You’re viewing a text-only version of this website that uses less data. View the main version of the website including all images and videos.
ਅਗਨੀਪੱਥ ਸਕੀਮ: ਵਿਰੋਧ ਦੇ ਬਾਵਜੂਦ ਹਵਾਈ ਫੌਜ 'ਚ ਭਰਤੀ ਲਈ ਆਈਆਂ 7.5 ਲੱਖ ਅਰਜ਼ੀਆਂ - ਪ੍ਰੈਸ ਰਿਵੀਊ
ਭਾਰਤੀ ਹਵਾਈ ਸੈਨਾ ਨੇ ਜਾਣਕਾਰੀ ਦਿੱਤੀ ਹੈ ਕਿ ਅਗਨੀਪਥ ਭਰਤੀ ਸਕੀਮ ਦੇ ਤਹਿਤ ਉਨ੍ਹਾਂ ਕੋਲ ਸਾਢੇ ਸੱਤ ਲੱਖ ਅਰਜ਼ੀਆਂ ਆਈਆਂ ਹਨ।
ਇਹ ਅਰਜ਼ੀਆਂ ਤਿੰਨ ਹਜ਼ਾਰ ਪੋਸਟਾਂ ਲਈ ਆਈਆਂ ਹਨ।
ਇਸ ਸਕੀਮ ਦੇ ਤਹਿਤ ਭਰਤੀ ਲਈ ਆਵੇਦਨ ਪ੍ਰਕਿਰਿਆ 24 ਜੂਨ ਨੂੰ ਸ਼ੁਰੂ ਹੋਈ ਸੀ ਅਤੇ ਲੰਘੇ ਮੰਗਲਵਾਰ, ਭਾਵ 5 ਜੂਨ ਖ਼ਤਮ ਹੋ ਗਈ।
ਦਿ ਇਕੋਨਾਮਿਕ ਟਾਈਮਜ਼ ਦੀ ਰਿਪੋਰਟ ਮੁਤਾਬਕ, ਇਸ ਸਬੰਧੀ ਟਵੀਟ ਕਰਦਿਆਂ ਭਾਰਤੀ ਹਵਾਈ ਸੈਨਾ ਨੇ ਜਾਣਕਰੀ ਦਿੱਤੀ ਕਿ ''ਇੱਕ ਵਾਰੀ ਪਹਿਲਾਂ 6,31,528 ਅਰਜ਼ੀਆਂ ਆਈਆਂ ਸਨ ਜੋ ਸਭ ਤੋਂ ਜ਼ਿਆਦਾ ਸਨ। ਉਸ ਦੇ ਮੁਕਾਬਲੇ ਇਸ ਵਾਰ 7,49,899 ਅਰਜ਼ੀਆਂ ਪ੍ਰਾਪਤ ਹੋਈਆਂ ਹਨ।''
ਭਾਰਤ ਸਰਕਾਰ ਦੀ ਇਸ ਨਵੀਂ ਯੋਜਨਾ ਤਹਿਤ 17-21 ਸਾਲ ਦੇ ਨੌਜਵਾਨ ਚਾਰ ਸਾਲ ਲਈ ਦੇਸ਼ ਦੀ ਫ਼ੌਜ ਦਾ ਹਿੱਸਾ ਬਣ ਸਕਦੇ ਹਨ।
ਸਰਕਾਰ ਨੇ 14 ਜੂਨ ਨੂੰ ਇਸ ਸਕੀਮ ਦੀ ਘੋਸ਼ਣਾ ਕੀਤੀ ਸੀ, ਜਿਸ ਤੋਂ ਬਾਅਦ ਇਸ ਨੂੰ ਲੈ ਕੇ ਦੇਸ਼ ਦੇ ਕਈ ਹਿੱਸਿਆਂ ਵਿੱਚ ਵਿਰੋਧ ਪ੍ਰਦਰਸ਼ਨ ਵੀ ਕੀਤੇ ਗਏ।
ਵੱਖ-ਵੱਖ ਸਿਆਸੀ ਪਾਰਟੀਆਂ ਅਤੇ ਆਗੂਆਂ ਵੱਲੋਂ ਵੀ ਇਸ ਸਕੀਮ ਨੂੰ ਵਾਪਸ ਲੈਣ ਦੀ ਮੰਗ ਕੀਤੀ ਗਈ ਸੀ।
ਅਗਨੀਪੱਥ ਯੋਜਨਾ ਦੀਆਂ ਖ਼ਾਸ ਗੱਲਾਂ
- ਭਰਤੀ ਹੋਣ ਦੀ ਉਮਰ 17.5 ਸਾਲ ਤੋਂ 21 ਸਾਲ ਵਿਚਾਲੇ ਹੋਣੀ ਚਾਹੀਦੀ ਹੈ
- 10ਵੀਂ ਜਾਂ 12ਵੀਂ ਪਾਸ ਹੋਣਾ ਲਾਜ਼ਮੀ ਹੈ
- ਭਰਤੀ ਚਾਰ ਸਾਲਾਂ ਲਈ ਹੋਵੇਗੀ
- ਚਾਰ ਸਾਲ ਬਾਅਦ ਸੇਵਾਕਾਲ ਵਿੱਚ ਪ੍ਰਦਰਸ਼ਨ ਦੇ ਆਧਾਰ 'ਤੇ ਮੁਲਾਂਕਣ ਹੋਵੇਗਾ ਅਤੇ 25 ਫੀਸਦ ਲੋਕਾਂ ਨੂੰ ਰੇਗੂਲਰ ਕੀਤਾ ਜਾਵੇਗਾ
- ਪਹਿਲੇ ਸਾਲ ਦੀ ਸੈਲਰੀ ਪ੍ਰਤੀ ਮਹੀਨਾ 30 ਹਜ਼ਾਰ ਹੋਵੇਗੀ
- ਚੌਥੇ ਸਾਲ 40 ਹਜ਼ਾਰ ਰੁਪਏ ਪ੍ਰਤੀ ਮਹੀਨਾ ਮਿਲੇਗਾ
- ਸਰਕਾਰੀ ਨੌਕਰੀ ਵਾਲੇ ਸਾਰੇ ਭੱਤੇ ਦਿੱਤੇ ਜਾਣਗੇ
- ਡਿਊਟੀ ਦੌਰਾਨ ਜਾਨ ਗੁਆਉਣ ਵਾਲੇ ਨੌਜਵਾਨ ਨੂੰ ਸਰਕਾਰ ਵੱਲੋਂ ਕਰੀਬ ਇੱਕ ਕਰੋੜ ਰੁਪਏ ਦੀ ਸਹਾਇਤਾ ਰਾਸ਼ੀ ਦਿੱਤੀ ਜਾਵੇਗੀ
- ਡਿਊਟੀ ਦੌਰਾਨ ਅਪਾਹਜ ਹੋਣ 'ਤੇ ਸਹਾਇਤਾ ਰਾਸ਼ੀ ਦਿੱਤੀ ਜਾਵੇਗੀ
ਇਹ ਵੀ ਪੜ੍ਹੋ:
ਹਰਿਮੰਦਰ ਸਾਹਿਬ ਦੇ ਅਜਾਇਬ ਘਰ 'ਚ ਲੱਗੇਗੀ ਬਲਵਿੰਦਰ ਸਿੰਘ ਜਟਾਣਾ ਦੀ ਤਸਵੀਰ
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਬੁੱਧਵਾਰ ਨੂੰ ਤੈਅ ਕੀਤਾ ਹੈ ਕਿ ਬੱਬਰ ਖਾਲਸਾ ਅੰਤਰਰਾਸ਼ਟਰੀ ਦੇ ਮੈਂਬਰ ਰਹੇ ਬਲਵਿੰਦਰ ਸਿੰਘ ਜਟਾਣਾ ਦੀ ਤਸਵੀਰ, ਹਰਿਮੰਦਰ ਸਾਹਿਬ ਪਰਿਸਰ ਵਿੱਚ ਕੇਂਦਰੀ ਸਿੱਖ ਅਜਾਇਬ ਘਰ ਵਿਖੇ ਲਗਾਈ ਜਾਵੇਗੀ।
ਸਾਲ 1990 ਵਿੱਚ ਵਿਵਾਦਿਤ ਸਤਲੁਜ-ਯਮੁਨਾ ਲਿੰਕ (ਐੱਸਵਾਈਐੱਲ) ਦੇ ਨਿਰਮਾਣ ਕਾਰਜ ਦੀ ਦੇਖਰੇਖ ਕਰ ਰਹੇ ਸਰਕਾਰੀ ਕਰਮਚਾਰੀਆਂ ਦਾ ਕਤਲ ਕਰ ਦਿੱਤਾ ਗਿਆ ਸੀ। ਬਲਵਿੰਦਰ ਸਿੰਘ ਜਟਾਣਾ ਉਨ੍ਹਾਂ ਵਾਰਦਾਤਾਂ ਦਾ ਮੁੱਖ ਦੋਸ਼ੀ ਸੀ।
1991 ਵਿੱਚ ਪੰਜਾਬ ਪੁਲਿਸ ਮੁਕਾਬਲੇ ਵਿੱਚ ਜਟਾਣਾ ਦੀ ਮੌਤ ਹੋ ਗਈ ਸੀ।
ਹਿਦੁਸਤਾਨ ਟਾਇਮਜ਼ ਦੀ ਖ਼ਬਰ ਮੁਤਾਬਕ, ਐੱਸਜੀਪੀਸੀ ਨੇ ਦਲ ਖਾਲਸਾ ਦੀ ਮੰਗ 'ਤੇ ਜਟਾਣਾ ਦੀ ਤਸਵੀਰ ਅਜਾਇਬ ਘਰ 'ਚ ਲਗਾਉਣ ਦਾ ਫੈਸਲਾ ਕੀਤਾ ਹੈ।
ਐੱਸਜੀਪੀਸੀ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੇ ਇਸ ਬਾਰੇ ਗੱਲ ਕਰਦਿਆਂ ਕਿਹਾ, ''ਭਾਈ ਜਟਾਣਾ ਨੇ ਪੰਜਾਬ ਦੀਆਂ ਨਦੀਆਂ ਦੇ ਪਾਣੀ ਨੂੰ ਬਚਾਉਣ ਵਿੱਚ ਬਹੁਤ ਭੂਮਿਕਾ ਨਿਭਾਈ।''
ਉਨ੍ਹਾਂ ਕਿਹਾ, ''ਉਨ੍ਹਾਂ ਨੇ ਉਸ ਨਹਿਰ ਦੇ ਨਿਰਮਾਣ ਦਾ ਕੰਮ ਰੋਕਣ ਲਈ ਕਦਮ ਚੁੱਕ ਕੇ ਸੂਬੇ ਦਾ ਪਾਣੀ ਹਰਿਆਣਾ ਨਾਲ ਸਾਂਝਾ ਕੀਤਾ ਜਾਣ ਤੋਂ ਰੋਕਿਆ ਅਤੇ ਪੰਜਾਬ ਨੂੰ ਮਾਰੂਥਲ ਬਣਨ ਤੋਂ ਬਚਾ ਲਿਆ।''
''ਉਨ੍ਹਾਂ ਦੀ ਇਸ ਭੂਮਿਕਾ ਨੂੰ ਯਾਦ ਰੱਖਦੇ ਹੋਏ, ਅਜਾਇਬ ਘਰ ਵਿਖੇ ਉਨ੍ਹਾਂ ਦੀ ਤਸਵੀਰ ਹੈ।''
ਹਾਲ ਹੀ ਵਿੱਚ ਮਰਹੂਮ ਗਾਇਕ ਸਿੱਧੂ ਮੂਸੇਵਾਲਾ ਦਾ ਆਖਰੀ ਗੀਤ 'ਐੱਸਵਾਈਐੱਲ' ਰਿਲੀਜ਼ ਹੋਇਆ ਹੈ, ਜਿਸ 'ਚ ਮੂਸੇਵਾਲਾ ਨੇ ਜਟਾਣਾ ਦਾ ਜ਼ਿਕਰ ਕੀਤਾ ਹੈ।
ਦੇਵੀ ਕਾਲੀ ਬਾਰੇ ਟਿੱਪਣੀ 'ਤੇ ਕਾਇਮ ਮਹੂਆ ਮੋਇਤਰਾ, ਭਾਜਪਾ ਨੂੰ ਦਿੱਤੀ ਇਹ ਚੁਣੌਤੀ
ਤ੍ਰਿਣਮੂਲ ਕਾਂਗਰਸ ਆਗੂ ਮਹੂਆ ਮੋਇਤਰਾ ਵੱਲੋਂ ਹਿੰਦੂ ਦੇਵੀ ਕਾਲੀ ਬਾਰੇ ਕੀਤੀ ਗਈ ਟਿੱਪਣੀ ਤੋਂ ਬਾਅਦ ਉਨ੍ਹਾਂ ਖ਼ਿਲਾਫ਼ ਕਈ ਕੇਸ ਦਰਜ ਹੋਏ ਹਨ ਅਤੇ ਹੁਣ ਉਨ੍ਹਾਂ ਦਾ ਕਹਿਣਾ ਹੈ ਕਿ ਉਹ ਆਪਣੇ ਬਿਆਨ 'ਤੇ ਅਜੇ ਵੀ ਕਾਇਮ ਹਨ।
ਮਹੂਆ ਨੇ ਭਾਜਪਾ ਨੂੰ ਚੁਣੌਤੀ ਦਿੱਤੀ ਹੈ ਕਿ ਉਹ ਉਨ੍ਹਾਂ ਨੂੰ ਗਲਤ ਸਾਬਿਤ ਕਰ ਕੇ ਦਿਖਾਉਣ।
ਐੱਨਡੀਟੀਵੀ ਦੀ ਖ਼ਬਰ ਮੁਤਾਬਕ, ਉਨ੍ਹਾਂ ਕਿਹਾ ਕਿ "ਭਾਜਪਾ ਮੇਰੇ ਧਰਮ 'ਤੇ ਇੱਕ ਭਾਰੀ, ਪਿਤਾਪੁਰਖੀ, ਬ੍ਰਾਹਮਣਵਾਦੀ, ਉੱਤਰ ਭਾਰਤੀ ਵਿਚਾਰ ਥੋਪਣ ਦੀ ਕੋਸ਼ਿਸ਼ ਕਰ ਰਹੀ ਹੈ"।
ਮਹੂਆ ਨੇ ਕਿਹਾ, ''ਮੈਂ ਭਾਜਪਾ ਨੂੰ ਚੁਣੌਤੀ ਦਿੰਦੀ ਹਾਂ ਕਿ ਮੈਨੂੰ ਗਲਤ ਸਾਬਿਤ ਕਰੋ। ਬੰਗਾਲ 'ਚ ਜਿੱਥੇ ਉਨ੍ਹਾਂ ਨੇ ਮੇਰੇ 'ਤੇ ਕੇਸ ਦਰਜ ਕੀਤਾ ਹੈ, ਉੱਥੇ ਹਰ ਥਾਂ 5 ਕਿਲੋਮੀਟਰ ਦੇ ਦਾਇਰੇ 'ਚ ਇੱਕ ਕਾਲੀ ਮੰਦਿਰ ਹੈ, ਜਿੱਥੇ ਉਸ ਤਰ੍ਹਾਂ ਦੇਵੀ ਦੀ ਪੂਜਾ ਕੀਤੀ ਜਾਂਦੀ ਹੈ।''
ਮਹੂਆ ਦੇ ਦੇਵੀ ਕਾਲੀ ਬਾਰੇ ਬਿਆਨ ਨੂੰ ਲੈ ਕੇ ਬੀਜੇਪੀ ਨੇ ਬਹੁਤ ਨਾਰਾਜ਼ਗੀ ਜਤਾਈ ਹੈ। ਭਾਜਪਾ ਦੀ ਬੰਗਾਲ ਇਕਾਈ ਨੇ ਉਨ੍ਹਾਂ ਦੀ ਗ੍ਰਿਫ਼ਤਾਰੀ ਦੀ ਮੰਗ ਕੀਤੀ ਹੈ।
ਇਸ ਸਬੰਧੀ ਮਹੂਆ ਨੇ ਇੱਕ ਟਵੀਟ ਕਰਦਿਆਂ ਕਿਹਾ ਹੈ, ''(ਕਾਰਵਾਈ) ਕਰੋ ਭਾਜਪਾ! ਮੈਂ ਕਾਲੀ ਦੀ ਉਪਾਸਕ ਹਾਂ। ਮੈਂ ਕਿਸੇ ਚੀਜ਼ ਤੋਂ ਨਹੀਂ ਨਹੀਂ ਡਰਦੀ।''
''ਨਾ ਤੁਹਾਡੀ ਅਗਿਆਨਤਾ। ਨਾ ਤੁਹਾਡੇ ਗੁੰਡੇ। ਨਾ ਤੁਹਾਡੀ ਪੁਲਿਸ ਅਤੇ ਬੇਸ਼ੱਕ ਨਾ ਹੀ ਤੁਹਾਡੇ ਟ੍ਰੋਲ। ਸੱਚਾਈ ਨੂੰ ਕਿਸੇ ਬੈਕਅੱਪ ਦੀ ਲੋੜ ਨਹੀਂ ਹੁੰਦੀ।"
ਇਹ ਵੀ ਪੜ੍ਹੋ: