀਆਂ ਤਸਵੀਰਾਂ ਲੱਗ ਸਕਦੀਆਂ ਹਨ।"

"ਇਹ ਇੱਕ ਵਿਰੋਧਾਭਾਸ ਹੈ, ਜੋ ਹੋਣਾ ਨਹੀਂ ਚਾਹੀਦਾ। ਮੈਂ ਐੱਸਜੀਪੀਸੀ ਨੂੰ ਬੇਨਤੀ ਕੀਤੀ ਹੈ ਕਿ ਇਸ ਵਿਰੋਧਾਭਾਸ ਨੂੰ ਹੱਲ ਕਰੋ।"

ਭਗਤ ਸਿੰਘ ਬਾਰੇ ਸਿਮਰਨਜੀਤ ਮਾਨ ਕੀ ਸੋਚਦੇ ਹਨ-ਵੀਡੀਓ

ਵੀਡੀਓ ਕੈਪਸ਼ਨ, ਸਿਮਰਨਜੀਤ ਸਿੰਘ ਮਾਨ ਤੋ ਭਗਤ ਸਿੰਘ

"ਮੈਂ ਸਿੱਖ ਇਤਿਹਾਸ ਵਿੱਚੋਂ ਦੇਖਦਾ ਹਾਂ। ਅਸੀਂ ਆਜ਼ਾਦੀ ਅਤੇ ਸਿੰਘ ਸਭਾ ਲਹਿਰ ਦੀ ਲੜਾਈ ਨਾਮ ਜਪਦੇ ਹੋਏ ਲੜੀ ਅਤੇ ਜਿੱਤਾਂ ਹਾਸਲ ਕੀਤੀਆਂ।''

"ਪਰ ਅਜਿਹੇ ਮੌਕੇ ਭਗਤ ਸਿੰਘ ਨੇ ਕੀ ਕੀਤਾ ਸੀ ਕਿ ਜਦੋਂ ਲਾਲਾ ਲਾਜਪਤ ਰਾਏ ਉਪਰ ਲਾਠੀਚਾਰਜ ਹੋਇਆ ਤਾਂ ਉਹਨਾਂ ਨੂੰ ਹਸਪਤਾਲ ਭਰਤੀ ਕੀਤਾ ਗਿਆ। ਭਗਤ ਸਿੰਘ ਹੁਰਾਂ ਨੇ ਇੱਕ ਅੰਗਰੇਜ ਜੌਨ ਸਾਂਡਰਸ ਨੂੰ ਮਾਰਿਆ, ਜਿਸ ਦਾ ਕੋਈ ਲੈਣਾ ਦੇਣਾ ਨਹੀਂ ਸੀ। ਚੰਨਣ ਸਿੰਘ ਜਿਹੜਾ ਉਸ ਨਾਲ ਸਿਪਾਹੀ ਸੀ ਉਸ ਨੂੰ ਗੋਲੀਆਂ ਮਾਰ ਦਿੱਤੀਆ।"

"ਹੁਣ ਮੈਂ ਆਪਣੇ ਲੋਕਾਂ ਨੂੰ ਕੀ ਕਹਾਂ ਕਿ ਬਰਗਾੜੀ ਦੇ ਦੋਸ਼ੀਆਂ ਨੂੰ ਗੋਲੀਆਂ ਮਾਰੋ ? ਅਸੀਂ ਨਹੀਂ ਬੰਬ ਸੁੱਟਣੇ। ਅਸੀਂ ਸਿੰਘ ਸਭਾ ਲਹਿਰ ਦੇ ਰਾਹ ਤੇ ਚੱਲਣਾ ਹੈ।"

ਭਗਤ ਸਿੰਘ ਦੀ ਤਸਵੀਰ

ਸਿਮਰਨਜੀਤ ਮਾਨ ਵੱਲੋਂ ਪੁੱਤਰ ਦੀ ਸਿਖਲਾਈ: ਪ੍ਰੋਫੈਸਰ ਜਗਮੋਹਨ

ਭਗਤ ਸਿੰਘ ਭਾਣਜੇ ਪ੍ਰੋਫੈਸਰ ਜਗਮੋਹਨ ਸਿੰਘ ਨੇ ਬੀਬੀਸੀ ਪੱਤਰਕਾਰ ਅਵਤਾਰ ਸਿੰਘ ਨਾਲ ਗੱਲਬਾਤ ਕਰਦਿਆ ਕਿਹਾ ਕਿ ਭਗਤ ਸਿੰਘ ਇੱਕ ਜਮਹੂਰੀਅਤ ਪਸੰਦ ਇਨਸਾਨ ਸਨ ਪਰ ਸਿਮਰਨਜੀਤ ਮਾਨ ਵੱਲੋਂ ਪੁੱਤਰ ਦੀ ਰਾਜਨੀਤਿਕ ਸਿਖਲਾਈ ਕੀਤੀ ਜਾ ਰਹੀ ਹੈ।

ਪ੍ਰੋਫੈਸਰ ਜਗਮੋਹਨ ਸਿੰਘ ਕਹਿੰਦੇ ਹਨ, "ਭਗਤ ਸਿੰਘ ਦੀ ਤਸਵੀਰ ਉਤਾਰਨ ਦਾ ਮੁੱਦਾ ਹੁਣ ਕਿਉਂ ਚੁੱਕਿਆ ਜਾ ਰਿਹਾ ਹੈ? ਇਹ ਮੁੱਦਾ ਸੰਗਰੂਰ ਜ਼ਿਮਨੀ ਚੋਣ ਤੋਂ ਪਹਿਲਾਂ ਕਿਉਂ ਨਾ ਚੁੱਕਿਆ ਗਿਆ?"

"ਸਿਮਰਨਜੀਤ ਮਾਨ 1989 ਵਿੱਚ ਲੋਕ ਸਭਾ ਅੰਦਰ ਕਿਰਪਾਨ ਲੈ ਕੇ ਜਾਣ ਦੀ ਗੱਲ ਆਖ ਰਹੇ ਸਨ। ਹੁਣ ਉਹ ਲੋਕਾਂ ਨੂੰ ਦੱਸਣ ਕਿ ਕਿਰਪਾਨ ਕਿੱਥੇ ਹੈ?"

"ਉਹਨਾਂ ਕੋਲ ਪੈਸੇ ਦੀ ਕੋਈ ਕਮੀ ਨਹੀਂ। ਅਸਲ ਵਿੱਚ ਇਮਾਨ ਸਿੰਘ ਮਾਨ ਨੂੰ ਹੁਣ ਰਾਜਨੀਤੀ ਦੀ ਸਿਖਲਾਈ ਦਿੱਤੀ ਜਾ ਰਹੀ ਹੈ।"

ਬੀਬੀਸੀ

ਇਹ ਵੀ ਪੜ੍ਹੋ:

ਬੀਬੀਸੀ

ਪ੍ਰੋਫੈਸਰ ਜਗਮੋਹਨ ਸਿੰਘ ਦਾ ਕਹਿਣਾ ਹੈ ਕਿ ਭਗਤ ਸਿੰਘ ਨੇ ਭਾਰਤ ਨੂੰ ਜਮਹੂਰੀ ਬਣਾਉਣ ਲਈ ਅਸੈਂਬਲੀ ਵਿੱਚ ਬੰਬ ਸੁੱਟ ਕੇ ਲੋਕਾਂ ਦੇ ਮੁੱਦਿਆਂ ਨੂੰ ਚੁੱਕਿਆ।

"ਭਗਤ ਸਿੰਘ ਨੇ ਅਸੈਂਬਲੀ ਵਿੱਚ ਦੋ ਮੁੱਦੇ ਚੁੱਕੇ ਸਨ। ਇੱਕ ਵਿਆਕਤੀ ਦੀ ਆਜ਼ਾਦੀ ਦਾ ਅਤੇ ਦੂਜਾ ਟਰੇਡ ਡਿਸਪਿਊਟ ਬਿੱਲ ਦਾ।"

ਪ੍ਰੋਫੈਸਰ ਜਗਮੋਹਨ ਕਹਿੰਦੇ ਹਨ, "ਭਗਤ ਸਿੰਘ ਨੇ ਭਾਰਤ ਦੀ ਆਜ਼ਾਦੀ ਦੀ ਲੜਾਈ ਨੂੰ ਮਜਬੂਤ ਜਮਹੂਰੀਅਤ ਦੀ ਲੜਾਈ ਵੱਲ ਵੀ ਧੱਕਿਆ ਸੀ।"

"ਸਿਮਰਨਜੀਤ ਮਾਨ ਹੁਰਾਂ ਨੂੰ ਪੰਜਾਬ ਦੀਆਂ ਸਮੱਸਿਆਵਾਂ ਦੇ ਹੱਲ ਬਾਰੇ ਸੋਚਣਾ ਚਾਹੀਦਾ ਹੈ।"

ਭਗਤ ਸਿੰਘ ਨੇ ਆਪਣੇ ਨਾਸਤਿਕ ਹੋਣ ਬਾਰੇ ਕੀ ਲਿਖਿਆ ਸੀ

ਭਗਤ ਸਿੰਘ ਨੇ ਆਪਣੇ ਲੇਖ ''ਮੈਂ ਨਾਸਤਕ ਕਿਉਂ ਹਾਂ'' ਵਿਚ ਆਪਣੇ ਨਾਸਤਿਕ ਹੋਣ ਦਾ ਐਲਾਨ ਕੀਤਾ ਹੋਇਆ ਹੈ।

ਇਸ ਰਿਪੋਰਟ ਵਿੱਚ ਉਨ੍ਹਾਂ ਦੇ ਇੱਕ ਲੰਬੇ ਲੇਖ ਵਿਚੋਂ ਕੁਝ ਸਤਰਾਂ ਲਈਆਂ ਗਈਆਂ ਹਨ। ਜਿਸ ਵਿਚ ਉਹ ਆਪਣੇ ਨਾਸਤਿਕ ਹੋਣ ਦੇ ਕਾਰਨਾਂ ਦਾ ਵੇਰਵਾ ਦਿੰਦੇ ਹਨ।

ਭਗਤ ਸਿੰਘ ਮੁਤਾਬਕ ਉਨ੍ਹਾਂ ਨੇ ਅਰਾਜਕਤਾਵਾਦੀ ਆਗੂ ਬਾਕੂਨਿਨ, ਸਮਾਜਵਾਦ ਦੇ ਮੋਢੀ ਮਾਰਕਸ, ਲੈਨਿਨ ਅਤੇ ਟਰਾਸਕੀ ਨੂੰ ਪੜ੍ਹਿਆ ਹੈ, ਇਹ ਸਾਰੇ ਨਾਸਤਿਕ ਸਨ।

ਇਨ੍ਹਾਂ ਨੇ ਆਪਣੇ ਮੁਲਕਾਂ ਵਿਚ ਸਫ਼ਲ ਇਨਕਲਾਬ ਕੀਤੇ ਸਨ।

ਭਗਤ ਸਿੰਘ ਬਾਕੂਨਿਨ ਦੀ ਕਿਤਾਬ ''ਗੌਡ ਐਂਡ ਸਟੇਟ'', ਨਿਰਲੰਬ ਸਵਾਮੀ ਦੀ ''ਕਾਮਨਸੈਂਸ'' ਵਰਗੀਆਂ ਕਿਤਾਬਾਂ ਪੜ੍ਹਨ ਤੋਂ ਬਾਅਦ ਨਾਸਤਿਕ ਬਣਨ ਦੀ ਗੱਲ ਕਰਦੇ ਹਨ।

ਭਗਤ ਸਿੰਘ ਲਿਖਦੇ ਹਨ, ''1926 ਦੇ ਅਖੀਰ ਤੱਕ ਮੇਰਾ ਇਹ ਵਿਸ਼ਵਾਸ਼ ਪੱਕਾ ਹੋ ਚੁੱਕਾ ਸੀ ਕਿ ਬ੍ਰਹਿਮੰਡ ਦੇ ਸਿਰਜਨ, ਪਾਲਣਹਾਰ ਅਤੇ ਸਰਬ ਸ਼ਕਤੀਮਾਨ ਦੀ ਹੋਂਦ ਦਾ ਸਿਧਾਂਤ ਬੇਬੁਨਿਆਦ ਹੈ।''

ਭਗਤ ਸਿੰਘ ਦੀ ਤਸਵੀਰ

ਤਸਵੀਰ ਸਰੋਤ, BBC/ Gurminder Grewal

ਤਸਵੀਰ ਕੈਪਸ਼ਨ, ਮੈਂ ਰੱਬ ਵਿਚ ਯਕੀਨ ਨਹੀਂ ਕਰ ਸਕਦਾ ਅਤੇ ਨਾ ਹੀ ਅਰਦਾਸ ਕਰ ਸਕਦਾ ਹਾਂ। ਮੈਂ ਕਦੇ ਵੀ ਅਰਦਾਸ ਨਾ ਕੀਤੀ

ਦੋਸਤਾਂ ਨਾਲ ਬਹਿਸਾਂ ਅਤੇ ਨਾਸਤਿਕਤਾ

''ਮੈਂ ਇਸ ਵਿਸ਼ੇ ਬਾਰੇ ਆਪਣੇ ਦੋਸਤਾਂ ਨਾਲ ਬਹਿਸ ਕਰਨੀ ਸ਼ੁਰੂ ਕਰ ਦਿੱਤੀ। ਮੈਂ ਐਲਾਨੀਆ ਨਾਸਤਿਕ ਹੋ ਚੁੱਕਾ ਸੀ. ਨਾਸਤਿਕ ਹੋਣ ਦਾ ਕਾਰਨ ਮੈਂ ਹੇਠਾਂ ਬਿਆਨ ਕਰਦਾ ਹਾਂ।''

  • ਮੈਂ ਬੜੀ ਸੋਚ ਵਿਚਾਰ ਮਗਰੋਂ ਫੈਸਲਾ ਲਿਆ ਕੀਤਾ ਕਿ ਮੈਂ ਰੱਬ ਵਿਚ ਯਕੀਨ ਨਹੀਂ ਕਰ ਸਕਦਾ ਅਤੇ ਨਾ ਹੀ ਅਰਦਾਸ ਕਰ ਸਕਦਾ ਹਾਂ। ਮੈਂ ਕਦੇ ਵੀ ਅਰਦਾਸ ਨਾ ਕੀਤੀ।
  • ਮੈਂ ਕਦੇ ਵੀ ਆਪਣੀ ਜਾਨ ਬਚਾਉਣ ਬਾਰੇ ਨਹੀਂ ਸੋਚਿਆ ਸੀ। ਸੋ ਮੈਂ ਪੱਕਾ ਨਾਸਤਕ ਸੀ।
  • ਤੁਹਾਡੇ ਵਿਸ਼ਵਾਸ ਅਨੁਸਾਰ ਜੇ ਕੋਈ ਸਰਵ ਸ਼ਕਤੀਮਾਨ, ਸਰਵ ਵਿਅਪਕ ਅਤੇ ਸਰਵ ਗਿਆਤਾ ਰੱਬ ਹੈ- ਤਾਂ ਦੁਨੀਆਂ ਜਾਂ ਧਰਤੀ ਨੂੰ ਕਿਸ ਨੇ ਸਾਜਿਆ ਹੈ।
  • ਮੈਨੂੰ ਇਹ ਦੱਸਣ ਦੀ ਮਿਹਰਬਾਨੀ ਕਰੋ ਕਿ ਉਸਨੇ ਧਰਤੀ ਸਾਜੀ ਕਿਉਂ? ਉਹ ਧਰਤੀ ਜੋ ਦੁੱਖਾਂ, ਆਫ਼ਤਾਂ ਅਤੇ ਅਣਗਿਣਤ ਅਨੰਦ ਦੁਖਾਂਤਾਂ ਨਾਲ ਭਰੀ ਪਈ ਹੈ। ਜਿੱਥੇ ਇੱਕ ਵੀ ਜੀਅ ਸੁਖੀ ਨਹੀਂ ਹੈ।

ਆਪਣੇ ਲੇਖ ਵਿਚ ਭਗਤ ਸਿੰਘ ਰੱਬ ਦੀ ਹੋਂਦ ਦੇ ਹੱਕ ਵਿਚ ਆਸਤਿਕਾਂ ਦੇ ਦਿੱਤੇ ਜਾਂਦੇ ਤਰਕਾਂ ਦੇ ਹਵਾਲੇ ਦਿੰਦੇ ਹਨ ਅਤੇ ਆਪਣੀਆਂ ਦਲੀਲਾਂ ਨਾਲ ਇਨ੍ਹਾਂ ਨੂੰ ਰੱਦ ਕਰਦੇ ਹਨ।

ਵੀਡੀਓ ਕੈਪਸ਼ਨ, ਭਗਤ ਸਿੰਘ ਦਾ ਜਨਮਦਿਨ ਲਾਹੌਰ ’ਚ ਇੰਝ ਮਨਾਇਆ ਗਿਆ

ਉਹ ਜਾਤ-ਪਾਤ, ਰੰਗ ਨਸਲ, ਅਤੇ ਅਮੀਰੀ ਗਰੀਬੀ ਦੇ ਨਾਂ ਉੱਤੇ ਹੁੰਦੇ ਮਤਭੇਦਾਂ ਦਾ ਹਵਾਲਾ ਦਿੰਦੇ ਹਨ ।

ਧਰਮ ਪ੍ਰਚਾਰਕਾਂ ਤੇ ਹੁਕਮਰਾਨਾਂ ਦੇ ਆਮ ਲੋਕਾਂ ਨੂੰ ਕੀਤੇ ਜਾਂਦੇ ਜੁਲਮਾਂ ਦਾ ਜ਼ਿਕਰ ਕਰਦੇ ਹੋਏ, ਰੱਬ ਦੀ ਹੋਂਦ ਤੋਂ ਮੁਨਕਰ ਹੁੰਦੇ ਹਨ।

ਭਗਤ ਸਿੰਘ ਇਹ ਵੀ ਸਵਾਲ ਕਰਦੇ ਹਨ, ''ਤੁਹਾਡਾ ਸਰਬ ਸ਼ਕਤੀਮਾਨ ਰੱਬ, ਹਰ ਕਿਸੇ ਬੰਦੇ ਨੂੰ ਕਸੂਰ ਜਾਂ ਪਾਪ ਕਰਨੋਂ ਵਰਜਦਾ ਕਿਉਂ ਨਹੀਂ। ਉਸ ਦੇ ਲਈ ਤਾਂ ਇਹ ਕੰਮ ਸੌਖਾ ਹੈ ਉਸ ਨੇ ਜੰਗਬਾਜਾਂ ਨੂੰ ਕਿਉਂ ਨਾ ਜਾਨੋ ਮਾਰਿਆ ਜਾਂ ਉਨ੍ਹਾਂ ਨੇ ਜੰਗੀ ਪਾਗਲਪਣ ਨੂੰ ਮਾਰ ਕੇ ਵੱਡੀ ਜੰਗ ਨਾਲ ਮਨੁੱਖਤਾ ਉੱਤੇ ਆਈ ਪਰਲੋ ਨੂੰ ਕਿਉਂ ਨਾ ਬਚਾਇਆ?''

ਭਗਤ ਸਿੰਘ ਇਹ ਵੀ ਲ਼ਿਖਦੇ ਹਨ, ''ਰੱਬ ਦੇ ਆਦਿ ਬਾਰੇ ਮੇਰਾ ਆਪਣਾ ਵਿਚਾਰ ਹੈ ਕਿ ਜਦ ਮਨੁੱਖ ਨੂੰ ਆਪਣੀਆਂ ਸੀਮਾਵਾਂ, ਕਮਜੋਰੀਆਂ ਅਤੇ ਕਮੀਆਂ ਦਾ ਅਹਿਸਾਸ ਹੋ ਗਿਆ ਤਾਂ ਉਸਨੇ ਰੱਬ ਦੀ ਕਾਲਪਨਿਕ ਹੋਂਦ ਬਣਾ ਲਈ ਤਾਂ ਕਿ ਇਮਤਿਹਾਨੀ ਹਾਲਤ ਦਾ ਦਿੜ੍ਹਤਾ ਨਾਲ ਸਾਹਮਣਾ ਲ਼ਈ ਮਨੁੱਖ ਨੂੰ ਹੌਸਲਾ ਮਿਲ ਸਕੇ।''

ਇਹ ਵੀ ਪੜ੍ਹੋ: