ਜਗਰੂਪ ਰੂਪਾ ਤੇ ਮਨੂੰ ਕੁੱਸਾ: ਸਿੱਧੂ ਮੂਸੇਵਾਲਾ ਕਤਲ ਕੇਸ ਵਿੱਚ ਲੋੜੀਂਦੇ ਦੋ ਗੈਂਗਸਟਰਾਂ ਦੇ ਅੰਮ੍ਰਿਤਸਰ ਪੁਲਿਸ ਮੁਕਾਬਲੇ ਵਿੱਚ ਮਰਨ ਦੀ ਪੂਰੀ ਕਹਾਣੀ

    • ਲੇਖਕ, ਰਵਿੰਦਰ ਸਿੰਘ ਰੌਬਿਨ
    • ਰੋਲ, ਬੀਬੀਸੀ ਸਹਿਯੋਗੀ

ਪੰਜਾਬ ਦੇ ਅੰਮ੍ਰਿਤਸਰ ਦੇ ਅਟਾਰੀ ਨਜ਼ਦੀਕ ਭਕਨਾ ਕਲਾਂ ਪਿੰਡ ਵਿੱਚ ਪੰਜਾਬ ਪੁਲਿਸ ਵੱਲੋਂ 4 ਘੰਟਿਆਂ ਦੇ ਮੁਕਾਬਲੇ ਤੋਂ ਬਾਅਦ ਦੋ ਸ਼ੱਕੀ ਗੈਂਗਸਟਰਾਂ ਨੂੰ ਮਾਰਨ ਦਾ ਦਾਅਵਾ ਕੀਤਾ ਗਿਆ ਹੈ।

ਪੰਜਾਬ ਪੁਲੀਸ ਦੇ ਏਡੀਜੀਪੀ ਅਤੇ ਐਂਟੀ ਗੈਂਗਸਟਰ ਟਾਸਕ ਫੋਰਸ ਦੇ ਮੁਖੀ ਪ੍ਰਮੋਦ ਬਾਨ ਨੇ ਪੁਲਿਸ ਮੁਕਾਬਲੇ ਦੌਰਾਨ ਦੋ ਸ਼ੱਕੀ ਗੈਂਗਸਟਰਾਂ ਦੇ ਮਾਰੇ ਜਾਣ ਦੀ ਪੁਸ਼ਟੀ ਕੀਤੀ ਹੈ।

ਮੁਕਾਬਲੇ ਤੋਂ ਬਾਅਦ ਏਡੀਜੀਪੀ ਬਾਨ ਨੇ ਅੰਮ੍ਰਿਤਸਰ ਵਿੱਚ ਪ੍ਰੈਸ ਕਾਨਫਰੰਸ ਕਰਕੇ ਪੁਲਿਸ ਮੁਕਾਬਲੇ ਦੀ ਪੂਰੀ ਜਾਣਕਾਰੀ ਸਾਂਝੀ ਕੀਤੀ।

ਬਾਨ ਮੁਤਾਬਕ, ਸਿੱਧੂ ਮੂਸੇਵਾਲਾ ਕਤਲ ਕੇਸ ਵਿੱਚ ਜਿਹੜੇ ਗੈਂਗਸਟਰ ਸਨ, ਜਿਨ੍ਹਾਂ ਨੇ ਮਦਦ ਕੀਤੀ ਸੀ, ਰੇਕੀ ਕੀਤੀ, ਜਿਹੜੇ ਮਾਸਟਰਮਾਈਂਡ ਸੀ, ਉਹ ਸਾਰੇ ਪਹਿਲਾਂ ਹੀ ਗ੍ਰਿਫ਼ਤਾਰ ਹੋ ਚੁੱਕੇ ਹਨ।

ਉਨ੍ਹਾਂ ਕਿਹਾ, ਉਸੇ ਮਾਮਲੇ ਵਿਚ 'ਚ ਜਿਹੜਾ ਕੋਰੋਲਾ ਮੈਡਿਊਲ ਸੀ, ਉਸ 'ਚ ਪੰਜਾਬ ਪੁਲਿਸ ਨੇ ਸ਼ੁਰੂਆਤ 'ਚ ਜਿਹੜੇ ਦੋ ਗੈਂਗਸਟਰਾਂ ਦੀ ਪਛਾਣ ਕੀਤੀ ਸੀ, ਇੱਕ ਮਨੂੰ ਕੁੱਸਾ ਤੇ ਦੂਜਾ ਜਗਰੂਪ ਰੂਪਾ ਸਨ।

ਕੋਰੋਲਾ ਮਡਿਊਲ ਦਾ ਇੱਥੇ ਅਰਥ ਹੈ ਕਿ ਸਿੱਧੂ ਮੂਸੇਵਾਲਾ ਉੱਤੇ 29 ਮਈ 2022 ਨੂੰ ਹਮਲਾ ਕਰਨ ਵੇਲੇ ਜੋ ਸ਼ੂਟਰ ਕੋਰੋਲਾ ਗੱਡੀ ਵਿਚ ਸਵਾਰ ਸਨ।

ਸਿੱਧੂ ਮੂਸੇਵਾਲਾ ਪੰਜਾਬੀ ਦੇ ਕੌਮਾਂਤਰੀ ਪੱਧਰ ਦੇ ਪੌਪ ਸਟਾਰ ਸਨ, ਜਿਨ੍ਹਾਂ ਨੂੰ ਗੈਂਗਸਟਰਾਂ ਨੇ ਗੋਲੀਆਂ ਮਾਰ ਕੇ ਹਲਾਕ ਕਰ ਦਿੱਤਾ ਸੀ।

ਪੁਲਿਸ ਮੁਕਾਬਲਾ ਕਿਵੇਂ ਸ਼ੁਰੂ ਹੋਇਆ

ਪੁਲਿਸ ਮੁਤਾਬਕ ਕਾਫ਼ੀ ਚਿਰ ਤੋਂ ਪੰਜਾਬ ਪੁਲਿਸ ਖਾਸਕਰ ਮਾਨਸਾ ਪੁਲਿਸ ਦੀਆਂ ਟੀਮਾਂ ਇਨ੍ਹਾਂ ਦਾ ਪਿੱਛਾ ਕਰ ਰਹੀਆਂ ਸਨ।

ਬੁੱਧਵਾਰ ਨੂੰ ਵੀ ਮਾਨਸਾ ਪੁਲਿਸ ਇਨ੍ਹਾਂ ਬਾਰੇ ਮਿਲੀ ਤਾਜ਼ਾ ਜਾਣਕਾਰੀ ਉੱਤੇ ਕੰਮ ਕਰਦੀ ਹੋਈ ਇਸ ਇਲਾਕੇ 'ਚ ਪਹੁੰਚੀ ਸੀ।

ਪੁਲਿਸ ਮੁਤਾਬਕ ਬੁੱਧਵਾਰ ਸਵੇਰੇ ਵੀ ਜਗਰੂਪ ਰੂਪਾ ਅਤੇ ਮਨੂੰ ਕੁੱਸਾ ਦੇ ਇਸ ਇਲਾਕੇ ਵਿਚ ਹੋਣ ਦੀ ਖ਼ਬਰ ਮਿਲੀ ਸੀ।

ਪ੍ਰਮੋਦ ਬਾਨ ਨੇ ਅੱਗੇ ਦੱਸਿਆ, ''ਮਾਨਸਾ ਤੇ ਅੰਮ੍ਰਿਤਸਰ ਪੁਲਿਸ ਦੀਆਂ ਟੀਮਾਂ ਇਨ੍ਹਾਂ ਦੀ ਰੇਕੀ ਕਰ ਰਹੀਆਂ ਸਨ, ਜਦੋਂ ਪੁਲਿਸ ਨੇ ਇਨ੍ਹਾਂ ਦਾ ਪਿੱਛਾ ਕੀਤਾ, ਉਦੋਂ ਇਹ ਭੱਜ ਕੇ ਇੱਕ ਘਰ 'ਚ ਵੜ ਗਏ।''

ਪੁਲਿਸ ਨੇ ਕਿਹਾ ਕਿ ਇਹ ਅਜੇ ਜਾਂਚ ਦਾ ਵਿਸ਼ਾ ਹੈ ਕਿ ਉਹ ਪਹਿਲਾਂ ਹੀ ਕਦੇ ਇਸ ਘਰ ਵਿਚ ਰਹੇ ਸਨ ਜਾਂ ਨਹੀਂ। ਪਰ ਅੱਜ ਉਹ ਪੁਲਿਸ ਨੂੰ ਦੇਖਕੇ ਭੱਜ ਕੇ ਘਰ ਵਿਚ ਵੜੇ ਸਨ।

''ਪੰਜਾਬ ਪੁਲਿਸ ਨੇ ਇਨ੍ਹਾਂ ਨੂੰ ਚੇਤਾਵਨੀ ਦਿੱਤੀ, ਆਤਮ ਸਮਰਪਣ ਕਰਨ ਲਈ ਵੀ ਆਖਿਆ ਪਰ ਇਨ੍ਹਾਂ ਨੇ ਪੁਲਿਸ 'ਤੇ ਫਾਇਰਿੰਗ ਸ਼ੁਰੂ ਕਰ ਦਿੱਤੀ।

ਏਡੀਜੀਪੀ ਨੇ ਦੱਸਿਆ ਕਿ ਉਨ੍ਹਾਂ ਦੇ ਘਰ 'ਚ ਵੜਨ ਤੋਂ ਬਾਅਦ ਪੁਲਿਸ ਅਤੇ ਐਂਟੀ ਗੈਂਗਸਟਰ ਟਾਸਕ ਫੋਰਸ ਨੇ ਉਨ੍ਹਾਂ ਨੂੰ ਘੇਰ ਲਿਆ, ਪਰ ਉਨ੍ਹਾਂ ਨੇ ਵਾਰ-ਵਾਰ ਚੇਤਾਵਨੀਆਂ ਤੋਂ ਬਾਅਦ ਵੀ ਪੁਲਿਸ ਟੀਮਾਂ 'ਤੇ ਗੋਲੀਬਾਰੀ ਜਾਰੀ ਰੱਖੀ।

ਪੁਲਿਸ ਮੁਬਕਾਲੇ ਨਾਲ ਸਬੰਧਤ ਅਹਿਮ ਤੱਥ

  • ਅੰਮ੍ਰਿਤਸਰ ਦੇ ਅਟਾਰੀ ਨੇੜਲੇ ਪਿੰਡ ਭਕਨਾ ਕਲਾਂ ਵਿਚ ਸ਼ੱਕੀ ਗੈਂਗਸਟਰਾਂ ਅਤੇ ਪੁਲਿਸ ਵਿਚਾਲੇ ਗੋਲੀਬਾਰੀ ਕਰੀਬ 11 ਵਜੇ ਤੋਂ ਸ਼ਾਮੀ 5 ਵਜੇ ਤੱਕ ਹੋਈ।
  • ਬੀਬੀਸੀ ਪੰਜਾਬੀ ਦੀ ਟੀਮ ਨੇ ਘਟਨਾ ਸਥਾਨ ਤੋਂ ਕਈ ਵੀਡੀਓਜ਼ ਭੇਜੇ ਸਨ, ਜਿਨ੍ਹਾਂ ਵਿੱਚ ਪੁਲਿਸ ਦਾ ਭਾਰੀ ਜਮਾਵੜਾ ਨਜ਼ਰ ਆ ਰਿਹਾ ਸੀ।
  • ਵੱਡੀ ਗਿਣਤੀ ਵਿੱਚ ਲੋਕ ਸੜਕਾਂ ਉੱਤੇ ਦੂਰ-ਦੂਰ ਖੜ੍ਹੇ ਦਿਖਾਈ ਦੇ ਰਹੇ ਸਨ ਅਤੇ ਲਗਾਤਾਰ ਕਈ ਘੰਟੇ ਗੋਲ਼ੀਬਾਰੀ ਦੀਆਂ ਅਵਾਜ਼ਾਂ ਆ ਰਹੀਆਂ ਸਨ।
  • ਜਿਸ ਥਾਂ ਉੱਤੇ ਪੁਲਿਸ ਮੁਕਾਬਲਾ ਚੱਲ ਹੋਇਆ, ਉਹ ਪਿੰਡ ਭਕਨਾ ਕਲ਼ਾਂ ਦੇ ਬਾਹਰਵਾਰ ਖੇਤਾਂ ਵਿੱਚ ਬਣੀਆਂ ਢਾਣੀਆਂ ਹਨ।
  • ਪੁਲਿਸ ਮੁਤਾਬਕ, ਬਦਮਾਸ਼ਾਂ ਦੀ ਗਿਣਤੀ 2 ਸੀ ਅਤੇ ਦੋਵਾਂ ਨੂੰ ਮਾਰ ਦਿੱਤਾ ਗਿਆ ਹੈ। 3 ਪੁਲਿਸ ਵਾਲੇ ਵੀ ਜ਼ਖਮੀ ਹੋਏ ਹਨ।
  • ਪੁਲਿਸ ਨੇ ਸੀਨੀਅਰ ਅਫ਼ਸਰ ਆਪ ਘਟਨਾ ਵਾਲੀ ਥਾਂ ਉੱਤੇ ਪਹੁੰਚੇ ਹੋਏ ਹਨ, ਮੁਕਾਬਲਾ ਖਤਮ ਹੋਣ ਤੱਕ ਡੀਜੀਪੀ ਵੀ ਅੰਮ੍ਰਿਤਸਰ ਪੁੱਜ ਗਏ।
  • ਘਟਨਾ ਵਾਲੀ ਥਾਂ ਤੋਂ ਐਂਬੂਲੈਂਸ ਵੀ ਜਾਂਦੀ ਦਿਖਾਈ ਦਿੱਤੀ, ਜਿਸ ਤੋਂ ਕੁਝ ਲੋਕਾਂ ਦੇ ਜਖ਼ਮੀ ਹੋਣ ਦੀ ਖ਼ਬਰ ਦੀ ਪੁਸ਼ਟੀ ਹੋਈ।
  • ਪੁਲਿਸ ਨੇ ਮੱਕੀ ਦੇ ਖੇਤ ਵਿੱਚ ਲੁਕੇ ਬਦਮਾਸ਼ਾਂ ਨੂੰ ਬਾਹਰ ਕੱਢਣ ਲਈ ਬਖ਼ਤਰਬੰਦ ਗੱਡੀਆਂ ਵੀ ਮੰਗਵਾ ਲਈਆਂ ਸਨ।
  • ਪੁਲਿਸ ਮੁਕਾਬਲੇ ਵਿੱਚ ਇੱਕ ਪੱਤਰਕਾਰ ਜ਼ਖ਼ਮੀ ਵੀ ਹੋਇਆ ਹੈ, ਜਿਸ ਨੂੰ ਇਲਾਜ ਲਈ ਹਸਪਤਾਲ ਭੇਜਿਆ ਗਿਆ ਹੈ।

ਪੁਲਿਸ ਮੁਕਾਬਲਾ 4 ਘੰਟੇ ਚੱਲਿਆ

ਪ੍ਰਮੋਦ ਬਾਨ ਮੁਤਾਬਕ. ''ਪੰਜਾਬ ਪੁਲਿਸ ਦੀਆਂ ਟੀਮਾਂ ਨੇ ਵਾਰ-ਵਾਰ ਗੈਂਗਸਟਰਾਂ ਨੂੰ ਆਤਮ ਸਮਰਪਣ ਕਰਨ ਲਈ ਕਿਹਾ, ਪਰ ਪੁਲਿਸ ਕਹਿਣ ਦੇ ਬਾਵਜੂਦ ਉਨ੍ਹਾਂ ਨੇ ਸਰੈਂਡਰ ਨਹੀਂ ਕੀਤਾ।''

''ਇਹ ਮੁਕਾਬਲੇ ਚਾਰ ਸਾਢੇ ਚਾਰ ਤੱਕ ਚੱਲਿਆ।''

''ਇਸ ਸਮੇਂ ਤੱਕ ਮੌਕੇ ਤੋਂ ਹਥਿਆਰ ਬਰਾਮਦ ਵੀ ਬਰਾਮਦ ਹੋਏ ਹਨ। ਇਨ੍ਹਾਂ ਵਿਚ ਇੱਕ ਏਕੇ 47 ਅਤੇ ਇੱਕ ਪਿਸਟਲ ਹੈ। ਇੱਕ ਵੱਡਾ ਬੈਗ ਵੀ ਬਰਾਮਦ ਹੋਇਆ ਹੈ।''

ਪੁਲਿਸ ਵਲੋਂ ਜਾਰੀ ਕੀਤੀ ਗਈ ਮੁਕਾਬਲੇ ਦੀ ਫੋਟੋ ਵਿਚ ਇੱਕ ਗੈਂਗਸਟਰ ਏਕੇ ਸੰਤਾਲੀ ਨਾਲ ਮਰਿਆ ਪਿਆ ਦਿਖ ਰਿਹਾ ਹੈ।

ਪਰ ਬਾਨ ਦਾ ਕਹਿਣਾ ਸੀ, ''ਅਜੇ ਫਾਰੈਂਸਿਕ ਟੀਮਾਂ ਉੱਥੇ ਪਹੁੰਚੀਆਂ ਹੋਈਆਂ ਹਨ ਅਤੇ ਸੀਨ ਆਫ਼ ਕ੍ਰਾਈਮ ਨੂੰ ਪ੍ਰਿਜ਼ਰਵ ਕੀਤਾ ਹੋਇਆ ਹੈ।''

ਫੋਰੈਂਸਿਕ ਟੀਮਾਂ ਦੀ ਨਿਗਰਾਨੀ 'ਚ ਘਟਨਾ ਸਥਾਨ (ਸੀਨ ਆਫ਼ ਕ੍ਰਾਈਮ) ਦੀ ਸਾਰੀ ਜਾਂਚ ਚੱਲ ਰਹੀ ਹੈ।

ਉਨ੍ਹਾਂ ਦੱਸਿਆ ਕਿ, ''ਸਿੱਧੂ ਮੂਸੇਵਾਲਾ ਦੇ ਕਤਲ ਤੋਂ ਬਾਅਦ ਹੀ ਅਸੀਂ ਇਨ੍ਹਾਂ ਦੇ ਪਿੱਛੇ ਲੱਗੇ ਹੋਏ ਸੀ।''

''ਪਰ ਗੈਂਗਸਟਰ ਵੱਖ-ਵੱਖ ਥਾਵਾਂ 'ਤੇ ਜਾ ਰਹੇ ਸੀ, ਇਹ ਪੰਜਾਬ, ਹਰਿਆਣੇ ਤੇ ਰਾਜਸਥਾਨ ਦੇ ਇਲਾਕੇ 'ਚ ਘੁੰਮ ਰਹੇ ਸਨ। ਪੁਲਿਸ ਟੀਮਾਂ ਇਨ੍ਹਾਂ ਦਾ ਪਿੱਛਾ ਕਰਦੀ ਰਹੀ।

ਇਹ ਵੀ ਪੜ੍ਹੋ:

ਬਾਨ ਦਾ ਕਹਿਣਾ ਸੀ ਕਿ ਪੁਲਿਸ ਦੀਆਂ ਇਨ੍ਹਾਂ ਨੂੰ ਫੜ੍ਹਨ ਦੀਆਂ ਕੋਸ਼ਿਸ਼ਾਂ ਦੇ ਸਿਲਸਿਲੇ ਦੀ ਕੜੀ ਵਿਚ ਹੀ 'ਚ ਅੱਜ ਇਹ ਮੁਕਾਬਲਾ ਹੋਇਆ।

ਉਨ੍ਹਾਂ ਇਸ ਦੌਰਾਨ ਕਿਹਾ ਕਿ ਪੰਜਾਬ ਪੁਲਿਸ ਸੂਬੇ 'ਚੋਂ ਗੈਂਗਸਟਰਾਂ ਅਤੇ ਨਸ਼ਿਆਂ ਨੂੰ ਖ਼ਤਮ ਕਰ ਲਈ ਪੂਰੀ ਤਰ੍ਹਾਂ ਸਰਗਰਮ ਹੈ।

ਪ੍ਰਮੋਦ ਬਾਨ ਨੇ ਹੀ ਕੀਤੀ ਸੀ ਮੌਤਾਂ ਦੀ ਪੁਸ਼ਟੀ

ਪੱਤਰਕਾਰਾਂ ਨੂੰ ਜਾਣਕਾਰੀ ਦਿੰਦੇ ਹੋਏ ਏਡੀਜੀਪੀ ਨੇ ਕਿਹਾ ਕਿ ''ਸਿੱਧੂ ਮੂਸੇਵਾਲਾ ਕਤਲ ਵਿੱਚ ਕੋਰੋਲਾ ਮਾਡਿਊਲ ਦੇ ਦੋ ਸ਼ੂਟਰ ਅਜੇ ਵੀ ਫਰਾਰ ਸਨ। ਉਨ੍ਹਾਂ ਬਾਰੇ ਜਾਣਕਾਰੀ ਸੀ।''

ਉਨ੍ਹਾਂ ਦੱਸਿਆ, ''ਐਂਟੀ ਗੈਂਗਸਟਰ ਟਾਸਕ ਫੋਰਸ ਅਤੇ ਸਥਾਨਕ ਪੁਲਿਸ ਅਧਿਕਾਰੀਆਂ ਦੇ ਸਹਿਯੋਗ ਨਾਲ ਅੱਜ ਉਨ੍ਹਾਂ ਨੂੰ ਇੱਥੇ ਘੇਰਾ ਪਾਇਆ ਗਿਆ। ਕਾਫ਼ੀ ਐਕਸਚੇਂਜ ਆਫ਼ ਫ਼ਾਇਰ ਹੋਇਆ।''

ਏਡੀਜੀਪੀ ਨੇ ਪੁਸ਼ਟੀ ਕੀਤੀ ਕਿ ਮੌਕੇ 'ਤੇ ਦੋ ਬੰਦੇ ਸਨ, ''ਇੱਕ ਮਨੂੰ ਦੂਜਾ ਰੂਪਾ। ਦੋਵਾਂ ਦੀ ਇਸ ਮੁਕਾਬਲੇ ਵਿੱਚ ਮੌਤ ਹੋ ਗਈ ਹੈ।''

ਪੁਲਿਸ ਮੁਤਾਬਕ, ਮੌਕੇ ਤੋਂ ਇੱਕ ਏਕੇ-47 ਅਤੇ ਇੱਕ ਪਿਸਟਲ ਬਰਾਮਦ ਹੋਈ ਹੈ।

ਮੌਕੇ ਤੋਂ ਇੱਕ ਬੈਗ ਵੀ ਮਿਲਿਆ ਹੈ, ਪੁਲਿਸ ਅਨੁਸਾਰ ਫੋਰੈਂਸਿਕ ਟੀਮ ਆਉਣ 'ਤੇ ਉਸ ਦੀ ਜਾਂਚ ਕੀਤੀ ਜਾਵੇਗੀ ਅਤੇ ਦੇਖਿਆ ਜਾਵੇਗਾ ਕਿ ਕੀ ਹੋਰ ਹਥਿਆਰ ਵੀ ਸਨ।

ਮੁਕਾਬਲੇ ਵਾਲੀ ਥਾਂ ਦਾ ਮੰਜ਼ਰ

ਬੀਬੀਸੀ ਪੰਜਾਬੀ ਦੇ ਸਹਿਯੋਗੀ ਰਵਿੰਦਰ ਸਿੰਘ ਰੌਬਿਨ ਪੁਲਿਸ ਮੁਕਾਬਲੇ ਵਾਲੀ ਥਾਂ ਤੋਂ ਕੁਝ ਦੂਰੀ ਉੱਤੇ ਹਾਜ਼ਰ ਸੀ।

ਉਨ੍ਹਾਂ ਦੱਸਿਆ ਕਿ ਜਿੱਥੇ ਮੱਕੀ ਦੇ ਖੇਤਾਂ ਵਿਚਲੀਆਂ ਢਾਣੀਆਂ ਵਿੱਚ ਸ਼ੱਕੀ ਗੈਂਗਸਟਰ ਭੱਜ ਕੇ ਲੁਕ ਗਏ ਸਨ।

ਪੁਲਿਸ ਨੇ ਉਸ ਪਿੰਡ ਨੂੰ ਚੁਫੇਰਿਓਂ ਘੇਰ ਲਿਆ ਸੀ। ਗੈਂਗਸਟਰ ਜਿੱਥੇ ਲੁਕੇ ਸਨ, ਉਸ ਦੇ ਆਲੇ-ਦੁਆਲੇ ਦੇ ਘਰਾਂ ਨੂੰ ਖਾਲੀ ਕਰਵਾਇਆ ਗਿਆ ਸੀ।

ਅਸਲ ਵਿੱਚ ਭਕਨਾ ਕਲ਼ਾਂ ਪਿੰਡ ਤੋਂ ਬਾਹਰਵਾਰ ਬਣੀਆਂ ਢਾਣੀਆਂ ਵਿੱਚ ਸ਼ੱਕੀ ਗੈਂਗਸਟਰ ਲੁਕੇ ਹੋਏ ਸਨ।

ਪਹਿਲਾਂ ਪੁਲਿਸ ਦਾ ਕਹਿਣਾ ਸੀ ਕਿ ਹਥਿਆਰਬੰਦ ਵਿਅਕਤੀ ਗੈਂਗਸਟਰ ਹਨ ਜਾਂ ਅੱਤਵਾਦੀ ਇਸ ਬਾਰੇ ਅਜੇ ਪੱਕੇ ਤੌਰ ਉੱਤੇ ਕੁਝ ਨਹੀਂ ਕਿਹਾ ਜਾ ਸਕਦਾ।

ਪਰ ਮੁਕਾਬਲੇ ਦੇ ਖ਼ਤਮ ਹੋਣ ਤੋਂ ਬਾਅਦ ਪੁਲਿਸ ਨੇ ਮਾਰੇ ਗਏ ਵਿਅਕਤੀਆਂ ਦੇ ਨਾਵਾਂ ਦੀ ਪੁਸ਼ਟੀ ਕਰ ਦਿੱਤੀ ਹੈ।

ਚਸ਼ਮਦੀਦਾਂ ਨੇ ਕੀ ਦੱਸਿਆ ਸੀ

ਪੁਲਿਸ ਮੁਕਾਬਲੇ ਮੌਕੇ 'ਤੇ ਮੌਜੂਦ ਸਥਾਨਕ ਵਾਸੀ ਡਾ. ਮਨਜੀਤ ਸਿੰਘ ਨੇ ਦੱਸਿਆ ਸੀ ਕਿ ਮੱਕੀ ਦੇ ਖੇਤਾਂ ਨੇੜਲੇ ਘਰਾਂ ਵਿੱਚ ਕੁਝ ਬਦਮਾਸ਼ ਲੁਕੇ ਹੋਏ ਹਨ ਅਤੇ ਪੁਲਿਸ ਦੀ ਕਾਰਵਾਈ ਸਵੇਰ ਤੋਂ ਜਾਰੀ ਸੀ।

ਖ਼ਬਰ ਏਜੰਸੀ ਏਐੱਨਆਈ ਮੁਤਾਬਕ, ਇਸ ਪੁਲਿਸ ਮੁਕਾਬਲੇ ਦੌਰਾਨ ਇੱਕ ਪੱਤਰਕਾਰ ਵੀ ਜ਼ਖ਼ਮੀ ਹੋ ਗਿਆ , ਜਿਸ ਨੂੰ ਇਲਾਜ ਲਈ ਹਸਪਤਾਲ ਲਿਜਾਇਆ ਗਿਆ ਹੈ।

ਇੱਕ ਹੋਰ ਚਸ਼ਮਦੀਦ ਬਲਵੰਤ ਸਿੰਘ ਨੇ ਦੱਸਿਆ ਕਿ ਇਹ ਇਲਾਕਾ ਪਿੰਡ ਭਕਨਾ ਕਲਾਂ, ਚੀਚਾ, ਹੁਸ਼ਿਆਰਨਗਰ ਦੇ ਦਰਮਿਆਨ ਹੈ।

''ਅੱਜ ਸਵੇਰੇ ਕੁਝ ਬਦਮਾਸ਼ ਖੇਤ ਰਾਹੀਂ ਉੱਥੇ ਮੌਜੂਦ ਬੰਬੀ ਵਿੱਚ ਲੁਕ ਗਏ। ਪੁਲਿਸ ਨੇ ਉਨ੍ਹਾਂ ਦਾ ਪਿੱਛਾ ਕੀਤਾ ਗਿਆ ਅਤੇ ਉੱਥੇ ਮੇਰਾ ਬੇਟਾ ਵੀ ਮੌਜੂਦ ਸੀ।''

"ਪੁਲਿਸ ਨੇ ਮੇਰੇ ਬੇਟੇ ਨੂੰ ਆਪਣੀ ਹਿਫ਼ਾਜ਼ਤ ਵਿੱਚ ਲੈ ਲਿਆ ਹੈ ਅਤੇ ਉਹ ਸੁਰੱਖਿਅਤ ਹੈ। ਪੰਜਾਬ ਪੁਲਿਸ ਦੇ ਵੀ ਕੁਝ ਕਰਮੀ ਜ਼ਖ਼ਮੀ ਹੋਏ ਹਨ।"

ਸਥਾਨਕ ਲੋਕਾਂ ਦਾ ਕਹਿਣਾ ਹੈ ਕਿ ਇਹ ਪੁਲਿਸ ਮੁਕਾਬਲਾ ਸਵੇਰੇ ਕਰੀਬ 10.30 ਵਜੇ ਤੋਂ ਸ਼ੁਰੂ ਹੋਇਆ ਸੀ।

ਪੰਜਾਬ ਪੁਲਿਸ ਦੀ ਪ੍ਰੈਸ ਕਾਨਫਰੰਸ

ਪੰਜਾਬ ਵਿੱਚ ਗੈਂਗਸਟਰ ਗਤੀਵਿਧੀਆਂ

ਬੀਬੀਸੀ ਪੱਤਰਕਾਰ ਅਰਵਿੰਦ ਛਾਬੜਾ ਨੇ ਕੁਝ ਦਿਨ ਪਹਿਲਾਂ ਪੰਜਾਬ ਦੇ ਕੁਝ ਅਧਿਕਾਰੀਆਂ ਨਾਲ ਗੱਲ ਕੀਤੀ ਜੋ ਗੈਂਗਸਟਰ ਵੱਲੋਂ ਕੀਤੇ ਗਏ ਜੁਰਮ ਨੂੰ ਰੋਕਣ ਲਈ ਕੰਮ ਕਰਦੇ ਹਨ।

ਉਨ੍ਹਾਂ ਮੁਤਾਬਕ ਪੰਜਾਬ ਵਿੱਚ ਕੁੱਲ 40 ਦੇ ਕਰੀਬ ਗਿਰੋਹ ਹਨ, ਜਿਨ੍ਹਾਂ ਵਿੱਚੋਂ 7-8 ਗਿਰੋਹ ਕਾਫੀ ਸਰਗਰਮ ਹਨ ਅਤੇ 3-4 ਅਜਿਹੇ ਹਨ ਜੋ ਸਭ ਤੋਂ ਵੱਧ ਵਾਰਦਾਤਾਂ ਨੂੰ ਅੰਜ਼ਾਮ ਦਿੰਦੇ ਹਨ।

ਪੰਜਾਬ ਵਿੱਚ ਗਿਰੋਹ ਭਾਵੇਂ ਕਈ ਸਰਗਰਮ ਹਨ ਪਰ ਇੱਥੇ ਅਸੀਂ ਉਨ੍ਹਾਂ 4 ਗਿਰੋਹਾਂ ਦੀ ਗੱਲ ਕਰਾਂਗੇ, ਜਿਹੜੇ ਪੁਲਿਸ ਮੁਤਾਬਕ ਸਭ ਤੋਂ ਵੱਧ ਸਰਗਰਮ ਹਨ।

ਗੈਂਗਸਟਰ ਕਿਹੜੇ ਅਪਰਾਧ ਕਰਦੇ ਹਨ

ਪੰਜਾਬ ਪੁਲਿਸ ਦੇ ਇੱਕ ਸੀਨੀਅਰ ਅਧਿਕਾਰੀ ਨੇ ਕਿਹਾ ਕਿ ਮੌਜੂਦਾ ਸਮੇਂ ਵਿੱਚ ਗੈਂਗਸਟਰਾਂ, ਖਾੜਕੂ ਅਤੇ ਨਸ਼ਾ ਤਸਕਰਾਂ ਦੇ ਹੱਥ ਮਿਲਾਉਣ ਨਾਲ ਇੱਕ ਖ਼ਤਰਨਾਕ ਰਲਿਆ ਮਿਲਿਆ ਕੰਮ ਚੱਲ ਰਿਹਾ ਹੈ।

ਸਰਕਾਰੀ ਸੂਤਰਾਂ ਦਾ ਕਹਿਣਾ ਹੈ ਕਿ ਗੈਂਗਸਟਰਾਂ ਦੀ ਜ਼ਿਆਦਾਤਰ ਸਰਗਰਮੀ "ਅੰਤਰ-ਗੈਂਗ ਰੰਜਿਸ਼ਾਂ ਤੱਕ ਸੀਮਤ" ਹੈ।

ਉਹ ਲੁੱਟਾ-ਖੋਹਾਂ ਤੇ ਜ਼ਬਰਨ ਵਸੂਲੀਆਂ ਕਰਦੇ ਹਨ, ਭਾਵੇਂ ਉਹ ਲੋਕ ਫਿਲਮ ਇੰਡਸਟਰੀ, ਸੰਗੀਤ ਜਗਤ ਜਾਂ ਹੋਰ ਅਮੀਰ ਲੋਕ ਹੋਣ।

ਪੰਜਾਬ ਦਾ ਸੰਗੀਤ ਜਗਤ ਭਾਰਤ ਵਿੱਚ ਮਸ਼ਹੂਰ ਹੈ। ਇਸ ਲਈ ਇਸ ਵਿੱਚ ਸ਼ਾਮਲ ਲੋਕਾਂ ਦੀ ਪਛਾਣ ਕਰਨੀ ਸੌਖੀ ਹੋ ਜਾਂਦੀ ਹੈ।

ਗਿਰੋਹ ਉਨ੍ਹਾਂ ਕੋਲੋਂ ਜਬਰਨ ਵਸੂਲੀ ਅਤੇ ਫਰੌਤੀਆਂ ਦੀ ਮੰਗ ਕਰਦੇ ਹਨ ਅਤੇ ਇਨਕਾਰ ਕਰਨ 'ਤੇ ਅਗਵਾ ਜਾਂ ਹਮਲਾ ਵੀ ਕਰ ਦਿੰਦੇ ਹਨ, ਜਿਵੇਂ ਪਰਮੀਸ਼ ਵਰਮਾ 'ਤੇ ਹਮਲਾ ਕੀਤਾ ਸੀ ਅਤੇ ਮਨਕੀਰਤ ਔਲਖ ਵੱਲੋਂ ਧਮਕੀਆਂ ਮਿਲਣ ਦਾ ਦਾਅਵਾ ਕੀਤਾ ਗਿਆ ਸੀ।

ਇਸ ਤੋਂ ਗਿਰੋਹ ਹੋਰ ਮਸ਼ਹੂਰ ਹਸਤੀਆਂ, ਅਮੀਰ ਲੋਕਾਂ, ਵਪਾਰੀਆਂ, ਸ਼ਰਾਬ ਦੇ ਕਾਰੋਬਾਰੀਆਂ, ਸੱਟੇਬਾਜ਼ਾਂ ਆਦਿ ਕੋਲੋਂ ਵੀ ਵਸੂਲੀ ਕਰਦੇ ਹਨ।

ਪਰ ਕਈ ਸਿਆਸੀ ਤੇ ਕਾਰੋਬਾਰੀ ਲੋਕ ਇਨ੍ਹਾਂ ਗਿਰੋਹਾਂ ਦੀ ਵਰਤੋਂ ਆਪਣੇ ਹਿੱਤਾਂ ਦੀ ਪੂਰਤੀ ਲਈ ਕਰਦੇ ਹਨ।

ਪੁਲਿਸ ਸੂਤਰਾਂ ਦਾ ਕਹਿਣਾ ਹੈ ਕਿ ਗੈਂਗਸਟਰ ਕਤਲ, ਹਥਿਆਰਾਂ ਦੀ ਤਸਕਰੀ ਅਤੇ ਨਸ਼ਾ ਤਸਕਰੀ, ਆਦਿ ਵਿੱਚ ਵੀ ਸ਼ਾਮਲ ਰਹਿੰਦੇ ਹਨ।

ਇਹ ਦੋ ਨੰਬਰ ਦੇ ਪੈਸੇ ਨੂੰ ਆਪਣੇ ਹਿਸਾਬ ਨਾਲ ਇੰਡਸਟਰੀ ਵਿੱਚ ਇਨਵੈਸਟ ਵੀ ਕਰਦੇ ਹਨ, ਭਾਵੇਂ ਉਹ ਫਿਲਮ ਹੋਵੇ ਜਾਂ ਕੋਈ ਕਾਰੋਬਾਰ ਹੋਵੇ।

ਪੰਜਾਬ ਪੁਲਿਸ ਦੇ ਡਾਇਰੈਕਟਰ ਜਨਰਲ ਦੇ ਦਫ਼ਤਰ ਤੋਂ ਉਪਲੱਬਧ ਅਪਰਾਧ ਅੰਕੜਿਆਂ ਅਨੁਸਾਰ ਇਸ ਸਾਲ ਅਪ੍ਰੈਲ ਦੇ ਮੱਧ ਤੱਕ ਸੂਬੇ ਵਿੱਚ ਇਸ ਸਾਲ 158 ਕਤਲ ਹੋ ਚੁੱਕੇ ਹਨ, ਜੋ ਪ੍ਰਤੀ ਮਹੀਨਾ ਔਸਤਨ 50 ਕਤਲ ਬਣਦੇ ਹਨ।

ਸਾਲ 2021 'ਚ 724 ਲੋਕਾਂ ਦਾ ਕਤਲ ਹੋਇਆ ਸੀ ਜਦਕਿ 2020 'ਚ ਸੂਬੇ 'ਚ 757 ਕਤਲ ਹੋਏ।

ਸਾਲ 2021 ਵਿੱਚ ਹਰ ਮਹੀਨੇ ਔਸਤਨ 60 ਕਤਲ ਅਤੇ 2020 ਵਿੱਚ 65 ਕਤਲ ਹੋਏ।

ਡੀਜੀਪੀ ਦਫ਼ਤਰ ਨੇ ਦਾਅਵਾ ਕੀਤਾ ਕਿ ਇਸ ਸਾਲ ਅਪ੍ਰੈਲ ਦੇ ਮੱਧ ਤੱਕ ਪੰਜਾਬ ਪੁਲਿਸ ਨੇ 16 ਗੈਂਗਸਟਰ ਮਾਡਿਊਲਾਂ ਦਾ ਪਰਦਾਫਾਸ਼ ਕੀਤਾ ਹੈ ਅਤੇ ਇਨ੍ਹਾਂ ਦੀਆਂ ਗਤੀਵਿਧੀਆਂ ਵਿੱਚ ਸ਼ਾਮਲ 98 ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਹੈ।

ਇਹ ਦੱਸਿਆ ਗਿਆ ਹੈ ਕਿ 2022 ਵਿੱਚ ਸੂਬੇ ਵਿੱਚ ਗੈਂਗਸਟਰਾਂ ਨਾਲ ਜੁੜੇ ਅਪਰਾਧਾਂ ਸਬੰਧਿਤ ਛੇ ਕਤਲ ਹੋਏ ਸਨ।

ਸਰਕਾਰ ਦਾ ਕਹਿਣਾ ਹੈ ਕਿ ਗੈਂਗਸਟਰਾਂ 'ਤੇ ਕਾਬੂ ਪਾਉਣ ਲਈ ਪੰਜਾਬ ਸਰਕਾਰ ਨੇ ਏਡੀਜੀਪੀ ਪ੍ਰਮੋਦ ਬਾਨ ਨੂੰ ਇਸ ਦੇ ਮੁਖੀ ਵਜੋਂ ਤੈਨਾਤ ਕਰ ਕੇ ਗੈਂਗਸਟਰ ਵਿਰੋਧੀ ਟਾਸਕ ਫੋਰਸ ਦਾ ਗਠਨ ਕਰ ਕੇ ਪ੍ਰਸ਼ਾਸਨਿਕ ਕਦਮ ਚੁੱਕੇ ਹਨ।

ਏਆਈਜੀ ਆਰਗੇਨਾਈਜ਼ਡ ਕ੍ਰਾਈਮ ਕੰਟਰੋਲ ਯੂਨਿਟ (ਓਸੀਸੀਯੂ) ਗੁਰਮੀਤ ਸਿੰਘ ਚੌਹਾਨ ਏਆਈਜੀ ਏਜੀਟੀਐੱਫ ਹਨ ਅਤੇ ਗੁਰਪ੍ਰੀਤ ਸਿੰਘ ਭੁੱਲਰ ਡੀਆਈਜੀ ਏਜੀਟੀਐੱਫ ਹਨ।

ਡੀਐੱਸਪੀ ਖਰੜ ਬਿਕਰਮਜੀਤ ਸਿੰਘ ਬਰਾੜ ਨੂੰ ਡੀਐੱਸਪੀ ਏਜੀਟੀਐੱਫ ਦਾ ਵਾਧੂ ਚਾਰਜ ਦਿੱਤਾ ਗਿਆ ਹੈ। ਫੋਰਸ ਨੂੰ ਰਾਜ ਵਿੱਚ ਨਿਯਮਤ ਪੁਲਿਸ ਦਾ ਸਮਰਥਨ ਪ੍ਰਾਪਤ ਹੈ।

ਹਥਿਆਰਾਂ ਨਾਲ ਸਬੰਧਿਤ ਨੈਸ਼ਨਲ ਕ੍ਰਾਈਮ ਰਿਕਾਰਡ ਬਿਊਰੋ ਤੋਂ ਪ੍ਰਾਪਤ ਅੰਕੜੇ ਦੱਸਦੇ ਹਨ ਕਿ ਪੰਜਾਬ ਦੇ ਹਾਲਾਤ ਕਾਫ਼ੀ ਖ਼ਰਾਬ ਹਨ।

ਭਾਰਤੀ ਦੰਡ ਸੰਹਿਤਾ (IPC) ਦੀ ਧਾਰਾ 324 ਖ਼ਤਰਨਾਕ ਹਥਿਆਰਾਂ ਨਾਲ ਹੋਣ ਵਾਲੀਆਂ ਸੱਟਾਂ ਨਾਲ ਸੰਬੰਧਿਤ ਹੈ।

2020 ਦੇ ਰਿਕਾਰਡ, ਜੋ ਕਿ ਨਵੀਨਤਮ ਐੱਨਸੀਆਰਬੀ ਅੰਕੜੇ ਹਨ, ਦਰਸਾਉਂਦੇ ਹਨ ਕਿ ਪੰਜਾਬ ਵਿੱਚ 2301 ਪੀੜਤ ਸਨ ਤੇ 7.4 ਦੀ ਅਪਰਾਧ ਦਰ ਹੈ।

ਇਸ ਦੇ ਮੁਕਾਬਲੇ ਗੁਆਂਢੀ ਸੂਬੇ ਹਰਿਆਣਾ ਵਿੱਚ 1871 ਪੀੜਤ ਹਨ ਅਤੇ ਅਪਰਾਧ ਦਰ 5.9 ਹੈ।

ਆਈਪੀਸੀ ਦੀ ਧਾਰਾ 326 ਖ਼ਤਰਨਾਕ ਹਥਿਆਰਾਂ ਦੀ ਵਰਤੋਂ ਕਰ ਕੇ ਗੰਭੀਰ ਨੁਕਸਾਨ ਪਹੁੰਚਾਉਣ ਨਾਲ ਸੰਬੰਧਿਤ ਹੈ।

ਪੰਜਾਬ ਵਿੱਚ ਸਾਲ 2020 ਇਸ ਸ਼੍ਰੇਣੀ ਵਿੱਚ 598 ਪੀੜਤ ਸਨ ਜਦੋਂ ਕਿ ਹਰਿਆਣਾ ਵਿੱਚ 112 ਪੀੜਤ ਸਨ ਜਦੋਂ ਕਿ ਇੱਕ ਹੋਰ ਗੁਆਂਢੀ ਰਾਜ ਹਿਮਾਚਲ ਪ੍ਰਦੇਸ਼ ਵਿੱਚ ਸਿਰਫ਼ ਇੱਕ ਕੇਸ ਸੀ।

ਹਾਲਾਂਕਿ, ਪੰਜਾਬ ਵਿੱਚ ਕਤਲਾਂ ਦੀ ਗਿਣਤੀ (757) 2020 ਵਿੱਚ ਹਰਿਆਣਾ (1143) ਨਾਲੋਂ ਘੱਟ ਸਨ।

ਇਤਫ਼ਾਕਨ, ਐੱਨਸੀਆਰਬੀ ਦੇ ਅੰਕੜਿਆਂ ਅਨੁਸਾਰ 2020 ਵਿੱਚ ਪੰਜਾਬ ਵਿੱਚ ਗੈਂਗ ਰੰਜਿਸ਼ ਕਾਰਨ ਇੱਕ ਵੀ ਵਿਅਕਤੀ ਦਾ ਕਤਲ ਨਹੀਂ ਹੋਇਆ ਸੀ, ਜਦੋਂ ਕਿ ਹਰਿਆਣਾ ਵਿੱਚ 2 ਕਤਲ ਗੈਂਗ ਕਾਰਨ ਹੋਏ ਸਨ।

ਪੰਜਾਬ ਵਿਚ ਲਾਇਸੈਂਸੀ ਹਥਿਆਰਾਂ ਦੀ ਗਿਣਤੀ ਦੇਸ਼ ਦੇ ਮੋਹਰੀ ਰਾਜਾਂ ਵਿੱਚੋਂ ਹੈ।

ਇਹ ਵੀ ਪੜ੍ਹੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)