You’re viewing a text-only version of this website that uses less data. View the main version of the website including all images and videos.
ਮੂਸੇਵਾਲਾ ਦੇ ਪਿਤਾ ਜਿਸ ‘ਲਾਸਟ ਰਾਇਡ’ ਦੀ ਗੱਲ ਕਰ ਰਹੇ, ਉਹ ਗੀਤ ਸਿੱਧੂ ਨੇ ਕਿਸ ਦੀ ਯਾਦ ਵਿੱਚ ਲਿਖਿਆ ਸੀ
ਮਰਹੂਮ ਪੰਜਾਬੀ ਗਾਇਕ ਸ਼ੁਭਦੀਪ ਸਿੰਘ ਉਰਫ਼ ਸਿੱਧੂ ਮੂਸੇਵਾਲਾ ਦੇ ਪਿਤਾ ਨੇ ਕਿਹਾ ਕਿ ਉਹ ਸਿੱਧੂ ਦੀ ਥਾਰ ਜੀਪ ਉੱਤੇ ਨਿਆਂ ਲਈ ਪੰਜਾਬ ਦਾ ਦੌਰਾਨ ਕਰਨਗੇ। ਉਨ੍ਹਾਂ ਕਿਹਾ ਕਿ ਭਾਵੇਂ ਮੇਰੇ ਪੁੱਤ ਦੀ ਲਾਸਟ ਰਾਇਡ ਮੇਰੀ ਵੀ ਲਾਸਟ ਰਾਇਡ ਬਣ ਜਾਵੇ, ਪਰ ਮੈਂ ਪਿੱਛੇ ਨਹੀਂ ਹਟਾਂਗਾ।
ਅਸਲ ਵਿੱਚ ਲਾਸਟ ਰਾਇਡ ਸਿੱਧੂ ਮੂਸੇਵਾਲਾ ਦੇ ਕਤਲ ਤੋਂ ਕੁਝ ਸਮਾਂ ਪਹਿਲਾਂ ਗਾਇਆ ਚਰਚਿਤ ਗੀਤ ਸੀ। ਮਈ 2022 ਵਿੱਚ ਸਿੱਧੂ ਮੂਸੇਵਾਲਾ ਦਾ ਕਤਲ ਤੋਂ ਬਾਅਦ ਬੀਬੀਸੀ ਪੰਜਾਬੀ ਨੇ ਇਸ ਗੀਤ ਬਾਰੇ ਇਸ ਖਾਸ ਰਿਪੋਰਟ ਕੀਤੀ ਸੀ। ਜਿਸ ਨੂੰ ਮੁੜ ਤੋਂ ਛਾਪਿਆ ਜਾ ਰਿਹਾ ਹੈ।
ਚੋਬਰ ਦੇ ਚਿਹਰੇ ਉੱਤੇ ਨੂਰ ਦੱਸਦਾ...
ਨੀ ਏਹਦਾ ਉਠੂਗਾ ਜਵਾਨੀ 'ਚ ਜਨਾਜ਼ਾ ਮਿੱਠੀਏ।
ਇਹ ਸਿੱਧੂ ਮੂਸੇਵਾਲੇ ਦੇ ਆਖ਼ਰੀ ਗੀਤ ਦੇ ਬੋਲ ਹਨ। ਬਲਦੀ ਹੋਈ ਚਿਤਾ ਦੇ ਪਹਿਲੇ ਦ੍ਰਿਸ਼ ਨਾਲ ਸ਼ੁਰੂ ਹੋਣ ਵਾਲੇ ਇਸ ਗੀਤ ਦਾ ਨਾਮ 'ਦਿ ਲਾਸਟ ਰਾਈਡ' ਹੈ।
ਮੂਸੇਵਾਲਾ ਦਾ ਇਹ ਗੀਤ ਲੰਘੀ 15 ਮਈ ਨੂੰ ਹੀ ਰਿਲੀਜ਼ ਹੋਇਆ ਹੈ ਅਤੇ ਉਸ ਤੋਂ 15 ਦਿਨ ਬਾਅਦ ਹੀ ਉਨ੍ਹਾਂ ਨੂੰ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ।
ਯੂਟਿਊਬ 'ਤੇ ਇਸ ਗੀਤ ਨੂੰ ਹੁਣ ਤੱਕ 1 ਕਰੋੜ 85 ਲੱਖ ਤੋਂ ਵੱਧ ਵਾਰ ਦੇਖਿਆ ਜਾ ਚੁੱਕਿਆ ਹੈ।
ਆਖ਼ਰੀ ਗੀਤ 'ਚ ਮੌਤ ਦੀ ਗੱਲ
ਆਪਣੇ ਆਖ਼ਰੀ ਗੀਤ ਵਿੱਚ ਮੂਸੇਵਾਲਾ ਨੇ ਮੌਤ ਦੀ ਗੱਲ ਕੀਤੀ ਹੈ। ਗੀਤ ਵਿੱਚ ਉਨ੍ਹਾਂ ਨੇ ਛੋਟੀ ਉਮਰ 'ਚ ਕਮਾਈ ਸ਼ੋਹਰਤ, ਕਾਮਯਾਬੀ ਅਤੇ ਜਵਾਨੀ 'ਚ ਮੌਤ ਦੀ ਗੱਲ ਕੀਤੀ ਹੈ।
ਸਿੱਧੂ ਦੇ ਇਸ ਗੀਤ ਵਿੱਚ ਇੱਕ ਅਮਰੀਕੀ ਗਾਇਕ (ਰੈਪਰ) ਟੁਪੈਕ ਦੀ ਮੌਤ ਦੀ ਕਹਾਣੀ ਦਰਸਾਈ ਗਈ ਹੈ।
ਸਿੱਧੂ ਮੂਸੇਵਾਲਾ ਨੇ ਆਪਣਾ ਗੀਤ ਰਿਲੀਜ਼ ਕਰਨ ਤੋਂ ਪਹਿਲਾਂ ਆਪਣੇ ਸੋਸ਼ਲ ਮੀਡੀਆ ਅਕਾਊਂਟ 'ਤੇ ਉਸ ਕਾਰ ਦੀ ਤਸਵੀਰ ਵੀ ਪੋਸਟ ਕੀਤੀ ਸੀ।
ਜਿਸ 'ਚ ਟੁਪੈਕ 'ਤੇ ਹਮਲਾ ਹੋਇਆ ਸੀ। ਸਿੱਧੂ ਨੇ ਇਸ ਤਸਵੀਰ 'ਤੇ ਲਿਖਿਆ ਸੀ 'ਦਿ ਲਾਸਟ ਰਾਈਡ'।
ਆਪਣੇ ਗੀਤ ਵਿੱਚ ਮੂਸੇਵਾਲਾ ਨੇ ਜਿਸ ਗਾਇਕ ਟੁਪੈਕ ਸ਼ਕੂਰ ਦੀ ਗੱਲ ਕੀਤੀ ਹੈ, ਉਹ ਕੌਣ ਸੀ?
ਟੁਪੈਕ ਸ਼ਕੂਰ ਇੱਕ ਅਮਰੀਕੀ ਗਾਇਕ ਸਨ ਜੋ ਮੁੱਖ ਤੌਰ 'ਤੇ ਰੈਪ ਸਾਂਗ (ਗੀਤ) ਗਾਉਂਦੇ ਸਨ। ਛੋਟੀ ਉਮਰ ਵਿੱਚ ਹੀ ਉਨ੍ਹਾਂ ਨੇ ਸੰਗੀਤ ਜਗਤ ਵਿੱਚ ਚੰਗਾ ਨਾਮ ਕਮਾ ਲਿਆ ਸੀ।
7 ਸਤੰਬਰ, 1996 ਵਿੱਚ ਅਮਰੀਕਾ ਦੇ ਲਾਸ ਵੇਗਾਸ ਵਿੱਚ ਉਨ੍ਹਾਂ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ।
ਜਿਸ ਸਮੇਂ ਟੁਪੈਕ ਨੂੰ ਕਤਲ ਕੀਤਾ ਗਿਆ, ਉਨ੍ਹਾਂ ਦੀ ਉਮਰ ਸਿਰਫ਼ 25 ਸਾਲ ਸੀ।
ਸਿੱਧੂ ਮੂਸੇਵਾਲਾ ਪੰਜਾਬੀ ਦਾ ਕੌਮਾਂਤਰੀ ਪੱਧਰ ਦਾ ਪੌਪ ਸਟਾਰ ਸੀ। ਉਸ ਨੂੰ ਘੇਰ ਕੇ ਦਿਨ-ਦਿਹਾੜੇ ਅਤਿਆਧੁਨਿਕ ਹਥਿਆਰਾਂ ਨਾਲ ਕਤਲ ਕੀਤਾ ਜਾਣਾ ਸਮੁੱਚੇ ਸਮਾਜ ਲਈ ਦੁੱਖਦਾਇਕ ਅਤੇ ਪ੍ਰੇਸ਼ਾਨੀ ਵਾਲਾ ਹੈ।
ਸਿੱਧੂ ਮੂਸੇਵਾਲਾ ਦੇ ਕਤਲ ਨੂੰ ਪੰਜਾਬ ਪੁਲਿਸ ਨੇ ਜਿਵੇਂ ਗੈਂਗਵਾਰ ਨਾਲ ਜੋੜਿਆ ਹੈ, ਉਸ ਨੇ ਪਿਛਲੇ ਕੁਝ ਸਮੇਂ ਤੋਂ ਹੋ ਰਹੀਆਂ ਹਿੰਸਕ ਵਾਰਦਾਤਾਂ ਪ੍ਰਤੀ ਲੋਕਾਂ ਦੀ ਚਿੰਤਾਂ ਨੂੰ ਸਿਖ਼ਰਾਂ ਉੱਤੇ ਪਹੁੰਚਾ ਦਿੱਤਾ ਹੈ।
ਪੰਜਾਬ ਨੇ ਲੰਬਾ ਸਮਾਂ ਹਿੰਸਕ ਦੌਰ ਦੇਖਿਆ ਹੈ ਅਤੇ ਕਬੱਡੀ ਖਿਡਾਰੀ ਨੰਗਲ ਅੰਬੀਆਂ ਅਤੇ ਸਿੱਧੂ ਮੂਸੇਵਾਲਾ ਵਰਗੇ ਕਤਲਾਂ ਨੇ ਪੰਜਾਬ ਦੇ ਲੋਕਾਂ ਅੱਗੇ ਉਸੇ ਵਰਗਾ ਦੌਰ ਮੁੜਨ ਦਾ ਡਰ ਤੇ ਸਹਿਮ ਪਾ ਦਿੱਤਾ ਹੈ।
ਉਹ ਮਾਇਕ ਟਾਇਸਨ ਦਾ ਇੱਕ ਬਾਕਸਿੰਗ ਮੈਚ ਦੇਖ ਕੇ ਵਾਪਸ ਆ ਰਹੇ ਸਨ ਅਤੇ ਹਮਲਾਵਰਾਂ ਨੇ ਉਨ੍ਹਾਂ ਉੱਤੇ ਕਾਰ ਵਿੱਚ ਹੀ ਹਮਲਾ ਕਰ ਦਿੱਤਾ। ਇਸ ਘਟਨਾ ਵਿੱਚ ਉਨ੍ਹਾਂ ਦੀ ਮੌਤ ਹੋ ਗਈ।
ਟੁਪੈਕ ਸ਼ਕੂਰ ਦਾ ਸੰਗੀਤ ਅਕਸਰ 1990ਵਿਆਂ ਦੇ ਰੈਪਰਾਂ ਵੱਲੋਂ ਹਿੰਸਾ ਅਤੇ ਨਸ਼ੀਲੇ ਪਦਾਰਥਾਂ ਦੀ ਜ਼ਿੰਦਗੀ ਬਾਰੇ ਗੱਲ ਕਰਦਾ ਹੈ।
ਇਹ ਵੀ ਪੜ੍ਹੋ-
ਹਾਲਾਂਕਿ, ਸ਼ਕੂਰ ਦੇ ਕਈ ਗੀਤ ਸਮਾਜ ਦੀ ਨਸਲਵਾਦੀ ਹਕੀਕਤ ਨੂੰ ਦਰਸਾਉਂਦੇ ਹਨ, ਜਿਨ੍ਹਾਂ ਨੇ ਅਫਰੀਕੀ ਮੂਲ ਦੇ ਅਮਰੀਕੀ ਨੌਜਵਾਨਾਂ ਨੂੰ ਉਸ ਰਾਹ 'ਤੇ ਆਉਣ ਲਈ ਮਜਬੂਰ ਕੀਤਾ।
ਟੁਪੈਕ ਨੂੰ ਜਿਨਸੀ ਸ਼ੋਸ਼ਣ ਦੇ ਮਾਮਲੇ ਵਿੱਚ ਜੇਲ੍ਹ ਵੀ ਜਾਣਾ ਪਿਆ ਸੀ ਅਤੇ ਆਪਣੀ ਮੌਤ ਤੋਂ 18 ਮਹੀਨੇ ਪਹਿਲਾਂ ਹੀ ਉਹ ਜੇਲ੍ਹ ਵਿੱਚੋਂ ਬਾਹਰ ਆਏ ਸਨ।
ਉਨ੍ਹਾਂ ਦੇ ਅਮਰੀਕੀ ਗਾਇਕਾ ਅਤੇ ਅਦਾਕਾਰਾ ਮੈਡੋਨਾ ਨਾਲ ਵੀ ਕਰੀਬੀ ਰਿਸ਼ਤੇ ਰਹੇ ਸਨ।
ਟੁਪੈਕ ਦੀ ਆਖ਼ਰੀ ਮਿਊਜ਼ਿਕ ਐਲਬਮ 'ਆਲ ਆਈਜ਼ ਆਨ ਮੀ' ਉਨ੍ਹਾਂ ਦੀ ਮੌਤ ਦੇ ਸਾਲ, 1996 ਵਿੱਚ ਹੀ ਰਿਲੀਜ਼ ਹੋਈ ਸੀ, ਜੋ ਕਿ ਅਮਰੀਕਾ ਦੀਆਂ ਸਭ ਤੋਂ ਵੱਧ ਵਿਕਣ ਵਾਲੀਆਂ ਐਲਬਮਾਂ ਵਿੱਚੋਂ ਇੱਕ ਸੀ।
ਸਾਲ 2017 ਵਿੱਚ ਐਲਬਮ ਦੇ ਨਾਂਅ 'ਤੇ ਹੀ ਇੱਕ ਫਿਲਮ ਵੀ ਬਣਾਈ ਗਈ ਜੋ ਕਿ ਟੁਪੈਕ ਦੇ ਜੀਵਨ 'ਤੇ ਆਧਾਰਿਤ ਸੀ।
ਬੀਬੀਸੀ ਦੀ ਇੱਕ ਰਿਪੋਰਟ ਮੁਤਾਬਕ, ਟੁਪੈਕ ਬਾਰੇ ਅਜਿਹੀਆਂ ਅਫਵਾਹਾਂ ਵੀ ਉੱਡੀਆਂ ਸਨ ਕਿ ਉਨ੍ਹਾਂ ਨੇ ਆਪਣੀ ਮੌਤ ਦਾ ਸਿਰਫ਼ ਦਿਖਾਵਾ ਕੀਤਾ ਸੀ।
ਉਨ੍ਹਾਂ ਨੇ ਆਪਣੇ ਇੱਕ ਗੀਤ 'ਲਾਈਫ਼ ਗੋਜ਼ ਆਨ' ਵਿੱਚ ਆਪਣੇ ਹੀ ਫਿਊਨਰਲ ਬਾਰੇ ਰੈਪ ਵੀ ਕੀਤਾ ਸੀ।
ਜ਼ਿੰਦਾ ਹੋਣ ਬਾਰੇ ਅਫ਼ਵਾਹਾਂ
ਟੁਪੈਕ ਦੀ ਦੇ ਕਤਲ ਤੋਂ ਲਗਭਗ ਦੋ ਦਹਾਕਿਆਂ ਤੱਕ ਅਫ਼ਵਾਹਾਂ ਚਲਦੀਆਂ ਰਹੀਆਂ ਕਿ ਟੁਪੈਕ ਜਿੰਦਾ ਹੈ ਅਤੇ ਉਨ੍ਹਾਂ ਨੇ ਆਪਣੀ ਮੌਤ ਦਾ ਨਾਟਕ ਰਚਿਆ ਸੀ।
ਟੁਪੈਕ ਨੇ ਆਪਣੇ ਗੀਤ ਔਨ ਲਾਈਫ਼ ਗੋਜ਼ ਆਨ ਵਿੱਚ ਆਪਣੇ ਫਿਊਨਰਲ ਦੀ ਗੱਲ ਵੀ ਕੀਤੀ ਸੀ।
ਉਨ੍ਹਾਂ ਦੇ ਪ੍ਰਸ਼ੰਸਕ ਵੀ ਕਾਫ਼ੀ ਦੇਰ ਤੱਕ ਇਸੇ ਮਤ ਦੇ ਧਾਰਨੀ ਰਹੇ ਕਿ ਟੁਪੈਕ ਨੇ ਆਪਣੇ ਆਖ਼ਰੀ ਗੀਤ ਵਿੱਚ ਆਪਣੀ ਮੌਤ ਬਾਰੇ ਸੰਕੇਤ ਕੀਤੇ ਸਨ।
ਉਨ੍ਹਾਂ ਦੀ ਐਲਬਮ ''ਆਲ ਆਈਜ਼ ਔਨ ਮੀ'' ਦੇ ਇੱਕ ਗੀਤ ''ਆਈ ਏਂਟ ਮੈਡ ਐਟ ਚਾ'' ਟੁਪੈਕ ਦੀ ਮੌਤ ਤੋਂ ਦੋ ਦਿਨਾਂ ਬਾਅਦ ਜਾਰੀ ਕੀਤੀ ਗਈ।
ਵੀਡੀਓ ਵਿੱਚ ਦਿਖਾਇਆ ਗਿਆ ਕਿ ਉਹ ਫਾਈਟ ਦੇਖ ਕੇ ਆਪਣੇ ਇੱਕ ਦੋਸਤ ਨਾਲ ਨਿਕਲ ਰਹੇ ਸਨ ਜਦੋਂ ਉਨ੍ਹਾਂ ਨੂੰ ਗੋਲੀਆਂ ਮਾਰ ਦਿੱਤੀਆਂ ਗਈਆਂ। ਇਹ ਫਿਲਮਾਂਕਣ ਉਨ੍ਹਾਂ ਨਾਲ ਜੋ ਹੋਇਆ ਉਸ ਨਾਲ ਬਹੁਤ ਹੱਦ ਤੱਕ ਮਿਲਦਾ ਸੀ।
ਸਾਲ 2021 ਵਿੱਚ ਕਿਮ ਕਰਦਸ਼ੀਆਂ ਨੇ ਵੀ ਦਾਅਵਾ ਕੀਤਾ ਕਿ ਉਨ੍ਹਾਂ ਨੇ ਟੁਪੈਕ ਨੂੰ ਦੇਖਿਆ ਹੈ।
ਇਹ ਵੀ ਪੜ੍ਹੋ: