You’re viewing a text-only version of this website that uses less data. View the main version of the website including all images and videos.
ਡੀਐੱਸਪੀ ਕਤਲ ਮਾਮਲਾ: ਹਰਿਆਣਾ ਵਿੱਚ ਕਿੰਨਾ ਵੱਡਾ ਹੈ ਗੈਰ-ਕਾਨੂੰਨੀ ਮਾਇਨਿੰਗ ਕਰਨ ਵਾਲਾ ਮਾਫ਼ੀਆ
ਹਰਿਆਣਾ ਦੇ ਮੇਵਾਤ ਨਜ਼ਦੀਕ ਤਾਵੜੂ ਦੇ ਡੀਐਸਪੀ ਸੁਰਿੰਦਰ ਸਿੰਘ ਦਾ ਮੰਗਲਵਾਰ ਨੂੰ ਉਸ ਵੇਲੇ ਟਿੱਪਰ ਥੱਲੇ ਦਰੜ ਕੇ ਕਤਲ ਕਰ ਦਿੱਤਾ ਗਿਆ, ਜਦੋਂ ਉਹ ਗੈਰ-ਕਾਨੂੰਨੀ ਮਾਇਨਿੰਗ ਰੁਕਵਾਉਣ ਗਏ ਸਨ।
ਹਰਿਆਣਾ ਪੁਲਿਸ ਦੇ ਡੀਜੀਪੀ ਪੀਕੇ ਅਗਰਵਾਲ ਮੁਤਾਬਕ ਇਸ ਘਟਨਾ ਵਿੱਚ ਇੱਕ ਮੁਲਜ਼ਮ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ।
ਰੋਹਤਕ ਤੋਂ ਬੀਬੀਸੀ ਸਹਿਯੋਗੀ ਸਤ ਸਿੰਘ ਨੇ ਦੱਸਿਆ ਕਿ ਇਹ ਘਟਨਾ ਗੁਰੂਗ੍ਰਾਮ ਦੇ ਨਜ਼ਦੀਕ ਨੂਹ ਦੇ ਤਾਵੜੂ ਥਾਣੇ ਦੇ ਪੰਚਗਾਓਂ ਪਿੰਡ ਦੀ ਹੈ।
ਡੀਐੱਸਪੀ ਸੁਰਿੰਦਰ ਸਿੰਘ ਨੂੰ ਅਰਾਵਲੀ ਪਹਾੜੀਆਂ ਉੱਤੇ ਗੈਰਕਾਨੂੰਨੀ ਮਾਈਨਿੰਗ ਦੀ ਜਾਣਕਾਰੀ ਮਿਲੀ ਸੀ ।
ਜਿਸ ਤੋਂ ਬਾਅਦ ਉਹ ਦੋ ਪੁਲਿਸਕਰਮੀ ,ਇੱਕ ਡਰਾਈਵਰ ਅਤੇ ਇੱਕ ਗੰਨਮੈਨ ਨਾਲ ਮੌਕੇ 'ਤੇ ਪਹੁੰਚੇ ਸਨ।
ਖ਼ਬਰ ਏਜੰਸੀ ਏਐੱਨਆਈ ਮੁਤਾਬਕ ਜਦੋਂ ਉਨ੍ਹਾਂ ਨੇ ਇੱਕ ਟਿੱਪਰ ਨੂੰ ਰੁਕਣ ਲਈ ਆਖਿਆ ਅਤੇ ਕਾਗਜ਼ ਮੰਗੇ ਤਾਂ ਡਰਾਈਵਰ ਨੇ ਇਸ ਦੀ ਸਪੀਡ ਵਧਾ ਦਿੱਤੀ ਅਤੇ ਇਨ੍ਹਾਂ ਉੱਤੇ ਟਿੱਪਰ ਚੜ੍ਹਾਉਣ ਦੀ ਕੋਸ਼ਿਸ਼ ਕੀਤੀ।
ਬਚਾਅ ਲਈ ਸੁਰਿੰਦਰ ਸਿੰਘ ਦੇ ਡਰਾਈਵਰ ਅਤੇ ਗੰਨਮੈਨ ਅੱਗੇ ਆਏ ਪਰ ਟਿੱਪਰ ਸੁਰਿੰਦਰ ਸਿੰਘ ਉੱਪਰ ਚੜ੍ਹਨ ਤੋਂ ਬਾਅਦ ਉਨ੍ਹਾਂ ਦੀ ਮੌਕੇ 'ਤੇ ਮੌਤ ਹੋ ਗਈ।
ਇਸ ਘਟਨਾ 'ਤੇ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨੇ ਆਖਿਆ ਕਿ ਦੋਸ਼ੀਆਂ ਨੂੰ ਬਖ਼ਸ਼ਿਆ ਨਹੀਂ ਜਾਵੇਗਾ ਅਤੇ ਇਸ ਜਾਂਚ ਦੇ ਹੁਕਮ ਜਾਰੀ ਕਰ ਦਿੱਤੇ ਗਏ ਹਨ।
ਇਸ ਦੇ ਨਾਲ ਹੀ ਮੁੱਖ ਮੰਤਰੀ ਵੱਲੋਂ ਪੀੜਿਤ ਪਰਿਵਾਰ ਨੂੰ ਇੱਕ ਕਰੋੜ ਦੀ ਆਰਥਿਕ ਸਹਾਇਤਾ ਅਤੇ ਪਰਿਵਾਰ ਦੇ ਇੱਕ ਮੈਂਬਰ ਨੂੰ ਸਰਕਾਰੀ ਨੌਕਰੀ ਦੇਣ ਦਾ ਐਲਾਨ ਵੀ ਕੀਤਾ ਗਿਆ ਹੈ।
ਸੂਬੇ ਦੇ ਗ੍ਰਹਿ ਮੰਤਰੀ ਅਨਿਲ ਵਿੱਜ ਨੇ ਵੀ ਆਖਿਆ ਤਾਂ ਗੈਰਕਾਨੂੰਨੀ ਮਾਈਨਿੰਗ ਨੂੰ ਰੋਕਣ ਦੌਰਾਨ ਸੁਰਿੰਦਰ ਸਿੰਘ ਦੀ ਜਾਨ ਗਈ ਹੈ।
ਡੀਜੀਪੀ ਪੀਕੇ ਅਗਰਵਾਲ ਨੇ ਦੱਸਿਆ ਕਿ ਘਟਨਾ ਤੋਂ ਬਾਅਦ ਇੱਕ ਗ੍ਰਿਫ਼ਤਾਰੀ ਹੋਈ ਹੈ ਅਤੇ ਐਨਕਾਊਂਟਰ ਦੌਰਾਨ ਮੁਲਜ਼ਮ ਦੀ ਲੱਤ ਵਿੱਚ ਗੋਲੀ ਲੱਗੀ ਹੈ।
ਉਨ੍ਹਾਂ ਨੇ ਦੱਸਿਆ ਕਿ ਹਰਿਆਣਾ ਪੁਲਿਸ ਦੀਆਂ ਟੀਮਾਂ ਲਗਾਤਾਰ ਛਾਪੇਮਾਰੀ ਕਰ ਰਹੀਆਂ ਹਨ ਤਾਂ ਜੋ ਹੋਰ ਮੁਲਜ਼ਮਾਂ ਨੂੰ ਵੀ ਫੜਿਆ ਜਾ ਸਕੇ।
'ਮਾਈਨਿੰਗ ਮਾਫ਼ੀਆ ਹੋ ਰਿਹਾ ਹੈ ਬੇਕਾਬੂ'
ਹਰਿਆਣਾ ਦੇ ਸਾਬਕਾ ਮੁੱਖ ਮੰਤਰੀ ਭੁਪਿੰਦਰ ਸਿੰਘ ਹੁੱਡਾ ਨੇ ਆਖਿਆ ਕਿ ਹਰਿਆਣਾ ਵਿੱਚ ਮਾਈਨਿੰਗ ਮਾਫੀਆ ਬੇਕਾਬੂ ਹੋ ਰਿਹਾ ਹੈ।
"ਹਰਿਆਣਾ ਵਿੱਚ ਨਾ ਵਿਧਾਇਕ ਸੁਰੱਖਿਅਤ ਹਨ ਨਾ ਪੁਲੀਸ ਅਫ਼ਸਰ। ਸਰਕਾਰ ਨੂੰ ਤੁਰੰਤ ਸਖ਼ਤ ਕਦਮ ਚੁੱਕਣੇ ਚਾਹੀਦੇ ਹਨ।
ਸੁਰਿੰਦਰ ਸਿੰਘ ਦੀ ਮੌਤ ਬਾਅਦ ਹਰਿਆਣਾ ਪੁਲਿਸ ਨੇ ਟਵੀਟ ਕਰਕੇ ਆਖਿਆ ਹੈ ਕਿ,"ਆਪਣਾ ਕੰਮ ਪੂਰਾ ਕਰਨ ਦੌਰਾਨ ਡੀਸੀਪੀ ਸੁਰਿੰਦਰ ਸਿੰਘ ਨੇ ਆਪਣੀ ਜਾਨ ਦਿੱਤੀ ਹੈ।ਹਰਿਆਣਾ ਪੁਲਿਸ ਵੱਲੋਂ ਦੋਸ਼ੀਆਂ ਨੂੰ ਸਜ਼ਾ ਦਿਵਾਉਣ ਵਿੱਚ ਕੋਈ ਕਸਰ ਨਹੀਂ ਛੱਡੀ ਜਾਵੇਗੀ।"
ਕਿੰਨੀ ਗੰਭੀਰ ਹੈ ਹਰਿਆਣਾ ਵਿੱਚ ਗੈਰਕਾਨੂੰਨੀ ਮਾਈਨਿੰਗ ਦੀ ਸਮੱਸਿਆ
ਜਾਣਕਾਰੀ ਮੁਤਾਬਕ ਸੂਬੇ ਵਿੱਚ ਗੈਰਕਾਨੂੰਨੀ ਖਣਨ ਦੇ 21000 ਤੋਂ ਵੱਧ ਮਾਮਲੇ ਸਾਹਮਣੇ ਆਏ ਸਨ।
ਇਹ ਅੰਕੜੇ ਹਰਿਆਣਾ ਦੇ ਆਰਥਿਕ ਸਰਵੇ 2021-22 ਮੁਤਾਬਕ ਹਨ, ਜੋ ਵਿਧਾਨ ਸਭਾ ਵਿੱਚ 8 ਮਾਰਚ 2022 ਨੂੰ ਪੇਸ਼ ਕੀਤੇ ਗਏ ਸਨ
ਹਰਿਆਣਾ ਦੇ 2021 ਦੇ ਆਰਥਿਕ ਸਰਵੇ ਮੁਤਾਬਕ ਸਾਲ 2014-15 ਤੋਂ ਸਿਤੰਬਰ 2021 ਤੱਕ ਸੂਬੇ ਵਿਚ ਗੈਰ ਕਾਨੂੰਨੀ ਮਾਇਨਿੰਗ ਦੇ 21450 ਕੇਸ ਦਰਜ ਕੀਤੇ ਗਏ ਹਨ। ਇਸ ਵਿਚ ਬਿਨਾਂ ਲਾਇਸੈਂਸ ਤੋਂ ਖਣਿਜਾਂ ਦੀ ਢੋਆ-ਢੁਆਈ ਵੀ ਸ਼ਾਮਲ ਹੈ।
ਆਮ ਆਦਮੀ ਪਾਰਟੀ ਦੇ ਰਾਜ ਸਭਾ ਮੈਂਬਰ ਤੇ ਹਰਿਆਣਾ ਤੋਂ ਪਾਰਟੀ ਆਗੂ ਸੁਸ਼ੀਲ ਕੁਮਾਰ ਗੁਪਤਾ ਦਾਅਵਾ ਕਰਦੇ ਹਨ ਕਿ 2018 ਦੀ ਕੈਗ ਰਿਪੋਰਟ ਵਿਚ 5000 ਕਰੋੜ ਰੁਪਏ ਦਾ ਮਾਇਨਿੰਗ ਘੋਟਾਲਾ ਹੋਣ ਦਾ ਖੁਲਾਸਾ ਕੀਤਾ ਗਿਆ ਸੀ।
ਗੁਪਤਾ ਇਹ ਵੀ ਦਾਅਵਾ ਕਰਦੇ ਹਨ ਕਿ ਸੱਤਾਧਾਰੀਆਂ ਦੀ ਸਿਆਸੀ ਸਰਪ੍ਰਸਤੀ ਹੇਠ ਘੱਟੋ ਘੱਟ 50,000 ਕਰੋੜ ਰੁਪਏ ਦਾ ਸਰਕਾਰੀ ਖਜਾਨੇ ਨੂੰ ਚੂਨਾ ਲਗਾਇਆ ਜਾ ਰਿਹਾ ਹੈ।
ਹਰਿਆਣਾ ਦੇ ਸਾਬਕਾ ਵਿਧਾਇਕ ਅਤੇ ਰਾਜ ਸਭਾ ਮੈਂਬਰ ਰਣਦੀਪ ਸਿੰਘ ਸੁਰਜੇਵਾਲਾ ਨੇ ਮਾਈਨਿੰਗ ਨਾਲ ਜੁੜੀਆਂ ਕਈ ਘਟਨਾਵਾਂ ਦਾ ਜ਼ਿਕਰ ਆਪਣੇ ਟਵੀਟ ਵਿੱਚ ਕੀਤਾ ਹੈ।
ਸੁਰਜੇਵਾਲਾ ਮੁਤਾਬਕ ਯਮੁਨਾਨਗਰ ਵਿੱਚ ਯਮੁਨਾ ਉਤੇ ਬਣੇ ਪੁਲ ਦੀ ਗੱਲ ਹੋਵੇ ਜਾਂ ਭਿਵਾਨੀ ਵਿੱਚ ਨਾਜਾਇਜ਼ ਮਾਈਨਿੰਗ ਕਾਰਨ ਪਹਾੜੀ ਖਿਸਕਣ ਕਾਰਨ ਹੋਈਆਂ ਮੌਤਾਂ,ਮੇਵਾਤ ਤੱਕ ਬੇਖ਼ੌਫ਼ ਮਾਫ਼ੀਏ ਦਾ ਜੰਗਲ ਰਾਜ ਹੈ।
'ਛੇਤੀ ਹੀ ਲੱਭ ਲਵਾਂਗੇ ਡੰਪਰ'
ਹਰਿਆਣਾ ਪੁਲੀਸ ਦੇ ਏਡੀਜੀਪੀ ਲਾਅ ਐਂਡ ਆਰਡਰ ਸੰਦੀਪ ਖਰਵਰ ਨੇ ਇਸ ਘਟਨਾ ਬਾਰੇ ਆਖਿਆ ਕਿ ਹਰਿਆਣਾ ਪੁਲਿਸ ਵੱਲੋਂ ਵੱਖ ਵੱਖ ਧਾਰਾਵਾਂ ਲਗਾ ਕੇ ਕੇਸ ਦਰਜ ਕੀਤਾ ਹੈ। ਇਨ੍ਹਾਂ ਵਿੱਚ 302,307,333,186,379,188 ਸ਼ਾਮਿਲ ਹਨ।
ਉਨ੍ਹਾਂ ਨੇ ਆਖਿਆ ਕਿ ਹਰਿਆਣਾ ਪੁਲਿਸ ਦੇ ਹੀ ਦੋਸ਼ੀਆਂ ਨੂੰ ਕਾਬੂ ਕਰ ਲਵੇਗੀ ਅਤੇ ਉਨ੍ਹਾਂ ਦੀ ਟੀਮ ਮੌਕੇ 'ਤੇ ਮੌਜੂਦ ਹੈ।
"ਅਸੀਂ ਛੇਤੀ ਹੀ ਡੀਐੱਸਪੀ ਦੇ ਕਤਲ ਵਿੱਚ ਵਰਤਿਆ ਗਿਆ ਟਿੱਪਰ ਲੱਭ ਲਵਾਂਗੇ।"
ਉਨ੍ਹਾਂ ਨੇ ਆਖਿਆ ਕਿ ਹਰਿਆਣਾ ਪੁਲਿਸ ਪੀੜਿਤ ਪਰਿਵਾਰ ਦੇ ਨਾਲ ਹੈ।
ਪਹਿਲਾਂ ਵੀ ਵਾਪਰੀਆਂ ਹਨ ਅਜਿਹੀਆਂ ਘਟਨਾਵਾਂ
ਇਸ ਤੋਂ ਪਹਿਲਾਂ ਸਾਲ 2015 ਵਿੱਚ ਮੱਧ ਪ੍ਰਦੇਸ਼ ਦੇ ਨੂਰਾਬਾਦ ਵਿਚ ਇੱਕ ਪੁਲਸ ਕਾਂਸਟੇਬਲ ਨੂੰ ਗੈਰਕਾਨੂੰਨੀ ਰੇਤਾ ਲੈ ਕੇ ਜਾ ਰਹੇ ਇਕ ਟਿੱਪਰ ਨੇ ਕੁਚਲ ਦਿੱਤਾ ਸੀ।
2012 ਵਿੱਚ ਮੱਧ ਪ੍ਰਦੇਸ਼ ਦੇ ਮੁਰੈਨਾ ਵਿੱਚ ਇੱਕ ਆਈਪੀਐਸ ਅਧਿਕਾਰੀ ਨਰਿੰਦਰ ਕੁਮਾਰ ਨੇ ਗ਼ੈਰਕਾਨੂੰਨੀ ਰੇਤਾ ਲੈ ਕੇ ਜਾ ਰਹੇ ਟਰੈਕਟਰ ਟਰਾਲੀ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਸੀ।
ਡਰਾਈਵਰ ਨੇ ਗੱਡੀ ਰੋਕਣ ਦੀ ਬਜਾਏ ਉਨ੍ਹਾਂ ਉੱਪਰ ਹੀ ਚੜ੍ਹਾ ਦਿੱਤੀ ਸੀ ਜਿਸ ਤੋਂ ਬਾਅਦ ਉਨ੍ਹਾਂ ਦੀ ਹਸਪਤਾਲ ਲੈ ਕੇ ਜਾਣ ਦੌਰਾਨ ਮੌਤ ਹੋ ਗਈ ਸੀ।
ਇਹ ਵੀ ਪੜ੍ਹੋ: