ਕੰਵਰ ਗਰੇਵਾਲ ਦਾ 'ਰਿਹਾਈ' ਗੀਤ ਭਾਰਤ 'ਚ ਯੂਟਿਊਬ ਤੋਂ ਹਟਾਇਆ ਗਿਆ, ਸਿੱਖ ਕੈਦੀਆਂ ਬਾਰੇ ਸੀ ਗਾਣਾ

ਤਸਵੀਰ ਸਰੋਤ, Kanwar Grewal FB
ਪੰਜਾਬੀ ਗਾਇਕ ਕੰਵਰ ਗਰੇਵਾਲ ਦੇ ਹਾਲ ਹੀ ਵਿੱਚ ਰਿਲੀਜ਼ ਹੋਏ ਗਾਣੇ 'ਰਿਹਾਈ' ਨੂੰ ਭਾਰਤ ਵਿੱਚ ਯੂਟਿਊਬ ਵੱਲੋਂ ਸਰਕਾਰ ਦੀ ਸ਼ਿਕਾਇਤ ਤੋਂ ਬਾਅਦ ਹਟਾ ਦਿੱਤਾ ਗਿਆ ਹੈ।
ਕੰਵਰ ਗਰੇਵਾਲ ਦਾ ਇਹ ਗਾਣਾ ਸਿੱਖ ਕੈਦੀਆਂ ਦੀ ਰਿਹਾਈ ਦੀ ਮੰਗ ਕਰਦਾ ਹੈ।
'ਰਿਹਾਈ' ਗਾਣੇ ਦੇ ਬੋਲਾਂ ਵਿੱਚ ਗਰੇਵਾਲ ਕਹਿੰਦੇ ਹਨ, ''ਅਸੀਂ ਕਿਹੜਾ ਥੋਂਥੋ ਬਾਦਸ਼ਾਈ ਮੰਗ ਰਹੇ ਆ, ਅਸੀਂ ਬੰਦੀ ਸਿੰਘਾਂ ਦੀ ਰਿਹਾਈ ਮੰਗ ਰਹੇ ਆ।''
'ਰਿਹਾਈ' ਗਾਣਾ 2 ਜੁਲਾਈ ਨੂੰ ਕੰਵਰ ਗਰੇਵਾਲ ਦੇ ਅਧਿਕਾਰਿਤ ਯੂਟਿਊਬ ਚੈਨਲ ਉੱਪਰ ਰਿਲੀਜ਼ ਕੀਤਾ ਗਿਆ ਸੀ ਜਿਸ ਨੂੰ ਗੀਤਕਾਰ ਵਰੀ ਰਾਏ ਨੇ ਲਿਖਿਆ ਹੈ।
ਇਹ ਵੀ ਪੜ੍ਹੋ:
ਗਾਣੇ ਦੀ ਵੀਡੀਓ ਵਿੱਚ ਸਿੱਖ ਕੈਦੀਆਂ ਦੇ ਪੋਸਟਰ ਅਤੇ ਰਿਹਾਈ ਲਈ ਹੋ ਰਹੇ ਪ੍ਰਦਰਸ਼ਨਾਂ ਨੂੰ ਵੀ ਦਿਖਾਇਆ ਗਿਆ ਹੈ। ਇਸ ਤੋਂ ਇਲਾਵਾ ਪੰਜਾਬ ਨਾਲ ''ਵਿਤਕਰਾ'', 1947 ਦੀ ਵੰਡ ਦੀ ਪੀੜ ਅਤੇ 1984 ਦੇ ਸਿੱਖ ਵਿਰੋਧੀ ਕਤਲੇਆਮ ਦੇ ਪੀੜਤਾਂ ਲਈ ਇਨਸਾਫ਼ ਮੰਗਦੇ ਲੋਕ ਦਿਖਾਈ ਦੇ ਰਹੇ ਹਨ।
ਸਿੱਖ ਕੈਦੀਆਂ ਦੀ ਰਿਹਾਈ ਦਾ ਮਸਲਾ ਕੀ ਹੈ

ਤਸਵੀਰ ਸਰੋਤ, You Tube
ਦੇਸ਼ ਦੀਆਂ ਵੱਖ-ਵੱਖ ਜੇਲ੍ਹਾਂ ਵਿੱਚ ਲੰਬੇ ਸਮੇਂ ਤੋਂ ਬੰਦ ਸਿੱਖ ਕੈਦੀਆਂ ਨੂੰ 'ਬੰਦੀ ਸਿੰਘ' ਕਿਹਾ ਜਾ ਰਿਹਾ ਹੈ। ਇਹਨਾਂ ਵਿੱਚ ਮੁੱਖ ਨਾਮ ਪ੍ਰੋਫੈਸਰ ਦਵਿੰਦਰਪਾਲ ਸਿੰਘ ਭੁੱਲਰ, ਬਲਵੰਤ ਸਿੰਘ ਰਾਜੋਆਣਾ, ਜਗਤਾਰ ਸਿੰਘ ਹਵਾਰਾ, ਗੁਰਦੀਪ ਸਿੰਘ ਖਹਿਰਾ ਅਤੇ ਜਗਤਾਰ ਸਿੰਘ ਤਾਰਾ ਆਦਿ ਹਨ।
ਇਨ੍ਹਾਂ ਕੈਦੀਆਂ ਵਿੱਚੋਂ ਕਈ ਤਾਂ 25-30 ਸਾਲ ਤੋਂ ਵੀ ਵੱਧ ਸਮੇਂ ਤੋਂ ਵੱਖ-ਵੱਖ ਸਜ਼ਾਵਾਂ ਤਹਿਤ ਜੇਲ੍ਹਾਂ ਵਿੱਚ ਬੰਦ ਹਨ।
ਸ਼੍ਰੋਮਣੀ ਅਕਾਲੀ ਦਲ, ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਅਤੇ ਹੋਰ ਵੱਖ-ਵੱਖ ਸਿੱਖ ਸੰਸਥਾਵਾਂ ਵੱਲੋਂ ਸਿੱਖ ਕੈਦੀਆਂ ਦੀ ਰਿਹਾਈ ਦੀ ਮੰਗ ਕੀਤੀ ਜਾ ਰਹੀ ਹੈ। ਇਸ ਮੰਗ ਪਿੱਛੇ ਤਰਕ ਦਿੱਤਾ ਜਾਂਦਾ ਹੈ ਕਿ ਇਹਨਾਂ ਕੈਦੀਆਂ ਨੇ ਆਪਣੀ ਨਿਯਮਤ ਸਜ਼ਾ ਪੂਰੀ ਕਰ ਲਈ ਹੈ।
ਹਾਲ ਹੀ ਵਿੱਚ ਹੋਈ ਸੰਗਰੂਰ ਲੋਕ ਸਭਾ ਦੀ ਜ਼ਿਮਨੀ ਚੋਣ ਵਿੱਚ ਸ਼੍ਰੋਮਣੀ ਅਕਾਲੀ ਦਲ ਨੇ ਬਲਵੰਤ ਸਿੰਘ ਰਾਜੋਆਣਾ ਦੀ ਭੈਣ ਕਮਲਦੀਪ ਕੌਰ ਨੂੰ ਟਿੱਕਟ ਦਿੱਤੀ ਸੀ ਪਰ ਉਹ ਹਾਰ ਗਏ ਸਨ। ਇਹਨਾਂ ਚੋਣਾਂ ਵਿੱਚ ਜੇਤੂ ਰਹੇ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੇ ਪ੍ਰਧਾਨ ਸਿਮਰਨਜੀਤ ਸਿੰਘ ਮਾਨ ਦਾ ਵੀ ਮੁੱਖ ਏਜੰਡਾ ਸਿੱਖ ਕੈਦੀਆਂ ਦੀ ਰਿਹਾਈ ਸੀ।
ਗਰੇਵਾਲ ਵੱਲੋਂ ਕਿਸਾਨੀ ਸੰਘਰਸ਼ ਦੀ ਹਮਾਇਤ 'ਚ ਗਾਣੇ
ਕੰਵਰ ਗਰੇਵਾਲ ਵੱਲੋਂ ਸਿੱਖ ਕੈਦੀਆਂ ਦੀ ਰਿਹਾਈ ਦੀ ਵਕਾਲਤ ਤੋਂ ਪਹਿਲਾਂ ਤਿੰਨ ਖੇਤੀ ਕਾਨੂੰਨਾਂ ਖਿਲਾਫ਼ ਚੱਲੇ ਕਿਸਾਨੀ ਸੰਘਰਸ਼ ਦੀ ਹਮਾਇਤ ਵਿੱਚ ਵੀ ਕਈ ਮਸ਼ਹੂਰ ਗੀਤ ਗਾਏ ਗਏ ਸਨ।
ਇਹਨਾਂ ਵਿੱਚੋਂ ਸਭ ਤੋਂ ਵੱਧ ਚਰਚਿਰ ਰਹੇ ਗੀਤਾਂ ਸਨ 'ਖਿੱਚ ਲੈ ਜੱਟਾਂ ਖਿੱਚ ਤਿਆਰੀ, ਪੇਚਾ ਪੈ ਗਿਆ ਸੈਂਟਰ ਨਾਲ,' 'ਤੈਨੂੰ ਦਿੱਲੀਏ ਇਕੱਠ ਪਰੇਸ਼ਾਨ ਕਰੂਗਾ, ਤੇਰੇ ਤਖ਼ਤਾਂ ਨੂੰ ਕੱਚ ਦੇ ਸਮਾਨ ਕਰੂਗਾ, ਪਰ ਫ਼ਸਲਾਂ ਦੇ ਫੈਸਲੇ ਕਿਸਾਨ ਕਰੂਗਾ,' 'ਏਕਾ ਤੇ ਸਬਰ ਜਿਤਾਉਂਦਾ, ਮਿੱਤਰੋਂ ਵੀ ਜੰਗਾਂ ਨੂੰ,' ਅਤੇ 'ਜ਼ਿੰਦਾਬਾਦ ਨੀਂ ਜਵਾਨੀਏ, ਮਾਣ ਤੇਰੇ ਉੱਤੇ ਸਾਰਾ ਹੀ ਪੰਜਾਬ ਕਰਦਾ।'
ਸਿੱਧੂ ਮੂਸੇਵਾਲਾ ਦਾ ਐੱਸਵਾਈਐੱਲ ਗੀਤ ਵੀ ਹਟਾਇਆ ਗਿਆ ਸੀ
ਸਤਲੁਜ ਯਮੁਨਾ ਲਿੰਕ ਨਹਿਰ (ਐੱਸਵਾਈਐੱਲ) ਨੂੰ ਲੈ ਕੇ ਪੰਜਾਬ ਅਤੇ ਹਰਿਆਣਾ ਦਰਮਿਆਨ ਪਾਣੀ ਦੀ ਵੰਡ ਸਮੇਤ ਸਿੱਖ ਕੈਦੀਆਂ ਦੀ ਰਿਹਾਈ ਦਾ ਮਸਲਾ ਚੁੱਕਦਾ ਸਿੱਧੂ ਮੂਸੇਵਾਲਾ ਦਾ ਐੱਸਵਾਈਐੱਲ ਗੀਤ ਵੀ ਪਿਛਲੇ ਦਿਨੀਂ ਯੂਟਿਊਬ ਤੋਂ ਭਾਰਤ ਵਿੱਚ ਹਟਾ ਦਿੱਤਾ ਗਿਆ ਸੀ।
ਐੱਸਵਾਈਐੱਲ ਗੀਤ ਮੂਸੇਵਾਲਾ ਦੀ ਮੌਤ ਤੋਂ ਬਾਅਦ ਯੂਟਿਊਬ ਉੱਪਰ ਪਿਛਲੇ ਮਹੀਨੇ ਰਿਲੀਜ਼ ਕੀਤਾ ਗਿਆ ਸੀ। ਇਹ ਗਾਣਾ ਪੰਜਾਬ ਦੇ ਪਾਣੀ, ਸੌਵਰਿਨਿਟੀ ਅਤੇ ਸਿੱਖ ਕੈਦੀਆਂ ਦੀ ਰਿਹਾਈ ਦੀ ਵਕਾਲਤ ਕਰਦਾ ਸੀ।
ਅਕਾਲੀ ਦਲ ਵੱਲੋਂ ਪਾਬੰਦੀ ਖ਼ਤਮ ਕਰਨ ਦੀ ਮੰਗ
ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਬੰਦੀ ਸਿੰਘਾਂ ਦੀ ਰਿਹਾਈ ਦੀ ਮੰਗ ਕਰਦਿਆਂ ਕੰਵਰ ਗਰੇਵਾਲ ਵੱਲੋਂ ਗਾਏ ਗੀਤ 'ਰਿਹਾਈ' 'ਤੇ ਪਾਬੰਦੀ ਲਗਾਉਣ ਦੇ ਫੈਸਲੇ ਨੂੰ ਮੰਦਭਾਗਾ ਕਰਾਰ ਦਿੱਤਾ। ਉਹਨਾਂ ਕੇਂਦਰ ਸਰਕਾਰ ਨੂੰ ਆਖਿਆ ਕਿ ਉਹ ਨਾਗਰਿਕਾਂ ਦੇ ਬੋਲਣ ਦੇ ਅਧਿਕਾਰ ਦੇ ਨਾਲ ਨਾਲ ਸਿੱਖ ਕੌਮ ਦੀਆਂ ਭਾਵਨਾਵਾਂ ਦੀ ਕਦਰ ਕਰਦਿਆਂ ਆਪਣਾ ਫੈਸਲਾ ਵਾਪਸ ਲਵੇ।
ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਕੰਵਰ ਗਰੇਵਾਲ ਦਾ 'ਰਿਹਾਈ' ਗੀਤ ਦੁਨੀਆਂ ਭਰ ਵਿੱਚ ਵਸਦੇ ਸਿੱਖਾਂ ਦੀਆਂ ਭਾਵਨਾਵਾਂ ਨੂੰ ਦਰਸਾਉਂਦਾ ਹੈ ਕਿਉਂਕਿ ਸਿੱਖ ਕੌਮ ਉਮਰ ਕੈਦ ਪੂਰੀਆਂ ਹੋਣ ਦੇ ਬਾਵਜੂਦ ਸਿੱਖ ਕੈਦੀਆਂ ਨੁੰ ਰਿਹਾਅ ਨਾ ਕਰਨ ਦੇ ਫੈਸਲੇ ਕਾਰਨ ਨਾਰਾਜ਼ ਹੈ।
ਇਹ ਵੀ ਪੜ੍ਹੋ:
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post













