ਮੰਨੂ ਕੁੱਸਾ: ਪੁਲਿਸ ਮੁਕਾਬਲੇ 'ਚ ਮਾਰੇ ਗਏ ਮੰਨੂ ਕੁੱਸਾ ਦੇ ਪਿੰਡ ਵਿੱਚ ਕੀ ਹੈ ਮਾਹੌਲ ਤੇ ਪਿੰਡ ਵਾਲਿਆਂ ਨੇ ਉਸ ਬਾਰੇ ਕੀ ਦੱਸਿਆ

ਗੈਂਗਸਟਰ

ਤਸਵੀਰ ਸਰੋਤ, JOSE CABEZAS/AFP/GETTY IMAGES

ਤਸਵੀਰ ਕੈਪਸ਼ਨ, ਪਿੰਡ ਵਾਲਿਆਂ ਮੁਤਾਬਕ ਮੰਨੂ ਕੁੱਸਾ ਆਪਣੇ ਭਰਾ ਨਾਲ ਪਿੰਡ ਵਿੱਚ ਹੀ ਲੱਕੜ ਦੇ ਕਾਰੀਗਰ ਵਜੋਂ ਦੁਕਾਨ ਕਰਦਾ ਸੀ (ਸੰਕੇਤਕ ਤਸਵੀਰ)
    • ਲੇਖਕ, ਸੁਰਿੰਦਰ ਮਾਨ ਤੇ ਜਸਬੀਰ ਸ਼ੇਤਰਾ
    • ਰੋਲ, ਬੀਬੀਸੀ ਸਹਿਯੋਗੀ

ਪੁਲਿਸ ਮੁਕਾਬਲੇ ਵਿੱਚ ਮਾਰੇ ਗਏ ਗੈਂਗਸਟਰ ਮਨਪ੍ਰੀਤ ਮੰਨੂ ਕੁੱਸਾ ਦੇ ਜੱਦੀ ਪਿੰਡ ਵਿੱਚ ਸਹਿਮ ਦਾ ਮਾਹੌਲ ਹੈ। ਮੰਨੂ ਕੁੱਸਾ ਦਾ ਨਾਮ ਉਸ ਵੇਲੇ ਸੁਰਖੀਆਂ ਵਿੱਚ ਆਇਆ ਸੀ ਜਦੋਂ ਸ਼ੁਭਦੀਪ ਸਿੰਘ ਸਿੱਧੂ ਮੂਸੇਵਾਲਾ ਨੂੰ 29 ਮਈ ਨੂੰ ਮਾਨਸਾ ਨੇੜੇ ਗੋਲੀਆਂ ਮਾਰ ਕੇ ਕਤਲ ਕੀਤਾ ਗਿਆ ਸੀ।

ਮਨਪ੍ਰੀਤ ਮੰਨੂ ਕੁੱਸਾ ਜ਼ਿਲ੍ਹਾ ਮੋਗਾ ਅਧੀਨ ਪੈਂਦੇ ਪਿੰਡ ਕੁੱਸਾ ਦਾ ਰਹਿਣ ਵਾਲਾ ਸੀ। ਅਪਰਾਧ ਦੀ ਦੁਨੀਆਂ ਵਿੱਚ ਦਾਖ਼ਲ ਹੋਣ ਤੋਂ ਪਹਿਲਾਂ ਦਲਿਤ ਪਰਿਵਾਰ ਨਾਲ ਸਬੰਧਤ ਮੰਨੂ ਲੱਕੜ ਦਾ ਕੰਮ ਕਰਨ ਵਾਲਾ ਮਿਸਤਰੀ ਸੀ।

ਪਿੰਡ ਵਾਲਿਆਂ ਮੁਤਾਬਕ ਸਿੱਧੂ ਮੂਸੇਵਾਲਾ ਦੇ ਕਤਲ ਦੇ ਸੰਬੰਧ ਵਿੱਚ ਜਦੋਂ ਪੁਲਿਸ ਵੱਲੋਂ ਮਨਪ੍ਰੀਤ ਮੰਨੂ ਕੁੱਸਾ ਅਤੇ ਜਗਰੂਪ ਰੂਪਾ ਦਾ ਨਾਮ ਸਾਹਮਣੇ ਲਿਆਂਦਾ ਗਿਆ ਤਾਂ ਪਿੰਡ ਵਾਸੀ ਦੰਗ ਰਹਿ ਗਏ।

ਮੰਨੂ ਕੁੱਸਾ ਦੇ ਪੁਲਿਸ ਮੁਕਾਬਲੇ ਵਿੱਚ ਮਾਰੇ ਜਾਣ ਤੋਂ ਬਾਅਦ ਪਿੰਡ ਦੇ ਲੋਕ ਉਸ ਸੰਬੰਧੀ ਕਿਸੇ ਵੀ ਤਰ੍ਹਾਂ ਦੀ ਗੱਲ ਕਰਨ ਲਈ ਤਿਆਰ ਨਹੀਂ ਸਨ।

ਪਿੰਡ ਦੇ ਇੱਕ ਮੋਹਤਬਰ ਵਿਅਕਤੀ ਨੇ ਆਪਣਾ ਨਾਮ ਗੁਪਤ ਰੱਖਣ ਦੀ ਸ਼ਰਤ ਉੱਪਰ ਬੀਬੀਸੀ ਪੰਜਾਬੀ ਨੂੰ ਦੱਸਿਆ ਕਿ ਸਿੱਧੂ ਮੂਸੇਵਾਲਾ ਦੇ ਕਤਲ ਤੋਂ ਬਾਅਦ ਉਸ ਦੇ ਮਾਤਾ ਪਿਤਾ ਅਤੇ ਪਰਿਵਾਰਕ ਮੈਂਬਰ ਆਪਣੇ ਘਰ ਨੂੰ ਜਿੰਦਰਾ ਲਾ ਕੇ ਕਿਸੇ ਅਣਦੱਸੀ ਥਾਂ ਉਪਰ ਚਲੇ ਗਏ ਸਨ।

ਪਿੰਡ ਵਾਲਿਆਂ ਮੁਤਾਬਕ ਮੰਨੂ ਕੁੱਸਾ ਆਪਣੇ ਭਰਾ ਨਾਲ ਪਿੰਡ ਵਿੱਚ ਹੀ ਲੱਕੜ ਦੇ ਕਾਰੀਗਰ ਵਜੋਂ ਦੁਕਾਨ ਕਰਦਾ ਸੀ। ਜਦੋਂ ਪਿੰਡ ਵਾਲਿਆਂ ਨਾਲ ਮੰਨੂ ਕੁੱਸਾ ਦੇ 'ਸ਼ਾਰਪ ਸ਼ੂਟਰ' ਹੋਣ ਦੀ ਗੱਲ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਅਜਿਹੀ ਤਵੱਕੋ ਪਿੰਡ ਦੇ ਕਿਸੇ ਵੀ ਵਸਨੀਕ ਨੇ ਨਹੀਂ ਕੀਤੀ ਸੀ।

ਅਸਲ ਵਿੱਚ ਮੰਨੂ ਕੁੱਸਾ ਉਸ ਵੇਲੇ ਅਪਰਾਧ ਦੀ ਦੁਨੀਆਂ ਵਿੱਚ ਸ਼ਾਮਲ ਹੋਇਆ, ਜਦੋਂ ਪਿੰਡ ਵਿੱਚ ਹੀ ਇੱਕ ਝਗੜੇ ਦੌਰਾਨ ਹੋਏ ਕਤਲ ਵਿੱਚ ਪੁਲਿਸ ਵੱਲੋਂ ਉਸ ਨੂੰ ਨਾਮਜ਼ਦ ਕੀਤਾ ਗਿਆ ਸੀ।

ਵੀਡੀਓ ਕੈਪਸ਼ਨ, ਅੰਮ੍ਰਿਤਸਰ ਐਨਕਾਊਂਟਰ: ਪੁਲਿਸ ਇੰਝ ਪਹੁੰਚੀ ਕਥਿਤ ਸ਼ੂਟਰਾਂ ਕੋਲ

14 ਮੁਕੱਦਮੇ ਦਰਜ

ਪੁਲਿਸ ਰਿਕਾਰਡ ਮੁਤਾਬਕ ਮੰਨੂ ਕੁੱਸਾ ਖ਼ਿਲਾਫ਼ ਇਸ ਵੇਲੇ ਤੱਕ ਭਾਰਤੀ ਦੰਡ ਵਿਧਾਨ ਦੀਆਂ ਵੱਖ-ਵੱਖ ਧਾਰਾਵਾਂ ਤਹਿਤ ਕੁੱਲ 14 ਮੁਕੱਦਮੇ ਦਰਜ ਸਨ।

ਇਨ੍ਹਾਂ ਵਿੱਚੋਂ ਪੁਲਿਸ ਵੱਲੋਂ 5 ਮਾਮਲੇ ਜ਼ਿਲ੍ਹਾ ਮੋਗਾ ਅਧੀਨ ਪੈਂਦੇ ਥਾਣਾ ਬੱਧਨੀ ਕਲਾਂ ਵਿੱਚ ਦਰਜ ਕੀਤੇ ਗਏ ਸਨ। ਪਿੰਡ ਕੁੱਸਾ ਥਾਣਾ ਬੱਧਨੀ ਕਲਾਂ ਅਧੀਨ ਪੈਂਦਾ ਹੈ।

ਇਹ ਵੀ ਪੜ੍ਹੋ:

ਵੀਡੀਓ ਕੈਪਸ਼ਨ, ਮੂਸੇਵਾਲਾ ਦੇ ਦੋ ਕਥਿਤ ਸ਼ੂਟਰਾਂ ਦਾ ਐਨਕਾਉਂਟਰ, ਇਹ ਹਥਿਆਰ ਬਰਾਮਦ

ਸਿੱਧੂ ਮੂਸੇਵਾਲਾ ਦੇ ਕਤਲ ਤੋਂ ਬਾਅਦ ਦਿੱਲੀ ਅਤੇ ਪੰਜਾਬ ਪੁਲਿਸ ਵੱਲੋਂ ਕੀਤੀ ਗਈ ਜਾਂਚ ਵਿੱਚ ਇਹ ਗੱਲ ਉੱਭਰ ਕੇ ਸਾਹਮਣੇ ਆਈ ਸੀ ਕਿ ਸਿੱਧੂ ਮੂਸੇਵਾਲਾ ਦੇ ਉੱਪਰ ਹੋਏ ਹਮਲੇ ਸਮੇਂ ਪਹਿਲੀ ਗੋਲੀ ਮੰਨੂ ਕੁੱਸਾ ਵੱਲੋਂ ਚਲਾਈ ਗਈ ਸੀ।

ਇਹ ਗੱਲ ਵੀ ਉੱਭਰ ਕੇ ਸਾਹਮਣੇ ਆਈ ਹੈ ਕਿ ਜਦੋਂ ਕਤਲ ਕੇਸ ਵਿੱਚ ਨਾਮਜ਼ਦ ਹੋਣ ਤੋਂ ਬਾਅਦ ਮੰਨੂ ਕੁੱਸਾ ਨੂੰ ਜੇਲ੍ਹ ਭੇਜਿਆ ਗਿਆ ਤਾਂ ਜੇਲ੍ਹ ਵਿੱਚ ਹੀ ਕਥਿਤ ਤੌਰ 'ਤੇ ਉਸ ਦੇ ਸਬੰਧ ਵੱਡੇ ਅਪਰਾਧੀਆਂ ਨਾਲ ਬਣ ਗਏ ਸਨ।

ਪੁਲਿਸ ਮੁਤਾਬਕ ਜੇਲ੍ਹ ਵਿੱਚੋਂ ਬਾਹਰ ਆਉਣ ਤੋਂ ਬਾਅਦ ਪਿੰਡ ਕੁੱਸਾ ਵਿਖੇ ਇੱਕ ਵਿਅਕਤੀ ਦਾ ਕਤਲ ਹੋ ਗਿਆ, ਜਿਸ ਵਿੱਚ ਪੁਲਸ ਵੱਲੋਂ ਮੰਨੂ ਕੁੱਸਾ ਅਤੇ ਉਸ ਦੇ ਭਰਾ ਗੁਰਦੀਪ ਸਿੰਘ ਨੂੰ ਨਾਮਜ਼ਦ ਕੀਤਾ ਗਿਆ ਸੀ।

ਮੰਨੂ ਕੁੱਸਾ ਅਤੇ ਜਗਰੂਪ ਰੂਪਾ ਦੇ ਪੁਲਿਸ ਮੁਕਾਬਲੇ ਵਿੱਚ ਮਾਰੇ ਜਾਣ ਤੋਂ ਬਾਅਦ ਸਥਾਨਕ ਪੁਲਿਸ ਵੀ ਕੁਝ ਕਹਿਣ ਲਈ ਤਿਆਰ ਨਹੀਂ ਹੋਈ।

ਪੁਲਿਸ ਅਧਿਕਾਰੀਆਂ ਦਾ ਕਹਿਣਾ ਸੀ ਕਿ ਇਸ ਸੰਬੰਧੀ ਕੁਝ ਕਹਿਣ ਲਈ ਐਡੀਸ਼ਨਲ ਡਾਇਰੈਕਟਰ ਜਨਰਲ ਆਫ ਪੁਲੀਸ ਪ੍ਰਮੋਦ ਬਾਨ ਹੀ ਸਮਰੱਥ ਅਧਿਕਾਰੀ ਹਨ।

Banner

ਪੁਲਿਸ ਮੁਬਕਾਲੇ ਨਾਲ ਸਬੰਧਤ ਅਹਿਮ ਤੱਥ

  • ਅੰਮ੍ਰਿਤਸਰ ਦੇ ਅਟਾਰੀ ਨੇੜਲੇ ਪਿੰਡ ਭਕਨਾ ਕਲਾਂ ਵਿਚ ਸ਼ੱਕੀ ਗੈਂਗਸਟਰਾਂ ਅਤੇ ਪੁਲਿਸ ਵਿਚਾਲੇ ਗੋਲੀਬਾਰੀ ਕਰੀਬ 11 ਵਜੇ ਤੋਂ ਸ਼ਾਮੀ 5 ਵਜੇ ਤੱਕ ਹੋਈ।
  • ਵੱਡੀ ਗਿਣਤੀ ਵਿੱਚ ਲੋਕ ਸੜਕਾਂ ਉੱਤੇ ਦੂਰ-ਦੂਰ ਖੜ੍ਹੇ ਦਿਖਾਈ ਦੇ ਰਹੇ ਸਨ ਅਤੇ ਲਗਾਤਾਰ ਕਈ ਘੰਟੇ ਗੋਲ਼ੀਬਾਰੀ ਦੀਆਂ ਅਵਾਜ਼ਾਂ ਆ ਰਹੀਆਂ ਸਨ।
  • ਜਿਸ ਥਾਂ ਉੱਤੇ ਪੁਲਿਸ ਮੁਕਾਬਲਾ ਹੋਇਆ, ਉਹ ਪਿੰਡ ਭਕਨਾ ਕਲ਼ਾਂ ਦੇ ਬਾਹਰਵਾਰ ਖੇਤਾਂ ਵਿੱਚ ਬਣੀਆਂ ਢਾਣੀਆਂ ਹਨ।
  • ਪੁਲਿਸ ਮੁਤਾਬਕ, ਬਦਮਾਸ਼ਾਂ ਦੀ ਗਿਣਤੀ ਦੋ ਸੀ ਅਤੇ ਦੋਵਾਂ ਨੂੰ ਮਾਰ ਦਿੱਤਾ ਗਿਆ ਹੈ। ਤਿੰਨ ਪੁਲਿਸ ਵਾਲੇ ਵੀ ਜ਼ਖਮੀ ਹੋਏ ਹਨ।
  • ਪੁਲਿਸ ਨੇ ਸੀਨੀਅਰ ਅਫ਼ਸਰ ਆਪ ਘਟਨਾ ਵਾਲੀ ਥਾਂ ਉੱਤੇ ਪਹੁੰਚੇ ਹੋਏ ਹਨ, ਮੁਕਾਬਲਾ ਖਤਮ ਹੋਣ ਤੱਕ ਡੀਜੀਪੀ ਵੀ ਅੰਮ੍ਰਿਤਸਰ ਪੁੱਜ ਗਏ।
  • ਪੁਲਿਸ ਨੇ ਮੱਕੀ ਦੇ ਖੇਤ ਵਿੱਚ ਲੁਕੇ ਬਦਮਾਸ਼ਾਂ ਨੂੰ ਬਾਹਰ ਕੱਢਣ ਲਈ ਬਖ਼ਤਰਬੰਦ ਗੱਡੀਆਂ ਵੀ ਮੰਗਵਾ ਲਈਆਂ ਸਨ।
  • ਪੁਲਿਸ ਮੁਕਾਬਲੇ ਵਿੱਚ ਇੱਕ ਪੱਤਰਕਾਰ ਜ਼ਖ਼ਮੀ ਵੀ ਹੋਇਆ ਹੈ, ਜਿਸ ਨੂੰ ਇਲਾਜ ਲਈ ਹਸਪਤਾਲ ਭੇਜਿਆ ਗਿਆ ਹੈ।
Banner

ਪਰਿਵਾਰ ਵਾਲੇ ਘਰੋਂ ਗਾਇਬ

ਪਿੰਡ ਵਾਸੀਆਂ ਨੇ ਦੱਸਿਆ ਕਿ ਸਿੱਧੂ ਮੂਸੇਵਾਲਾ ਦੇ ਕਤਲ ਤੋਂ ਬਾਅਦ ਮੰਨੂ ਕੁੱਸਾ ਦੇ ਘਰ ਦੇ ਦਰਵਾਜ਼ੇ ਉੱਪਰ ਪੁਲਿਸ ਵੱਲੋਂ ਇਕ ਨੋਟਿਸ ਲਗਾਇਆ ਗਿਆ ਸੀ, ਜਿਸ ਤੋਂ ਬਾਅਦ ਮੰਨੂ ਕੁੱਸਾ ਦੇ ਕਿਸੇ ਵੀ ਪਰਿਵਾਰਕ ਮੈਂਬਰ ਨੇ ਆਪਣੇ ਘਰ ਵਿੱਚ ਪੈਰ ਨਹੀਂ ਪਾਇਆ।

ਜਿੱਥੇ ਇੱਕ ਪਾਸੇ ਪੰਜਾਬ ਪੁਲਿਸ ਵੱਲੋਂ ਆਪਣੀ ਜਾਂਚ ਤੋਂ ਬਾਅਦ ਮੰਨੂ ਕੁੱਸਾ ਨੂੰ 'ਸ਼ਾਰਪ ਸ਼ੂਟਰ' ਵਜੋਂ ਦੱਸ ਕੇ ਸਿੱਧੂ ਮੂਸੇਵਾਲਾ ਦੇ ਕਤਲ ਨਾਲ ਜੋੜਿਆ ਗਿਆ ਸੀ, ਠੀਕ ਉਸ ਦੇ ਉਲਟ ਪਿੰਡ ਦੇ ਕੁਝ ਕੁ ਲੋਕ ਮੰਨੂ ਕੁੱਸਾ ਦੇ ਪਰਿਵਾਰ ਨੂੰ ਇੱਕ ਨਰਮ ਅਤੇ ਸ਼ਰੀਫ ਪਰਿਵਾਰ ਵਜੋਂ ਜਾਣਦੇ ਹਨ।

ਪਿੰਡ ਕੁੱਸਾ ਦੇ ਵਸਨੀਕ ਬੂਟਾ ਸਿੰਘ ਕਹਿੰਦੇ ਹਨ, "ਮੰਨੂ ਕੁੱਸਾ ਦਾ ਪਰਿਵਾਰ ਬੇਹੱਦ ਸ਼ਰੀਫ ਪਰਿਵਾਰ ਹੈ, ਪਰ ਜਦੋਂ ਉਨ੍ਹਾਂ ਦੇ ਪਰਿਵਾਰ ਉਪਰ ਕੁੱਝ ਲੋਕਾਂ ਵੱਲੋਂ ਹਮਲਾ ਕੀਤਾ ਗਿਆ ਤਾਂ ਮੰਨੂ ਕੁੱਸਾ ਮਜਬੂਰੀ-ਵੱਸ ਅਪਰਾਧ ਦੀ ਦੁਨੀਆਂ ਵਿੱਚ ਸ਼ਾਮਲ ਹੋ ਗਿਆ।"

"ਸਾਨੂੰ ਨਹੀਂ ਪਤਾ ਕਿ ਮੰਨੂ ਦਾ ਪਰਿਵਾਰ ਕਿੱਧਰ ਗਿਆ ਹੈ, ਅਸੀਂ ਤਾਂ ਘਰ ਦੇ ਗੇਟ ਨੂੰ ਲੱਗੇ ਜਿੰਦਰੇ ਨੂੰ ਹੀ ਹਰ ਰੋਜ਼ ਦੇਖਦੇ ਹਾਂ। ਅੱਜ ਸਾਨੂੰ ਪਤਾ ਲੱਗਾ ਕਿ ਮਨੂੰ ਗੁੱਸਾ ਮਾਰਿਆ ਗਿਆ ਹੈ, ਉਹ ਅਪਰਾਧੀ ਹੋਵੇ ਭਾਵੇਂ ਕੁਝ ਹੋਰ ਪਰ ਸੀ ਤਾਂ ਸਾਡੇ ਪਿੰਡ ਦਾ ਹੀ ਮੁੰਡਾ।"

ਗੈਂਗਸਟਰ

ਤਸਵੀਰ ਸਰੋਤ, RAUL ARBOLEDA/AFP/GETTY IMAGES

ਤਸਵੀਰ ਕੈਪਸ਼ਨ, ਮੰਨੂ ਕੁੱਸਾ ਉਸ ਵੇਲੇ ਅਪਰਾਧ ਦੀ ਦੁਨੀਆਂ ਵਿੱਚ ਸ਼ਾਮਲ ਹੋਇਆ, ਜਦੋਂ ਪਿੰਡ ਵਿਚ ਹੀ ਇੱਕ ਝਗੜੇ ਦੌਰਾਨ ਹੋਏ ਕਤਲ ਵਿੱਚ ਪੁਲਿਸ ਵੱਲੋਂ ਉਸ ਨੂੰ ਨਾਮਜ਼ਦ ਕੀਤਾ ਗਿਆ ਸੀ

ਕੌਣ ਕਰੇਗਾ ਅੰਤਮ ਸੰਸਕਾਰ

ਪਿੰਡ ਦੇ ਇੱਕ ਹੋਰ ਵਿਅਕਤੀ ਨੇ ਇਸ ਗੱਲ ਉੱਪਰ ਚਿੰਤਾ ਪ੍ਰਗਟ ਕੀਤੀ ਕਿ ਭਾਵੇਂ ਮਨਪ੍ਰੀਤ ਮੰਨੂ ਕੁੱਸਾ ਇੱਕ ਅਪਰਾਧੀ ਵਜੋਂ ਪੁਲਸ ਮੁਕਾਬਲੇ ਵਿੱਚ ਮਾਰਿਆ ਗਿਆ ਹੈ ਹੁਣ ਉਸ ਦੀ ਲਾਸ਼ ਦਾ ਅੰਤਮ ਸੰਸਕਾਰ ਕੌਣ ਕਰੇਗਾ।

ਦੱਸਣਾ ਬਣਦਾ ਹੈ ਕਿ ਮੰਨੂ ਕੁੱਸਾ ਦਾ ਭਰਾ ਗੁਰਦੀਪ ਸਿੰਘ ਇਸ ਵੇਲੇ ਜੇਲ੍ਹ ਵਿੱਚ ਬੰਦ ਹੈ, ਜਦੋਂ ਕਿ ਉਸ ਦਾ ਪਰਿਵਾਰ ਵੀ ਪਿੰਡ ਵਾਲਿਆਂ ਮੁਤਾਬਕ ਕਿਸੇ ਅਣਦੱਸੀ ਜਗ੍ਹਾ ਉੱਪਰ ਚਲਾ ਗਿਆ ਹੈ।

ਸਿੱਧੂ ਮੂਸੇਵਾਲਾ ਦੇ ਕਤਲ ਦੀ ਜਾਂਚ ਕਰ ਰਹੀ ਸਪੈਸ਼ਲ ਇਨਵੈਸਟੀਗੇਸ਼ਨ ਟੀਮ ਮੁਤਾਬਕ ਮੰਨੂ ਕੁੱਸਾ ਕੈਨੇਡਾ ਵਿੱਚ ਬੈਠੇ ਗੋਲਡੀ ਬਰਾੜ ਦਾ ਸਭ ਤੋਂ ਨਜ਼ਦੀਕੀ ਸਾਥੀ ਸੀ।

ਜਾਂਚ ਅਧਿਕਾਰੀਆਂ ਮੁਤਾਬਕ ਇਹ ਗੱਲ ਪਹਿਲਾਂ ਹੀ ਸਾਫ਼ ਹੋ ਚੁੱਕੀ ਹੈ ਕਿ 'ਸਿੱਧੂ ਮੂਸੇਵਾਲਾ ਨੂੰ ਕਤਲ ਕਰਵਾਉਣ ਵਿੱਚ ਮੁੱਖ ਤੌਰ ਉੱਪਰ ਗੋਲਡੀ ਬਰਾੜ ਦਾ ਹੱਥ ਹੈ'।

ਪਿੰਡ ਕੁੱਸਾ ਦੇ ਲੋਕ ਇਸ ਗੱਲ ਨੂੰ ਲੈ ਕੇ ਵੀ ਹੈਰਾਨ ਹਨ ਕਿ ਲੱਕੜ ਦਾ ਕੰਮ ਕਰਨ ਵਾਲਾ ਇੱਕ ਸਾਧਾਰਨ ਜਿਹਾ ਮਿਸਤਰੀ, ਇੰਨੇ ਵੱਡੇ ਹਥਿਆਰ ਚਲਾਉਣ ਦੀ ਸਿਖਲਾਈ ਕਦੋਂ ਲੈ ਗਿਆ?

ਹੁਣ ਪਿੰਡ ਕੁੱਸਾ ਦੇ ਲੋਕਾਂ ਨੂੰ ਇਸ ਗੱਲ ਦਾ ਹੀ ਫ਼ਿਕਰ ਹੈ ਕਿ ਆਖਰਕਾਰ ਕਦੋਂ ਮੰਨੂ ਕੁੱਸਾ ਦੀ ਲਾਸ਼ ਉਸ ਦੇ ਪਿੰਡ ਵਿੱਚ ਆਵੇਗੀ ਅਤੇ ਕਿਵੇਂ ਉਸ ਦਾ ਅੰਤਮ ਸੰਸਕਾਰ ਹੋਵੇਗਾ ਤੇ ਕੀ ਉਸ ਵਿੱਚ ਮੰਨੂ ਕੁੱਸਾ ਦੇ ਪਰਿਵਾਰ ਨਾਲ ਸੰਬੰਧਤ ਕਿਹੜੇ ਲੋਕ ਸ਼ਾਮਲ ਹੋਣਗੇ।

ਇਹ ਵੀ ਪੜ੍ਹੋ:

Skip YouTube post
Google YouTube ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of YouTube post

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)