ਸੁਸ਼ਮਿਤਾ ਸੇਨ ਤੇ ਲਲਿਤ ਮੋਦੀ ਕਦੋਂ ਰਹੇ ਵਿਵਾਦਾਂ ਵਿੱਚ, ਜਾਣੋ ਉਨ੍ਹਾਂ ਬਾਰੇ ਕੁਝ ਖਾਸ ਗੱਲਾਂ

''ਪਰਿਵਾਰ ਦੇ ਨਾਲ ਮਾਲਦੀਵ, ਸਾਰਡੀਨੀਆ ਦੇ ਵਰਲਡ ਤੂਰ ਤੋਂ ਬਾਅਦ ਲੰਡਨ 'ਚ ਵਾਪਸੀ - ਇਹ ਕਹਿਣ ਦੀ ਜ਼ਰੂਰਤ ਨਹੀਂ, ਮੇਰੀ ਅਰਧਾਂਗਨੀ ਸੁਸ਼ਮਿਤਾ ਸੇਨ - ਆਖ਼ਰਕਾਰ ਇੱਕ ਨਵੀਂ ਜ਼ਿੰਦਗੀ ਦੀ ਸ਼ੁਰੂਆਤ। ਬਹੁਤ ਖੁਸ਼"

ਸੁਸ਼ਮਿਤਾ ਸੇਨ ਨਾਲ ਆਪਣੀਆਂ ਤਸਵੀਰਾਂ ਸਾਂਝੀਆਂ ਕਰਦੇ ਹੋਏ ਲਲਿਤ ਮੋਦੀ ਨੇ ਵੀਰਵਾਰ ਨੂੰ ਇਹ ਟਵੀਟ ਕੀਤਾ ਹੈ।

ਇਸ ਤੋਂ ਬਾਅਦ ਲਲਿਤ ਮੋਦੀ ਨੇ ਇੱਕ ਹੋਰ ਟਵੀਟ ਕੀਤਾ, ਜਿਸ 'ਚ ਲਿਖਿਆ, "ਸ਼ਪਸ਼ਟ ਕਰ ਦਿਆਂ, ਵਿਆਹ ਨਹੀਂ ਹੋਇਆ ਹੈ - ਸਿਰਫ ਇੱਕ ਦੂਜੇ ਨੂੰ ਡੇਟ ਕਰ ਰਹੇ ਹਾਂ। ਉਹ ਵੀ ਇੱਕ ਦਿਨ ਹੋਵੇਗਾ।''

ਬਾਲੀਵੁਡ ਅਦਾਕਾਰਾ ਸੁਸ਼ਮਿਤਾ ਸੇਨ ਨਾਲ ਆਪਣੇ ਰਿਸ਼ਤੇ 'ਤੇ ਮੋਹਰ ਲਗਾਉਂਦੇ ਲਲਿਤ ਦੇ ਇਸ ਟਵੀਟ ਤੋਂ ਬਾਅਦ, ਦੋਵਾਂ ਹਸਤੀਆਂ ਦੇ ਖੂਬ ਚਰਚੇ ਹੋ ਰਹੇ ਹਨ।

ਪੁਰਾਣੇ ਟਵੀਟ ਹੋ ਰਹੇ ਵਾਇਰਲ

ਬਾਲੀਵੁੱਡ ਅਭਿਨੇਤਰੀ ਸੁਸ਼ਮਿਤਾ ਸੇਨ ਅਤੇ ਆਈਪੀਐਲ ਦੇ ਸਾਬਕਾ ਚੇਅਰਮੈਨ ਲਲਿਤ ਮੋਦੀ ਦੇ ਰਿਲੇਸ਼ਨਸ਼ਿਪ ਵਿੱਚ ਹੋਣ ਦੀ ਖ਼ਬਰ ਦੇ ਨਾਲ ਹੀ ਲਲਿਤ ਮੋਦੀ ਦਾ ਇੱਕ ਪੁਰਾਣਾ ਟਵੀਟ ਟ੍ਰੈਂਡ ਕਰਨ ਲੱਗਾ ਹੈ।

ਜਦੋਂ ਲਲਿਤ ਮੋਦੀ ਨੇ ਟਵਿਟਰ 'ਤੇ ਆਪਣੀ ਅਤੇ ਸੁਸ਼ਮਿਤਾ ਸੇਨ ਦੀਆਂ ਤਸਵੀਰਾਂ ਸ਼ੇਅਰ ਕਰਕੇ ਆਪਣੇ ਰਿਸ਼ਤੇ ਬਾਰੇ ਦੱਸਿਆ ਤਾਂ ਲੋਕ ਹੈਰਾਨ ਰਹਿ ਗਏ।

ਉਨ੍ਹਾਂ ਦੇ ਇਸ ਟਵੀਟ ਤੋਂ ਬਾਅਦ ਹੀ ਦੋਵੇਂ ਟਵਿੱਟਰ 'ਤੇ ਟ੍ਰੈਂਡ ਕਰਨ ਲੱਗੇ ਅਤੇ ਲੋਕਾਂ ਨੇ ਉਨ੍ਹਾਂ ਦੀਆਂ ਪੁਰਾਣੀਆਂ ਫੋਟੋਆਂ ਅਤੇ ਟਵੀਟ ਪੋਸਟ ਕਰਨੇ ਸ਼ੁਰੂ ਕਰ ਦਿੱਤੇ।

ਇਸੇ ਸਿਲਸਿਲੇ 'ਚ 2013 'ਚ ਲਲਿਤ ਮੋਦੀ ਦੇ ਇੱਕ ਟਵੀਟ ਦਾ ਸਕਰੀਨਸ਼ਾਟ ਵੀ ਸ਼ੇਅਰ ਕੀਤਾ ਜਾਣ ਲੱਗਾ।

2013 ਦੇ ਇਸ ਟਵੀਟ ਵਿੱਚ ਲਲਿਤ ਮੋਦੀ ਸੁਸ਼ਮਿਤਾ ਸੇਨ ਨਾਲ ਗੱਲ ਕਰ ਰਹੇ ਹਨ ਅਤੇ ਲਿਖਦੇ ਹਨ, ''ਠੀਕ ਹੈ ਮੈਂ ਕਮਿਟ ਕਰਦਾ ਹਾਂ।''

ਸੁਸ਼ਮਿਤਾ ਸੇਨ ਨੇ ਕਿਹਾ ਸੀ, ''ਲਲਿਤ ਮੋਦੀ ਤੁਸੀਂ ਬਹੁਤ ਸੱਜਣ ਹੋ। ਹਾਲਾਂਕਿ ਵਾਅਦੇ ਟੁੱਟਣ ਲਈ ਹੁੰਦੇ ਹਨ ਪਰ ਕਮਿਟਮੈਂਟ ਦਾ ਸਨਮਾਨ ਹੁੰਦਾ ਹੈ।''

ਇਸ ਤੋਂ ਬਾਅਦ ਲਲਿਤ ਮੋਦੀ ਨੇ ਸੁਸ਼ਮਿਤਾ ਸੇਨ ਨੂੰ ਟੈਗ ਕਰਦੇ ਹੋਏ ਇੱਕ ਹੋਰ ਟਵੀਟ ਕੀਤਾ ਸੀ, "ਮੇਰੇ ਮੈਸੇਜ ਦਾ ਜਵਾਬ ਦਿਓ"।

ਹੁਣ ਲੋਕ ਇਸ ਟਵੀਟ 'ਤੇ ਕਈ ਮਜ਼ਾਕੀਆ ਟਿੱਪਣੀਆਂ ਕਰ ਰਹੇ ਹਨ।

ਇਹ ਵੀ ਪੜ੍ਹੋ:

ਸੁਸ਼ਮਿਤਾ ਅਤੇ ਲਲਿਤ ਮੋਦੀ ਦਾ ਪੁਰਾਣਾ ਰਿਸ਼ਤਾ

ਸੁਸ਼ਮਿਤਾ ਸੇਨ ਨੂੰ ਪਹਿਲਾਂ ਵੀ ਆਈਪੀਐੱਲ ਮੈਚਾਂ ਦੌਰਾਨ ਦੇਖਿਆ ਜਾ ਚੁੱਕਾ ਹੈ। ਆਈਪੀਐੱਲ ਵਿੱਚ ਲਲਿਤ ਮੋਦੀ ਨਾਲ ਉਨ੍ਹਾਂ ਦੀਆਂ ਤਸਵੀਰਾਂ ਵੀ ਸਾਹਮਣੇ ਆਈਆਂ ਸਨ।

ਹਾਲਾਂਕਿ ਉਸ ਸਮੇਂ ਵੀ ਸੁਸ਼ਮਿਤਾ ਸੇਨ ਅਤੇ ਲਲਿਤ ਮੋਦੀ ਦੇ ਰਿਸ਼ਤੇ ਨੂੰ ਲੈ ਕੇ ਅਟਕਲਾਂ ਲਗਾਈਆਂ ਜਾ ਰਹੀਆਂ ਸਨ, ਪਰ ਸੁਸ਼ਮਿਤਾ ਸੇਨ ਨੇ ਕਦੇ ਵੀ ਦੋਵਾਂ ਦੇ ਰਿਸ਼ਤੇ ਨੂੰ ਖੁੱਲ੍ਹ ਕੇ ਸਵੀਕਾਰ ਨਹੀਂ ਕੀਤਾ।

ਉਨ੍ਹਾਂ ਨੇ ਅਜੇ ਤੱਕ ਲਲਿਤ ਮੋਦੀ ਨਾਲ ਰਿਸ਼ਤੇ ਅਤੇ ਵਿਆਹ ਨੂੰ ਲੈ ਕੇ ਕੋਈ ਬਿਆਨ ਨਹੀਂ ਦਿੱਤਾ ਹੈ। ਉਨ੍ਹਾਂ ਨੇ ਵੀ ਲਲਿਤ ਮੋਦੀ ਦੇ ਟਵੀਟ ਦਾ ਕੋਈ ਜਵਾਬ ਨਹੀਂ ਦਿੱਤਾ। ਇੱਥੋਂ ਤੱਕ ਕਿ ਉਨ੍ਹਾਂ ਦੇ ਭਰਾ ਰਾਜੀਵ ਸੇਨ ਨੇ ਵੀ ਇਸ ਖਬਰ 'ਤੇ ਹੈਰਾਨੀ ਜਤਾਈ ਹੈ।

ਸੁਸ਼ਮਿਤਾ ਸੇਨ - ਮਿਸ ਯੂਨੀਵਰਸ

ਸਾਲ 1994 ਵਿੱਚ ਸੁਸ਼ਮਿਤਾ ਸੇਨ ਉਹ ਪਹਿਲੀ ਭਾਰਤੀ ਬਣੀ ਜਿਸ ਨੇ ਮਿਸ ਯੂਨੀਵਰਸ ਦਾ ਤਾਜ ਆਪਣੇ ਸਿਰ ਪਹਿਨਿਆ।

ਸੁਸ਼ਮਿਤਾ ਨੇ ਕਈ ਬਾਲੀਵੁੱਡ ਫਿਲਮਾਂ 'ਚ ਕੰਮ ਕੀਤਾ ਹੈ ਜਿਨ੍ਹਾਂ ਵਿੱਚ- ਮੈਂ ਹੂੰ ਨਾ, ਸਿਰਫ਼ ਤੁਮ, ਬੀਵੀ ਨੰਬਰ ਵਨ, ਵਾਸਤੂ ਸ਼ਾਸਤਰ, ਆਂਖੇਂ ਆਦਿ ਸ਼ਾਮਿਲ ਹਨ। ਹਾਲ ਹੀ ਵਿੱਚ ਉਹ ''ਆਰਿਆ'' ਵੈੱਬ ਸੀਰੀਜ਼ ਵਿੱਚ ਨਜ਼ਰ ਆਏ ਸਨ।

ਫ਼ਿਲਮਾਂ ਦੇ ਨਾਲ-ਨਾਲ ਸੁਸ਼ਮਿਤਾ ਮਾਡਲਿੰਗ ਦੀ ਦੁਨੀਆ ਦਾ ਵੀ ਹਿੱਸਾ ਹਨ।

ਸਾਬਕਾ ਮਿਸ ਯੂਨੀਵਰਸ ਸੁਸ਼ਮਿਤਾ ਸੇਨ ਨੂੰ ਬਾਲੀਵੁੱਡ ਦੀਆਂ ਦਮਦਾਰ ਅਭਿਨੇਤਰੀਆਂ ਵਿੱਚੋਂ ਇੱਕ ਮੰਨਿਆ ਜਾਂਦਾ ਹੈ। ਉਨ੍ਹਾਂ ਨੇ ਵਿਆਹ ਨਹੀਂ ਕਰਵਾਇਆ ਹੈ ਅਤੇ ਉਨ੍ਹਾਂ ਨੇ ਦੋ ਧੀਆਂ ਗੋਦ ਲਈਆਂ ਹਨ।

ਸੁਸ਼ਮਿਤਾ ਦਾ ਕੁਝ ਮਹੀਨੇ ਪਹਿਲਾਂ ਰੋਹਮਨ ਸ਼ਾਲ ਨਾਲ ਬ੍ਰੇਕਅੱਪ ਹੋਇਆ ਸੀ। ਸੁਸ਼ਮਿਤਾ ਨੇ ਇੰਸਟਾਗ੍ਰਾਮ 'ਤੇ ਦੋਵਾਂ ਦੀ ਤਸਵੀਰ ਸ਼ੇਅਰ ਕਰਕੇ ਬ੍ਰੇਕਅੱਪ ਦੀ ਜਾਣਕਾਰੀ ਦਿੱਤੀ ਸੀ।

ਰੋਹਮਨ ਸੁਸ਼ਮਿਤਾ ਤੋਂ 15 ਸਾਲ ਛੋਟੇ ਸਨ ਅਤੇ ਉਨ੍ਹਾਂ ਦਾ ਅਫੇਅਰ ਕੁਝ ਸਾਲਾਂ ਤੱਕ ਚੱਲਿਆ।

ਨਿਰਦੇਸ਼ਕ ਮੁਦੱਸਰ ਅਜ਼ੀਜ਼, ਅਭਿਨੇਤਾ ਰਣਦੀਪ ਹੁੱਡਾ, ਪਾਕਿਸਤਾਨੀ ਕ੍ਰਿਕਟਰ ਵਸੀਮ ਅਕਰਮ, ਕਾਰੋਬਾਰੀ ਸੰਜੇ ਨਾਰੰਗ ਅਤੇ ਫ਼ਿਲਮ ਨਿਰਦੇਸ਼ਕ ਵਿਕਰਮ ਭੱਟ ਨਾਲ ਵੀ ਸੁਸ਼ਮਿਤਾ ਸੇਨ ਦੇ ਰਿਸ਼ਤੇ ਦੀ ਚਰਚਾ ਰਹੀ ਹੈ।

ਲਲਿਤ ਮੋਦੀ ਅਤੇ ਆਈਪੀਐੱਲ

ਲਲਿਤ ਮੋਦੀ ਭਾਰਤ ਲਈ ਕੋਈ ਨਵਾਂ ਨਾਂਅ ਨਹੀਂ ਹੈ। ਟੀ20 ਕ੍ਰਿਕਟ ਦਾ ਅੱਜ ਜੋ ਕੱਦ ਹੈ ਉਸ ਪਿੱਛੇ ਲਲਿਤ ਮੋਦੀ ਦੇ ਯੋਗਦਾਨ ਨੂੰ ਕੋਈ ਨਹੀਂ ਭੁੱਲ ਸਕਦਾ।

ਸਾਲ 2015 ਵਿੱਚ ਆਈਪੀਐੱਲ ਵਿਵਾਦਾਂ 'ਚ ਘਿਰ ਗਿਆ ਸੀ ਅਤੇ ਲਲਿਤ ਮੋਦੀ ਦੀ ਭੂਮਿਕਾ 'ਤੇ ਸਵਾਲ ਉੱਠੇ ਸਨ।

ਉਸ ਸਮੇਂ ਸੀਨੀਅਰ ਪੱਤਰਕਾਰ ਨਰਾਇਣ ਬਾਰੇਠ ਨੇ ਬੀਬੀਸੀ ਹਿੰਦੀ ਲਈ 21 ਜੂਨ, 2015 ਨੂੰ ਉਨ੍ਹਾਂ ਬਾਰੇ ਇੱਕ ਲੇਖ ਲਿਖਿਆ ਸੀ।

ਪੜ੍ਹੋ ਉਸ ਲੇਖ ਦੇ ਕੁੱਝ ਅੰਸ਼:

ਉਸ ਦਾਇਰੇ 'ਚ ਉਹ ਬੇਤਾਜ ਬਾਦਸ਼ਾਹ ਸਨ ਪਰ ਲਲਿਤ ਮੋਦੀ ਦੀ ਸਲਤਨਤ ਦਾ ਸਿੱਕਾ ਜੈਪੁਰ ਦੇ ਸਵਾਈ ਮਾਨਸਿੰਘ ਦੇ ਬਾਹਰ ਤੱਕ ਚੱਲਦਾ ਸੀ।

ਸਮਾਂ ਬਦਲਿਆ ਤਾਂ ਉਹ ਉਸੇ ਖੇਡ ਮੈਦਾਨ ਦੀਆਂ ਕੰਧਾਂ ਲਈ ਨਾ ਕਾਬਿਲੇ ਕੁਬੂਲ ਹੋ ਗਏ।

ਕੋਈ ਉਨ੍ਹਾਂ ਦਾ ਵੱਡਾ ਪ੍ਰਸ਼ੰਸਕ ਹੈ ਤਾਂ ਤਾਂ ਕੋਈ ਵੱਡਾ ਵਿਰੋਧੀ। ਮੋਦੀ ਲਗਭਗ 4 ਸਾਲ ਤੱਕ (2005 ਤੋਂ 2009) ਰਾਜਸਥਾਨ ਕ੍ਰਿਕਟ ਐਸੋਸੀਏਸ਼ਨ ਦੇ ਪ੍ਰਧਾਨ ਰਹੇ ਹਨ।

ਝੁੰਝਨੂੰ ਜ਼ਿਲ੍ਹਾ ਕ੍ਰਿਕਟ ਸੰਘ ਦੇ ਸਕੱਤਰ ਰਾਜੇਂਦਰ ਸਿੰਘ ਰਾਠੌੜ ਲਲਿਤ ਮੋਦੀ ਦੀ ਪ੍ਰਸ਼ੰਸਾ ਕਰਦੇ ਹਨ। ਉਹ ਕਹਿੰਦੇ ਹਨ ਕਿ ਮੋਦੀ ਦੇ ਆਉਣ ਨਾਲ ਕ੍ਰਿਕਟ ਨੂੰ ਬਹੁਤ ਕੁੱਝ ਮਿਲਿਆ, ਉਹ ਤੁਰੰਤ ਫੈਸਲਾ ਕਰਦੇ ਸਨ ਅਤੇ ਅੰਜਾਮ ਦੀ ਪ੍ਰਵਾਹ ਨਹੀਂ ਕਰਦੇ ਸਨ।

ਰਾਠੌੜ ਕਹਿੰਦੇ ਹਨ, ''ਜੇ ਉਨ੍ਹਾਂ ਨੇ ਇੱਕ ਵਾਰ ਆਪਣਾ ਕਦਮ ਅੱਗੇ ਵਧਾ ਲਿਆ ਤਾਂ ਫਿਰ ਨਤੀਜੇ ਦੀ ਚਿੰਤਾ ਨਹੀਂ ਕਰਦੇ ਸਨ। ਇਸ ਮੈਦਾਨ ਵਿੱਚ ਅੱਜ ਜੋ ਵੀ ਆਧੁਨਿਕ ਸਹੂਲਤਾਂ ਹਨ, ਉਨ੍ਹਾਂ ਦੀ ਦੇਣ ਹਨ।''

ਕੋਟਾ ਕ੍ਰਿਕਟ ਸੰਘ ਦੇ ਸਕੱਤਰ ਅਮੀਨ ਪਠਾਨ ਕਹਿੰਦੇ ਹਨ, ''ਉਹ ਬਹੁਤ ਜ਼ਿੱਦੀ ਇਨਸਾਨ ਹਨ। ਉਨ੍ਹਾਂ ਨੇ ਕ੍ਰਿਕਟ ਨੂੰ ਬਦਨਾਮ ਕੀਤਾ ਹੈ।''

ਪਠਾਨ ਦੱਸਦੇ ਹਨ, ''ਸ਼ੁਰੂ 'ਚ ਉਹ ਆਏ ਤਾਂ ਲੋਕ ਨੂੰ ਲੱਗਾ ਕਿ ਸ਼ਾਇਦ ਉਹ ਕ੍ਰਿਕਟ ਦਾ ਭਲਾ ਕਰਨਗੇ, ਪਰ ਉਨ੍ਹਾਂ ਨੇ ਇਸ ਨੂੰ ਵਪਾਰ ਬਣਾ ਛੱਡਿਆ। ਆਖ਼ਿਰ ਸਾਨੂੰ ਵਿਰੋਧ ਕਰਨਾ ਪਿਆ। ਕਿਉਂਕਿ ਸਿਰਫ਼ ਪੈਸੇ ਲਈ ਕੰਮ ਕਰ ਰਹੇ ਸਨ।''

ਲਲਿਤ ਮੋਦੀ ਦੇ ਕਾਰਜਕਾਲ 'ਚ ਜੈਪੁਰ ਦੇ ਇਸ ਸਟੇਡੀਅਮ ਨੇ ਬਹੁਤ ਕੁੱਝ ਵੇਖਿਆ। ਕਈ ਵਾਰ ਕ੍ਰਿਕਟਰਾਂ ਅਤੇ ਮਾਡਲਾਂ ਦੀ ਮੌਜੂਦਗੀ ਦਰਜ ਹੋਈ।

ਮੋਦੀ ਦੇ ਖੇਡ ਵਿੱਚ ਯੋਗਦਾਨ ਬਾਰੇ ਕ੍ਰਿਕਟ ਸੰਘ ਦੇ ਇੱਕ ਸਾਬਕਾ ਅਧਿਕਾਰੀ ਕਹਿੰਦੇ ਹਨ, ''ਮੈਂ ਉਨ੍ਹਾਂ ਨੂੰ ਬਾਲੀਵੁੱਡ ਸਿਤਾਰਿਆਂ ਦੇ ਮੋਢਿਆਂ 'ਤੇ ਹੱਥ ਰੱਖਦੇ ਤਾਂ ਵੇਖਿਆ ਹੈ ਪਰ ਕਿਸੇ ਨਵੇਂ ਖਿਡਾਰੀ ਨੂੰ ਹੱਲਾਸ਼ੇਰੀ ਦਿੰਦੇ ਨਹੀਂ ਦੇਖਿਆ। ਕੀ ਉਹ ਕਿਸੇ ਜ਼ਿਲ੍ਹੇ 'ਚ ਕ੍ਰਿਕਟ ਨੂੰ ਪ੍ਰੋਤਸਾਹਨ ਦੇਣ ਗਏ?''

ਇਹ ਸਾਬਕਾ ਅਧਿਕਾਰੀ ਕਹਿੰਦੇ ਹਨ, ''ਸਾਲ 2004 ਤੋਂ ਪਹਿਲਾਂ ਸ਼ਾਇਦ ਹੀ ਰਾਜਸਥਾਨ 'ਚ ਕੋਈ ਲਲਿਤ ਮੋਦੀ ਤੋਂ ਵਾਕਿਫ਼ ਹੋਵੇ। ਬੀਜੇਪੀ ਦੇ ਸੱਤਾ ਵਿੱਚ ਆਉਣ ਦੇ ਨਾਲ ਹੀ ਉਨ੍ਹਾਂ ਦਾ ਕ੍ਰਿਕਟ ਸੰਘ 'ਚ ਆਗਮਨ ਹੋਇਆ।''

''ਲੋਕਾਂ ਨੂੰ ਅਚਾਨਕ ਪਤਾ ਲੱਗਾ ਕਿ ਮੋਦੀ ਨਗੌਰ ਦੇ ਰਹਿਣ ਵਾਲੇ ਹੋਣ ਦੇ ਨਾਤੇ ਉੱਥੋਂ ਦੇ ਜ਼ਿਲ੍ਹਾ ਸੰਘ ਦੇ ਪ੍ਰਧਾਨ ਚੁਣੇ ਗਏ ਸਨ। ਪਰ ਉਹ ਨਗੌਰ 'ਚ ਕਦੇ ਦਿਖਾਈ ਨਹੀਂ ਦਿੱਤੇ।''

ਆਈਪੀਐੱਲ 2010 ਤੋਂ ਬਾਅਦ, ਲੀਗ ਦੇ ਸੰਚਾਲਨ ਵਿੱਚ ਵਿੱਤੀ ਗੜਬੜੀਆਂ ਅਤੇ ਨਿਲਾਮੀ ਦੌਰਾਨ ਗਲਤ ਤਰੀਕੇ ਅਪਨਾਉਣ ਦੇ ਇਲਜ਼ਾਮਾਂ ਵਿੱਚ ਉਨ੍ਹਾਂ ਨੂੰ ਮੁਅੱਤਲ ਕਰ ਦਿੱਤਾ ਗਿਆ ਸੀ।

ਪਹਿਲੀ ਪਤਨੀ ਦੀ ਹੋ ਚੁੱਕੀ ਹੈ ਮੌਤ

ਲਲਿਤ ਮੋਦੀ ਸੁਸ਼ਮਿਤਾ ਸੇਨ ਤੋਂ ਉਮਰ ਵਿੱਚ 10 ਸਾਲ ਵੱਡੇ ਹਨ ਅਤੇ ਉਨ੍ਹਾਂ ਦੀ ਪਹਿਲੀ ਪਤਨੀ ਮੀਨਲ ਮੋਦੀ ਦੀ 2018 'ਚ ਕੈਂਸਰ ਨਾਲ ਮੌਤ ਹੋ ਗਈ ਸੀ। ਉਨ੍ਹਾਂ ਦੇ ਤਿੰਨ ਬੱਚੇ ਹਨ।

ਲਲਿਤ ਮੋਦੀ ਨੇ ਆਈਪੀਐੱਲ ਦੀ ਸ਼ੁਰੂਆਤ ਕੀਤੀ ਅਤੇ ਪਹਿਲੇ ਤਿੰਨ ਸੀਜ਼ਨਾਂ ਲਈ ਇਸ ਦੇ ਕਮਿਸ਼ਨਰ ਵੀ ਰਹੇ ਹਨ।

ਲਲਿਤ ਮੋਦੀ ਇੱਕ ਵੱਡੇ ਭਾਰਤੀ ਕਾਰੋਬਾਰੀ ਵੀ ਹਨ, ਪਰ ਭਾਰਤ 'ਚ ਉਨ੍ਹਾਂ ਦੇ ਖ਼ਿਲਾਫ਼ ਚੱਲ ਰਹੇ ਕੇਸਾਂ ਕਾਰਨ ਉਹ ਲੰਬੇ ਸਮੇਂ ਤੋਂ ਲੰਡਨ 'ਚ ਰਹਿ ਰਹੇ ਹਨ।

ਇਹ ਵੀ ਪੜ੍ਹੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)