ਹਰਿਆਣਾ 'ਚ ਡੀਐੱਸਪੀ ਦਾ ਡੰਪਰ ਨਾਲ ਕੁਚਲ ਕੇ ਕਤਲ, ਮੁਲਜ਼ਮ ਗ੍ਰਿਫ਼ਤਾਰ; ਕੀ ਕਹਿਣਾ ਹੈ ਪਿੰਡਵਾਸੀਆਂ ਦਾ - ਗਰਾਊਂਡ ਰਿਪੋਰਟ

    • ਲੇਖਕ, ਸ਼ੁਭਮ ਕਿਸ਼ੋਰ
    • ਰੋਲ, ਬੀਬੀਸੀ ਪੱਤਰਕਾਰ, ਨੂਹ

ਰਾਤ ਦੇ 11 ਵਜੇ ਕਿਸੇ ਵੀ ਹੋਰ ਪਿੰਡ ਦੀ ਤਰ੍ਹਾਂ ਹਰਿਆਣਾ ਦੇ ਨੂਹ ਜ਼ਿਲ੍ਹੇ ਦੇ ਪਚਗਾਓਂ ਪਿੰਡ ਦੀਆਂ ਸੜਕਾਂ ਵੀ ਸੁੰਨਸਾਨ ਹੋ ਜਾਂਦੀਆਂ ਹਨ। ਪਰ ਮੰਗਲਵਾਰ ਨੂੰ ਹਾਲਾਤ ਕੁਝ ਹੋਰ ਹੀ ਸਨ।

ਸੜਕ 'ਤੇ ਖੜ੍ਹੇ ਲੋਕਾਂ ਨੂੰ ਵੇਖ ਕੇ ਇੰਝ ਲੱਗ ਰਿਹਾ ਸੀ ਕਿ ਜਿਵੇਂ ਰਾਤ ਹੋਈ ਹੀ ਨਹੀਂ ਹੈ । ਮੰਗਲਵਾਰ ਦੁਪਹਿਰ ਨੂੰ ਵਾਪਰੀ ਘਟਨਾ ਦਾ ਹਰ ਕੋਈ ਆਪੋ ਆਪਣੇ ਤਰੀਕੇ ਨਾਲ ਜ਼ਿਕਰ ਅਤੇ ਉਸ 'ਤੇ ਚਰਚਾ ਕਰ ਰਿਹਾ ਸੀ।

ਪੁਲਿਸ ਮੁਤਾਬਕ ਗੁਰੂਗ੍ਰਾਮ ਦੇ ਨਾਲ ਲੱਗਦੇ ਨੂਹ ਜ਼ਿਲ੍ਹੇ ਦੇ ਤਾਵਡੂ ਥਾਣਾ ਖੇਤਰ ਦੇ ਪਿੰਡ ਪਚਗਾਓਂ 'ਚ ਤਾਵਡੂ ਦੇ ਡਿਪਟੀ ਸੁਪਰਡੈਂਟ ਆਫ਼ ਪੁਲਿਸ ਡੀਐੱਸਪੀ ਸੁਰੇਂਦਰ ਸਿੰਘ ਬਿਸ਼ਨੋਈ ਉੱਤੇ ਡੰਪਰ ਚੜ੍ਹਾ ਕੇ ਉਨ੍ਹਾਂ ਦਾ ਕਤਲ ਕਰ ਦਿੱਤਾ ਗਿਆ।

ਸੁਰੇਂਦਰ ਸਿੰਘ ਡੰਪਰ ਡਰਾਇਵਰ ਦੇ ਦਸਤਾਵੇਜ਼ਾਂ ਦੀ ਜਾਂਚ ਕਰ ਰਹੇ ਸਨ। ਪੁਲਿਸ ਨੇ ਇਸ ਮਾਮਲੇ 'ਚ ਇੱਕ ਮੁਲਜ਼ਮ ਨੂੰ ਹਿਰਾਸਤ 'ਚ ਲਿਆ ਹੈ।

ਹੁਣ ਹਰਿਆਣਾ ਦੇ ਗ੍ਰਹਿ ਮੰਤਰੀ ਅਨਿਲ ਵਿਜ ਨੇ ਕਿਹਾ ਹੈ ਕਿ ਇਸ ਮਾਮਲੇ ਵਿੱਚ ਮੁਲਜ਼ਿਮ ਨੂੰ ਰਾਜਸਥਾਨ ਦੇ ਭਰਤਪੁਰ ਜ਼ਿਲ੍ਹੇ ਦੇ ਪਿੰਡ ਗੰਘੂਰਾ ਤੋਂ ਗ੍ਰਿਫ਼ਤਾਰ ਕਰ ਲਿਆ ਗਿਆ ਹੈ।

ਪੁਲਿਸ ਅਧਿਕਾਰੀ ਦੇ ਕਤਲ ਤੋਂ ਬਾਅਦ ਪੂਰੇ ਇਲਾਕੇ 'ਚ ਤਣਾਅ ਦਾ ਮਾਹੌਲ ਹੈ। ਪੁਲਿਸ ਅਲਰਟ 'ਤੇ ਹੈ। ਪੁਲਿਸ ਦੇ ਕਈ ਉੱਚ ਅਧਿਕਾਰੀ ਪਿੰਡ ਦਾ ਦੌਰਾ ਕਰ ਚੁੱਕੇ ਹਨ ਅਤੇ ਦੇਰ ਰਾਤ ਵੀ ਪੁਲਿਸ ਦੀਆਂ ਗੱਡੀਆਂ ਪਿੰਡ 'ਚ ਆਉਂਦੀਆਂ-ਜਾਂਦੀਆਂ ਵਿਖਾਈ ਦਿੱਤੀਆਂ।

ਇਸ ਦੌਰਾਨ ਸੂਬੇ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨੇ ਇਸ ਮਾਮਲੇ 'ਚ ਸਖ਼ਤ ਕਾਰਵਾਈ ਦੇ ਹੁਕਮ ਜਾਰੀ ਕੀਤੇ ਹਨ। ਇਸ ਦੇ ਨਾਲ ਹੀ ਇਸ ਘਟਨਾ ਤੋਂ ਬਾਅਦ ਪਿੰਡ ਵਾਸੀਆਂ 'ਚ ਡਰ ਦਾ ਮਾਹੌਲ ਹੈ।

ਆਮ ਤੌਰ 'ਤੇ ਜਿਸ ਪਿੰਡ 'ਚ ਸੂਰਜ ਡੁੱਬਣ ਤੋਂ ਬਾਅਦ ਸੰਨਾਟਾ ਛਾ ਜਾਂਦਾ ਹੈ ਉੱਥੇ ਹੀ ਮੰਗਲਵਾਰ ਰਾਤ ਨੂੰ ਸੜਕਾਂ 'ਤੇ ਖੜ੍ਹੇ ਲੋਕਾਂ ਦੀਆਂ ਗੱਲਾਂ 'ਚ ਉਨ੍ਹਾਂ ਦੀ ਚਿੰਤਾ ਸਾਫ਼ ਝਲਕ ਰਹੀ ਸੀ। ਇਲਾਕੇ ਦੇ ਲੋਕਾਂ 'ਚ ਤਣਾਅ ਇਸ ਹੱਦ ਤੱਕ ਹੈ ਕਿ ਕੋਈ ਵੀ ਕੈਮਰੇ 'ਤੇ ਆ ਕੇ ਗੱਲ ਕਰਨ ਨੂੰ ਤਿਆਰ ਨਹੀਂ ਹੈ।

ਇਹ ਵੀ ਪੜ੍ਹੋ:

'ਇਸ ਤਰ੍ਹਾਂ ਪਹਿਲਾਂ ਕਦੇ ਵੀ ਨਹੀਂ ਹੋਇਆ'

ਬੀਬੀਸੀ ਦੀ ਟੀਮ ਨੂੰ ਵੇਖ ਕੇ ਇੱਕ ਬਜ਼ੁਰਗ ਔਰਤ ਆਪਣੇ ਘਰ ਤੋਂ ਬਾਹਰ ਆਈ ਅਤੇ ਆਪਣੀ ਪਛਾਣ ਜਨਤਕ ਨਾ ਕਰਨ ਦੀ ਸ਼ਰਤ 'ਤੇ ਉਨ੍ਹਾਂ ਸਾਡੇ ਨਾਲ ਗੱਲਬਾਤ ਕੀਤੀ।

ਉਨ੍ਹਾਂ ਨੇ ਕਿਹਾ, "ਇਸ ਪਿੰਡ 'ਚ ਰਹਿੰਦਿਆਂ ਮੈਨੂੰ 50 ਸਾਲ ਹੋ ਗਏ ਹਨ। ਅਜਿਹਾ ਮਾਹੌਲ ਕਦੇ ਵੀ ਨਹੀਂ ਵੇਖਿਆ ਹੈ ਅਤੇ ਨਾ ਹੀ ਇਸ ਤਰ੍ਹਾਂ ਦੀ ਘਟਨਾ ਕਦੇ ਵਾਪਰੀ ਹੈ। ਪਿੰਡ ਵਾਲੇ ਪੁਲਿਸ ਦੇ ਨਾਲ ਹਨ। ਕੋਈ ਇੱਕ ਪੁਲਿਸ ਵਾਲੇ ਨੂੰ ਕਿਵੇਂ ਮਾਰ ਸਕਦਾ ਹੈ।"

ਜਿੱਥੇ ਪਿੰਡਵਾਸੀ ਪੁਲਿਸ ਦੇ ਨਾਲ ਹੋਣ ਦੀ ਗੱਲ ਆਖ ਰਹੇ ਹਨ ਉੱਥੇ ਹੀ ਉਨ੍ਹਾਂ ਦਾ ਕਹਿਣਾ ਹੈ ਕਿ ਉਹ ਪੁਲਿਸ ਤੋਂ ਡਰਦੇ ਵੀ ਹਨ।

ਹਰਿਆਣਾ 'ਚ ਡੀਐਸਪੀ ਦਾ ਕਤਲ

• ਡੀਐਸਪੀ ਸੁਰੇਂਦਰ ਸਿੰਘ ਬਿਸ਼ਨੋਈ 'ਤੇ ਮੰਗਲਵਾਰ ਦੁਪਹਿਰ ਨੂੰ ਇੱਕ ਡਰਾਇਵਰ ਨੇ ਗੱਡੀ ਚੜ੍ਹਾ ਦਿੱਤੀ ਜਿਸ ਕਰਕੇ ਉਨ੍ਹਾਂ ਦੀ ਮੌਕੇ 'ਤੇ ਹੀ ਮੌਤ ਹੋ ਗਈ।

• ਸੁਰੇਂਦਰ ਸਿੰਘ ਮੰਗਲਵਾਰ ਦੁਪਹਿਰ 12 ਵਜੇ ਦੋ ਪੁਲਿਸ ਮੁਲਾਜ਼ਮਾਂ, ਇੱਕ ਡਰਾਇਵਰ ਅਤੇ ਇੱਕ ਗੰਨਮੈਨ ਦੇ ਨਾਲ ਗੈਰ-ਕਾਨੂੰਨੀ ਮਾਈਨਿੰਗ ਦੀ ਸ਼ਿਕਾਇਤ 'ਤੇ ਛਾਪਾ ਮਾਰਨ ਲਈ ਗਏ ਸਨ।

• 1994 'ਚ ਬਤੌਰ ਏਐਸਆਈ ਭਰਤੀ ਹੋਏ ਸੁਰੇਂਦਰ ਸਿੰਘ ਤਾਵਡੂ 'ਚ ਡੀਐਸਪੀ ਦੇ ਅਹੁਦੇ 'ਤੇ ਤਾਇਨਾਤ ਸਨ। ਉਹ ਚਾਰ ਮਹੀਨਿਆਂ ਬਾਅਦ ਸੇਵਾਮੁਕਤ ਹੋਣ ਵਾਲੇ ਸਨ।

• ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨੇ ਕਿਹਾ ਕਿ ਡੀਐਸਪੀ ਸੁਰੇਂਦਰ ਸਿੰਘ ਨੂੰ ਸ਼ਹੀਦ ਦਾ ਦਰਜਾ ਦਿੱਤਾ ਜਾਵੇਗਾ।

• ਮ੍ਰਿਤਕ ਡੀਐਸਪੀ ਦੇ ਪਰਿਵਾਰ ਨੂੰ 1 ਕਰੋੜ ਰੁਪਏ ਦੀ ਵਿੱਤੀ ਮਦਦ ਅਤੇ ਪਰਿਵਾਰ ਦੇ ਇੱਕ ਮੈਂਬਰ ਨੂੰ ਸਰਕਾਰੀ ਨੌਕਰੀ ਦਿੱਤੀ ਜਾਵੇਗੀ।

ਉੱਥੇ ਮੌਜੂਦ ਮੁਹੰਮਦ ਵਾਰਿਸ ਦਾ ਕਹਿਣਾ ਹੈ, "ਪਿੰਡ 'ਚ ਸੋਗ ਦਾ ਮਾਹੌਲ ਹੈ। ਹਰ ਕੋਈ ਡਰਿਆ ਹੋਇਆ ਹੈ। ਛੋਟੇ-ਛੋਟੇ ਬੱਚਿਆਂ ਨੇ ਵੀ ਰੋਟੀ ਨਹੀਂ ਖਾਧੀ ਹੈ। ਹਰ ਕਿਸੇ ਨੂੰ ਡਰ ਹੈ ਕਿ ਹੁਣ ਕਿਤੇ ਪਿੰਡ 'ਤੇ ਕੋਈ ਮੁਸ਼ਕਲ ਨਾ ਆ ਜਾਵੇ। ਇਸ ਘਟਨਾ ਦੇ ਦੋਸ਼ੀਆਂ ਨੂੰ ਸਖ਼ਤ ਤੋਂ ਸਖ਼ਤ ਸਜ਼ਾ ਮਿਲਣੀ ਚਾਹੀਦੀ ਹੈ।"

ਇਸ ਦੌਰਾਨ ਕੈਮਰਾ ਅਤੇ ਲਾਈਟ ਵੇਖ ਕੇ ਨਜ਼ਦੀਕ ਦੇ ਘਰ ਤੋਂ ਕੋਈ ਆਉਂਦਾ ਹੈ ਅਤੇ ਸਾਰਿਆਂ ਨੂੰ ਕਹਿਣ ਲੱਗਦਾ ਹੈ ਕਿ ਇੱਥੋਂ ਚਲੇ ਜਾਵੋ ਨਹੀਂ ਤਾਂ ਪੁਲਿਸ ਆ ਜਾਵੇਗੀ।

ਪੁਲਿਸ ਦੀ ਗੱਡੀ ਵੇਖ ਲੋਕ ਭੱਜ ਗਏ

ਕੁਝ ਦੂਰ ਤੱਕ ਤੁਰਨ ਤੋਂ ਬਾਅਦ ਸਾਨੂੰ ਕੁਝ ਹੋਰ ਲੋਕ ਮਿਲੇ। ਉਨ੍ਹਾਂ 'ਚੋਂ ਇੱਕ ਵਿਅਕਤੀ ਨੇ ਮੁਸ਼ਕਲ ਨਾਲ ਗੱਲ ਕਰਨ ਲਈ ਹਾਮੀ ਭਰੀ ਪਰ ਜਿਵੇਂ ਹੀ ਪੁਲਿਸ ਦੀ ਇੱਕ ਗੱਡੀ ਉੱਥੋਂ ਲੰਘੀ ਤਾਂ ਸਾਰੇ ਹੀ ਉੱਥੋਂ ਭੱਜ ਗਏ।

ਹਾਲਾਂਕਿ ਕੁਝ ਹੀ ਸਮੇਂ ਬਾਅਦ ਇਹ ਸਾਰੇ ਲੋਕ ਵਾਪਸ ਵੀ ਆ ਗਏ।

ਹਾਮਿਦ ਹੁਸੈਨ ਦਾ ਕਹਿਣਾ ਹੈ, "ਪਿੰਡ 'ਚ ਇੰਨ੍ਹਾਂ ਡਰ ਅਤੇ ਤਣਾਅ ਪੈਦਾ ਹੋ ਗਿਆ ਹੈ ਕਿ ਔਰਤਾਂ ਅਤੇ ਬੱਚੇ ਪਿੰਡ ਛੱਡ ਕੇ ਨੇੜੇ ਦੇ ਪਿੰਡਾਂ 'ਚ ਚਲੇ ਗਏ ਹਨ।"

ਉੱਥੇ ਹੀ ਮੌਜੂਦ ਇੱਕ ਹੋਰ ਵਿਅਕਤੀ ਨੇ ਕਿਹਾ, "ਪਿੰਡ 'ਚ ਲੋਕ ਹੀ ਕਿੱਥੇ ਹਨ ਜਿੰਨ੍ਹਾਂ ਨੂੰ ਤੁਸੀਂ ਲੱਭ ਰਹੇ ਹੋ। ਅੱਧੇ ਤਾਂ ਭੱਜ ਗਏ ਹਨ।"

ਉੱਥੇ ਮੌਜੂਦ ਕੁਝ ਲੋਕਾਂ ਨੇ ਦੱਸਿਆ ਕਿ ਹਾਦਸੇ ਤੋਂ ਬਾਅਦ ਪੁਲਿਸ ਪਿੰਡ ਦੇ 6-7 ਲੋਕਾਂ ਨੂੰ ਆਪਣੇ ਨਾਲ ਲੈ ਗਈ ਹੈ।

ਹਾਲਾਂਕਿ ਪੁਲਿਸ ਦੇ ਬੁਲਾਰੇ ਕ੍ਰਿਸ਼ਨ ਕੁਮਾਰ ਨੇ ਬੀਬੀਸੀ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਇੱਕ ਵਿਅਕਤੀ ਨੂੰ ਹਿਰਾਸਤ 'ਚ ਲਿਆ ਗਿਆ ਹੈ ਅਤੇ ਦੂਜੇ ਮੁਲਜ਼ਮਾਂ ਦੀ ਭਾਲ ਜਾਰੀ ਹੈ।

ਮੰਗਲਵਾਰ ਨੂੰ ਤਾਵਡੂ ਦੇ ਡੀਐਸਪੀ ਸੁਰੇਂਦਰ ਸਿੰਘ ਬਿਸ਼ਨੋਈ 'ਤੇ ਡੰਪਰ ਚੜ੍ਹਾ ਕੇ ਉਨ੍ਹਾਂ ਦਾ ਕਤਲ ਕਰ ਦਿੱਤਾ ਗਿਆ ਸੀ ।

ਪੁਲਿਸ ਅਨੁਸਾਰ, ਡੀਐਸਪੀ ਬਿਸ਼ਨੋਈ ਨੂੰ ਪਚਗਾਓਂ ਦੇ ਨਾਲ ਲੱਗਦੀ ਅਰਾਵਲੀ ਪਹਾੜੀ 'ਤੇ ਗੈਰ-ਕਾਨੂੰਨੀ ਮਾਈਨਿੰਗ ਹੋਣ ਦੀ ਸੂਚਨਾ ਮਿਲੀ ਸੀ ਜਿਸ ਤੋਂ ਬਾਅਦ ਉਹ ਦੁਪਹਿਰ 12 ਵਜੇ ਦੋ ਪੁਲਿਸ ਮੁਲਾਜ਼ਮ, ਇੱਕ ਡਰਾਇਵਰ ਅਤੇ ਇੱਕ ਗੰਨਮੈਨ ਨਾਲ ਲੈ ਕੇ ਉੱਥੇ ਗਏ।

ਗੈਰ-ਕਾਨੂੰਨੀ ਮਾਈਨਿੰਗ ਦੀ ਸਮੱਸਿਆ

ਪਿੰਡਵਾਸੀਆਂ ਨੇ ਬੀਬੀਸੀ ਨੂੰ ਦੱਸਿਆ ਕਿ ਗੈਰ-ਕਾਨੂੰਨੀ ਮਾਈਨਿੰਗ ਦੀ ਸਮੱਸਿਆ ਕੋਈ ਨਵੀਂ ਨਹੀਂ ਹੈ। ਪਿਛਲੇ ਕੁਝ ਸਮੇਂ ਤੋਂ ਸਥਾਨਕ ਮੀਡੀਆ 'ਚ ਵੀ ਇਸ ਦੀ ਕਾਫੀ ਚਰਚਾ ਹੋਈ ਹੈ ਅਤੇ ਪੁਲਿਸ ਨੇ ਪਿਛਲੇ ਕੁਝ ਮਹੀਨਿਆਂ ਤੋਂ ਚੌਕਸੀ ਵਧਾ ਦਿੱਤੀ ਹੈ।

ਪਿੰਡ ਦੇ ਲੋਕਾਂ ਦੇ ਅਨੁਸਾਰ ਇਸ ਮਾਈਨਿੰਗ ਦੇ ਧੰਦੇ 'ਚ ਆਲੇ-ਦੁਆਲੇ ਦੇ ਕਈ ਲੋਕ ਹੀ ਸ਼ਾਮਲ ਹਨ।

ਇਸ ਤੋਂ ਪਹਿਲਾਂ ਅੱਧੀ ਰਾਤ ਨੂੰ ਪਿੰਡ 'ਚ ਖੁਲ੍ਹੀ ਇੱਕਲੀ ਦੁਕਾਨ 'ਤੇ ਬੈਠੇ ਲੋਕਾਂ ਨਾਲ ਅਸੀਂ ਹੋਰ ਗੱਲਬਾਤ ਕਰ ਪਾਉਂਦੇ ਤਾਂ ਦੋ ਗੱਡੀਆਂ ਆਈਆਂ ਅਤੇ ਉਹ ਸਾਰੇ ਲੋਕ ਲੁਕਣ ਲਈ ਭੱਜਣ ਲੱਗੇ।

ਇੰਨ੍ਹਾਂ ਗੱਡੀਆਂ 'ਚ ਕੁਝ ਲੋਕ ਪੁਲਿਸ ਦੀ ਵਰਦੀ 'ਚ ਸਨ ਅਤੇ ਕਈ ਲੋਕ ਸਾਦੇ ਕੱਪੜਿਆਂ 'ਚ ਬੈਠੇ ਹੋਏ ਸਨ।

ਇੰਨ੍ਹਾਂ 'ਚੋਂ ਆਪਣੇ ਆਪ ਨੂੰ ਪੁਲਿਸ ਅਧਿਕਾਰੀ ਦੱਸਣ ਵਾਲੇ ਇੱਕ ਵਿਅਕਤੀ ਨੇ ਸਾਨੂੰ ਆਪਣੇ ਕੋਲ ਬੁਲਾਇਆ ਅਤੇ ਇੱਕ ਤਸਵੀਰ ਵਿਖਾ ਕੇ ਪੁੱਛਿਆ ਕਿ ਕੀ ਅਸੀਂ ਉਸ ਲੜਕੇ ਨੂੰ ਕਿਤੇ ਵੇਖਿਆ ਹੈ।

ਅਸੀਂ ਉਨ੍ਹਾਂ ਤੋਂ ਉਨ੍ਹਾਂ ਦਾ ਅਹੁਦਾ ਅਤੇ ਉਸ ਮੁੰਡੇ ਨੂੰ ਲੱਭਣ ਦਾ ਕਾਰਨ ਪੁੱਛਣ ਦੀ ਕੋਸ਼ਿਸ਼ ਕੀਤੀ ਪਰ ਉਨ੍ਹਾਂ ਨੇ ਦੱਸਣ ਤੋਂ ਇਨਕਾਰ ਕਰ ਦਿੱਤਾ।

ਇਹ ਗੱਲਬਾਤ ਤਕਰੀਬਨ ਦੋ ਮਿੰਟ ਤੱਕ ਚੱਲੀ। ਇਸ ਤੋਂ ਬਾਅਦ ਅਸੀਂ ਪਿੱਛੇ ਨੂੰ ਮੁੜੇ ਤਾਂ ਵੇਖਿਆ ਕਿ ਉੱਥੇ ਖੜ੍ਹੇ ਸਾਰੇ ਲੋਕ ਕਿਤੇ ਲੁਕ ਗਏ ਸਨ।

ਪੁਲਿਸ ਦੀਆਂ ਗੱਡੀਆਂ ਤਾਂ ਉੱਥੇ ਹੀ ਖੜ੍ਹੀਆਂ ਸਨ ਪਰ ਜਿਹੜੇ ਲੋਕ ਹੁਣ ਤੱਕ ਸੜਕ 'ਤੇ ਖੜ੍ਹੇ ਹੋ ਕੇ ਗੱਲਾਂ ਕਰ ਰਹੇ ਸਨ ਉਹ ਸਾਰੇ ਹੀ ਕਿਤੇ ਲੁਕ ਗਏ ਸਨ।

ਅਸਲ 'ਚ ਹੋਇਆ ਕੀ ਸੀ?

ਰੋਹਤਕ ਤੋਂ ਬੀਬੀਸੀ ਦੇ ਸਹਿਯੋਗੀ ਪੱਤਰਕਾਰ ਸਤ ਸਿੰਘ ਨੇ ਦੱਸਿਆ ਕਿ ਡੀਐੱਸਪੀ ਸੁਰੇਂਦਰ ਸਿੰਘ ਬਿਸ਼ਨੋਈ ਨੂੰ ਪਿੰਡ ਦੇ ਨਾਲ ਲੱਗਦੀ ਅਰਾਵਲੀ ਪਹਾੜੀ 'ਤੇ ਨਾਜ਼ਾਇਜ਼ ਮਾਈਨਿੰਗ ਦੀ ਸੂਚਨਾ ਮਿਲੀ ਸੀ।

ਉਨ੍ਹਾਂ ਨੇ ਇੱਕ ਸ਼ੱਕੀ ਡੰਪਰ ਨੂੰ ਰੁਕਣ ਲਈ ਕਿਹਾ ਅਤੇ ਡਰਾਇਵਰ ਕੋਲੋਂ ਦਸਤਾਵੇਜ਼ ਮੰਗੇ ਪਰ ਡਾਰਇਵਰ ਨੇ ਡੰਪਰ ਰੋਕਣ ਦੀ ਬਜਾਏ ਉਸ ਦੀ ਰਫ਼ਤਾਰ ਵਧਾ ਦਿੱਤੀ।

ਪੁਲਿਸ ਗੱਡੀ ਦੇ ਡਰਾਇਵਰ ਅਤੇ ਗੰਨਮੈਨ ਦੋਵੇਂ ਨੇ ਹੀ ਆਪਣੀ ਜਾਨ ਬਚਾਉਣ ਲਈ ਗੱਡੀ ਤੋਂ ਛਾਲ ਮਾਰ ਦਿੱਤੀ ਪਰ ਸੁਰੇਂਦਰ ਸਿੰਘ ਉਸ ਡੰਪਰ ਦੀ ਲਪੇਟ 'ਚ ਆ ਗਏ ਜਿਸ ਕਰਕੇ ਉਨ੍ਹਾਂ ਦੀ ਮੌਕੇ 'ਤੇ ਹੀ ਮੌਤ ਹੋ ਗਈ।

ਹਰਿਆਣਾ ਪੁਲਿਸ ਨੇ ਟਵੀਟ ਕੀਤਾ ਹੈ, "ਆਪਣਾ ਕੰਮ ਪੂਰਾ ਕਰਦਿਆਂ ਡੀਐੱਸਪੀ ਸੁਰੇਂਦਰ ਸਿੰਘ ਨੇ ਆਪਣੀ ਜਾਨ ਕੁਰਬਾਨ ਕਰ ਦਿੱਤੀ। ਹਰਿਆਣਾ ਪੁਲਿਸ ਦੀ ਸੰਵੇਦਨਾ ਪੀੜਤ ਪਰਿਵਾਰ ਦੇ ਨਾਲ ਹੈ। ਦੋਸ਼ੀਆਂ ਨੂੰ ਸਜ਼ਾ ਦਿਵਾਉਣ 'ਚ ਕੋਈ ਕਸਰ ਨਹੀਂ ਛੱਡੀ ਜਾਵੇਗੀ।"

ਇਹ ਵੀ ਪੜ੍ਹੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)